ਕਹਾਣੀ – ਚਾਪਲੂਸਾਂ ਤੋਂ ਬਚੋ

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)-ਸਿੱਖਿਆਪੁਰ ਦੇ ਜੰਗਲ ਵਿੱਚ ਨਵੀਂ-ਨਵੀਂ ਚੋਣ ਹੋ ਕੇ ਹਟੀ ਸੀ। ਜੰਗਲ ਦੇ ਸਾਰੇ ਜਾਨਵਰਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਬਸੰਮਤੀ ਨਾਲ ਕਹਿ ਲਓ ਜਾਂ ਮਜਬੂਰੀ ਬਸ ਸ਼ੇਰਾਂ ਦੇ ਟੱਬਰ ਵਿੱਚੋਂ ਹੀ ਜੰਗਲ ਦੇ ਰਾਜੇ ਦੀ ਚੋਣ ਕੀਤੀ। ਇਸ ਵਾਰ ਚੁਣੇ ਗਏ ਰਾਜੇ ਦਾ ਹਾਲ ਪਹਿਲਾਂ ਵਾਲਿਆਂ ਨਾਲੋਂ ਵੀ ਮਾੜਾ ਸੀ। ਰਾਜ ਪ੍ਰਬੰਧ ਚਲਾਉਣ ਵਿੱਚ ਉਹ ਜਮਾਂ ਅਨਾੜੀ ਸੀ। ਇਸ ਸਭ ਨੂੰ ਛੁਪਾਉਣ ਲਈ ਉਹ ਜੰਗਲ ਦੇ ਸਭ ਤੋਂ ਕਮਜ਼ੋਰ ਜਾਨਵਰਾਂ ਨੂੰ ਡਰਾਉਂਦਾ ਧਮਕਾਉਂਦਾ ਅਤੇ ਉਹਨਾਂ ਨੂੰ ਆਪਣਾ ਭੋਜਨ ਬਣਾਉਂਦਾ। ਉਸ ਨੂੰ ਜੰਗਲ ਅਤੇ ਜਾਨਵਰਾਂ ਦੇ ਹਿੱਤ, ਉਹਨਾਂ ਦੇ ਅਧਿਕਾਰ ਅਤੇ ਭਲਾਈ ਤੋਂ ਕੋਈ ਮਤਲਬ ਨਹੀਂ ਸੀ। ਉਹ ਸਿਰਫ਼ ਅਤੇ ਸਿਰਫ਼ ਆਪਣੇ ਬਾਰੇ ਹੀ ਸੋਚਦਾ ਸੀ। ਜੰਗਲ ਦੇ ਦੂਜੇ ਬਜ਼ੁਰਗ ਅਤੇ ਅਨੁਭਵੀ ਜਾਨਵਰਾਂ ਨੇ ਕਈ ਵਾਰ ਸ਼ੇਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਸੱਤਾ ਦਾ ਨਸ਼ਾ ਨਵੇਂ-ਨਵੇਂ ਸ਼ਾਸਕ ਬਣੇ ਸ਼ੇਰ ਉੱਪਰ ਐਨਾ ਸੀ ਕਿ ਉਹ ਕਿਸੇ ਦੀ ਗੱਲ ਗੌਲਦਾ ਤੱਕ ਨਹੀਂ ਸੀ।

ਸਿੱਖਿਆਪੁਰ ਜੰਗਲ ਦੀ ਜਿਹੜੀ ਸਾਖ ਆਲੇ-ਦੁਆਲੇ ਦੇ ਜੰਗਲਾਂ ਵਿੱਚ ਉੱਥੋਂ ਦੇ ਜਾਨਵਰਾਂ ਵਿੱਚ ਬਣੀ ਹੋਈ ਸੀ,ਉਹ ਸਾਖ ਵੇਖਦਿਆਂ-ਵੇਖਦਿਆਂ ਕੁੱਝ ਸਮੇਂ ਵਿੱਚ ਹੀ ਖ਼ਰਾਬ ਹੋਣ ਲੱਗ ਪਈ। ਜੰਗਲ ਦੇ ਜਿਹੜੇ ਕੁੱਝ ਇਮਾਨਦਾਰ ਅਤੇ ਜਾਗਰੂਕ ਜਾਨਵਰ ਸਨ ਉਹ ਵੀ ਇੱਕ ਦੂਜੇ ਨਾਲ ਇਸ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦੇ ਅਤੇ ਜੰਗਲ ਦੇ ਰਾਜੇ ਤੱਕ ਆਪਣੀ ਗੱਲ ਪਹੁੰਚਾਉਂਦੇ ਪਰ ਜੰਗਲ ਦੇ ਇਸ ਮੂਰਖ,ਘਮੰਡੀ ਅਤੇ ਗਿਆਨ ਹੀਨ ਰਾਜੇ ਉੱਤੇ ਇਹਨਾਂ ਸਭ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਹੁਣ ਜੰਗਲ ਵਿੱਚ ਕੋਈ ਬਹੁਤਾ ਵਧੀਆ ਅਨੁਸ਼ਾਸਨ ਨਹੀਂ ਸੀ ਰਿਹਾ। ਜੰਗਲ ਵਿੱਚ ਖੂੰਖਾਰ ਜਾਨਵਰਾਂ ਦੀ ਗੁੰਡਾਗਰਦੀ ਦਿਨ-ਬ-ਦਿਨ ਵਧਦੀ ਜਾ ਰਹੀ ਸੀ। ਕਮਜ਼ੋਰ ਜਾਨਵਰ ਨਿੱਤ ਇਹਨਾਂ ਜਾਨਵਰਾਂ ਦਾ ਸ਼ਿਕਾਰ ਬਣ ਰਹੇ ਸਨ ਪਰ ਜੰਗਲ ਦਾ ਰਾਜਾ ਇਹਨਾਂ ਸਭ ਗੱਲਾਂ ਤੋਂ ਬੇਖ਼ਬਰ ਆਪਣੀ ਸੱਤਾ ਦਾ ਅਨੰਦ ਮਾਣ ਰਿਹਾ ਸੀ। ਜੰਗਲ ਦੇ ਚਲਾਕ ਜਾਨਵਰ ਕਹੇ ਜਾਂਦੇ ਲੂੰਬੜ ਅਤੇ ਲੂੰਬੜੀ ਨੂੰ ਇਸ ਸਮੇਂ ਦਾ ਹੀ ਇੰਤਜ਼ਾਰ ਸੀ। ਚਲਾਕ ਲੂੰਬੜ ਅਤੇ ਲੂੰਬੜੀ ਸਮਝ ਚੁੱਕੇ ਸਨ ਕਿ ਰਾਜਾ ਇੱਕ ਮੂਰਖ ਅਤੇ ਖੁਸ਼ਾਮਦ ਪਸੰਦ ਸ਼ੇਰ ਹੈ। ਉਸ ਵਿੱਚ ਜੰਗਲ ਰਾਜ ਦਾ ਸਹੀ ਸੰਚਾਲਨ ਕਰਨ ਦਾ ਹੁਨਰ ਨਹੀਂ ਹੈ। ਫਿਰ ਕੀ ਸੀ ਲੂੰਬੜ ਅਤੇ ਲੂੰਬੜੀ ਨੇ ਤਰਤੀਬ ਮੁਤਾਬਕ ਰਾਜੇ ਨਾਲ ਨੇੜਤਾ ਵਧਾਈ। ਕਿਉਂਕਿ ਰਾਜਾ ਇੱਕ ਖੁਸ਼ਾਮਦ ਪਸੰਦ ਸ਼ੇਰ ਸੀ ਅਤੇ ਲੂੰਬੜ ਅਤੇ ਲੂੰਬੜੀ ਇਸ ਕੰਮ ਵਿੱਚ ਮਾਹਿਰ ਸਨ ਤਾਂ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਲੂੰਬੜ ਅਤੇ ਲੂੰਬੜੀ ਰਾਜੇ ਦੇ ਬਹੁਤ ਖਾਸ ਹੋ ਗਏ, ਹੁਣ ਸ਼ੇਰ ਰਾਜ ਦਾ ਹਰ ਇੱਕ ਫੈਸਲਾ ਲੂੰਬੜ ਅਤੇ ਲੂੰਬੜੀ ਦੀ ਸਲਾਹ ਨਾਲ ਹੀ ਲੈਂਦਾ।

ਹੁਣ ਲੂੰਬੜ ਅਤੇ ਲੂੰਬੜੀ ਜੰਗਲ ਦੇ ਹੋਰ ਜਾਨਵਰਾਂ ਉੱਪਰ ਆਪਣੀ ਫੋਕੀ ਧੌਂਸ ਜਮਾਉਣ ਲੱਗੇ।ਜਿਹੜਾ ਵੀ ਜਾਨਵਰ ਇਹਨਾਂ ਖਿਲਾਫ਼ ਬੋਲਦਾ ਉਸ ਨੂੰ ਲੂੰਬੜ ਅਤੇ ਲੂੰਬੜੀ ਝੂਠਾ ਕੇਸ ਬਣਾ ਕੇ ਰਾਜੇ ਦੇ ਦਰਬਾਰ ਵਿੱਚ ਮੁਲਜ਼ਮ ਬਣਾ ਕੇ ਪੇਸ਼ ਕਰਦੇ ਅਤੇ ਮੌਤ ਦੀ ਸਜ਼ਾ ਦਵਾ ਕੇ ਹੀ ਹੱਟਦੇ। ਸਿੱਖਿਆਪੁਰ ਦੇ ਜੰਗਲ ਵਿੱਚ ਮੌਤ ਦੀ ਸਜ਼ਾ ਹੁਣ ਆਮ ਹੋ ਗਈ ਸੀ। ਇਸ ਪਿੱਛੇ ਵੀ ਇੱਕ ਕਾਰਨ ਸੀ ਕਿ ਇੱਕ ਤਾਂ ਸ਼ੇਰ ਦੇ ਭੋਜਨ ਦਾ ਇੰਤਜ਼ਾਮ ਹੋ ਜਾਂਦਾ ਅਤੇ ਦੂਜਾ ਲੰਬੜ ਅਤੇ ਲੂੰਬੜੀ ਜੰਗਲ ਦੇ ਰਾਜੇ ਸ਼ੇਰ ਦੇ ਸਿੰਘਾਸਨ ਦੇ ਹੋਰ ਨੇੜੇ ਹੋ ਜਾਣ ਵਿੱਚ ਸਫ਼ਲ ਹੋ ਜਾਂਦੇ। ਰਾਜਾ ਜਿਹੜਾ ਲੂੰਬੜ ਅਤੇ ਲੂੰਬੜੀ ਦੀ ਚਾਪਲੂਸੀ ਭਰੀਆਂ ਗੱਲਾਂ ਦੇ ਉਸਾਰੇ ਮਹਿਲ ਵਿੱਚ ਕੈਦੀ ਬਣ ਬੈਠਿਆਂ ਸੀ ਨੂੰ ਹੁਣ ਪਰਜਾ ਦੇ ਦੁੱਖ-ਤਕਲੀਫਾਂ ਦਾ ਬਿਲਕੁਲ ਵੀ ਖਿਆਲ ਨਹੀਂ ਸੀ। ਹੁਣ ਜੰਗਲ ਦੇ ਕਿਸੇ ਵੀ ਜਾਨਵਰ ਦੀ ਉਸ ਦੇ ਰਾਜ ਵਿੱਚ ਕੋਈ ਸੁਣਵਾਈ ਨਹੀਂ ਸੀ। ਜੰਗਲ ਦੇ ਜਾਨਵਰ ਆਪਣੇ ਇਸ ਘਮੰਡੀ, ਬੇਰਹਿਮ ਅਤੇ ਚਾਪਲੂਸਾਂ ਨਾਲ ਘਿਰੇ ਰਾਜੇ ਤੋਂ ਬਹੁਤ ਤੰਗ ਸਨ। ਉੱਧਰ ਚਾਪਲੂਸ ਲੂੰਬੜ ਅਤੇ ਲੂੰਬੜੀ ਦੀ ਨਜ਼ਰ ਰਾਜੇ ਦੇ ਸਿੰਘਾਸਨ ਵੱਲ ਸੀ। ਰਾਜ ਦੇ ਸੈਨਿਕ ਜਾਨਵਰ ਹੁਣ ਰਾਜੇ ਨਾਲੋਂ ਜ਼ਿਆਦਾ ਲੂੰਬੜ ਅਤੇ ਲੂੰਬੜੀ ਦੀ ਗੱਲ ਮੰਨਦੇ ਸਨ। ਇਹਨਾਂ ਸਭ ਗੱਲਾਂ ਤੋਂ ਬੇਖ਼ਬਰ ਰਾਜਾ ਸ਼ੇਰ ਸਿਰਫ਼ ਨਵੇਂ-ਨਵੇਂ ਜਾਨਵਰਾਂ ਦੇ ਸ਼ਿਕਾਰ ਦੀ ਉਡੀਕ ਵਿੱਚ ਹੀ ਰਹਿੰਦਾ। ਹੌਲੀ-ਹੌਲੀ ਸਿੱਖਿਆਪੁਰ ਦੇ ਜੰਗਲ ਵਿੱਚੋਂ ਜਾਨਵਰਾਂ ਦੀ ਗਿਣਤੀ ਘਟਨੀ ਸ਼ੁਰੂ ਹੋ ਗਈ। ਕੁੱਝ ਜਾਨਵਰ ਤਾਂ ਜੰਗਲ ਦੇ ਰਾਜੇ ਸ਼ੇਰ ਵੱਲੋਂ ਆਪਣਾ ਸ਼ਿਕਾਰ ਬਣਾ ਲਏ ਗਏ ਅਤੇ ਕੁਝ ਜਾਨਵਰਾਂ ਨੇ ਆਪਣੀ ਜਾਨ ਬਚਾਉਣ ਲਈ ਨਾਲ ਦੇ ਜੰਗਲਾਂ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਕੋਲ ਸ਼ਰਨ ਲੈ ਲਈ। ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਸੀ, ਰਾਜਾ ਹੁਣ ਬਿਲਕੁਲ ਨਿਠੱਲਾ, ਆਲਸੀ ਅਤੇ ਜ਼ਰੂਰਤ ਤੋਂ ਜ਼ਿਆਦਾ ਮੋਟਾ ਹੋ ਗਿਆ ਸੀ।ਜਿਸ ਦੇ ਨਤੀਜੇ ਵਜੋਂ ਹੁਣ ਉਸ ਨੂੰ ਕਈ ਭਿਆਨਕ ਬਿਮਾਰੀਆਂ ਨੇ ਘੇਰ ਲਿਆ ਅਤੇ ਜ਼ਿਆਦਾ ਵਜ਼ਨ ਹੋਣ ਕਾਰਨ ਉਸ ਨੂੰ ਤੁਰਨਾ ਵੀ ਔਖਾ ਹੋ ਗਿਆ। ਹੁਣ ਉਹ ਸਾਰਾ ਦਿਨ ਆਪਣੀ ਗੁਫ਼ਾ ਵਿਚ ਪਿਆ ਰਹਿੰਦਾ। ਹੁਣ ਲੂੰਬੜ ਅਤੇ ਲੂੰਬੜੀ ਵੀ ਉਸ ਕੋਲ ਬਹੁਤਾ ਨਾ ਆਉਂਦੇ ਅਤੇ ਜੰਗਲ ਦਾ ਰਾਜਾ ਸ਼ੇਰ ਵੀ ਕਈ-ਕਈ ਦਿਨ ਭੁੱਖਾ ਹੀ ਰਹਿੰਦਾ ਅਤੇ ਭੋਜਨ ਦੀ ਮੰਗ ਕਰਦਿਆਂ ਸਾਰਾ ਦਿਨ ਤੜਫਦਾ ਅਤੇ ਦਹਾੜਦਾ ਰਹਿੰਦਾ। ਲੂੰਬੜ ਅਤੇ ਲੂੰਬੜੀ ਲਈ ਇਹ ਬਿਲਕੁਲ ਸਹੀ ਸਮਾਂ ਸੀ।