(ਸਮਾਜ ਵੀਕਲੀ) ਸਕੂਲ ਵਿੱਚ ਇਮਾਰਤ ਉਸਾਰੀ ਦਾ ਕੰਮ ਚੱਲ ਰਿਹਾ ਸੀ|ਠੇਕੇਦਾਰ ਨੇ ਬਹੁਤ ਸਾਰੇ ਮਰਦ ਔਰਤਾਂ ਨੂੰ ਇੱਟਾਂ ਦੀ ਢੁਆਈ ਤੇ ਲਾਇਆ ਹੋਇਆ ਸੀ|ਸਾਰੇ ਹੀ ਮਜ਼ਦੂਰ , ਮਜ਼ਦੂਰਨੀਆ ਆਪਣੇ ਸਿਰ ਤੇ ਬਾਰਾਂ ਪੰਦਰਾਂ ਇੱਟਾਂ ਚੁੱਕ ਕੇ ਸਕੂਲ ਦੀ ਤੀਜੀ ਮੰਜ਼ਿਲ ਤੇ ਛੱਡ ਰਹੇ ਸਨ|
ਸਕੂਲ ਦੀ ਦੂਜੀ ਮੰਜ਼ਿਲ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਧਿਆਪਕ ਬਾਲ ਮਜ਼ਦੂਰੀ ਦੇ ਖ਼ਿਲਾਫ਼ ਬਣਾਏ ਨਵੇਂ ਕਾਨੂੰਨ ਸੰਬੰਧੀ ਪਾਠ ਪੜ੍ਹਾ ਰਹੀ ਸੀ ਤੇ ਆਖ ਰਹੀ ਸੀ ਕਿ ਹੁਣ ਗਰੀਬ ਬੱਚਿਆਂ ਨੂੰ ਵੀ ਪੜ੍ਹਨ ਲਿਖਣ ਦੀ ਸੁਵਿਧਾ ਮਿਲਦੀ ਹੈ|ਸਾਰੇ ਬੱਚੇ ਅਧਿਆਪਕ ਦੀ ਗੱਲ ਪੂਰੇ ਧਿਆਨ ਨਾਲ ਸੁਣ ਰਹੇ ਸਨ |
ਸੰਯੋਗਵਸ਼ ਐਨ ਉਸੇ ਹੀ ਵਕਤ ਇੱਕ ਅੱਠ ਦਸ ਸਾਲ ਦੀ ਛੋਟੀ ਜਿਹੀ ਬੱਚੀ ਸਿਰ ਤੇ ਅੱਠ ਦਸ ਇੱਟਾਂ ਚੁੱਕੀ ਪੌੜੀਆਂ ਚੜ੍ਹ ਗਈ|ਉਸਨੂੰ ਦੇਖ ਕੇ ਜਮਾਤ ਦੇ ਇੱਕ ਵਿਦਿਆਰਥੀ ਨੇ ਅਧਿਆਪਕ ਨੂੰ ਕਿਹਾ,”ਮੈਡਮ ਜੀ, ਆਹ ਬਾਲ ਮਜ਼ਦੂਰੀ ਰੋਕਣ ਵਾਸਤੇ ਬਣਿਆ ਕਾਨੂੰਨ ਤਾਂ ਲਗਦੈ ਕਿ ਸਾਨੂੰ ਕਿਤਾਬਾਂ ਵਿੱਚ ਪੜਾਉਣ ਨੂੰ ਹੀ ਬਣਿਆ ਸਿਰਫ਼,ਇਹ ਨਿੱਕੇ ਨਿੱਕੇ ਹੱਥਾਂ ਨਾਲ ਆਪਣੇ ਭਾਰ ਤੋਂ ਵੀ ਵੱਧ ਭਾਰੀਆਂ ਇੱਟਾਂ ਚੁੱਕ ਕੇ ਅੱਜ ਵੀ ਆਪਣਾ ਢਿੱਡ ਭਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ, ਕੀ ਇਹ ਬਾਲ ਮਜ਼ਦੂਰੀ ਨਹੀਂ?
ਕੋਲੋਂ ਹੀ ਇੱਕ ਹੋਰ ਵਿਦਿਆਰਥਣ ਬੋਲੀ,”ਮੈਡਮ ਜੀ, ਸਾਡੇ ਘਰੇ ਜਿਹੜੀ ਕੰਮ ਵਾਲ਼ੀ ਆਂਟੀ ਆਉਂਦੀ ਐ, ਉਹਦੀ ਬੇਟੀ ਤਾਂ ਮੈਥੋਂ ਵੀ ਛੋਟੀ ਆ, ਪਰ ਉਹ ਝਾੜੂ ਪੋਚਾ ਵੀ ਲਾਉਂਦੀ ਆ ਤੇ ਆਪਣੀ ਮੰਮੀ ਨਾਲ ਭਾਂਡੇ ਵੀ ਧੁਆਂਦੀ ਐ, ਉਹ ਵੀ ਤਾਂ ਬਾਲ ਮਜ਼ਦੂਰੀ ਈ ਐ, ਮੇਰੇ ਮੰਮੀ ਨੇ ਉਸ ਆਂਟੀ ਨੂੰ ਆਪਣੀ ਧੀ ਨੂੰ ਸਕੂਲ ਭੇਜਣ ਲਈ ਕਿਹਾ ਤਾਂ ਉਹ ਤਾਂ ਰੋਣ ਲੱਗ ਪਈ ਕਿ ਇਹ ਹੁਣ ਤੋਂ ਕੰਮ ਨਹੀਂ ਕਰੂ ਤਾਂ ਸਾਡਾ ਟੱਬਰ ਕਿਵੇਂ ਪਲੂ?”
ਅਧਿਆਪਕ ਵੀ ਵਿਦਿਅਰਥੀਆਂ ਦੀਆਂ ਗੱਲਾਂ ਸੁਣ ਕੇ ਉਦਾਸ ਜਿਹੀ ਹੋ ਬੋਲੀ,”ਜਦ ਤੱਕ ਸਾਡਾ ਸਮਾਜ ਅਜਿਹੀਆਂ ਕੁਰੀਤੀਆਂ ਦੇ ਵਿਰੁੱਧ ਜਾਗਰੂਕ ਨਹੀਂ ਹੋਵੇਗਾ ਤੇ ਖ਼ਾਸ ਕਰ ਇਹ ਗਰੀਬ ਕਾਮੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਸੁਚੇਤ ਨਹੀਂ ਹੋਣਗੇ, ਉਦੋਂ ਤੱਕ ਤਾਂ ਲਗਦੈ ਕਿ ਬਾਲ ਮਜ਼ਦੂਰੀ ਰੋਕਣ ਦੇ ਸਰਕਾਰ ਵੱਲੋਂ ਕੀਤੇ ਉਪਰਾਲੇ ਸਫ਼ਲ ਨਹੀਂ ਹੋ ਸਕਦੇ|
ਅਧਿਆਪਕ ਨੇ ਠੇਕੇਦਾਰ ਨੂੰ ਬੁਲਾ ਕੇ ਬਾਲ ਮਜ਼ਦੂਰੀ ਰੋਕਣ ਲਈ ਬਣੇ ਕਾਨੂੰਨ ਤਹਿਤ ਬਣੀਆਂ ਸਜ਼ਾਵਾਂ ਦਾ ਵੇਰਵਾ ਦਿੰਦਿਆਂ ਉਸ ਬੱਚੀ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਸ ਬੱਚੀ ਦੀ ਮਾਂ ਕਈ ਦਿਨਾਂ ਤੋਂ ਬਿਮਾਰੀ ਕਰਕੇ ਹਸਪਤਾਲ ਦਾਖ਼ਲ ਸੀ ਤਾਂ ਉਸਦੀ ਧੀ ਉਹਦੀ ਥਾਂ ਕੰਮ ਕਰਨ ਆ ਗਈ|ਮੈਡਮ ਨੇ ਉਸ ਬੱਚੀ ਨੂੰ ਕੁੱਝ ਐਡਵਾਂਸ ਪੈਸੇ ਦੇ ਕੇ ਹਸਪਤਾਲ਼ ਭੇਜਣ ਲਈ ਕਿਹਾ ਤਾਂ ਉਸ ਬੱਚੀ ਦੀਆਂ ਅੱਖਾਂ ਵਿੱਚ ਸ਼ੁਕਰਾਨੇ ਦੇ ਹੰਝੂ ਸਨ|
ਬੀਨਾ ਬਾਵਾ, ਲੁਧਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly