(ਸਮਾਜ ਵੀਕਲੀ)
ਇਨਸਾਨ ਦੇ ਜਨਮ ਦੇ ਨਾਲ ਹੀ ਪੈਦਾ ਹੁੰਦੀਆਂ ਨੇ ਖਵਾਹਿਸ਼ਾਂ। ਇਹ ਮਨੁੱਖ ਤੇ ਨਿਰਭਰ ਕਰਦਾ ਕਿ ਉਹ ਇਹਨਾਂ ਖਵਾਹਿਸ਼ਾਂ ਨੂੰ ਆਪਣੇ ਅਧੀਨ ਰੱਖਦਾ ਹੈ ਜਾਂ ਖਵਾਹਿਸ਼ਾਂ ਉਸਨੂੰ ਆਪਣੇ ਅਧੀਨ ਕਰਦੀਆਂ ਹਨ। ਕੁਝ ਲੋਕ ਐਨੇ ਜਿਆਦਾ ਕਮਜ਼ੋਰ ਹੁੰਦੇ ਹਨ ਕੇ ਉਹ ਆਪਣੀਆਂ ਖਵਾਹਿਸ਼ਾਂ ਦੇ ਹੌਲੀ-ਹੌਲੀ ਐਨੇ ਅਧੀਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦੀ ਜ਼ਿੰਦਗੀ ਇੱਕ ਅਜਿਹੇ ਮੋੜ ਤੇ ਆ ਚੁੱਕੀ ਹੈ ਜਿਸ ਤੋਂ ਅੱਗੇ ਵਧਣਾ ਜਾਂ ਪਿੱਛੇ ਮੁੜਨਾ ਨਾਮੁਮਕਿਨ ਹੀ ਨਹੀਂ ਅਸੰਭਵ ਵੀ ਹੁੰਦਾ ਹੈ।
ਇਸ ਤਰ੍ਹਾਂ ਦੇ ਹੀ ਇੱਕ ਖਵਾਹਿਸ਼ਾਂ ਵੱਸ ਪਏ ਪਾਤਰ ਦੀ ਜ਼ਿੰਦਗੀ ਨੂੰ ਬਿਆਨ ਕਰਦੀ ਹੈ ਇਹ ਕਹਾਣੀ। ਇਸ ਕਹਾਣੀ ਦਾ ਮੁੱਖ ਪਾਤਰ ਹੈ ਸੀਰਤ। ਸੀਰਤ ਆਪਣੇ ਪਿਤਾ ਦੀ ਇਕਲੌਤੀ ਧੀ ਸੀ। ਬੜੇ ਨਾਜਾਂ ਨਾਲ ਮਾਂ-ਪਿਓ ਨੇ ਸੀਰਤ ਨੂੰ ਪਾਲਿਆ। ਅਸੀਂ ਅਕਸਰ ਦੇਖਦੇ ਹਾਂ ਕਿ ਜਿਸ ਪਰਿਵਾਰ ਵਿੱਚ ਬੱਚਾ ਮੁਸ਼ਕਿਲ ਨਾਲ ਹੋਵੇ ਜਾਂ ਇਕੱਲਾ ਹੋਵੇ ਉਸਨੂੰ ਹੱਦ ਤੋਂ ਵੱਧ ਲਾੜ ਪਿਆਰ ਕੀਤਾ ਜਾਂਦਾ ਹੈ। ਪਰ ਇਹ ਲਾੜ ਪਿਆਰ ਹੀ ਕਈ ਵਾਰ ਬੱਚੇ ਲਈ ਇੱਕ ਜ਼ਹਿਰ ਬਣ ਜਾਂਦਾ ਹੈ।
ਸੀਰਤ ਦੇ ਪਿਤਾ ਨੇ ਸੀਰਤ ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ। ਛੋਟੇ ਹੁੰਦੇ ਤੋਂ ਲੈ ਕੇ ਮੁਟਿਆਰ ਹੋਣ ਤੱਕ ਉਸ ਨੂੰ ਕੁਝ ਵੀ ਮੂੰਹੋਂ ਨਾ ਕੱਢਣ ਦਿੱਤਾ ਜਾਂਦਾ, ਝੱਟ ਉਸ ਲਈ ਸਭ ਕੁਝ ਹਾਜ਼ਰ ਹੋ ਜਾਂਦਾ।