ਇੱਕ ਸਵੇਰ ਸਾਰੇ ਜੰਗਲ ਵਿੱਚ ਤਖਤਾਂ ਪਲਟ ਦੀ ਖ਼ਬਰ ਅੱਗ ਵਾਂਗੂੰ ਫੈਲ ਗਈ,ਰਾਜ ਦਰਬਾਰ ਵਿੱਚ ਰੱਖੇ ਸਿੰਘਾਸਨ ਤੇ ਹੁਣ ਲੂੰਬੜ ਅਤੇ ਲੂੰਬੜੀ ਬਿਰਾਜਮਾਨ ਸਨ।

ਸ਼ੇਰ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਉਸ ਨੇ ਖੜਾ ਹੋ ਦਹਾੜਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚ ਸਫ਼ਲ ਨਾ ਹੋ ਸਕਿਆ। ਰਾਜਾ ਸ਼ੇਰ ਨੇ ਆਪਣੇ ਸਿਪਾਹੀਆਂ ਨੂੰ ਆਵਾਜ਼ ਮਾਰੀ ਪਰ ਕੋਈ ਉਸਦੀ ਮਦਦ ਕਰਨ ਨਾ ਆਇਆ ਅਤੇ ਸ਼ਾਮ ਹੁੰਦਿਆਂ-ਹੁੰਦਿਆਂ ਲੂੰਬੜ ਅਤੇ ਲੂੰਬੜੀ ਦੇ ਹੁਕਮਾਂ ਅਨੁਸਾਰ ਸ਼ੇਰ ਨੂੰ ਸੰਗਲਾਂ ਨਾਲ ਬੰਨ ਕੇ ਜੇਲ ਦੀ ਕੋਠਰੀ ਵਿੱਚ ਸੁੱਟ ਦਿੱਤਾ ਗਿਆ। ਹੁਣ ਸ਼ੇਰ ਕੋਲ ਪਛਤਾਵੇ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਸੀ। ਉੱਧਰ ਲੂੰਬੜ ਅਤੇ ਲੂੰਬੜੀ ਦੇ ਅਤੀ ਅਤਿਆਚਾਰੀ ਰਾਜ ਵਿੱਚ ਝੂਠ, ਜੁਲਮ ਅਤੇ ਮੱਕਾਰੀ ਆਪਣੇ ਸਿੱਖਰਾਂ ਤੇ ਸੀ।ਜਿਸ ਦੇ ਨਤੀਜੇ ਵਜੋਂ ਕੁਝ ਸਮੇਂ ਵਿੱਚ ਹੀ ਸਿੱਖਿਆਪੁਰ ਦਾ ਜੰਗਲ ਹੌਲੀ-ਹੌਲੀ ਜਾਨਵਰਾਂ ਤੋਂ ਸੱਖਣਾ ਹੋਣ ਲੱਗਾ। ਜੰਗਲ ਰਾਜ ਦੇ ਸੈਨਿਕ ਜਾਨਵਰਾਂ ਸਣੇ ਸਾਰੇ ਜਾਨਵਰ ਲੂੰਬੜ ਅਤੇ ਲੂੰਬੜੀ ਦੇ ਨਿੱਤ ਦੇ ਜ਼ੁਲਮਾਂ ਨੂੰ ਨਾ ਬਰਦਾਸ਼ਤ ਕਰਦਿਆਂ ਦੂਜੇ ਜੰਗਲਾਂ ਵਿੱਚ ਪਲਾਇਨ ਕਰ ਗਏ। ਜਿਸ ਦੇ ਨਤੀਜੇ ਵਜੋਂ ਰਾਜ ਵਿੱਚ ਚੂਹਿਆਂ ਦੀ ਮਾਤਰਾ ਦਿਨ-ਬ-ਦਿਨ ਵੱਧਦੀ ਗਈ ਅਤੇ ਇੱਕ ਦਿਨ ਇਹੋ ਜਿਹਾ ਵੀ ਆਇਆ ਕਿ ਇਹ ਚੂਹੇ ਲੂੰਬੜ ਅਤੇ ਲੂੰਬੜੀ ਦੇ ਮਹਿਲ ਤੱਕ ਵੀ ਆ ਪਹੁੰਚੇ। ਸ਼ੇਰ ਦੇ ਰਸਤੇ ਤੇ ਹੀ ਚਲਦਿਆਂ ਹਰਾਮ ਦਾ ਖਾ-ਖਾ ਕੇ ਲੂੰਬੜ ਅਤੇ ਲੂੰਬੜੀ ਵੀ ਕੰਮਚੋਰ ਅਤੇ ਐਸ ਪ੍ਰਸਤੀ ਕਰਨਾ ਹੀ ਗਿੱਝ ਗਏ ਸਨ। ਉਹ ਸਾਰੀ ਰਾਤ ਜਸ਼ਨਾਂ ਵਿੱਚ ਸ਼ਰਾਬਾਂ ਪੀ ਕੇ ਮਸਤ ਰਹਿੰਦੇ ਅਤੇ ਦਿਨੇ ਸਾਰਾ ਦਿਨ ਸੁੱਤੇ ਰਹਿੰਦੇ। ਇੱਕ ਦਿਨ ਉਹ ਵੀ ਆਇਆ ਜਦੋਂ ਸਵੇਰ ਦੇ ਸਮੇਂ ਲੂੰਬੜ ਅਤੇ ਲੂੰਬੜੀ ਘੂਕ ਨੀਂਦ ਵਿੱਚ ਮਸਤ ਸਨ ਅਤੇ ਚੂਹਿਆਂ ਨੇ ਇਕੱਠੇ ਹੋ ਕੇ ਉਹਨਾਂ ਉੱਪਰ ਹਮਲਾ ਬੋਲ ਦਿੱਤਾ ਜਿਸ ਨਾਲ ਲੂੰਬੜ ਅਤੇ ਲੂੰਬੜੀ ਨੂੰ ਹਿੱਲਣ ਜੁਲੱਣ ਅਤੇ ਬੋਲਣ ਦਾ ਵੀ ਸਮਾਂ ਨਾ ਲੱਗਾ ਅਤੇ ਤੜਪਦੇ ਤੜਪਦੇ ਉਹ ਮੌਤ ਦੀ ਨੀਂਦ ਸੌਂ ਗਏ। ਚੂਹਿਆਂ ਨੇ ਪੂਰੇ ਰਾਜ ਮਹਿਲ ਅਤੇ ਕਿਲੇ ਤੇ ਆਪਣਾ ਕਬਜਾ ਜਮਾ ਲਿਆ ਅਤੇ ਭੋਜਨ ਦੀ ਭਾਲ ਵਿੱਚ ਸ਼ੇਰ ਦੀ ਕੋਠਰੀ ਤੱਕ ਵੀ ਪਹੁੰਚ ਗਏ। ਭੁੱਖ ਅਤੇ ਬਿਮਾਰੀ ਨਾਲ ਗ੍ਰਸਤ ਸ਼ੇਰ ਹੁਣ ਬੁੱਢਾ ਹੋ ਚੁੱਕਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਚੂਹੇ ਸ਼ੇਰ ਤੇ ਟੁੱਟ ਕੇ ਪੈ ਗਏ। ਸ਼ੇਰ ਤੜਫਦਾ ਰਿਹਾ ਪਰ ਕਰ ਕੁੱਝ ਨਾ ਸਕਿਆ। ਹੁਣ ਸ਼ੇਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਕਿਵੇਂ ਉਸਨੇ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਆਪਣੇ ਰਾਜ ਧਰਮ ਦੀ ਪਾਲਣਾ ਨਹੀਂ ਕੀਤੀ ਅਤੇ ਨਿਰਦੋਸ਼ ਜਾਨਵਰਾਂ ਨੂੰ ਬਿਨਾਂ ਕਸੂਰੋਂ ਆਪਣਾ ਸ਼ਿਕਾਰ ਬਣਾਉਂਦਾ ਰਿਹਾ।

