ਲੁਧਿਆਣਾ (ਸਮਾਜ ਵੀਕਲੀ) : ਸਨਅਤੀ ਸ਼ਹਿਰ ’ਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਤੋਂ ਬਿਨਾਂ ਸੜਕਾਂ ’ਤੇ ਚੱਲਣ ਵਾਲੇ ਵਾਹਨਾਂ ’ਤੇ ਟਰੈਫਿਕ ਪੁਲੀਸ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਟਰੈਫਿਕ ਪੁਲੀਸ ਨੇ ਇੱਕੋ ਦਿਨ ’ਚ 200 ਤੋਂ ਵੱਧ ਚਲਾਨ ਕੱਟੇ ਹਨ। ਪੁਲੀਸ ਅਨੁਸਾਰ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਫੜਨ ਲਈ ਸਾਰੇ ਮੁੱਖ ਚੌਂਕਾਂ ’ਚ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹਾਈ ਸੁਰੱਖਿਆ ਨੰਬਰ ਪਲੇਟਾਂ ਲਾਉਣ ਦੀ ਸਮਾਂ ਸੀਮਾ 30 ਜੂਨ ਤੈਅ ਕੀਤੀ ਸੀ।
ਸਹਾਇਕ ਪੁਲੀਸ ਕਮਿਸ਼ਨਰ ਟਰੈਫਿਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਮਲਹਾਰ ਰੋਡ, ਗਿੱਲ ਰੋਡ, ਸਮਰਲਾ ਚੌਕ, ਜਲੰਧਰ ਬਾਈਪਾਸ, ਇਸ਼ਮੀਤ ਸਿੰਘ ਚੌਕ ਤੇ ਸ਼ਹਿਰ ਦੇ ਹੋਰ ਇਲਾਕਿਆਂ ’ਚ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਮੁਹਿੰਮ ਤਹਿਤ ਪਹਿਲੇ ਦਿਨ ਜੋ ਲੋਕ ਪਹਿਲੀ ਵਾਰ ਨਿਯਮ ਦਾ ਉਲੰਘਣ ਕਰਦੇ ਪਾਏ ਜਾਣਗੇ, ਉਨ੍ਹਾਂ ਨੂੰ 2 ਹਜ਼ਾਰ ਤੇ ਜੋ ਦੂਸਰੀ ਵਾਰ ਪਾਏ ਜਾਣਗੇ, ਉਨ੍ਹਾਂ ਨੂੰ 3 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਵਿਸ਼ੇਸ਼ ਤੌਰ ’ਤੇ ਵੱਖ-ਵੱਖ ਵਿਭਾਗਾਂ ਨਾਲ ਜੁੜੇ ਕਈ ਸਰਕਾਰੀ ਵਾਹਨਾਂ ’ਤੇ ਵੀ ਹਾਲੇ ਤੱਕ ਹਾਈ ਸੁਰੱਖਿਆ ਨੰਬਰ ਪਲੇਟਾਂ ਨਹੀਂ ਹਨ। ਇਸ ਸਬੰਧੀ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਜੋ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਪਾਇਆ ਜਾਵੇਗਾ। ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਅਗਰ ਸਰਕਾਰੀ ਵਿਭਾਗਾਂ ਦੀਆਂ ਗੱਡੀਆਂ ’ਤੇ ਵੀ ਨੰਬਰ ਪਲੇਟ ਪੁਰਾਣੀ ਲੱਗੀ ਹੋਈ ਤਾਂ ਉਨ੍ਹਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਏਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly