ਯਾਦਾਂ ‘ਚ ਰਹਿ ਗਏ ਕਿੱਸੇ – ਕਹਾਣੀਆਂ “

ਮਾਸਟਰ ਸੰਜੀਵ ਧਰਮਾਣੀ
  • ਸਮਾਜ ਵੀਕਲੀ   ਮਨੁੱਖ ਨੇ ਸ਼ੁਰੂ ਤੋਂ ਹੀ ਆਪਣੇ ਮਨ – ਪਰਚਾਵੇ ਲਈ ਕਈ ਸਾਧਨ ਅਪਣਾਏ ਹਨ। ਜਿਨ੍ਹਾਂ ਵਿੱਚੋਂ ਕਿੱਸੇ – ਕਹਾਣੀਆਂ ਦੀ ਆਪਣੀ ਖਾਸ ਥਾਂ ਅਤੇ ਵੱਖਰੀ ਪਹਿਚਾਣ ਸੀ। ਦੋ – ਢਾਈ ਕੁ ਦਹਾਕੇ ਪਹਿਲਾਂ ਤੱਕ ਬੱਚੇ , ਬਜ਼ੁਰਗ ਅਤੇ ਪਰਿਵਾਰ ਦੇ ਜੀਅ ਕਿੱਸੇ – ਕਹਾਣੀਆਂ ਨੂੰ ਬੜੇ ਚਾਅ – ਮਲਾਰ ਅਤੇ ਰੂਹ ਨਾਲ ਸੁਣਦੇ ਤੇ ਇੱਕ ਦੂਜੇ ਨੂੰ ਸੁਣਾਉਂਦੇ ਹੁੰਦੇ ਸੀ। ਬੱਚੇ ਬਚਪਨ ਵਿੱਚ ਦਾਦੀ ਤੇ ਨਾਨੀ ਕੋਲੋਂ ਰਾਤ ਸਮੇਂ ਜਨੌਰਾਂ , ਪਰੀਆਂ , ਪੰਛੀਆਂ , ਅੱਗ , ਪਾਣੀ , ਰੁੱਖ , ਪਰਬਤ , ਬੱਦਲ , ਦਰਿਆ ਆਦਿ ਅਤੇ ਵੱਡੇ ਹੋ ਕੇ ਸੀਰੀ ਫਰਿਆਦ , ਯੂਸਫ ਜ਼ੁਲੈਖਾਂ , ਲੈਲਾ ਮਜਨੂੰ , ਸੱਸੀ ਪੁੰਨੂ , ਹੀਰ ਰਾਂਝਾ , ਭਗਤਾਂ ਆਦਿ ਦੇ ਕਿੱਸੇ – ਕਹਾਣੀਆਂ ਇੱਕ – ਦੂਜੇ ਨੂੰ ਸੁਣਾਉਂਦੇ ਤੇ ਸੁਣਦੇ ਹੁੰਦੇ ਸੀ। ਚਾਨਣੀਆਂ ਰਾਤ ਨੂੰ ਵਿਹੜੇ ਵਿੱਚ ਬੈਠ ਕੇ ਨਾਨਾ – ਨਾਨੀ ਜਾਂ ਦਾਦਾ – ਦਾਦੀ ਜੀ ਪਾਸੋਂ ਕਿੱਸੇ – ਕਹਾਣੀਆਂ ਸੁਣਨ ਦਾ ਆਪਣਾ ਇੱਕ ਅਲੱਗ ਹੀ ਅਨੰਦ , ਸਕੂਨ , ਤ੍ਰਿਪਤੀ ਤੇ ਖੇੜਾ ਹੁੰਦਾ ਸੀ। ਬੱਚਿਆਂ ਨੂੰ ਕਿੱਸੇ – ਕਹਾਣੀਆਂ ਦੀ ਅਜਿਹੀ ਚੇਟਕ ਲੱਗੀ ਹੁੰਦੀ ਸੀ ਕਿ ਜ਼ਿੱਦ ਕਰ – ਕਰ ਕੇ ਕਿੱਸੇ – ਕਹਾਣੀਆਂ ਬਜ਼ੁਰਗਾਂ ਕੋਲ ਬੈਠ ਕੇ ਸੁਣਦੇ ਹੁੰਦੇ ਸੀ। ਇਹ ਕਿੱਸੇ – ਕਹਾਣੀਆਂ ਵੱਖ – ਵੱਖ ਰਾਜਾਂ , ਦੇਸ਼ਾਂ , ਸਥਾਨਾਂ , ਭਾਸ਼ਾਵਾਂ , ਭੂਗੋਲਿਕ ਖਿੱਤਿਆਂ ਅਤੇ ਕਬੀਲਿਆਂ ਦੇ ਆਪੋ – ਆਪਣੇ ਹੁੰਦੇ ਸਨ। ਇਹਨਾਂ ਕਿੱਸੇ – ਕਹਾਣੀਆਂ ਦੀ ਮਹਾਨਤਾ ਹੀ ਕਹੀ ਜਾ ਸਕਦੀ ਹੈ ਕਿ ਆਪਣੇ ਸ਼ਗਿਰਦ ( ਚੇਲੇ ) ਪਾਸੋਂ ਕਿੱਸਾ ਸੁਣ ਕੇ ਮੁੱਲਾ ਨਸੀਰੁਦੀਨ ਸਿਹਤਯਾਬ ( ਤੰਦਰੁਸਤ ) ਹੋ ਗਿਆ ਸੀ। ਇਨ੍ਹਾਂ ਕਿੱਸੇ – ਕਹਾਣੀਆਂ ਨੇ ਸਾਡੇ ਘਰ , ਸਮਾਜ ਤੇ ਆਪਸੀ ਭਾਈਚਾਰੇ ਨੂੰ ਇੱਕ ਸੂਤਰ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਸੀ। ਇਸ ਤਰ੍ਹਾਂ ਬੱਚੇ ਆਪਣੇ ਮਾਪਿਆਂ ਤੇ ਬਜ਼ੁਰਗਾਂ ਲਈ ਤੇ ਮਾਤਾ – ਪਿਤਾ ਆਪਣੇ ਬੱਚਿਆਂ ਲਈ ਸਮਾਂ ਕੱਢ ਕੇ ਭਾਵਨਾਵਾਂ ਦਾ ਆਦਾਨ – ਪ੍ਰਦਾਨ ਕਰ ਲੈਂਦੇ ਹੁੰਦੇ ਤੇ ਬੱਚਿਆਂ ਨੂੰ ਆਗਿਆਕਾਰੀ , ਬਹਾਦਰ , ਸਮਾਜ – ਹਿਤੈਸ਼ੀ , ਸਿਦਕੀ , ਸਿਰੜੀ , ਨੈਤਿਕਤਾ ਭਰਪੂਰ ਅਤੇ ਸੱਚ ਦੇ ਰਸਤੇ ‘ਤੇ ਚੱਲਣ ਦੀ ਗੁੜ੍ਹਤੀ ਸ਼ੁਰੂ ਤੋਂ ਹੀ ਬਜ਼ੁਰਗਾਂ ਤੇ ਸਮਾਜ ਤੋਂ ਮਿਲ ਜਾਂਦੀ ਸੀ। ਜਿਸ ਨਾਲ ਸਮਾਜਿਕ ਕੁਰੀਤੀਆਂ ਵੀ ਨਹੀਂ ਸਨ ਪੈਦਾ ਹੁੰਦੀਆਂ। ਇਸ ਨਾਲ ਕਲਪਨਾ ਸ਼ਕਤੀ , ਪਰਿਵਾਰਕ ਸਾਂਝ ਤੇ ਮਿਲਵਰਤਨ ਦੀ ਭਾਵਨਾ ਵੀ ਪੈਦਾ ਹੁੰਦੀ ਸੀ। ਬੱਚਿਆਂ ਨੂੰ ਜ਼ਿੰਦਗੀ ‘ਚ ਵਿਚਰਨ ਅਤੇ ਤਰੱਕੀ ਕਰਨ ਦੇ ਤੌਰ – ਤਰੀਕੇ ਸੌਖੇ ਤੇ ਪਰਿਵਾਰਕ ਸਾਂਚੇ ਵਿੱਚ ਹੀ ਸਿੱਖਣ – ਸਮਝਣ ਨੂੰ ਮਿਲ ਜਾਂਦੇ ਹੁੰਦੇ ਸੀ। ਨਾਲ ਹੀ ਬੀਤੇ ਸਮੇਂ ਦੇ ਚੰਗੇ – ਮਾੜੇ ਤੇ ਨੀਤੀਗਤ ਵਿਚਾਰਾਂ ਬਾਰੇ ਗਿਆਨ ਵੀ ਮਿਲ ਜਾਂਦਾ ਹੁੰਦਾ ਸੀ ਅਤੇ ਬਜ਼ੁਰਗਾਂ , ਪੰਛੀਆਂ , ਜਨੌਰਾਂ , ਰੁੱਖਾਂ ,” ਦਰਿਆਵਾਂ , ਹਵਾ , ਧਰਤੀ ਆਦਿ ਪ੍ਰਤੀ ਵੀ ਸਤਿਕਾਰ ਤੇ ਪਿਆਰ ਬਣਿਆ ਰਹਿੰਦਾ ਸੀ ; ਜੋ ਹੌਲੀ – ਹੌਲੀ ਸਮਾਜਿਕ ਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਵੀ ਸਹਾਇਕ ਸਿੱਧ ਹੋ ਨਿੱਬੜਦਾ ਸੀ। ਇਸ ਨਾਲ ਪਰਉਪਕਾਰੀ , ਭੈਅ – ਮੁਕਤ , ਲੋਭ – ਮੁਕਤ , ਸਾਦਗੀ ਭਰਪੂਰ ਤੇ ਅਣਖੀ ਜ਼ਿੰਦਗੀ ਜਿਊਣ ਦੀ ਗ਼ੈਰਤ ਵੀ ਪੈਦਾ ਹੁੰਦੀ ਸੀ ਤੇ ਧਨ – ਦੌਲਤ ਨੂੰ ਮਨੁੱਖਤਾ , ਵਾਤਾਵਰਨ , ਪਰਉਪਕਾਰ ਅਤੇ ਸਮਾਜਿਕ ਰਿਸ਼ਤਿਆਂ ਤੋਂ ਵੱਧ ਅਹਿਮੀਅਤ ਨਾ ਦੇਣ ਦੀ ਸਿੱਧੇ – ਅਸਿੱਧੇ ਤਰੀਕੇ ਤਾਲੀਮ ਵੀ ਮਿਲ਼ ਜਾਂਦੀ ਹੁੰਦੀ ਸੀ। ਸਮਾਜ ਅਤੇ ਪੂਰੇ ਪਿੰਡ ਨੂੰ ਇੱਕ ਪਰਿਵਾਰ ਵਾਂਗ ਸਮਝਣ ਦੀ ਸੋਝੀ ਬਚਪਨ ਤੋਂ ਹੀ ਵਿਕਸਿਤ ਹੋ ਜਾਂਦੀ ਸੀ। ਕਿੱਸੇ – ਕਹਾਣੀਆਂ ਬੱਚਿਆਂ ਨੂੰ ਮਾਨਸਿਕ ਪ੍ਰੇਸ਼ਾਨੀਆਂ , ਚਿੰਤਾਵਾਂ ਅਤੇ ਪੜ੍ਹਾਈ ਦੇ ਬੋਝ ਤੋਂ ਰਾਹਤ , ਤਾਜ਼ਗੀ ਅਤੇ ਸਕੂਨ ਵੀ ਦਿੰਦੀਆਂ ਹੁੰਦੀਆਂ ਸਨ। ਇਹ ਲੋਕਾਂ ਨੂੰ ਆਲੇ – ਦੁਆਲੇ ਦੀ ਦੁਨੀਆਂ , ਉਨ੍ਹਾਂ ਦੇ ਖਾਣ – ਪੀਣ , ਪਹਿਰਾਵੇ ਅਤੇ ਸੱਭਿਆਚਾਰ ਦੀ ਜਾਣਕਾਰੀ ਵੀ ਦਿੰਦੇ ਸਨ , ਪਰ ਅੱਜ ਕਿਉਂਕਿ ਮਨੁੱਖ ਪੈਸੇ ਦੀ ਦੌੜ ਵਿੱਚ ਇੰਨਾ ਗੁਆਚ ਗਿਆ ਹੈ , ਘਰ – ਘਰ ਵਿੱਚ ਟੈਲੀਵਿਜ਼ਨ ( ਬੁੱਧੂ ਬਕਸੇ) , ਮੋਬਾਇਲ ਫੋਨ , ਗੀਤ – ਸੰਗੀਤ ਦੇ ਸਾਧਨ ਆਦਿ ਆ ਗਏ ਹਨ , ਸੰਯੁਕਤ ਪਰਿਵਾਰ ਖ਼ਤਮ ਹੁੰਦੇ ਜਾ ਰਹੇ ਹਨ , ਹਰ ਕਿਸੇ ਕੋਲ ਸਮੇਂ ਦੀ ਘਾਟ ਹੋ ਗਈ ਹੈ ਅਤੇ ਬੱਚਿਆਂ ‘ਤੇ ਪੜ੍ਹਾਈ , ਟਿਊਸ਼ਨਾਂ ਅਤੇ ਹੋਮ ਵਰਕ ਦਾ ਬੋਝ ਇੰਨਾ ਵੱਧ ਗਿਆ ਹੈ ਕਿ ਸਾਡੀ ਆਤਮਾ ਦੀ ਖੁਰਾਕ ਕਿੱਸੇ – ਕਹਾਣੀਆਂ ਅੱਜ ਕੇਵਲ ਚੋਣਵੀਆਂ ਪੁਸਤਕਾਂ ਦੇ ਪੰਨਿਆਂ ‘ਤੇ ਅਤੇ ਸਾਡੀਆਂ ਯਾਦਾਂ ਤੱਕ ਸੀਮਿਤ ਹੋ ਕੇ ਰਹਿ ਗਏ ਹਨ। ਅੱਜ ਲੋੜ ਹੈ ਕਿ ਸਤਿਕਾਰਯੋਗ ਸਾਡੇ ਅਧਿਆਪਕ ਸਾਹਿਬਾਨ , ਮਾਤਾ – ਪਿਤਾ , ਦਾਦਾ – ਦਾਦੀ , ਨਾਨਾ – ਨਾਨੀ ਤੇ ਸਮਾਜ ਦੇ ਹੋਰ ਪਾਤਰ ਕਿੱਸੇ ਕਹਾਣੀਆਂ ਨੂੰ ਜ਼ਿੰਦਗੀ , ਸਕੂਲਾਂ ਅਤੇ ਘਰ – ਪਰਿਵਾਰ ਵਿੱਚ ਥੋੜ੍ਹੀ ਜਿਹੀ ਥਾਂ ਦੇਣ ਦੀ ਕੋਸ਼ਿਸ਼ ਜ਼ਰੂਰ ਕਰਨ ਤਾਂ ਜੋ ਸਾਡੇ ਵੱਡੇ – ਵਡੇਰਿਆਂ ਦਾ ਦਿੱਤਾ ਇਹ ਅਨਮੋਲ ਖਜ਼ਾਨਾ ਸਾਡੇ ਕੋਲੋਂ ਸਦਾ – ਸਦਾ ਲਈ ਹੀ ਨਾ ਖੁਸ ਜਾਵੇ।
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ

 ਸ੍ਰੀ ਅਨੰਦਪੁਰ ਸਾਹਿਬ  
9478561356
2 Attachments
Previous articleਨਿਰੋਗੀ ਜੀਵਨ ਤੇ ਲੰਬੀ ਉਮਰ ( ਸੱਤਵਾਂ ਅੰਕ)
Next articleਤਰਕਸ਼ੀਲਾਂ ਔਰਤ ਨੂੰ ਕਚੀਲਾਂ ਤੋਂ ਮੁਕਤ ਕੀਤਾ –