ਗਲੀ ਆਪਣੀ- ‌‌

(ਸਮਾਜ ਵੀਕਲੀ)
ਗਲੀ ਤਾਂ ਉਹੀ ਹੈ
ਪਰ ਬੰਦੇ ਸਾਰੇ ਹੀ ਉਪਰੇ ਦਿਸਦੇ
ਕੋਈ ਵੀ ਆਪਣਾ ਨਹੀਂ
ਗਲੀ ਵਿੱਚ ਲੰਬੜਾਂ ਦੇ ਘਰ ਤੋਂ
ਸ਼ੁਰੂ ਹੋ ਬਾਹਮਣਾਂ ਦੇ ਘਰ ਤੱਕ
ਚਹਿਲ ਪਹਿਲ ਹੁੰਦੀ ਸੀ ਕਦੇ
ਦੁਆਬੀ ਪੰਜਾਬੀ ਦੀਆਂ
ਕਿੰਨੀਆਂ ਹੀ ਆਵਾਜ਼ਾਂ
ਗਲੀ ਵਿੱਚੋਂ ਆਉਂਦੀਆਂ
ਗਲੀ ਆਪਣੀ ਲੱਗਦੀ
ਲੰਬੜਾਂ ਦੇ ਘਰ ਵਿੱਚ
ਸੁਸ਼ਮਾ ਰਹਿੰਦੀ ਹੈ
ਉਹਨੇ ਹੋਰ
ਦੋ ਕਿਰਾਏਦਾਰ
ਰਾਮੂ ਤੇ ਸ਼ੰਕਰ
ਰੱਖੇ ਹੋਏ ਹਨ
ਬੁਰਸ਼ਿਆਂ ਦੇ ਘਰ ਵਿੱਚ
ਕੋਈ ਉਪਰਾ ਜਿਹਾ ਬੰਦਾ
ਨਜ਼ਰ ਪੈਂਦਾ
ਵੇਖ ਕੇ ਮੂੰਹ ਪਰਾਂ ਕਰ ਲੈਂਦਾ
ਮਾਸੀ ਮਿੰਦੋ ਦਾ ਘਰ
ਪੰਮੀ ਨੇ ਖਰੀਦ ਲਿਆ ਹੈ
ਪੁੱਤ ਦੇ ਇੰਗਲੈਂਡ ਜਾਣ ਤੋਂ ਬਾਅਦ
ਪੰਮੀ ਵੀ ਚਲੀ ਜਾਂਦੀ ਹੈ
ਸਰਾਵਾਂ ਨੂੰ
ਆਪਣੇ ਭਰਾਵਾਂ ਕੋਲ
ਘਰ ਸੁੰਨਾ ਹੈ
ਬੂਹੇ ਤੇ ਜਿੰਦਾ ਲਟਕਦਾ ਰਿਹਾ
ਭਾਬੀ ਬਲਬੀਰ ਕੌਰ ਦੇ ਘਰ
ਪੰਡਤਾਂ ਚੋਂ ਕੋਈ ਰਹਿੰਦਾ
ਪਤਾ ਨਹੀਂ ਕੌਣ
ਪਿੰਡ ਦੀ ਕਿਸੇ ਧੀ ਦਾ
ਦੂਰ ਦਾ ਰਿਸ਼ਤੇਦਾਰ
ਬਾਹਮਣਾਂ ਦੇ ਘਰ
ਪੂਨਮ ਮਾਮੀ ਦੀਆਂ
ਆਵਾਜ਼ਾਂ ਨਹੀਂ ਆਉਂਦੀਆਂ
“ਵੇ ਮੱਘਰ ਨਾਥ
ਮੱਝੋਂ ਕੋ ਪੱਠੇ ਪਾ ਦੇ”
ਹੁਣ ਮੱਘਰ ਨਾਥ ਹੀ
ਇਸ ਘਰ ਦਾ ਸਰਬਰਾਹ ਹੈ
ਨਾਨਕਿਆਂ ਦੇ ਘਰ
ਬਸ ਮੌਲਾ ਹੀ ਰਹਿੰਦਾ
ਸਾਰੀ ਗਲੀ ਵਿੱਚ
ਉਹੀ ਬੋਲਦਾ ਹੈ ਪੰਜਾਬੀ
ਬਸ ਬੋਲਦਾ ਹੀ ਰਹਿੰਦਾ
ਅੰਦਰ ਦੇ ਖਾਲੀਪਣ ਨੂੰ ਭਰਨ ਲਈ
ਬੋਲੀ ਹੀ ਜਾਂਦਾ
ਜੀ ਤਾਂ ਬਹੁਤ ਕਰਦਾ
ਨਾਨਕਿਆਂ ਦੇ ਪਿੰਡ ਜਾ
ਕੁਝ ਦਿਨ ਰਹਿ ਕੇ ਆਵਾਂ
ਪਰ ਕੋਈ ਵੀ ਤਾਂ
ਆਪਣਾ ਨਹੀਂ ਰਿਹਾ ਹੁਣ ਉੱਥੇ
ਉਸੇ ਘਰ ਵਿੱਚ
ਜਿੱਥੋਂ ਮੁੜਨ ਨੂੰ ਜੀ ਨਹੀਂ ਸੀ ਕਰਦਾ
ਹੁਣ ਜਾਣਾ ਔਖਾ ਲੱਗਦਾ
ਜਾਂਦਿਆਂ ਹੀ ਕਾਹਲ ਪੈ ਜਾਂਦੀ
ਮੁੜਨ ਦੀ
ਮੌਲਾ ਜਦੋਂ ਸਾਡੇ ਕੋਲ ਆ ਜਾਂਦਾ
ਘਰ ਨੂੰ ਲੱਗ ਜਾਂਦਾ ਜਿੰਦਾ
ਉਸ ਘਰ ਨੂੰ
ਜਿੱਥੇ ਨਾਨੀ ਅਮਰੋ ਨੇ
ਵਿਆਹ ਤੋਂ ਬਾਅਦ
ਸੱਤਰ ਸਾਲ
ਕਦੇ ਜਿੰਦਾ ਨਹੀਂ
ਸੀ ਲਾਇਆ
ਗਲੀ ਦਾ ਹਰ ਬਸ਼ਿੰਦਾ
ਹੁਣ ਅਮਰੀਕਾ ਕਨੇਡਾ
ਤੇ ਬਰਤਾਨੀਆ ਦਾ ਨਿਵਾਸੀ
ਬਣ
ਭੇਜਦਾ ਹੈ ਡਾਲਰਾਂ ਤੇ ਥੱਬੇ
ਪਿੰਡ ਦੇ ਗੁਰਦੁਆਰੇ ਨੂੰ
ਪਿੰਡ ਦੀ ਸੜਕ ਬਣਾਉਣ ਲਈ
ਸ਼ਾਨਦਾਰ ਗੇਟ ਦੀ ਉਸਾਰੀ ਲਈ
ਪਰ ਇਹ ਘਰ
ਜੋ ਅੰਦਰੋਂ ਵੀਰਾਨ ਹੋ ਗਏ
ਇਹਨਾਂ ਦੀ ਖਿੱਚ
ਮਨ ਨੂੰ ਧੂ ਪਾਉਂਦੀ ਹੋਣੀ
ਯਾਦ ਤਾਂ ਆਉਂਦੀ ਹੋਣੀ
ਮਜਬੂਰੀਆਂ ਯਾਦਾਂ ਤੇ
ਹਾਵੀ ਹੋ ਜਾਂਦੀਆਂ
ਬੰਦੇ ਨੂੰ ਬੇਵਸ ਕਰ ਦਿੰਦੀ
ਜਰੂਰਤਾਂ ਦੀ
ਇੱਛਾਵਾਂ ਦੀ
ਅੰਨੀ ਦੌੜ
ਗਲੀ ਯਤੀਮ ਹੋ ਗਈ ਲੱਗਦੀ।
ਹਰਪ੍ਰੀਤ ਕੌਰ ਸੰਧੂ 
904107331
Previous article*ਬੱਚਿਆਂ ਦੀ ਹਿੰਮਤ ਬਣੋ..ਨਾ ਕਿ ਪੈਰਾਂ ਦੀਆਂ ਬੇੜੀਆਂ…**
Next articleਗੱਲ ਧਰਮ ਦੀ