ਸਮਾਂ ਬੀਤਦਾ ਗਿਆ। ਸੀਰਤ ਮੁਟਿਆਰ ਹੋਈ ਤੇ ਮਾਂ-ਪਿਓ ਨੂੰ ਉਸ ਦੇ ਵਿਆਹ ਦੀ ਫਿਕਰ ਹੋਣ ਲੱਗੀ। ਬੱਚੇ ਜਦ ਵਿਆਹੁਣ ਯੋਗ ਹੋ ਜਾਂਦੇ ਹਨ ਤਾਂ ਮਾਤਾ-ਪਿਤਾ ਦਾ ਫਿਕਰ ਕਰਨਾ ਜਾਇਜ਼ ਹੀ ਹੈ। ਇੱਕ ਚੰਗਾ ਘਰ ਦੇਖ ਕੇ ਸੀਰਤ ਦਾ ਵਿਆਹ ਕਰ ਦਿੱਤਾ ਗਿਆ। ਸੀਰਤ ਦਾ ਪਤੀ ਸਹਿਜ ਆਪਣੇ ਨਾਂ ਦੇ ਮੁਤਾਬਕ ਉਸਦਾ ਸੁਭਾਅ ਵੀ ਸਹਿਜ ਹੀ ਸੀ। ਉਸਨੇ ਹਰ ਕੰਮ ਬੜੇ ਸਲੀਕੇ ਨਾਲ ਕਰਨਾ। ਸਹਿਜ ਇਕ ਅਗਾਂਹ ਵਧੂ ਸੋਚ ਦਾ ਮਾਲਕ ਸੀ। ਉਸਨੇ ਦਿਨ-ਰਾਤ ਕੰਮ ਕਰਨਾ ਤੇ ਹਰ ਸਾਲ ਜਮੀਨ ਬੈਅ ਲੈ ਲੈਣੀ। ਫਜ਼ੂਲ ਖਰਚੀ ਵੱਲ ਤਾਂ ਸਹਿਜ ਦੇ ਪਰਿਵਾਰ ਦਾ ਧਿਆਨ ਹੀ ਨਹੀਂ ਸੀ।
ਪਰ ਇਸ ਤੇ ਉਲਟ ਸੀਰਤ ਦੀਆਂ ਖਵਾਇਸ਼ਾਂ ਬਹੁਤ ਜਿਆਦਾ ਸਨ। ਸਹੇਲੀਆਂ ਨਾਲ ਘੁੰਮਣਾ, ਪਾਰਟੀਆਂ ਕਰਨੀਆਂ ਤੇ ਮਹਿੰਗੇ ਬਰੈਂਡ ਦੇ ਕੱਪੜੇ ਪਾਉਣਾ ਉਸ ਲਈ ਆਮ ਗੱਲ ਸੀ। ਪਰ ਵਿਆਹ ਤੋਂ ਬਾਅਦ ਕੋਈ ਵੀ ਕਬੀਲਦਾਰ ਬੰਦਾ ਨਹੀਂ ਚਾਹੁੰਦਾ ਕਿ ਉਸਦੀ ਪਤਨੀ ਸਹੇਲੀਆਂ ਨਾਲ ਬਾਹਰ ਘੁੰਮੇ, ਪਾਰਟੀਆਂ ਕਰੇ। ਸਾਡੇ ਜਮਾਨੇ ਦਾ ਇਹੀ ਸੱਚ ਹੈ ਕਿ ਜਦ ਕੋਈ ਵੀ ਆਪਣੇ ਵਿਆਹ ਲਈ ਕੁੜੀ ਵੇਖਣ ਜਾਂਦਾ ਹੈ ਤਾਂ ਉਸ ਦੀ ਇਹੀ ਮੰਗ ਹੁੰਦੀ ਹੈ ਕਿ ਕੁੜੀ ਸੰਸਕਾਰੀ ਹੋਵੇ ਤੇ ਘਰ ਦੀ ਚਾਰ ਦੀਵਾਰੀ ਵਿੱਚ ਰਹੇ।
ਇਹ ਸਹਿਜ ਤੇ ਉਸਦੇ ਮਾਤਾ-ਪਿਤਾ ਦਾ ਸੁਭਾਅ ਸੀ। ਹੌਲੀ-ਹੌਲੀ ਸਹਿਜ ਦੇ ਮਾਤਾ-ਪਿਤਾ ਨੇ ਸਹਿਜ ਨੂੰ ਕਹਿਣਾ, “ਪੁੱਤਰ ਅਸੀਂ ਨਹੀਂ ਕਹਿ ਸਕਦੇ। ਤੂੰ ਹੀ ਸੀਰਤ ਨੂੰ ਸਮਝਾਇਆ ਕਰ। ਇਦਾਂ ਚੰਗਾ ਨਹੀਂ ਹੁੰਦਾ। ਖਾਨਦਾਨੀ ਧੀਆਂ ਦਾ ਰਾਤ-ਰਾਤ ਘਰੋਂ ਬਾਹਰ ਪਾਰਟੀਆਂ ਤੇ ਜਾਣਾ ਚੰਗਾ ਨਹੀਂ. ਗਲੀ-ਗਵਾਂਢ , ਅੰਗ ਸਾਕ ਗੱਲਾਂ ਕਰਨਗੇ।
