ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕਾ ਅਤੇ ਇਰਾਨ ਦਰਮਿਆਨ ਹੋਏ ਦੋ ਹਫ਼ਤਿਆਂ ਦੇ ਸੀਜ਼ਫਾਇਰ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੱਧ-ਪੂਰਬ ਖੇਤਰ ਅਤੇ ਦੁਨੀਆ ਭਰ ਵਿੱਚ ਤਣਾਅ ਘਟਣ ਦੀ ਉਮੀਦ ਜਗੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਖਾੜੀ ਦੇਸ਼ਾਂ ਦੇ ਦੌਰੇ ‘ਤੇ ਰਵਾਨਾ ਹੋਏ ਹਨ, ਜਿੱਥੇ ਉਹ ਖੇਤਰ ਦੇ ਨੇਤਾਵਾਂ ਨਾਲ ਮਿਲ ਕੇ ਇਸ ਸੀਜ਼ਫਾਇਰ ਨੂੰ ਕਾਇਮ ਰੱਖਣ ਅਤੇ ਸ਼ਾਂਤੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਲਈ ਗੱਲਬਾਤ ਕਰਨਗੇ। ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਬਿਆਨ ਅਨੁਸਾਰ ਸਟਾਰਮਰ ਆਪਣੇ ਦੌਰੇ ਦੌਰਾਨ ਖਾੜੀ ਖੇਤਰ ਦੇ ਨੇਤਾਵਾਂ ਨਾਲ ਕੂਟਨੀਤਿਕ ਕੋਸ਼ਿਸ਼ਾਂ ‘ਤੇ ਚਰਚਾ ਕਰਨਗੇ ਤਾਂ ਜੋ ਸੀਜ਼ਫਾਇਰ ਨੂੰ ਸਥਾਈ ਸਮਝੌਤੇ ਵਿੱਚ ਤਬਦੀਲ ਕੀਤਾ ਜਾ ਸਕੇ ਅਤੇ ਖੇਤਰ ਵਿੱਚ ਸਥਿਰਤਾ ਕਾਇਮ ਰਹੇ। ਉਹ ਇਸ ਦੌਰੇ ਦੌਰਾਨ ਖੇਤਰ ਵਿੱਚ ਤੈਨਾਤ ਬਰਤਾਨਵੀ ਫੌਜੀ ਜਵਾਨਾਂ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦੇ ਸ਼ੁੱਕਰਵਾਰ ਤੱਕ ਵਾਪਸ ਬਰਤਾਨੀਆ ਆਉਣ ਦੀ ਸੰਭਾਵਨਾ ਹੈ।ਸਟਾਰਮਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਰਾਤੋ-ਰਾਤ ਹੋਇਆ ਇਹ ਸੀਜ਼ਫਾਇਰ ਖੇਤਰ ਅਤੇ ਸੰਸਾਰ ਲਈ ਕੁਝ ਰਾਹਤ ਲਿਆਇਆ ਹੈ ਅਤੇ ਹੁਣ ਸਾਥੀ ਦੇਸ਼ਾਂ ਨਾਲ ਮਿਲ ਕੇ ਇਸ ਨੂੰ ਕਾਇਮ ਰੱਖਣ ਅਤੇ ਇਸ ਨੂੰ ਲੰਬੇ ਸਮੇਂ ਦੇ ਸਮਝੌਤੇ ਵਿੱਚ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੋਰਮੁਜ਼ ਜਲਡੰਡੀ ਨੂੰ ਮੁੜ ਖੋਲ੍ਹਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੁਨੀਆ ਦੀ ਊਰਜਾ ਸਪਲਾਈ ਲਈ ਅਹਿਮ ਰਾਹਦਾਰੀ ਹੈ। ਦੂਜੇ ਪਾਸੇ ਕਨਜ਼ਰਵੇਟਿਵ ਪਾਰਟੀ ਦੇ ਸੀਨੀਅਰ ਆਗੂ ਜੇਮਸ ਕਲੇਵਰਲੀ ਨੇ ਕਿਹਾ ਹੈ ਕਿ ਇਹ ਸੀਜ਼ਫਾਇਰ ਇਰਾਨ ਲਈ ਇਕ ਮਹੱਤਵਪੂਰਨ ਮੌਕਾ ਹੈ ਕਿ ਉਹ ਆਪਣੀਆਂ ਨੀਤੀਆਂ ਬਾਰੇ ਗੰਭੀਰ ਫੈਸਲੇ ਲਏ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਦੀ ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਇਰਾਨ ਕਦੇ ਵੀ ਪਰਮਾਣੂ ਹਥਿਆਰ ਪ੍ਰਾਪਤ ਨਾ ਕਰ ਸਕੇ। ਯਾਦ ਰਹੇ ਕਿ ਬਰਤਾਨੀਆ ਨੇ ਹਾਲ ਹੀ ਵਿੱਚ 40 ਤੋਂ ਵੱਧ ਦੇਸ਼ਾਂ ਦੀ ਇਕ ਵਰਚੁਅਲ ਮੀਟਿੰਗ ਦੀ ਮੇਜ਼ਬਾਨੀ ਕੀਤੀ ਸੀ ਜਿਸ ਵਿੱਚ ਜੰਗ ਮਗਰੋਂ ਹੋਰਮੁਜ਼ ਜਲਡੰਡੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਕ ਗਠਜੋੜ ਬਣਾਉਣ ‘ਤੇ ਵਿਚਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਹਫ਼ਤੇ ਸੈਨਿਕ ਯੋਜਨਾ ਬੰਦੀ ਸਬੰਧੀ ਇਕ ਕਾਨਫਰੰਸ ਵੀ ਕਰਵਾਇਆ ਗਿਆ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



