ਪੱਥਰ 

ਰਮਿੰਦਰ ਰੰਮੀ 

(ਸਮਾਜ ਵੀਕਲੀ)

ਤੈਨੂੰ ਪੱਥਰ ਬਣੇ ਦੇਖਦੀ ਹਾਂ
ਕਲ਼ੇਜੇ ਧੂਹ ਪੈਂਦੀ ਹੈ
ਕੀ ਰਾਜ਼ ਹੈ ਤੇਰੀ ਚੁੱਪੀ ਦਾ
ਤੂੰ ਤੇ ਹਰ ਗੱਲ ਮੇਰੇ ਨਾਲ
ਸਾਂਝੀ ਕਰਦਾ ਸੀ
ਮੈਂ ਵੀ ਤੇਰੇ ਨਾਲ ਗੱਲ ਕਰ
ਆਪਣੇ ਆਪ ਨੂੰ ਹਲਕਾ
ਮਹਿਸੂਸ ਕਰਦੀ ਸੀ
ਚਾਣ -ਚੱਕ ਤੇਰਾ ਪੱਥਰ
ਹੋ ਜਾਣਾ ਮੇਰੀ ਸਮਝ ਤੋਂ ਪਰੇ ਹੈ
ਹਾਂ ਪੱਥਰ ਹੋ ਜਾਣ ਤੋਂ ਪਹਿਲਾਂ
ਤੂੰ ਬਹੁਤ ਗ਼ੁੱਸਾ ਕੀਤਾ ਸੀ
ਬਹੁਤ ਕੁਝ ਕਿਹਾ ਸੀ
ਸੀਨੇ ਤੇ ਪੱਥਰ ਰੱਖ
ਮੈਂ ਤੇਰੇ ਸਾਰੇ ਸ਼ਬਦ ਬਾਣ ਸਹਿ ਗਈ
ਜੋ ਅਜੇ ਵੀ ਮੈਨੂੰ ਅੰਦਰੋਂ ਅੰਦਰੀ
ਛੱਲਣੀ ਛੱਲਣੀ ਕਰ ਰਹੇ ਹਨ
ਫਿਰ ਤੂੰ ਪੱਥਰ ਹੋ ਗਿਉਂ
ਮੈਂ ਤੇ ਤੈਨੂੰ ਕੁਝ ਨਹੀਂ ਕਿਹਾ
ਮੈਂ ਹਰ ਹੀਲੇ ਵਸੀਲੇ ਕਰ ਰਹੀ ਹਾਂ
ਤੂੰ ਆਪਣਾ ਮੋਨ ਤੋੜ ਤੇ
ਮੇਰੇ ਨਾਲ ਇਕ ਵਾਰ
ਗੱਲ ਤੇ ਕਰ ਸਹੀ
ਹਰ ਸਮੱਸਿਆ ਦਾ
ਕੋਈ ਨਾ ਕੋਈ ਹੱਲ ਤੇ ਜ਼ਰੂਰ ਹੁੰਦਾ ਹੈ
ਪਰ ਤੂੰ ਪੱਥਰ ਦਾ ਪੱਥਰ ਹੀ ਰਿਹਾ
ਕਿਸ ਜਨਮ ਦਾ ਬਦਲਾ ਲਿਆ ਤੂੰ
ਕਿਉਂ ਕੀਤਾ ਇਸ ਤਰਾਂ
ਮੈਂ ਤੇ ਪੱਥਰ ਨਹੀਂ
ਅਜੇ ਤੇ ਕੋਸ਼ਿਸ਼ ਵਿੱਚ ਹਾਂ
ਕਿ ਤੂੰ ਮੇਰੇ ਨਾਲ
ਇਕ ਵਾਰ ਗੱਲ ਕਰ
ਕੀ ਤੈਨੂੰ ਖ਼ੁਸ਼ੀ ਮਿਲਦੀ ਹੈ
ਇਸ ਤਰਾਂ ਮੈਨੂੰ ਤੜਪਦਿਆਂ ਦੇਖਕੇ
ਮੈਨੂੰ ਟੁੱਟਿਆ ਬਿਖਰਿਆ ਦੇਖਕੇ
ਠੀਕ ਹੈ ਇਸ ਤਰਾਂ ਹੀ ਸਹੀ
ਮੇਰੀ ਖ਼ੁਸ਼ੀ ਤੇ ਤੇਰੇ ਵਿੱਚ ਹੈ
ਰਾਜ਼ੀ ਹੈਂ ਹਮ ਉਸਮੇਂ
ਜਿਸਮੇਂ ਤੇਰੀ ਰਜ਼ਾ ਹੈ
ਇਕ ਸਵਾਲ ਬਾਰ ਬਾਰ
ਪਰੇਸ਼ਾਨ ਕਰਦਾ ਹੈ ਕਿ
ਕੋਈ ਅਚਾਨਕ ਇਸ ਤਰਾਂ
ਕਿਵੇਂ ਕਰ ਸਕਦਾ ਹੈ
ਸਮਾਂ ਪਾ ਪੱਥਰ ਵੀ ਘਿਸ ਜਾਂਦੇ ਨੇ
ਭਗਤ ਧੰਨੇ ਨੇ ਪੱਥਰ ਵਿੱਚੋਂ
ਰੱਬ ਨੂੰ ਪਾ ਲਿਆ ਸੀ
