HOME ਅਜੀਬੋ-ਗਰੀਬ ਧਾਰਨਾਵਾਂ!

ਅਜੀਬੋ-ਗਰੀਬ ਧਾਰਨਾਵਾਂ!

ਰੋਮੀ ਘੜਾਮਾਂ

   (ਸਮਾਜ ਵੀਕਲੀ) 

ਅੱਜਕੱਲ੍ਹ ਚੰਗੀ ਸੈਰ ਮੈਂ ਕਰਦਾਂ।
ਖਾਣ-ਪੀਣ ‘ਤੇ ਧਿਆਨ ਵੀ ਧਰਦਾਂ।

ਮਿੱਠੇ ਤੇ ਨਮਕੀਨ ਦਾ ਹੇਜ।
ਤਿਆਗ ਦਿੱਤਾ ਰੱਖਦਾਂ ਪ੍ਰਹੇਜ਼।

ਪਾਣੀ, ਫਲ਼ ਤੇ ਹਰਾ ਸਲਾਦ।
ਵਿੱਚ ਖ਼ੁਰਾਕ ਦੇ ਰੱਖਾਂ ਯਾਦ।

ਸਮਾਂ ਕੱਢ ਕਸਰਤ ਕਰ ਲੈਨਾ।
ਲੰਮੇ ਲੰਮੇ ਸਾਂਹ ਭਰ ਲੈਨਾ

ਪਰ ਇੱਕ ਹੋਈ ਜਾਵੇ ਕਮਾਲ।
ਪੁੱਛਣ ਲੋਕ ਅਜੀਬ ਸਵਾਲ।

ਕਈਂ ਪੁੱਛਦੇ ਕੀ ਸ਼ੂਗਰ ਹੋ ਗਈ ?
ਜਿੰਦਗੀ ਤਾਂ ਨ੍ਹੀ ਦੁੱਭਰ ਹੋ ਗਈ ?

ਕੋਈ ਆਖੇ ਬੀ.ਪੀ. ਤਾਂ ਠੀਕ ?
ਜੋ ਐਦਾਂ ਦੀ ਫੜ ਲਈ ਲੀਕ।

ਬਹੁਤੇ ਛਾਤੀ ਸਾਹ ਨੂੰ ਵਾਚਣ।
ਗੁਰਦੇ, ਦਿਲ ਜਾਂ ਲੀਵਰ ਜਾਚਣ।

ਕਈਂ ਹੋਰ ਹੀ ਕਰਦੇ ਸੋਗ।
ਕਰਦੇ ਸ਼ੱਕ ਮਾਨਸਿਕ ਰੋਗ ?

ਜਦ ਦੱਸਦਾਂ ਤੰਦਰੁਸਤ ਮੈਂ ਪੂਰਾ।
ਮਾਰਨ ਕਈਂ ਅਜੀਬ ਖੰਘੂਰਾ।

ਕਹਿਣ “ਫੇਰ ਕੀ ਲੱਗੀ ਚੱਟੀ।
ਤੜਕੇ ਈ ਤੁਰਦੈਂ ਵੱਟੋ-ਵੱਟੀ।

ਊਈਂ ਹਰਕਤਾਂ ਕਰਦਾ ਰਹਿੰੰਨੈ।
ਘਾਹ-ਫੂਸ ਜਿਹਾ ਚਰਦਾ ਰਹਿੰੰਨੈ।

ਦੱਬਕੇ ਖਾਣਾ ਖਾਇਆ ਕਰ ਤੂੰ।
ਦੇਸੀ ਘਿਓ ਵਿੱਚ ਪਾਇਆ ਕਰ ਤੂੰ।

ਦਹੀਂ, ਲੱਸੀ ਤੇ ਮੱਖਣ ਛਕ।
ਕੱਚਾ ਨਾਲ ਪਨੀਰ ਵੀ ਰੱਖ।

ਉਮਰ ਛੋਟੀ ਵਿੱਚ ਮਾਰ ਨਾ ਬੁੱਧ।
ਜੱਗ ਕੁ ਤਾਂ ਪੀਆ ਕਰ ਦੁੱਧ।”

ਸੁਣਕੇ ਸਭ ਹੋਵੇ ਅਫ਼ਸੋਸ
ਪਰ ਘੱਟ ਗਿਣਤੀ ਕਾਹਦਾ ਰੋਸ।

ਬਹੁਤੇ ਕਰ ਸਵਾਲ ਨ੍ਹੀ ਸਕਦਾ
ਪਰ ਹੱਸਕੇ ਵੀ ਟਾਲ ਨ੍ਹੀ ਸਕਦਾ।

ਪਿੰਡ ਘੜਾਮੇਂ ਰੋਮੀ ਫਸਦਾ।
ਨਿੱਜਵਾਦੀ ਜੇ ਦੱਸਣੋ ਨੱਸਦਾ।

ਫੇਰ ਇੱਕੋ ਕਰਦਾਂ ਫਰਿਯਾਦ।
ਕਰ ਬਾਬਾ ਨਾਨਕ ਨੂੰ ਯਾਦ।

ਇੱਦਾਂ ਮਨ ਤੋਂ ਭਾਰ ਮੈਂ ਲਾਹਵਾਂ।
ਨਾਲ ਠਰ੍ਹੰਮੇ ਸ਼ਬਦ ਸੁਣਾਵਾਂ।

ਕਿ:-

‘ਬਾਬਾ ਹੋਰੁ ਖਾਣਾ ਖੁਸੀ ਖੁਆਰ।।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।
ਪੇਸ਼ਕਸ਼: ਰੋਮੀ ਘੜਾਮਾਂ।
7717380107

Previous articleਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
Next article*ਟਰੰਪ ਦੀਆਂ ਲੂੰਬੜ ਚਾਲਾਂ*