ਕਰੂਏ ਦੀ ਕਹਾਣੀ

ਰਮੇਸ਼ ਸੇਠੀ ਬਾਦਲ 
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) “ਬ ਬ ਬ ਬ ਬ ਬ ਬਾਊ ਜੀ ਅੱਜ ਮੈਂ ਅੱਠ ਵਜ਼ੇ ਜਾਣਾ ਹੈ।” ਮਿਸਤਰੀ ਨਾਲ ਕੰਮ ਕਰਦੇ ਕਰਦੇ ਬਲਬੀਰ ਨੇ ਅਚਾਨਕ ਹੀ ਦੱਸਿਆ।
“ਕਿਉਂ ਕੀ ਹੋ ਗਿਆ?” ਮੈਂ ਅਤੇ ਮਿਸਤਰੀ ਗੁਰਦਾਸ ਇਕੱਠੇ ਹੀ ਬੋਲ ਪਏ। ਸਾਡੇ ਪੁਰਾਣੇ ਘਰ ਦਾ ਫਰਸ਼ ਊਚਾ ਕਰਕੇ ਲਗਵਾਇਆ ਜਾ ਰਿਹਾ ਸੀ। ਮਿਸਤਰੀ ਗੁਰਦਾਸ ਸ਼ਾਮੀ ਸੱਤ ਵਜੇ ਤੋਂ ਲੈਕੇ ਰਾਤੀ ਬਾਰਾਂ ਇੱਕ ਵਜੇ ਤੱਕ ਕੰਮ ਕਰਦਾ ਹੁੰਦਾ ਸੀ। ਜਿਸ ਨੂੰ ਉਹ ਓਵਰ ਟਾਈਮ ਆਖਦਾ ਸੀ ਤੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਲੈਂਦਾ ਸੀ। ਇਹ ਬਲਬੀਰ ਨਾਮ ਦਾ ਮਜਦੂਰ ਉਸਦੇ ਨਾਲ ਹੀ ਹੁੰਦਾ ਸੀ। ਦੋਨਾਂ ਦੀ ਰਮਜ਼ ਮਿਲਦੀ ਸੀ। ਕੰਮ ਕਰਨ ਵੇਲੇ ਉਹ ਘੜੀ ਨਹੀਂ ਸੀ ਵੇਖਦੇ।
“ਅੱਜ ਉਸਨੇ ਕ਼ ਕ਼ ਕ਼ ਕ਼ ਕ਼ ਕ਼ ਕ਼ ਕਰੂਆ ਰੱਖਿਆ ਹੈ ਤੇ ਮੇਰਾ ਮੂੰਹ ਦੇਖਕੇ ਹੀ ਰੋਟੀ ਖਾਊਗ਼ੀ। ਮੈਨੂੰ ਜਲਦੀ ਜਾਣਾ ਹੈ।” ਉਸਨੇ ਦੱਸਿਆ।
“ਜਾ ਓਏ ਕਰੂਆ ਤੇਰੇ।” ਮਿਸਤਰੀ ਗੁਰਦਾਸ ਨੇ ਹੱਸਕੇ ਕਿਹਾ। ਉਸ ਦਿਨ ਤੋਂ ਬਾਦ ਉਸਦਾ ਨਾਮ ਹੀ #ਕਰੂਆ ਪੈ ਗਿਆ। ਅਸੀਂ ਉਸ ਨੂੰ ਕਰੂਆ ਹੀ ਆਖਦੇ। ਉਹ ਥੋੜਾ ਅਟਕ ਕੇ ਬੋਲਦਾ ਸੀ। ਪਹਿਲੇ ਸ਼ਬਦ ਤੇ ਉਸ ਦੀ ਗਰਾਰੀ ਫਸ ਜਾਂਦੀ ਸੀ। ਪ੍ਰੰਤੂ ਇਨਸਾਨੀਅਤ ਦੇ ਤੌਰ ਤੇ ਉਹ ਬਹੁਤ ਵਧੀਆ ਸਖਸ਼ ਸੀ। ਬਾਦ ਵਿੱਚ ਉਹ ਆਪਣੇ ਅਖੀਰਲੇ ਸਮੇ ਤੱਕ ਸਾਡੇ ਨਾਲ ਜੁੜਿਆ ਰਿਹਾ। ਉਹ ਸਾਡੇ ਪਰਿਵਾਰ ਦਾ ਹੀ ਮੈਂਬਰ ਬਣ ਗਿਆ ਸੀ ਪਰ ਅਫਸੋਸ ਉਸਦੇ ਘਰਵਾਲੀ ਆਪਣੇ ਕਰੂਏ ਨੂੰ ਛੱਡਕੇ ਕਿਸੇ ਨਵੇਂ ਕਰੂਏ ਕੋਲ੍ਹ ਚਲੀ ਗਈ ਸੀ ਅਤੇ ਜਾਂਦੀ ਹੋਈ ਦੋਨੇ ਜਵਾਨ ਮੁੰਡੇ ਵੀ ਨਾਲ ਲ਼ੈ ਗਈ। ਸ਼ਰੀਫ ਆਦਮੀ ਇੱਥੇ ਧੋਖਾ ਖਾ ਗਿਆ। ਕਰੂਆ ਨਹੀਂ ਸੱਚ ਵਿਚਾਰਾ ਬਲਬੀਰ ਇਕੱਲਾ ਰਹਿ ਗਿਆ ਸੀ। ਉਹ ਸਾਡੇ ਘਰ ਹੀ ਰੋਟੀ ਖਾਂਦਾ ਤੇ ਘਰ ਦੀ ਨਿਗਰਾਨੀ ਅਤੇ ਛੋਟੇ ਮੋਟੇ ਕੰਮ ਕਰ ਛੱਡਦਾ। ਕਦੇ ਜੀਅ ਕਰਦਾ ਤਾਂ ਉਹ ਦਿਹਾੜੀ ਵੀ ਚਲਾ ਜਾਂਦਾ। ਪਰ ਸ਼ਾਮੀ ਸਾਡੇ ਕੋਲ੍ਹ  ਗੇੜਾ ਜ਼ਰੂਰ ਮਾਰਦਾ। ਰੋਟੀ ਜੋ ਇਥੋਂ ਹੀ ਖਾਂਦਾ ਸੀ। ਕਈ ਵਾਰੀ ਅਸੀਂ ਉਸਨੂੰ ਦੁੱਧ ਦੇ ਗਿਲਾਸ ਵਿੱਚ ਹਲਦੀ ਦਾ ਚਮਚ ਪਾਕੇ ਵੀ ਦਿੰਦੇ। ਖੋਰੇ ਇਕਹਿਰੀ ਹੱਡੀ ਦੇ ਬਲਬੀਰ ਨੂੰ ਭੋਰਾ ਜਿਸਮਾਨੀ ਤਾਕਤ ਮਿਲ ਜਾਂਵੇ। ਮਾਨਸਿਕ ਪ੍ਰੇਸ਼ਾਨੀ ਦਾ ਹੱਲ ਤਾਂ ਨਹੀਂ ਸੀ ਸਾਡੇ ਕੋਲ੍ਹ। ਹੁਣ ਅਸੀਂ ਉਸਦੀ ਦੁਖਦੀ ਰਗ ਉਸ ਨੂੰ ਕਰੂਆ ਨਹੀਂ ਸੀ ਕਹਿੰਦੇ ਸਗੋਂ ਬਲਬੀਰ ਹੀ ਕਹਿੰਦੇ। ਫਿਰ ਦੇਖਦੇ ਦੇਖਦੇ ਉਸਨੂੰ ਗਲੇ ਦਾ ਕੈਂਸਰ ਹੋ ਗਿਆ ਅਤੇ ਸਾਡੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਉਸਨੂੰ ਬਚਾ ਨਹੀਂ ਸਕੇ। ਇਸ ਤਰ੍ਹਾਂ ਕਰੂਆ ਬਲਬੀਰ ਜਿੰਦਗੀ ਦੀਆਂ ਅਮਿੱਟ ਛਾਪਾ ਛੱਡਦਾ ਹੋਇਆ ਇੱਕ ਯਾਦ ਬਣ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇਹਨਾਂ/ਉਹਨਾਂ ਅਤੇ ਕਿਸ/ਕਿਨ੍ਹਾਂ/ਜਿਨ੍ਹਾਂ ਆਦਿ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪ ਕੀ ਹਨ ਅਤੇ ਕਿਉਂ?
Next article*ਘਰ ਕੱਚੇ ਤੇ ਲੋਕ ਸੱਚੇ ਸਨ*