ਸਹਿਜ ਨੇ ਕਹਿਣਾ ਕੋਈ ਨਹੀਂ। ਮੈਂ ਹੌਲੀ-ਹੌਲੀ ਸੀਰਤ ਨੂੰ ਸਮਝਾਵਾਂਗਾ। ਸਹਿਜ ਇੱਕ ਪੜ੍ਹਿਆ -ਲਿਖਿਆ ਤੇ ਨਿਹਾਇਤੀ ਸਮਝਦਾਰ ਇਨਸਾਨ ਸੀ। ਉਸ ਨੂੰ ਆਪਣੇ ਆਪ ਤੇ ਮਾਣ ਸੀ ਕਿ ਉਹ ਸੀਰਤ ਨੂੰ ਹੌਲੀ-ਹੌਲੀ ਆਪਣੇ ਪਰਿਵਾਰ ਅਨੁਸਾਰ ਢਾਲ ਲਵੇਗਾ। ਪਰ ਸੀਰਤ ਤੇ, ਸਹਿਜ ਦੀ ਕਿਸੇ ਵੀ ਗੱਲ ਦਾ ਅਸਰ ਨਾ ਹੁੰਦਾ। ਸਮਾਂ ਬੀਤਦਾ ਗਿਆ ਤੇ ਸਹਿਜ ਤੇ ਸੀਰਤ ਦੇ ਵਿੱਚ ਆਪਸੀ ਮਨ ਮੁਟਾਵ ਵਧਣ ਲੱਗ ਗਿਆ ਤੇ ਮਨ ਮੁਟਾਵ ਇਸ ਇਸ ਕਦਰ ਵਧ ਗਿਆ ਕਿ ਉਸਨੇ ਲੜਾਈ ਝਗੜੇ ਦਾ ਰੂਪ ਅਖਤਿਆਰ ਕਰ ਲਿਆ। ਰੋਜ-ਰੋਜ ਦੀ ਲੜਾਈ ਨੇ ਸਾਰੇ ਘਰ ਨੂੰ ਪਰੇਸ਼ਾਨ ਕਰ ਦਿੱਤਾ। ਸਿਆਣੇ ਕਹਿੰਦੇ ਹਨ ਕਿ ਜਿਸ ਘਰੇ ਕਲੇਸ਼ ਰਹਿੰਦਾ ਹੈ ਉਹ ਘਰ ਕਦੇ ਵੀ ਬਰਕਤ ਨਹੀਂ ਰਹਿੰਦੀ। ਹਰ ਰੋਜ਼ ਦੇ ਲੜਾਈ ਝਗੜੇ ਦਾ ਪਰਿਵਾਰ ਦੀ ਸਾਖ਼ ਤੇ ਵੀ ਅਸਰ ਪੈਣ ਲੱਗਿਆ। ਸੀਰਤ ਤੇ ਸਹਿਜ ਦੇ ਮਾਤਾ-ਪਿਤਾ ਨੇ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਪਰ ਅਸਫਲ ਰਹੇ। ਹੁਣ ਸਹਿਜ ਜਦ ਵੀ ਘਰ ਆਉਂਦਾ ਉਹਨਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਗੱਲ ਤੇ ਲੜਾਈ ਹੋ ਜਾਂਦੀ। ਇਸ ਲਈ ਸਹਿਜ ਅਕਸਰ ਹੀ ਖੇਤ ਮੋਟਰ ਤੇ ਹੀ ਸੌ ਜਾਂਦਾ।
ਇਹ ਸਾਰਾ ਕੁਝ ਦੇਖਦੇ ਹੋਏ ਸਹਿਜ ਦੇ ਮਾਤਾ-ਪਿਤਾ ਨੇ ਸੀਰਤ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਕਿ ਸੀਰਤ ਤੋਂ ਪਤਾ ਕੀਤਾ ਜਾਵੇ ਕਿ ਉਹ ਕੀ ਚਾਹੁੰਦੀ ਹੈ ?
ਜਦ ਸੀਰਤ ਤੋਂ ਪੁੱਛਿਆ ਗਿਆ ਤਾਂ ਉਸਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ, “ਮੈਂ ਨਹੀਂ ਰਹਿਣਾ ਇਸ ਬੰਦੇ ਨਾਲ।” “ਮੈਨੂੰ ਇਹ ਜ਼ਿੰਦਗੀ ਪਸੰਦ ਨਹੀਂ। ਹਰ ਇੱਕ ਕੰਮ ਪੁੱਛ ਕੇ ਕਰਨਾ ਪੈਂਦਾ ਹੈ। ਜੇ ਕਿਤੇ ਜਾਣਾ ਤਾਂ ਵੀ ਪੁੱਛ ਕੇ ਜਾਵੋ, ਜੇ ਕੁਝ ਮਨ ਪਸੰਦ ਪਾਉਣਾ- ਹੰਢਾਉਣਾ ਤਾਂ ਵੀ ਸਾਰਿਆਂ ਨੂੰ ਪੁੱਛ ਕੇ ਪਾਓ। ਇਹ ਕੀ ਜਿੰਦਗੀ ਹੈ ? ਮੈਂ ਇਸ ਜ਼ਿੰਦਗੀ ਤੋਂ ਤੰਗ ਆ ਚੁੱਕੀ ਹਾਂ। ਮੈਂ ਹੋਰ ਨਹੀਂ ਰਹਿਣਾ ਚਾਹੁੰਦੀ ਇਸ ਪਰਿਵਾਰ ਨਾਲ।”
ਤੇ ਆਖਰ ਇੱਕ ਦਿਨ ਆ ਹੀ ਗਿਆ। ਦੋਨੋਂ ਪਰਿਵਾਰ ਸਮਝਦਾਰ ਸਨ ਦੋਨਾਂ ਨੇ ਕੋਰਟ ਕਚਹਿਰੀ ਜਾਣ ਦੀ ਬਜਾਏ ਆਪਸ ਵਿੱਚ ਬੈਠ ਕੇ ਹੀ ਸਾਰਾ ਕੁਝ ਨਿਬੇੜ ਲਿਆ। ਸੀਰਤ ਤੇ ਸਹਿਜ ਹੁਣ ਸਦਾ ਲਈ ਅਲੱਗ ਹੋ ਗਏ।
ਸੀਰਤ ਨੇ ਮਾਪਿਆਂ ਦੇ ਘਰ ਜਾ ਕੇ ਚੈਨ ਦੀ ਸਾਹ ਲਈ। ਇਧਰ ਤਲਾਕ ਦੇ ਕੁਝ ਸਮੇਂ ਬਾਅਦ ਸਹਿਜ ਦੇ ਮਾਤਾ-ਪਿਤਾ ਨੇ ਸਹਿਜ ਦਾ ਦੂਜਾ ਵਿਆਹ ਕਰ ਦਿੱਤਾ। ਸੀਰਤ ਆਪਣੇ ਪੇਕਿਆਂ ਤੋਂ ਅਪਣੀਆਂ ਸਹੇਲੀਆਂ ਕੋਲ ਚੰਡੀਗੜ੍ਹ ਚਲੀ ਗਈ। ਉਸ ਨੇ ਆਪਣੀ ਜ਼ਿੰਦਗੀ ਦੀ ਉਹੀ ਰੋਜ਼ਮਰਾ ਸ਼ੁਰੂ ਕੀਤੀ ਜੋ ਉਸਦੀ ਇੱਛਾ ਸੀ। ਘੁੰਮਣਾ ਫਿਰਨਾ, ਪਾਰਟੀਆਂ ਕਰਨੀਆਂ ਤੇ ਚੰਗੇ ਮਹਿੰਗੇ ਬ੍ਰਾਂਡ ਦੇ ਕੱਪੜੇ ਪਹਿਨਣਾ।
ਇਧਰ ਸਹਿਜ ਨੂੰ ਇੱਕ ਬਹੁਤ ਹੀ ਨੇਕਦਿਲ ਤੇ ਸੰਸਕਾਰੀ ਲੜਕੀ ਮਿਲੀ। ਜਿਸ ਨੇ ਉਸਦੇ ਘਰ ਨੂੰ ਆਪਣਾ ਘਰ ਸਮਝਦੇ ਹੋਏ ਸੰਭਾਲਿਆ। ਉਹ ਥੋੜੇ ਦਿਨਾਂ ਵਿੱਚ ਆਪਣੇ ਚੰਗੇ ਗੁਣਾ ਕਾਰਨ ਹਰਦਿਲ ਅਜੀਜ ਹੋ ਗਈ।