ਹੁਣ ਸ਼ੇਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਕਿਵੇਂ ਉਸਨੇ ਉਸਦੇ ਰਾਜ ਦੇ ਬੁੱਧੀਮਾਨ ਅਤੇ ਇਮਾਨਦਾਰ ਲੋਕਾਂ ਨੂੰ ਆਪਣੇ ਤੋਂ ਦੂਰ ਕਰਕੇ ਚਾਪਲੂਸ ਲੋਕਾਂ ਨੂੰ ਆਪਣੇ ਨੇੜੇ ਲਿਆ ਕਿੰਨੀ ਵੱਡੀ ਗਲਤੀ ਕਰ ਲਈ ਸੀ। ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ। ਚੂਹਿਆਂ ਦੇ ਇੱਕ ਇਕੱਠ ਨੇ ਮਿਲ ਕੇ ਸ਼ੇਰ ਦੇ ਗਲੇ ਨੂੰ ਬੁਰਕੀ ਮਾਰੀ ਤੇ ਤੜਫਦਾ ਸ਼ੇਰ ਉੱਥੇ ਹੀ ਢੇਰੀ ਹੋ ਗਿਆ। ਇੱਕ ਮੂਰਖ ਰਾਜੇ ਨੇ ਆਪਣੇ ਹੰਕਾਰ ਨੂੰ ਉੱਪਰ ਰੱਖਣ ਲਈ ਸਾਰਾ ਰਾਜ ਹੀ ਤਬਾਹ ਕਰ ਦਿੱਤਾ। ਇਸ ਲਈ ਦੋਸਤੋ ਸਾਨੂੰ ਕਦੇ ਵੀ ਆਪਣੇ ਤੋਂ ਛੋਟੇ ਤੇ ਅਤਿਆਚਾਰ ਨਹੀਂ ਕਰਨਾ ਚਾਹੀਦਾ, ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਚਾਹੇ ਅਸੀਂ ਕਿਸੇ ਵੀ ਪਦ ਤੇ ਪਹੁੰਚ ਜਾਈਏ ਆਪਣੇ ਅੰਦਰ ਹੰਕਾਰ ਦੀ ਭਾਵਨਾ ਨਹੀਂ ਲੈ ਕੇ ਆਉਣੀ ਚਾਹੀਦੀ ਅਤੇ ਚਾਪਲੂਸ ਲੋਕਾਂ ਤੋਂ ਹਮੇਸ਼ਾਂ ਬੱਚ ਕੇ ਰਹਿਣਾ ਚਾਹੀਦਾ ਹੈ।

ਚਰਨਜੀਤ ਸਿੰਘ ਰਾਜੌਰ
8427929558

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਲਾਕ  
Next articleਛੱਡੋ ਪਰ੍ਹਾਂ, ਇੰਝ ਕਿਤਾਬ ਪੜ੍ਹਨ ਦਾ ਕੀ ਫੈਦਾ !!!