ਖ਼ਬਰਾਂ ” ਧੀਆਂ ਦੇ ਪੱਖ ਨੂੰ ਮਜ਼ਬੂਤ ਕਰਦਾ ਨਾਵਲ – ਧੀਆਂ ਬਾਝ ਹਨ੍ਹੇਰਾ”

” ਧੀਆਂ ਦੇ ਪੱਖ ਨੂੰ ਮਜ਼ਬੂਤ ਕਰਦਾ ਨਾਵਲ – ਧੀਆਂ ਬਾਝ ਹਨ੍ਹੇਰਾ”

2

ਪੁਸਤਕ ਦਾ ਨਾਂ –         ਧੀਆਂ ਬਾਝ ਹਨ੍ਹੇਰਾ
ਨਾਵਲਕਾਰ –             ਰਾਮ ਸਿੰਘ ਬੀਹਲਾ
ਪੰਨੇ –                        240     ਕੀਮਤ – 350/- ਰੁਪਏ
ਪ੍ਰਕਾਸ਼ਕ –                 ਪੁਲਾਂਘ ਪ੍ਰਕਾਸ਼ਨ, ਬਰਨਾਲਾ।
ਰਿਵਿਊਕਾਰ –             ਤੇਜਿੰਦਰ ਚੰਡਿਹੋਕ

ਤੇਜਿੰਦਰ ਚੰਡਿਹੋਕ

   (ਸਮਾਜ ਵੀਕਲੀ)   ਨਾਵਲ ਦੀ ਸਿਰਜਣਾ ਕਰਨ ਲਈ ਸਾਧਨਾ ਕਰਨੀ ਪੈਂਦੀ ਹੈ। ਨਾਵਲ ਦੀ ਕਹਾਣੀ ਨੂੰ ਕਿੰਨੇ ਭਾਗਾਂ ਵਿਚ ਵੰਡਣਾ, ਕਿਹੜੀ ਗੱਲ ਨੂੰ ਕਿਸ ਕਾਂਡ ਨਾਲ ਜੋੜਨਾ ਅਤੇ ਪਾਤਰਾਂ ਨੂੰ ਆਪਣੇ ਦਿਮਾਗ ਵਿੱਚ ਰੱਖਣਾ, ਕਿਹੜਾ ਪੱਤਾ ਕਦੋਂ ਖੋਲ੍ਹਣਾ ਹੈ, ਇਹਨਾਂ ਗਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ।ਹਥਲੇ ਨਾਵਲ ” ਧੀਆਂ ਬਾਝ ਹਨ੍ਹੇਰਾ” ਦਾ ਲੇਖਕ ਰਾਮ ਸਿੰਘ ਬੀਹਲਾ ਇਤਿਹਾਸਕਾਰ, ਕਵਿਤਾਕਾਰ ਅਤੇ ਕਹਾਣੀਕਾਰ ਵੀ ਹੈ। ਹੁਣ ਉਹ ਆਪਣਾ ਪਲੇਠਾ ਨਾਵਲ ” ਧੀਆਂ ਬਾਝ ਹਨ੍ਹੇਰਾ” ਲੈਕੇ ਪਾਠਕਾਂ ਦੇ ਰੂਬਰੂ ਹੋਇਆ ਹੈ। ਇਹ ਨਾਵਲ 226 ਪੰਨਿਆਂ ਤੇ ਤੇਤੀ ਛੋਟੇ ਛੋਟੇ ਕਾਂਡਾਂ ਵਿਚ ਫੈਲਿਆ ਹੋਇਆ ਹੈ। ਪਿੰਡ ਬੀਹਲਾ ਦਾ ਇਤਿਹਾਸ, ਸਿੱਖ ਸੰਘਰਸ਼ ਦੇ ਇਤਿਹਾਸ ਤੋਂ ਬਾਅਦ ਕਹਾਣੀ ਸੰਗ੍ਰਹਿ ਮਮਤਾ ਦੀ ਪਿਆਸ ਇਸੇ ਕਲਮ ਦੀ ਦੇਣ ਹਨ। ਇਸ ਨਾਵਲ ਦਾ ਪਾਠ ਕਰਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਇਸ ਨਾਵਲ ਵਿਚ ਧੀਆਂ ਦੇ ਪੱਖ ਨੂੰ ਮਜ਼ਬੂਤ ਕੀਤਾ ਗਿਆ ਹੈ। ਨਾਵਲ ਦੇ ਮੁੱਖ ਪਾਤਰ ਧਰਮ ਸਿੰਘ, ਜਸ਼ਨ ਪਿਓ – ਧੀ ਅਤੇ ਸ਼ਰਨ ਅਤੇ ਭੁਪਿੰਦਰ ਸਿੰਘ ਭਿੰਦਾ ਮਾਂ – ਪੁੱਤ ਇਕ ਤ੍ਰਾਸਦੀ ਵਿੱਚੋ ਗੁਜਰਦਿਆਂ ਵੀ ਕੁਦਰਤ ਪ੍ਰਤੀ ਸ਼ਰਧਾ ਤੇ ਵਿਸ਼ਵਾਸ਼ ਦਾ ਪੱਲਾ ਨਹੀਂ ਛੱਡਦੇ। ਮੁੱਖ ਪਾਤਰ ਧਰਮ ਸਿੰਘ ਵਡੇਰੀ ਉਮਰ ਅਤੇ ਸਰੀਰਕ ਤੌਰ ਤੇ ਕਮਜ਼ੋਰ, ਕੁਦਰਤ ਨੂੰ ਮੰਨਣ ਵਾਲਾ ਹੈ, ਦੇ ਕੇਵਲ ਦੋ ਧੀਆਂ ਹੀ ਹਨ ਪੁੱਤਰ ਕੋਈ ਨਹੀਂ ਹੈ। ਇੱਕ ਕੁੜੀ ਹੁਸਨ ਵਿਦੇਸ਼ ਵਿੱਚ ਵੱਸਦੀ ਹੈ ਤੇ ਦੂਜੀ ਜਸ਼ਨ ਜਿਸ ਕੋਲ ਧਰਮ ਸਿੰਘ ਦਿਨ ਕਟੀ ਕਰ ਰਿਹਾ ਹੈ। ਦੋਨਾਂ ਕੁੜੀਆਂ ਦੇ ਇੱਕ – ਇੱਕ ਪੁੱਤਰ ਅਤੇ ਇੱਕ- ਇਕ ਧੀ ਹੈ। ਉਂਝ ਉਸ ਦੇ ਦੋਨੋ ਧੀਆਂ – ਜਵਾਈ ਉਸ ਦੀ ਪੂਰੀ ਪੁੱਛ ਪ੍ਰਤੀਤ ਕਰਦੇ ਹਨ। ਨਾਵਲ ਵਿਚ ਪੁੱਤਰਾਂ ਤੋਂ ਵੱਧ ਧੀਆਂ ਵੱਲੋਂ ਬਜ਼ੁਰਗਾਂ ਨੂੰ ਸੰਭਾਲਣ ਦੀ ਗੱਲ ਕੀਤੀ ਗਈ ਹੈ ਜਦਕਿ ਅਜੋਕੇ ਸਮੇਂ ਬੱਚਿਆਂ ਵੱਲੋਂ ਬਜ਼ੁਰਗਾਂ ਨੂੰ ਘੱਟ ਹੀ ਪੁੱਛਿਆ ਜਾਂਦਾ ਹੈ ਅਤੇ ਬਥੇਰੇ ਬਿਰਧ ਆਸ਼ਰਮ ਮਿਲਦੇ ਹਨ। ਜਿੱਥੇ ਧਰਮ ਸਿੰਘ ਨੂੰ ਆਪਣਾ ਪੁੱਤਰ ਨਾ ਹੋਣ ਦਾ ਸਲ ਹੈ ਉਥੇ ਜਸ਼ਨ ਨੂੰ ਵੀ ਆਪਣੇ ਪੁੱਤਰ ਹੋਣ ਦੇ ਬਾਵਜੂਦ ਭਰਾ ਨਾ ਹੋਣ ਦਾ ਮਲਾਲ ਵੀ ਹੈ। ਦੂਜੇ ਪਾਸੇ ਮੂੰਹ ਬੋਲੀ ਧੀ ਸ਼ਰਨ ਦੇ ਵਰਤਮਾਨ ਸਮੇਂ ਕੋਈ ਬੱਚਾ ਨਹੀਂ ਹੈ। ਦੋਨਾਂ ਪਰਿਵਾਰਾਂ ਵਿੱਚ ਮੇਲ ਜੋਲ ਧਰਮ ਸਿੰਘ ਕਰਕੇ ਹੀ ਹੋਇਆ ਹੈ ਜਿਹੜਾ ਅਖੀਰ ਤੱਕ ਬਰਕਰਾਰ ਰਹਿੰਦਾ ਹੈ। ਨਾਵਲ ਇਹ ਵੀ ਦੱਸਦਾ ਹੈ ਕਿ ਬਜ਼ੁਰਗਾਂ ਕੋਲ ਬੈਠ ਕੇ ਤਜ਼ਰਬੇ ਦੀਆਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਜਾ ਸਕਦੀਆਂ ਹਨ। ਨਾਵਲ ਵਿਚ ਪੁਰਾਣੇ ਸਮਿਆਂ ਦੀ ਹੁਣ ਦੇ ਸਮੇਂ ਨਾਲ ਤੁਲਨਾ ਕਰ ਕੇ ਦੇਖਿਆ ਜਾ ਰਿਹਾ ਹੈ। ਪਿੰਡਾਂ ਦੀਆਂ ਸੱਥਾਂ ਅਤੇ ਸ਼ਹਿਰ ਦੇ ਮਾਹੌਲ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਦਿਖਾਈ ਦਿੰਦਾ ਹੈ। ਅੱਜਕਲ ਤਾਂ ਜ਼ਿੰਦਗੀ ਇੰਨੀ ਤੇਜ਼ ਹੋ ਗਈ ਹੈ ਕਿ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਕਿ ਕੋਈ ਕਿਸੇ ਨੂੰ ਮਿਲ ਸਕੇ ਅਤੇ ਆਪਣੇ ਅੰਤਰ ਮਨ ਦੀਆਂ ਗੱਲਾਂ ਸਾਂਝੀਆਂ ਕਰ ਸਕੇ।

ਸ਼ਰਨ ਕੌਰ ਉਰਫ ਹਰਸ਼ਰਨ ਕੌਰ ਨੂੰ ਇੱਕ ਥਾਂ ਸ਼ਰਨਜੀਤ ਕੌਰ ਦੇ ਨਾਂ ਨਾਲ ਦਰਜ ਕੀਤਾ ਗਿਆ ਹੈ। ਜਿਸ ਦੇ ਹੁਣ ਦਾ ਘਰਵਾਲਾ ਜਗਜੀਤ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਹੈ। ਉਹਨਾਂ ਦੇ ਇੱਕ ਕੰਮ ਕਰਨ ਵਾਲੀ ਕੁੜੀ ਸੋਨੀ ਹੀ ਹੈ ਜਿਹੜੀ ਘਰ ਦੀ ਰੇਖ ਦੇਖ ਅਤੇ ਹੋਰ ਘਰੇਲੂ ਕੰਮ ਕਰਦੀ ਹੈ। ਇਕੱਲੇ ਪਏ ਬੰਦੇ ਨੂੰ ਕਈ ਖਿਆਲ ਘੇਰੀ ਰੱਖਦੇ ਹਨ ਭਾਵੇਂ ਉਹ ਘਰ ਪਰਿਵਾਰ, ਖੁਦ ਜਾਂ ਕਿਸੇ ਹੋਰ ਬਾਰੇ ਖਿਆਲਾਂ ਵਿੱਚ ਗੜੁੱਚ ਹੋਵੇ। ਇਵੇਂ ਹੀ ਧਰਮ ਸਿੰਘ ਇਕੱਲਾ ਪਿਆ ਬਚਪਨ ਤੋਂ ਹੁਣ ਤੱਕ ਦੇ ਖਿਆਲਾਂ ਵਿੱਚ ਘਿਰਿਆ ਰਹਿੰਦਾ ਹੈ। ਅਕਸਰ ਕੁੜੀਆਂ ਸੋਚਦੀਆਂ ਹਨ ਕਿ ਪੇਕੇ ਮਾਵਾਂ ਨਾਲ ਹੁੰਦੇ ਹਨ,ਉਵੇਂ ਜਸ਼ਨ ਵੀ ਸੋਚਦੀ ਹੈ ਪਰ ਧਰਮ ਸਿੰਘ ਉਸ ਨੂੰ ਪਿਓ ਦਾ ਅਹਿਸਾਸ ਵੀ ਕਰਵਾਉਂਦਾ ਹੈ। ਇਹ ਆਪਣੀਆਂ ਦੋ ਧੀਆਂ ਦੇ ਨਾਲ ਸ਼ਰਨ ਨੂੰ ਆਪਣੀ ਤੀਜੀ ਧੀ ਮੰਨਦਾ ਹੈ ਤੇ ਆਖਦਾ ਹੈ ਕਿ ਉਹ ਉਸਨੂੰ ਅੰਕਲ ਜੀ ਨਹੀਂ ਬਾਪੂ ਹੀ ਕਿਹਾ ਕਰੇ। ਨਾਵਲ ਵਿਚ ਪਿਆਰ ਮੁਹੱਬਤ ਨੂੰ ਕੁਦਰਤ ਵਲੋ ਬਖਸ਼ੀ ਦਾਤ ਦੱਸਿਆ ਗਿਆ ਹੈ। ਜਦੋਂ ਨਾਵਲ ਵਿੱਚ ਮਿਲਦਾ ਹੈ ਕਿ ਪੇਟ ਦੀ ਭੁੱਖ ਤਾਂ ਕੁਝ ਖਾਣ ਪੀਣ ਨਾਲ ਮਿੱਟ ਜਾਂਦੀ ਹੈ ਪਰ ਪਿਆਰ ਦੀ ਭੁੱਖ ਤਾਂ ਕੁਦਰਤ ਵਲੋਂ ਬਖਸ਼ੀ ਅਨੋਖੀ ਖੇਡ ਹੀ ਹੈ।
ਪੁਸਤਕ ਵਿਚ ਸਿੱਖ ਇਤਿਹਾਸ ਦੇ ਹਵਾਲੇ ਵੀ ਦਿੱਤੇ ਗਏ ਹਨ ਜਿਵੇਂ ਸ੍ਰੀ ਫਤਹਿਗੜ੍ਹ ਸਾਹਿਬ ਦੇ ਠੰਡੇ ਬੁਰਜ ਦੀ ਗੱਲ ਕੀਤੀ ਗਈ ਹੈ। ਪੰਜਾਬ ਵਿਚਲੇ ਦਰਦ ਨੂੰ ਪੇਸ਼ ਕਰਦਿਆਂ ਲੇਖਕ ਨੇ ਲਿਖਿਆ ਹੈ ਕਿ ਸਾਡੀ ਨੌਜਵਾਨ ਇੱਕ ਪੀੜ੍ਹੀ ਅੱਤਵਾਦ ‘ਚ ਮਾਰੀ ਗਈ, ਦੂਜੀ ਨਸ਼ੇ ਨੇ ਖਾ ਲਈ ਅਤੇ ਤੀਜੀ ਵਿਦੇਸ਼ ਚੜ੍ਹ ਗਈ। ਇਸ ਤਰ੍ਹਾਂ ਸਾਡੇ ਸਮਾਜ ਵਿਚਲੀਆਂ ਤ੍ਰਾਸਦੀਆਂ ਨੂੰ ਬਿਆਨਿਆ ਗਿਆ ਹੈ। ਇਹ ਵੀ ਦੱਸਿਆ ਹੈ ਕਿ ਮਰਦ ਲਈ ਤਿੰਨ ਰਿਸ਼ਤੇ ਅਹਿਮ ਹੁੰਦੇ ਹਨ – ਮਾਂ, ਪਤਨੀ ਅਤੇ ਧੀ। ਨਾਲ ਨਾਲ ਨਾਵਲ ਵਿੱਚ ਪੁਰਾਣੇ ਸਮੇਂ ਦੀਆਂ ਗੱਲਾਂ ਨਾਲ ਸੰਤਾਲੀ ਦਾ ਜਿਕਰ ਵੀ ਇਕੀਵੇਂ ਕਾਂਡ ਵਿੱਚ ਕੀਤਾ ਗਿਆ ਹੈ ਜਿਸ ਨਾਲ ਪਾਤਰ ਸ਼ਰਨ ਦਾ ਅਸਤਿਤਵ ਜੁੜਿਆ ਹੋਇਆ ਹੈ। ਕਿਉੰਕਿ ਸ਼ਰਨ ਦੀ ਆਪ ਬੀਤੀ ਬਿਆਨ ਕੀਤੀ ਗਈ ਹੈ ਅਤੇ ਨਾਲ ਹੀ ਸ਼ਰਨ ਦੀ ਦਰਦ ਭਰੀ ਕਹਾਣੀ ਸ਼ੁਰੂ ਹੁੰਦੀ ਹੈ। ਉਸਦੇ ਵੱਡੇ ਵਡੇਰੇ ਪਹਿਲਾਂ ਪਾਕਿਸਤਾਨ ਵਿੱਚ ਰਹਿੰਦੇ ਸਨ ਅਤੇ ਵੰਡ ਦਾ ਦਰਦ ਝਲਦੇ ਭਾਰਤ ਆਏ ਸਨ। ਇੱਧਰ ਉਸਦੇ ਮਾਂ, ਪਿਓ, ਭਰਾ ਦੀ ਐਕਸੀਡੈਂਟ ਵਿਚ ਮੌਤ ਹੋਣ ਕਾਰਨ ਉਸਦੇ ਦਾਦਾ ਦਾਦੀ ਵਲੋ ਇਸ ਸ਼ਰਨ ਦਾ ਪਾਲਣ ਪੋਸ਼ਣ ਕਰਨਾ ਫਿਰ ਉਸ ਦਾ ਵਿਆਹ ਗੁਰਬਿੰਦਰ ਸਿੰਘ ਗੁਰੀ ਨਾਲ ਕਰਨਾ। ਗੁਰੀ ਸਿਰੇ ਦਾ ਨਸ਼ੇੜੀ, ਜੁਆਰੀ ਅਤੇ ਦਰਿੰਦਾ ਹੈ। ਇਸ ‘ ਚੋਂ ਹੀ ਇੱਕ ਮੁੰਡਾ ਭੁਪਿੰਦਰ ਸਿੰਘ ਭਿੰਦਾ ਅਤੇ ਇੱਕ ਲੜਕੀ ਹੁੰਦੀ ਹੈ ਜਿਸ ਲੜਕੀ ਦਾ ਨਾਮ ਨਹੀਂ ਦੱਸਿਆ ਗਿਆ।

ਗੁਰੀ ਅਤੇ ਉਸ ਦੇ ਭਰਾਵਾਂ ਵਲੋਂ ਸ਼ਰਨ ਨੂੰ ਮਾਰਨ ਦੀ ਕੋਸ਼ਿਸ਼ ਵਿੱਚ ਸ਼ਰਨ ਬੱਚਿਆਂ ਨੂੰ ਉੱਥੇ ਹੀ ਛੱਡ ਕੇ ਘਰੋਂ ਜਾਨ ਬਚਾਉਣ ਲਈ ਭੱਜਦੀ ਹੈ। ਪਰ ਹਰਿਆਣਾ ਦੇ ਜਿਸ ਮਹਾਂਨਗਰ ਸਟੇਸ਼ਨ ਤੇ ਉਤਰਦੀ ਹੈ ਅਤੇ ਗੁਰੂ ਘਰ ਦੀ ਸ਼ਰਣ ਲੈਂਦੀ ਹੈ ਉਸ ਦਾ ਨਾਮ ਵੀ ਨਹੀਂ ਹੈ। ਬਾਅਦ ਵਿੱਚ ਉਸ ਦਾ ਵਿਆਹ ਜਗਜੀਤ ਸਿੰਘ ਨਾਲ ਹੁੰਦਾ ਦਿਖਾਇਆ ਗਿਆ ਹੈ ਪਰ ਇਸ ਦੇ ਕੋਈ ਔਲਾਦ ਨਹੀਂ ਹੁੰਦੀ ਅਤੇ ਔਲਾਦ ਲਈ ਸ਼ਰਨ ਤੜਪਦੀ ਦਿੱਸਦੀ ਹੈ। ਇੱਥੋਂ ਤੱਕ ਕਿ ਜਗਜੀਤ ਨੂੰ ਆਪਣੇ ਪਹਿਲੇ ਵਿਆਹ ਅਤੇ ਬੱਚਿਆਂ ਬਾਰੇ ਨਹੀਂ ਦੱਸਦੀ। ਇਸ ਸਾਰੀ ਗੱਲ ਦਾ ਭੇਦ ਉਦੋਂ ਖੁੱਲਦਾ ਹੈ ਜਦੋਂ ਉਹ ਅਣਮੰਨੇ ਮਨ ਨਾਲ ਜਸ਼ਨ, ਕਰਨ ਅਤੇ ਜਗਜੀਤ ਨਾਲ ਸ੍ਰੀ ਦਰਬਾਰ ਸਾਹਿਬ ਦਰਸ਼ਨ ਲਈ ਜਾਂਦੀ ਹੈ ਅਤੇ ਵਾਕਿਫ਼ ਔਰਤਾਂ ਇਸ ਨੂੰ ਪਹਿਚਾਣ ਕੇ ਉਸ ਬਾਰੇ ਗੱਲਾਂ ਸਾਂਝੀਆਂ ਕਰਦੀਆਂ ਹਨ ਜਿਹਨਾਂ ਨੂੰ ਜਸ਼ਨ ਫੋਟੋ ਖਿੱਚਣ ਦੇ ਬਹਾਨੇ ਸੁਣ ਲੈਂਦੀ ਹੈ। ਬਾਅਦ ਵਿੱਚ ਸ਼ਰਨ ਸਾਰੀ ਵਿਥਿਆ ਜਸ਼ਨ ਨੂੰ ਦੱਸਦੀ ਹੈ। ਅਕਸਰ ਹੀ ਹੁੰਦਾ ਹੈ ਕਿ ਜਦੋਂ ਕਿਸੇ ਮਨੁੱਖ ਦੀ ਆਸ ਪੂਰੀ ਨਾ ਹੋਵੇ ਤਾਂ ਮਨੁੱਖ ਦਾ ਰੱਬ ਤੋਂ ਵੀ ਵਿਸ਼ਵਾਸ ਉੱਠ ਜਾਂਦਾ ਹੈ। ਸ਼ਰਨ ਦਾ ਵੀ ਆਪਣੀ ਔਲਾਦ ਨੂੰ ਲੈਕੇ ਧਰਮ ਤੇ ਵਿਸ਼ਵਾਸ ਨਹੀਂ ਸੀ ਜਿਸ ਕਰਕੇ ਉਹ ਧਾਰਮਿਕ ਸਥਾਨਾਂ ਤੇ ਨਹੀਂ ਜਾਣਾ ਚਾਹੁੰਦੀ ਸੀ। ਬਾਅਦ ਵਿੱਚ ਇਸ ਨੂੰ ਪਤਾ ਲਗਦਾ ਹੈ ਕਿ ਉਸ ਦਾ ਪਹਿਲਾ ਘਰਵਾਲਾ ਗੁਰੀ ਅਤੇ ਕੁੜੀ ਹੁਣ ਸੰਸਾਰ ਤੇ ਨਹੀਂ ਹਨ ਪਰ ਉਸ ਦਾ ਮੁੰਡਾ ਭੁਪਿੰਦਰ ਜਿਉਂਦਾ ਹੈ ਜਿਹੜਾ ਕਿਸੇ ਸੇਠ ਕੋਲ ਕਾਰ ਡਰਾਇਵਰੀ ਕਰਦਾ ਹੈ। ਜਸ਼ਨ ਅਤੇ ਕਰਨ ਦੇ ਉਪਰਾਲੇ ਕਰਕੇ ਉਹ ਉਸ ਨੂੰ ਦਿਖਦਾ ਤਾਂ ਹੈ ਪਰ ਖੁੱਲ ਕੇ ਨਹੀਂ ਮਿਲਦਾ। ਫਿਰ ਵੀ ਉਹ ਸਾਰੇ ਜਗਜੀਤ ਸਿੰਘ ਤੋਂ ਓਹਲਾ ਰੱਖਕੇ ਉਸ ਦੀ ਟਰਾਂਸਪੋਰਟ ਵਿਚ ਭਿੰਦੇ ਨੂੰ ਕੰਮ ਤੇ ਰੱਖਣ ਦੀ ਵਿਉਂਤ ਬਣਾਉਂਦੇ ਹਨ। ਫਿਰ ਉਹ ਇਹਨਾਂ ਕੋਲ ਨੌਕਰੀ ਕਰਨ ਲੱਗਿਆ ਜਾਂ ਨਹੀਂ, ਨਾਵਲ ਵਿਚ ਸਪੱਸ਼ਟ ਨਹੀਂ ਕੀਤਾ।

ਬੱਚਿਆਂ ਨੂੰ ਪੁਰਾਣੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ ਅਤੇ ਇਹ ਬੜੇ ਉਤਸਾਹ ਨਾਲ ਜਾਣਨ ਦੇ ਇੱਛਕ ਹੁੰਦੇ ਹਨ। ਧਰਮ ਸਿੰਘ ਵੀ ਆਪਣੇ ਦੋਹਤਰੇ ਦੋਹਤਰੀਆਂ ਨੂੰ ਪੁਰਾਣੇ ਸਮੇਂ ਦੀਆਂ ਗੱਲਾਂ ਦੱਸਦਾ ਹੈ। ਜਿਹੜੇ ਬੱਚੇ ਵਿਦੇਸ਼ਾਂ ਵਿੱਚ ਜੰਮੇ ਪਲੇ ਹੋਣ ਉਹਨਾਂ ਨੂੰ ਦੇਸ਼ ਵਿਚਲੀਆਂ ਗੱਲਾਂ ਅਤੇ ਵਿਸ਼ੇਸ਼ ਸ਼ਬਦਾਂ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ। ਜਿਵੇਂ ਧਰਮ ਸਿੰਘ ਦੀ ਬੇਟੀ ਹੁਸਨ ਦੇ ਬੱਚਿਆਂ ਨੂੰ ਖਿੱਦੋ, ਮੁਸਮੁਸੀਆ, ਖੂੰਡਾ ਆਦਿ ਬਾਰੇ ਜਾਣਕਾਰੀ ਨਹੀਂ ਹੁੰਦੀ।

ਇਹ ਨਾਵਲ ਇੱਕ ਸੱਭਿਅਕ ਰਚਨਾ ਹੈ ਜਿਸ ਵਿੱਚ ਕੋਈ ਅਸ਼ਲੀਲਤਾ ਨਹੀਂ ਹੈ ਪਰ ਇੱਕ ਆਮ ਮਰਦਾਂ ਵਿੱਚ ਵਰਤਿਆ ਜਾਂਦਾ ਸ਼ਬਦ “ਘੋੜੇ ਵਾਲਾ … ” ਅਸ਼ਲੀਲ ਜਾਪਦਾ ਹੈ। ਨਾਵਲ ਮਨੁੱਖਤਾ ਦੀ ਸਾਂਝ ਦੀ ਗੱਲ ਕਰਦਾ ਹੈ ਪਰ ਕੁਝ ਕੁ ਊਣਤਾਈਆਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਨੂੰ ਲਿਖਣਾ ਬਣਦਾ ਹੈ। ਵਾਰਤਾ ਵਿਚ ਕਈ ਥਾਈਂ ਕੌਰ ਦੀ ਥਾਂ ਕੁਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪਰੂਫ ਰੀਡਿੰਗ ਦੀ ਘਾਟ ਨਜ਼ਰ ਆਈ ਹੈ। ਬੈੱਲ ਨੂੰ ਵੈੱਲ , ਬਥੇਰਾ ਨੂੰ ਵਥੇਰਾ ਅਤੇ ਭੈਣੇ ਮੇਰੀਏ ਸ਼ਬਦ ਨਾਵਲ ਅੰਦਰ ਬਹੁਤਾਤ ਵਿੱਚ ਵਰਤਿਆ ਗਿਆ ਹੈ। ਕਈ ਥਾਵੇਂ ਸਵਾਲੀਆ ਵਾਕ ਦੇ ਖਤਮ ਹੋਣ ਤੇ ਪੁੱਛਣ ਦੀ ਥਾਂ ਦੱਸਿਆ ਲਿਖਿਆ ਹੋਇਆ ਹੈ। ਉਮੀਦ ਹੈ ਕਿ ਲੇਖਕ ਇਹਨਾਂ ਨੁਕਤਿਆਂ ਤੇ ਵਿਚਾਰ ਕਰੇਗਾ।

ਨਾਵਲ ਵਿਚ ਢੁਕਵੇਂ ਥਾਂ ਮੁਹਾਵਰੇ, ਅਖਾਉਤਾਂ ਫਿੱਟ ਕੀਤੀਆਂ ਗਈਆਂ ਹਨ। ਨਾਵਲ ਦਾ ਵਿਸ਼ਾ ਸਮਾਜਿਕ ਅਤੇ ਸੇਧ ਦੇਣ ਵਾਲਾ ਹੈ। ਭਾਸ਼ਾ ਸਰਲ ਅਤੇ ਸਪੱਸ਼ਟ ਹੈ ਜਿਹੜੀ ਆਮ ਪਾਠਕ ਦੇ ਸਮਝ ਆ ਜਾਂਦੀ ਹੈ। ਇਹ ਨਾਵਲ ਪੜ੍ਹਨਯੋਗ ਅਤੇ ਵਧੀਆ ਨਾਵਲ ਹੈ। ਲੇਖਕ ਨੂੰ ਇਸ ਕਿਰਤ ਲਈ ਮੁਬਾਰਕਾਂ।

ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 22/02/2026
Next articleਕੇਅਰ ਹੋਮ ਵਿੱਚ ਬਜ਼ੁਰਗ ਮਹਿਲਾਵਾਂ ਨਾਲ ਜਿਨਸੀ ਹਿੰਸਾ ਕਰਨ ਵਾਲੇ ਦੋਸ਼ੀ ਨੂੰ ਲੰਬੀ ਕੈਦ ਦੀ ਸਜ਼ਾ