ਪਰ ਤੇਰੇ ਤੇ ਕੋਈ ਅਸਰ ਨਹੀਂ
ਤੂੰ ਪੱਥਰ ਦਾ ਪੱਥਰ ਹੀ ਰਿਹਾ
ਪੱਥਰ ਬਣੇ ਕਦੀ ਦੂਸਰੇ ਦੀ
ਮਾਨਸਿਕਤਾ ਦਾ ਸੋਚਿਆ
ਉਸਤੇ ਕਿੰਨਾ ਅਸਰ ਹੋਏਗਾ
ਉਹ ਰੋਜ਼ ਨਵੀਂ ਮੌਤ ਮਰ ਰਿਹਾ ਹੈ
ਖਾਣਾ , ਪੀਣਾ , ਹੱਸਣਾ , ਸੌਣਾ
ਵਿਸਰ ਗਿਆ ਹੈ ਸੱਭ
ਅੱਖਾਂ ਵਿੱਚ ਹਰ ਵੇਲੇ
ਦਰਦ ਭਰੇ ਹੰਝੂ ਤੈਰ ਰਹੇ ਹਨ
ਨੀਂਦ ਦਾ ਨਾਮੋ ਨਿਸ਼ਾਨ ਨਹੀਂ
ਹਰ ਸਾਹ ਤੈਨੂੰ ਯਾਦ ਕਰਦੇ
ਹੌਕੇ ਹੀ ਹੌਕੇ ਨਿਕਲ ਰਹੇ ਨੇ
ਮੇਰੀ ਤੇ ਆਸ ਉਮੀਦ
ਸੱਭ ਤੂੰ ਹੀ ਤੂੰ ਸੀ
ਇਕ ਵਾਰ ਆ ਕੇ ਦੇਖ ਤੇ ਸਹੀ
ਕੋਈ ਇਸ ਕਦਰ ਟੁੱਟ ਗਿਆ ਹੈ
ਬਿਖਰ ਗਿਆ ਹੈ ਤੇਰੇ ਬਿਨ
ਜਾਣਦੀ ਤਾਂ ਮੈਂ ਇਹ ਹਾਂ ਹੀ
ਕਿ ਖ਼ੁਸ਼ ਤੇ ਤੂੰ ਵੀ ਨਹੀਂ
ਪਹਿਲੇ ਵਾਂਗ ਤੂੰ ਵੀ
ਮਹਿਕਦਾ ਟਹਿਕਦਾ ਨਹੀਂ
ਤੂੰ ਹੀ ਕੋਈ ਐਸਾ ਹੀਲਾ ਵਸੀਲਾ ਦੱਸ
ਕਿ ਤੇਰੀ ਚੁੱਪ ਨੂੰ ਤੋੜ ਤੇਰੇ
ਸਾਰੇ ਦਰਦ ਵੰਡਾ ਲਵਾਂ
ਮੈਂ ਤੈਨੂੰ ਪੱਥਰ ਬਣਿਆ ਨਹੀਂ ਦੇਖ ਸਕਦੀ
ਇਹ ਨਾ ਹੋਏ ਕਿਤੇ ਬਹੁਤ ਦੇਰ ਹੋ ਜਾਏ
ਤੂੰ ਇਕ ਦਿਨ ਆਪਣੀ ਚੁੱਪੀ ਤੋੜ
ਪਿਘਲ ਜਾਏ ਪਰ
ਫਿਰ ਮੈਂ ਪੱਥਰ ਹੋ ਜਾਵਾਂ
ਮੇਰੇ ਸੱਭ ਅਹਿਸਾਸ ਖਤਮ ਹੋ ਜਾਣ
ਮੈਂ ਸਦਾ ਸਦਾ ਲਈ ਪੱਥਰ ਬਣ ਜਾਵਾਂ
ਜਿਸਤੇ ਕਿਸੇ ਹਨੇਰੀ ਤੁਫ਼ਾਨ ਦਾ
ਕੋਈ ਅਸਰ ਨਹੀਂ ਹੋਏਗਾ
ਸਦਾ ਲਈ ਫਿਰ ਪੱਥਰ ਹੀ
ਬਣੀ ਰਹਾਂਗੀ
ਪੱਥਰ ॥

– ਰਮਿੰਦਰ ਰੰਮੀ 

Previous articleबोधिसत्व अंबेडकर पब्लिक सीनियर सेकेंडरी स्कूल में मनाई गई ‘साहेब श्री कांशी राम जयंती’
Next articlePolice charge an Indian man in connection with posting online caste –related Hate speech in UK