ਵਕਤ ਕਦੇ ਨਹੀਂ ਰੁਕਦਾ ਆਪਣੀ ਚਾਲ ਚਲਦਾ ਜਾਂਦਾ ਹੈ ਤੇ ਵਕਤ ਦੇ ਨਾਲ ਹੀ ਸੀਰਤ ਦੇ ਪਿਤਾ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਸੀਰਤ ਦੀਆਂ ਕੁਝ ਕ ਸਹੇਲੀਆਂ ਆਪਣੇ ਕੰਮਕਾਰ ਲੱਗ ਗਈਆਂ ਤੇ ਕੁਝ ਕ ਦੇ ਵਿਆਹ ਹੋ ਗਏ। ਸੀਰਤ ਹੁਣ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕਰਨ ਲੱਗੀ। ਉਸ ਨੂੰ ਹੁਣ ਸਭ ਕੁਝ ਸਾਫ ਦਿਖਾਈ ਦੇ ਰਿਹਾ ਸੀ। ਉਸਨੂੰ ਹੌਲੀ-ਹੌਲੀ ਇਹ ਅਹਿਸਾਸ ਹੋ ਰਿਹਾ ਸੀ ਕਿ ਜ਼ਿੰਦਗੀ ਵਿੱਚ ਐਸ਼ ਪ੍ਰਸਤੀ ਹੀ ਹਰ ਇੱਕ ਚੀਜ਼ ਨਹੀਂ ਹੁੰਦੀ।
ਉਸਦੀਆਂ ਅੱਖਾਂ ਸਾਹਮਣੇ ਇੱਕ ਫਿਲਮ ਦੇ ਦ੍ਰਿਸ਼ ਵਾਂਗ ਉਹ ਗੱਲਾਂ ਵਾਰ-ਵਾਰ ਆ ਰਹੀਆਂ ਸਨ ਜੋ ਗੱਲਾਂ ਉਸ ਦੇ ਮਾਤਾ-ਪਿਤਾ ਤੇ ਸਹਿਜ ਨੇ ਉਸਨੂੰ ਸਮਝਾਈਆਂ ਸਨ। ਉਸ ਨੂੰ ਆਪਣੀ ਗਲਤੀ ਸਾਫ ਨਜ਼ਰ ਆ ਰਹੀ ਸੀ ਪਰ ਹੁਣ ਉਹ ਵਕਤ ਗੁਜਰ ਚੁੱਕਾ ਸੀ।
ਉਸਨੂੰ ਆਪਣੀ ਜ਼ਿੰਦਗੀ ਵਿੱਚ ਹਰ ਪਾਸੇ ਹਨੇਰਾ ਨਜ਼ਰ ਆ ਰਿਹਾ ਸੀ। ਉਸਦੀਆਂ ਅੱਖਾਂ ਵਿੱਚ ਪਛਤਾਵੇ ਦੇ ਅੱਥਰੂ ਆਪ ਮੁਹਾਰੇ ਵਗ ਰਹੇ ਸਨ ਪਰ ਹੁਣ ਵਕਤ ਲੰਘ ਚੁੱਕਿਆ ਸੀ ……………..
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਸਸਸਸ ਹਾਕੂਵਾਲਾ
ਸ੍ਰੀ ਮੁਕਤਸਰ ਸਾਹਿਬ
79860-27454
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly