ਮਤ੍ਰੇਈ ਮਾਂ ਦੇ ਬੋਲ – ਕਬੋਲ

ਗੌਰਵ ਧੀਮਾਨ
(ਸਮਾਜ ਵੀਕਲੀ) ਜਦੋਂ ਕਰਮੇ ਨੂੰ ਪਤਾ ਲੱਗਿਆ,ਜੀਤੋ ਪੇਟ ਤੋਂ ਹੈ ਤਾਂ ਕਰਮਾ ਆਪਣੀ ਮਾਂ ਨੂੰ ਵਧਾਈ ਦਿੰਦਾ ਹੋਇਆ ਆਖਦਾ ਹੈ,’ ਮਾਂ…ਜੀਤੋ ਪੇਟ ਤੋਂ ਹੈ। ਹੁਣ ਤੁਸੀ ਉਸਦਾ ਪੁਰਾ ਖਿਆਲ ਰੱਖਣਾ ਹੈ।’ ਕਰਮਜੀਤ ਦੀ ਮਤ੍ਰੇਈ ਮਾਂ ਬਿਅੰਤ ਕੌਰ ਬੜੀ ਅੜਬ ਤੇ ਅਣਖੀ ਵਾਲੀ ਸੀ। ਜਦੋਂ ਕਰਮਜੀਤ ਛੋਟਾ ਸੀ ਤਾਂ ਉਸਦੀ ਮਾਂ ਬੀਮਾਰ ਹੋਣ ਕਰਕੇ ਅਕਾਲ ਚਲਾਣਾ ਕਰ ਗਈ। ਉਸ ਵਕਤ ਕਰਮਜੀਤ ਦੀ ਉਮਰ ਪੰਜ ਵਰ੍ਹੇ ਸੀ। ਜਿਸ ਕਰਕੇ ਕਰਮਜੀਤ ਦੇ ਬਾਪੂ ਜਗਤਾਰ ਸਿੰਘ ਨੂੰ ਦੂਜਾ ਵਿਆਹ ਕਰਵਾਉਣਾ ਪਹਿ ਗਿਆ। ਜਦੋਂ ਕਰਮਜੀਤ ਛੋਟਾ ਸੀ ਤਾਂ ਉਸ ਵਕਤ ਤੋਂ ਹੀ ਮਾਂ ਆਪਣੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸ ਵਕਤ ਬਿਅੰਤ ਨੂੰ ਪਸੰਦ ਵੀ ਨਹੀਂ ਕਰਦਾ ਸੀ। ਹੋਲੀ ਹੋਲੀ ਕਰਮਜੀਤ ਵੱਡਾ ਹੁੰਦਾ ਗਿਆ ਤੇ ਬਿਅੰਤ ਵੀ ਸ਼ੁਰੂ ਵਿੱਚ ਪਿਆਰ ਜਤਾਉਂਦੀ ਰਹੀ ਜਿਸ ਨਾਲ ਕਰਮਜੀਤ ਦਾ ਮੋਹ ਆਪਣੀ ਮਤ੍ਰੇਈ ਮਾਂ ਨਾਲ ਪਹਿ ਗਿਆ।
             ਮਤ੍ਰੇਈ ਮਾਂ ਨੇ ਕਰਮ ਨੂੰ ਜਵਾਬ ਵਿੱਚ ਕਿਹਾ,’ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਵੋ ਪੁੱਤਰ ਜੀ…ਔਲਾਦ ਪੁੱਤ ਹੋਵੇ ਤੇ ਮੈਨੂੰ ਪੋਤਾ ਹੀ ਚਾਹੀਦਾ ਐ।’ ਕਰਮਜੀਤ ਬਿਲਕੁੱਲ ਚੁੱਪ ਖੜ੍ਹ ਜਾਂਦਾ ਹੈ ਤੇ ਫਿਰ ਆਖਦਾ ਹੈ…ਦੇਖ ਮਾਂ ਧੀ ਹੋਵੇ ਭਾਵੇਂ ਪੁੱਤ,ਘਰ ਵਿੱਚ ਖੁਸ਼ੀਆਂ ਤਾਂ ਦੋਵਾਂ ਪਾਸੋਂ ਹੀ ਆਉਣੀ।’ ਅਚਾਨਕ ਮਤ੍ਰੇਈ ਮਾਂ ਗੁੱਸੇ ਹੋ ਬੋਲਦੀ ਹੈ,’ ਇਸ ਘਰ ਦਾ ਮੈਨੂੰ ਵੰਸ਼ ਚਾਹੀਦਾ ਐ..ਜੇ ਧੀ ਹੋਈ ਤਾਂ ਮੈ ਉਸਨੂੰ ਖੁਦ ਮਾਰ ਦਵਾਂਗੀ,ਧੀ ਇਸ ਘਰ ਵਿੱਚ ਹੋਣੀ ਵੀ ਨਹੀਂ ਚਾਹੀਦੀ। ਇੱਕ ਵਾਰ ਫਿਰ ਸੁਣ ਲੈ ਕਰਮ…ਇਸ ਘਰ ਦਾ ਵੰਸ਼ ਹੋਵੇ ਧੀ ਨਹੀਂ!
           ਕਰਮਜੀਤ ਆਪਣੀ ਮਾਂ ਅੱਗੇ ਫ਼ਾਲਤੂ ਨਹੀਂ ਬੋਲਦਾ ਸੀ। ਕਰਮਜੀਤ ਦੇ ਬਾਪੂ ਜੀ ਨੂੰ ਗੁਜਰੇ ਪੰਜ ਮਹੀਨੇ ਹੀ ਹੋਏ ਸੀ ਕਿ ਉਸਦੀ ਮਾਂ ਦਾ ਵਿਵਹਾਰ ਬਿਲਕੁੱਲ ਹੀ ਬਦਲ ਗਿਆ। ਕਰਮਜੀਤ ਆਪਣੀ ਮਤ੍ਰੇਈ ਮਾਂ ਦਾ ਆਗਿਆਕਾਰੀ ਸੀ। ਕਰਮਜੀਤ ਦੇ ਵਿਆਹ ਨੂੰ ਸੱਤ ਮਹੀਨੇ ਹੋ ਚੱਲੇ ਸੀ। ਜੀਤੋ ਮਾਂ ਦੀ ਹਰ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਜੀਤੋ ਚੁੱਪ ਤਾਂ ਸੀ ਕਿਉਂਕਿ ਕਰਮਜੀਤ ਨੇ ਪਹਿਲੇ ਦਿਨ ਸਮਝਾਇਆ ਸੀ ਕਿ ਮੇਰੀ ਇਹ ਮਤ੍ਰੇਈ ਮਾਂ ਹੈ ਜਿਸਨੂੰ ਮੈ ਪਸੰਦ ਵੀ ਹਾਂ ਤੇ ਨਹੀਂ ਵੀ…ਕਿਉਕਿ ਮੇਰੀ ਮਤ੍ਰੇਈ ਮਾਂ ਕਦੇ ਵੀ ਮਾਂ ਨਹੀਂ ਬਣੀ। ਜਿਸ ਕਰਕੇ ਮੈਨੂੰ ਲੱਗਦਾ ਉਹ ਤਾਂ ਗੁੱਸੇ ਵਿੱਚ ਰਹਿੰਦੇ ਪਰ ਤੂੰ ਕਦੇ ਘਬਰਾਉਣਾ ਨਹੀਂ। ਜੇ ਕਦੇ ਉੱਚਾ ਬੋਲ ਵੀ ਪੈਂਦੇ ਹਨ ਤਾਂ ਚੁੱਪ ਰਹਿ ਉਹਨਾਂ ਦੀ ਗੱਲ ਨੂੰ ਸੁਣ ਲੈਣਾ।’
           ਮਾਂ ਦੇ ਬੋਲ ਸੁਣ ਕਰਮਜੀਤ ਆਪਣੀ ਘਰਵਾਲੀ ਜੀਤੋ ਕੋਲ਼ ਚਲਾ ਗਿਆ। ਜੀਤੋ ਨੂੰ ਸਾਰਾ ਸੱਚ ਦੱਸ ਦਿੱਤਾ ਤੇ ਅੱਖਾਂ ਭਰ ਕਰਮ ਨੇ ਕਿਹਾ,’ ਤੂੰ ਫ਼ਿਕਰ ਨਾ ਕਰ…ਪ੍ਰਮਾਤਮਾ ਸਾਡੇ ਨਾਲ ਹੈ ਉਸਨੇ ਜੋ ਦੇਣਾ ਹੈ ਅਸੀਂ ਉਹ ਕਬੂਲਣਾ ਹੈ। ਮੈਨੂੰ ਰੱਬ ਉੱਤੇ ਪੂਰਾ ਭਰੋਸਾ ਹੈ ਉਹ ਸਾਡਾ ਪੱਖ ਹੀ ਰੱਖਣਗੇ ਤੇ ਧੀ ਪੁੱਤ ਦੇ ਭੇਦ ਭਾਵ ਜਰੂਰ ਖ਼ਤਮ ਕਰਨਗੇ। ਮਾਂ ਦੇ ਇਸ ਵਿਤਕਰੇ ਤੋਂ ਮੈ ਸੱਚੀ ਹੈਰਾਨ ਹਾਂ। ਜਦੋਂ ਮੈ ਛੋਟਾ ਸੀ ਤਾਂ ਮੈਨੂੰ ਗੋਦੀ ਚੁੱਕ ਲਾਡ ਲਡਾਉਂਦੀ ਰਹਿੰਦੀ ਸੀ। ਜਦੋਂ ਹੁਣ ਦੇਖਦਾ ਤਾਂ ਇੰਝ ਲੱਗਦਾ ਕਿ ਉਹ ਮੇਰੀ ਮਾਂ ਬਿਲਕੁੱਲ ਵੀ ਨਹੀਂ। ਅੱਜ ਮੇਰੀ ਸੱਚੀ ਮੁੱਚੀ ਮਾਂ ਹੁੰਦੀ ਤਾਂ ਮੈਨੂੰ ਇੰਝ ਧਮਕੀ ਨਾ ਦਿੰਦੀ।’ ਕਰਮਜੀਤ ਆਪਣੀ ਕਿਸਮਤ ਨੂੰ ਕੋਸਦਾ ਹੋਇਆ।
        ‘  ਤੁਸੀ ਫ਼ਿਕਰ ਨਾ ਕਰੋ…ਮੈ ਤੁਹਾਡੇ ਨਾਲ ਹਾਂ,ਸਾਡੇ ਬੱਚੇ ਨੂੰ ਕੁਝ ਨਹੀਂ ਹੋਵੇਗਾ।’ ਜੀਤੋ ਦੇ ਹੌਸਲੇ ਨੇ ਕਰਮੇ ਨੂੰ ਜਿਉਂਦਾ ਰੱਖਿਆ। ਕਰਮਜੀਤ ਨੇ ਮਹੀਨਾ ਰੁੱਕ ਕੰਮ ਤੋਂ ਕੁਝ ਛੁੱਟੀਆਂ ਲੈ ਲਈਆਂ ਤੇ ਜੀਤੋ ਦਾ ਪੂਰੀ ਤਰ੍ਹਾਂ ਖਿਆਲ ਰੱਖਣ ਬਾਰੇ ਸੋਚ ਲਿਆ। ਹੁਣ ਜਦੋਂ ਵੀ ਕਰਮਜੀਤ ਆਪਣੀ ਮਾਂ ਅੱਗੇ ਆਉਂਦਾ ਤਾਂ ਮੂੰਹ ਫੇਰ ਲੈਂਦਾ। ਬਿਅੰਤ ਸਮਝ ਗਈ ਸੀ ਕਿ ਕਰਮ ਉਂਦੇ ਤੋਂ ਬਹੁਤ ਨਰਾਜ਼ ਹੈ ਪਰ ਬਿਅੰਤ ਦਾ ਫ਼ੈਸਲਾ ਵੀ ਅਟੱਲ ਸੀ। ਉਸਨੂੰ ਘਰ ਦਾ ਵੰਸ਼ ਹੀ ਚਾਹੀਦਾ ਸੀ। ਬਿਅੰਤ ਵੀ ਬੇਪਰਵਾਹ ਹੋ ਕੇ ਅੜ੍ਹਬ ਦੀ ਅੜ੍ਹਬ ਬਣ ਕੇ ਰਹੀ। ਬਿਅੰਤ ਚਾਹ ਪੀਂਦੀ ਪਈ ਸੀ ਤਾਂ ਉਸਦੇ ਘਰ ਦੋ ਸਾਧੂ ਅਾਏ। ਦਰਵਾਜ਼ੇ ਮੁਰੇ…ਅਲਖ਼ ਨਿਰੰਜਣ! ਅਲਖ਼ ਨਿਰੰਜਣ! ਫ਼ਕੀਰ ਨੂੰ ਕੁਝ ਖਾਣ ਨੂੰ ਦੇ ਦਿਓ ਬੀਬੀ…ਏ ਬੀਬੀ… ਫ਼ਕੀਰਾਂ ਨੂੰ ਖ਼ਾਲੀ ਨੀ ਮੋੜੀਦਾ।’
            ਬਿਅੰਤ ਉੱਠ ਕੇ ਬਾਹਰ ਆਈ ਤੇ ਬੋਲੀ,’ ਸਾਡੇ ਪੱਲੇ ਕੀ ਬਾਬਾ ਜੀ..ਸਾਨੂੰ ਤਾਂ ਆਪ ਜਿੰਦਗੀ ਨੇ ਹਾਰਾਮ ਕੀਤਾ।’ ਇਹ ਗੱਲ ਸੁਣ ਅਚਾਨਕ ਫ਼ਕੀਰ ਬੋਲੇ,’ ਤੂੰ ਬੀਬੀ ਏ…ਦੋ ਵਾਰ ਧੋਖਾ ਖਾਦਾ। ਇਸ ਵਾਰ ਵੀ ਖਾਏਂਗੀਂ। ਤੈਨੂੰ ਪਤਾ ਵੀ ਨਹੀਂ ਲੱਗਣਾ।’ ਫ਼ਕੀਰਾਂ ਦੇ ਬੋਲ ਸੁਣ ਕੇ ਬੇਅੰਤ ਥੋੜ੍ਹੀ ਘਬਰਾਈ ਤੇ ਅਚਾਨਕ ਬੋਲੀ,’ ਤੁਹਾਨੂੰ ਕਿਵੇਂ ਪਤਾ ਬਾਬਾ ਜੀ…ਮੈ ਤਾਂ ਸੱਚੀਓਂ ਦੋ ਵਾਰ ਧੋਖਾ ਖਾਦਾ ਸੀ। ਹੁਣ ਮੈਨੂੰ ਧੋਖਾ ਕਿੰਨੇ ਦੇਣਾ ਬਾਬਾ ਜੀ…? ਬਿਅੰਤ ਦੇ ਮਨ ਅੰਦਰ ਸਵਾਲ ਖੜ੍ਹਾ ਹੋ ਗਿਆ ਤੇ ਫ਼ਕੀਰ ਉੱਥੋਂ ਦੀ ਅੱਗੇ ਵੱਲ ਚੱਲਣ ਲਈ ਰਵਾਨਾ ਹੋਣ ਲੱਗੇ। ਬਿਅੰਤ ਬਾਹਰ ਆ ਗਈ ਤੇ ਬਾਬਾ ਜੀ ਮੁਰੇ ਹੱਥ ਜੋੜ ਖੜ੍ਹ ਗਈ।
            ‘ ਬਾਬਾ ਜੀ ਤੁਸੀ ਸੱਚੋ ਸੱਚ ਦੱਸ ਦਵੋ… ਕੌਣ ਦਊ ਧੋਖਾ,ਮੈ ਅੱਗੇ ਹੀ ਬਹੁਤ ਪਰੇਸ਼ਾਨ ਹਾਂ।’ ਫ਼ਕੀਰ ਨੇ ਮੱਥੇ ਉੱਤੇ ਹੱਥ ਰੱਖ ਕਿਹਾ,’ ਤੇਰਾ ਪੋਤਾ ਤੈਨੂੰ ਧੋਖਾ ਦੇਵੇਗਾ…ਉਸ ਵਕ਼ਤ ਤੇਰਾ ਅੰਤ ਹੋਣਾ ਨਿਸ਼ਚਿਤ ਹੈ।’ ਬਿਅੰਤ ਕੌਰ ਅਚਾਨਕ ਡਰ ਬੋਲੀ,’ ਬਾਬਾ ਜੀ ਇਸਦਾ ਕੋਈ ਉਪਾਏ ਨਹੀਂ ਹੈ..ਮੈ ਧੋਖੇ ਤੋਂ ਕਿਵੇਂ ਬਚਾ? ਮੈਨੂੰ ਤਾਂ ਇਸ ਘਰ ਦਾ ਵੰਸ਼ ਚਾਹੀਦਾ ਸੀ ਪਰ ਤੁਹਾਡੀ ਗੱਲ ਸੁਣ ਕੇ ਮੇਰਾ ਦਿਲ ਡਰੀ ਜਾਂਦਾ ਪਿਆ।’ ਫ਼ਕੀਰ ਬਾਬਾ ਜੀ ਨੇ ਫਿਰ ਆਖਿਆ,’ ਜੋ ਔਲ਼ਾਦ ਘਰ ਜਨਮ ਲਵੇਗੀ…ਉਸਨੂੰ ਕਬੂਲਣਾ ਹੋਵੇਗਾ। ਜੇ ਘਰ ਵਿੱਚ ਧੀ ਹੁੰਦੀ ਤਾਂ ਉਸਨੂੰ ਅਪਣਾਉਣਾ ਹੋਵੇਗਾ ਤੇ ਪੁੱਤ ਹੋਏ ਤੇ ਵੀ ਉਸਨੂੰ ਅਪਣਾਉਣਾ ਹੀ ਹੋਵੇਗਾ।’
           ਫ਼ਕੀਰ ਬਾਬੇ ਦੀ ਗੱਲ ਨੂੰ ਧਿਆਨ ਵਿੱਚ ਰੱਖ ਬਿਅੰਤ ਨੇ ਸਾਰੀ ਗੱਲ ਮੰਨ ਲਈ ਤੇ ਆਖਿਆ,’ ਠੀਕ ਅੈ ਬਾਬਾ ਜੀ! ਤੁਸੀ ਬਖਸ਼ਣਹਾਰ ਹੋ…ਮੇਰੇ ਸਿਰ ਉੱਤੋਂ ਬੋਝ ਪਲਾਂ ‘ ਚ ਲਾਹ ਦਿੱਤਾ।’ ਫ਼ਕੀਰ ਬਾਬਾ ਫਿਰ ਆਖਦੇ,’ ਬੋਝ ਨਾ ਆਖ! ਬੀਬੀ ਏ…ਇਹ ਤਾਂ  ਈਸ਼ਵਰ ਦੀ ਮਾਇਆ ਏ। ਸਭ ਕੁਝ ਉਹਦਾ ਦਿੱਤਾ ਏ ਤੇ ਉਸਨੇ ਹੀ ਬੇੜ੍ਹਾ ਪਾਰ ਲਗਾਉਣਾ ਹੈ। ਬੀਬੀ ਏ…ਆਪਣੇ ਪੁੱਤ ਨੂੰ ਪਿਆਰ ਕਰੇਂਗੀ ਤਾਂ ਤੇਰਾ ਬਾਲ ਵਿੰਗਾ ਵੀ ਨਹੀਂ ਹੋਣਾ। ਇੱਕ ਵਾਰ ਆਪਣੇ ਪੁੱਤ ਉੱਤੇ ਭਰੋਸਾ ਕਰਕੇ ਵੇਖ..ਜੋ ਤੈਨੂੰ ਚਾਹੀਦਾ ਹੈ ਉਹ ਵੀ ਮਿਲੁ ਤੇ ਤੈਨੂੰ ਧੋਖਾ ਵੀ ਨਾ ਮਿਲੁ।’
            ‘ ਹਾਂਜੀ! ਬਾਬਾ ਜੀ, ਮੈ ਅੱਜ ਤੋਂ ਹੀ ਇਸ ਗੱਲ ਨੂੰ ਅਮਲ ਕਰਦੀ ਆ..ਮੈਨੂੰ ਦੋ ਧੋਖਿਆ ਨੇ ਕਿਵੇਂ ਢਾਹਿਆ ਸੀ,ਮੈ ਹੀ ਜਾਣਦੀ ਆ। ਤੁਸੀ ਬਾਬਾ ਜੀ ਰੋਟੀ ਛਕੋਂਗੇ…! ਫ਼ਕੀਰ ਨੇ ਕਿਹਾ,’ ਹੁਣ ਤੂੰ ਅੰਦਰ ਜਾ ਬੀਬੀ ਏ…ਪਿੱਛੇ ਮੁੜ ਕੇ ਨਾ ਦੇਖੀ। ਜਦੋਂ ਬਿਅੰਤ ਦੇ ਛਣ ਛਣ ਕਰਦੇ ਪੈਰ ਅੰਦਰ ਨੂੰ ਹੋਏ,ਤਿਉਂ ਹੀ ਫ਼ਕੀਰ ਬਾਬਾ ਜੀ…ਅਲਖ਼ ਨਿਰੰਜਣ! ਆਖ ਗਾਇਬ ਹੋ ਗਏ। ਬਿਅੰਤ ਥੋੜ੍ਹੀ ਦੇਰ ਬਾਅਦ ਬਾਹਰ ਜਾ ਦੇਖਦੀ ਹੈ ਪਰ ਫ਼ਕੀਰ ਬਾਬਾ ਕਿੱਧਰੇ ਵੀ ਨਜ਼ਰ ਨਹੀਂ ਆਉਂਦੇ ਤੇ ਬਿਅੰਤ ਬੁਹਾ ਬੰਦ ਕਰ ਅੰਦਰ ਚੱਲ ਜਾਂਦੀ ਹੈ। ਬਿਅੰਤ ਕਾਫ਼ੀ ਦੇਰ ਤੱਕ ਕੁਰਸੀ ਉੱਤੇ ਬੈਠੀ ਰਹਿੰਦੀ ਹੈ। ਜੀਤੋ ਮਾਂ ਬਿਅੰਤ ਦੇ ਕੋਲ਼ ਦੀ ਲੰਘ ਰਹੀ ਹੁੰਦੀ ਹੈ ਤੇ ਅਚਾਨਕ ਬਿਅੰਤ ਆਖਦੀ ਹੈ,’ ਪੁੱਤ ਜੀਤੋ..ਕੀ ਕਰਦੀ ਪਈ ਐਂ?
             ‘ ਮਾਂ ਜੀ ਸਾਰੇ ਕਮਰੇ ਦਾ ਝਾੜੂ ਲੱਗ ਗਿਆ ਐ..ਹੁਣ ਪੋਚਾ ਮਾਰਨ ਚੱਲੀ ਆ।’ ਫਿਰ ਬਿਅੰਤ ਜਵਾਬ ‘ ਚ ਕਹਿੰਦੀ ਹੈ,’ ਅੱਜ ਪੁੱਤ ਪੋਚਾ ਨਾ ਮਾਰ..ਕੱਲ੍ਹ ਤੋਂ ਕੰਮ ਵਾਲੀ ਰੱਖ ਲਵਾਂਗੇ। ਉਹ ਘਰ ਦਾ ਕੰਮ ਕਰਿਆ ਕਰੇਗੀ।’ ਜੀਤੋ ਇਹਨਾਂ ਸੁਣ ਘਬਰਾ ਜਾਂਦੀ ਹੈ ਤੇ ਆਖਦੀ ਹੈ,’ ਮਾਂ ਜੀ! ਮੈਤੋਂ ਕੋਈ ਗਲਤੀ ਹੋ ਗਈ ਐ,ਅਗਰ ਹੋ ਗਈ ਐ ਤਾਂ ਮਾਫ਼ ਕੇ ਦਿਓ ਪਰ ਇੰਝ ਕੰਮਵਾਲੀ ਨਾ ਰੱਖੋ। ਮੈਨੂੰ ਫਿਰ ਚੰਗਾ ਨਹੀਂ ਲੱਗੇਗਾ।’ ਬਿਅੰਤ ਨੇ ਮੋਢੇ ਉੱਤੇ ਹੱਥ ਰੱਖ ਕਿਹਾ,’ ਘਬਰਾ ਨਾ..ਮੈ ਕੋਈ ਦੁਸ਼ਮਣ ਨਹੀਂ ਆ। ਤੇਰੇ ਬੱਚੇ ਦਾ ਖਿਆਲ ਰੱਖਣ ਲਈ ਕਰਮ ਨੇ ਹੀ ਕਿਹਾ। ਜਦੋਂ ਤੱਕ ਬੱਚਾ ਹੋ ਨਹੀਂ ਜਾਂਦਾ ਉਦੋਂ ਤੱਕ ਤੂੰ ਕੰਮ ਨਹੀਂ ਕਰੇਗੀ।’
         ਜੀਤੋ ਮਨ ਅੰਦਰੋਂ ਥੋੜ੍ਹੀ ਖੁਸ਼ ਹੁੰਦੀ ਹੈ। ਜੀਤੋ ਆਪਣੇ ਕਮਰੇ ਵੱਲ ਆਰਾਮ ਕਰਨ ਚਲੀ ਜਾਂਦੀ ਹੈ। ਘੰਟਾ ਬੀਤ ਜਾਣ ਮਗਰੋਂ ਕਰਮਜੀਤ ਜੀਤੋ ਕੋਲ਼ ਆ ਜਾਂਦਾ ਹੈ। ਜੀਤੋ ਕੋਲ਼ ਬਿਠਾ ਕੇ ਕਰਮੇ ਨੂੰ ਸਾਰੀ ਗੱਲ ਦੱਸ ਦਿੰਦੀ ਹੈ। ਕਰਮਜੀਤ ਸੁਣ ਕੇ ਖੁਸ਼ ਹੁੰਦਾ ਹੈ। ਕਰਮਜੀਤ ਉੱਠ ਕੇ ਮਾਂ ਕੋਲ਼ ਜਾਂਦਾ ਹੈ। ਬਿਅੰਤ ਆਪਣੇ ਕਮਰੇ ਸੁੱਤੀ ਪਈ ਹੁੰਦੀ ਹੈ। ਮਾਂ ਦੀ ਸ਼ਕਲ ਵੇਖ ਵਾਪਿਸ ਆਪਣੇ ਕਮਰੇ ਜੀਤੋ ਕੋਲ਼ ਬੈਠ ਜਾਂਦਾ ਹੈ। ਜੀਤੋ ਨਾਲ ਕਰਮਜੀਤ ਸਦਾ ਨਾਲ ਰਹਿਣ ਦੀਆਂ ਗੱਲਾਂ ਕਰਦਾ ਹੈ। ਜੀਤੋ ਵੀ ਕਰਮੇ ਦਾ ਹੱਥ ਫੜ੍ਹ ਇੱਕਠੇ ਰਹਿਣ ਦਾ ਵਾਅਦਾ ਕਰਦੀ ਹੈ।
            ਦਿਨ ਬੀਤਦੇ ਗਏ ਤੇ ਜੀਤੋ ਦੀ ਕੁੱਖ ਭਰ ਆਈ ਤੇ ਜੀਤੋ ਦਾ ਚੱਲਣਾ ਹੋਲੀ ਹੋਲੀ ਘੱਟਣ ਲੱਗ ਪਿਆ। ਕਰਮਜੀਤ ਦੇ ਸਿਰ ਉੱਤੇ ਦੋ ਜਿੰਮੇਵਾਰੀ ਸੀ। ਪਹਿਲੀ ਜਿੰਮੇਵਾਰੀ ਜੀਤੋ ਤੇ ਦੂਜੀ ਉਸਦੀ ਹੋਣ ਵਾਲੀ ਔਲਾਦ। ਪਹਿਲੀ ਵਾਰ ਕਰਮਜੀਤ ਘਬਰਾਇਆ ਨਜ਼ਰ ਸੀ। ਮਾਂ ਬਿਅੰਤ ਕਰਮਜੀਤ ਨਾਲ ਪਿਆਰ ਨਾ ਬੋਲਣ ਲੱਗ ਪੈਂਦੀ ਹੈ ਜਿਸ ਕਰਕੇ ਕਰਮਜੀਤ ਦੇ ਦਿਲ ਵਿੱਚ ਮਾਂ ਲਈ ਪਿਆਰ ਪਹਿਲਾਂ ਵਾਂਗਰ ਨਜ਼ਰ ਆਉਣ ਲੱਗ ਪਿਆ। ਕਰਮਜੀਤ ਦੇ ਜੋ ਗੱਲ ਦਿਲ ਵਿੱਚ ਘਰ ਕਰ ਗਈ ਸੀ ਉਹ ਹੁਣ ਨਾ ਰਹੀ। ਕਰਮਜੀਤ ਨੇ ਕਾਰਨ ਨਹੀਂ ਪੁੱਛਿਆ…! ਕਰਮਜੀਤ ਹੁਣ ਖੁਸ਼ ਸੀ ਕਿ ਉਸਦੀ ਮਾਂ ਉਸਨੂੰ ਕੁਝ ਨਹੀਂ ਕਹਿੰਦੀ।
               ਇੱਕ ਦਿਨ ਜੀਤੋ ਦੀ ਅਚਾਨਕ ਤਬੀਅਤ ਬਿਗੜ੍ਹ ਗਈ। ਉਸਨੂੰ ਚੁੱਕ ਕੇ ਕਰਮਜੀਤ ਹਸਪਤਾਲ਼ ਲੈ ਪੁੱਜਾ। ਬਿਅੰਤ ਦੀ ਸੋਚ ਵਿੱਚ ਫ਼ਕੀਰ ਬਾਬਾ ਤੇ ਪੋਤਾ ਸੀ ਜੋ ਉਸਨੂੰ ਸਤਾਉਂਦੇ ਰਹੇ। ‘ ਜਿਸਤੋਂ ਧੋਖਾ ਮਿਲਣਾ ਸੀ ਉਹ ਪੁੱਤ ਸੀ ਅਗਰ ਪੁੱਤ ਹੀ ਹੋ ਗਿਆ ਤਾਂ ਮੈ ਕੀ ਕਰਾਂਗੀ।’ ਬਿਅੰਤ ਦੇ ਮਨ ਅੰਦਰ ਵਾਰ ਵਾਰ ਸਵਾਲ ਉਸਨੂੰ ਖਾ ਰਿਹਾ ਸੀ। ਜੀਤੋ ਦਾ ਹੱਥ ਕਰਮਜੀਤ ਨੇ ਘੁੱਟ ਕੇ ਫੜ੍ਹ ਰੱਖਿਆ ਸੀ। ਕਰਮਜੀਤ ਨੇ ਹਸਪਤਾਲ਼ ਪਹੁੰਚਦਿਆਂ ਕਿਹਾ,’ ਤੂੰ ਫ਼ਿਕਰ ਨਾ ਕਰ…ਮੈ ਤੇਰੇ ਨਾਲ ਆ।’
           ਹਸਪਤਾਲ਼ ਪਹੁੰਚਦਿਆ ਹੀ ਡਾਕਟਰ ਜੀਤੋ ਨੂੰ ਐਮਰਜੈਂਸੀ ਵਿੱਚ ਲੈ ਕੇ ਗਏ। ਇਸ ਵਾਰ ਬੱਚੇ ਦਾ ਜਨਮ ਲੈਣਾ ਤਹਿ ਸੀ। ਦੂਜੇ ਪਾਸੇ ਬੇਅੰਤ ਇਹ ਸੋਚਾਂ ਵਿੱਚ ਗੁਆਚੀ ਹੋਈ ਸੀ ਕਿ ਸੱਚੀ ਪੁੱਤ ਨਾ ਹੋ ਜਾਵੇ ਜਿਸ ਨਾਲ ਮੇਰੀ ਜਾਨ ਨੂੰ ਖ਼ਤਰਾ ਹੋ। ਬਿਅੰਤ ਬੇਹੱਦ ਡਰੀ ਹੋਈ ਤੇ ਸਹਿਮੀ ਹੋਈ ਸੀ। ਕਰਮਜੀਤ ਰੱਬ ਅੱਗੇ ਹੱਥ ਜੋੜੀ ਖੜ੍ਹਾ ਸੀ। ਕਰਮਜੀਤ ਦੇ ਪਹਿਲੀ ਔਲ਼ਾਦ ਨੇ ਜਨਮ ਲੈਣਾ ਸੀ। ਜਿਸ ਕਰਕੇ ਉਹ ਥੋੜ੍ਹਾ ਘਬਰਾਇਆ ਹੈ। ਇੱਕ ਘੰਟੇ ਬਾਅਦ ਡਾਕਟਰਨੀ ਐਮਰਜੈਂਸੀ ਵਿੱਚੋਂ ਬਾਹਰ ਆਉਂਦੀ ਹੈ ਤੇ ਉਹ ਵਧਾਈ ਦਿੰਦੀ ਹੈ। ਕਰਮਜੀਤ ਵਧਾਈ ਦੀ ਖ਼ਬਰ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਮਾਂ ਨੂੰ ਆਵਾਜ਼ ਮਾਰ ਆਖਦਾ ਹੈ,’ ਮਾਂ ਮੈ ਪਿਓ ਬਣ ਗਿਆ ਤੇ ਤੁਸੀ ਦਾਦੀ ਮਾਂ…ਜਲਦੀ ਆਓ ਮਾਂ,ਜੀਤੋ ਤੇ ਬੱਚੇ ਨੂੰ ਦੇਖਣ ਚੱਲਦੇ ਆ।’
           ਖੁਸ਼ਖਬਰੀ ਸੁਣ ਕੇ ਬਿਅੰਤ ਖੁਸ਼ ਤਾਂ ਹੋਈ ਲੇਕਿਨ ਉਸਦੇ ਮਨ ਦੀ ਉਦਾਸੀ ਨੂੰ ਕੌਣ ਪੜ੍ਹੇ। ਮਨ ਮਰਕੇ ਬੇਅੰਤ ਕਰਮ ਦੇ ਨਾਲ ਐਮਰਜੈਂਸੀ ਕਮਰੇ ਵੱਲ ਚੱਲ ਪੈਂਦੀ ਹੈ। ਡਾਕਟਰਨੀ ਦੱਸਦੀ ਹੈ,’ ਤੁਹਾਨੂੰ ਧੀ ਹੋਈ ਹੈ।’ ਜਦੋਂ ਇਹ ਸ਼ਬਦ ਬੇਅੰਤ ਦੇ ਕੰਨੀ ਪਏ ਤਾਂ ਬੇਅੰਤ ਦੇ ਚਿਹਰੇ ਉੱਤੇ ਥੋੜ੍ਹੀ ਮੁਸਕਾਨ ਆਈ ਤੇ ਆਪਣੇ ਆਪ ਦੀ ਜਾਨ ਬਚ ਪਾਉਣ ਦਾ ਰੱਬ ਨੂੰ ਸ਼ੁਕਰਾਨਾ ਕਰਦੀ। ਕਰਮਜੀਤ ਬਹੁਤ ਖੁਸ਼ ਸੀ। ਕਰਮਜੀਤ ਨੂੰ ਪਤਾ ਸੀ ਕਿ ਧੀ ਨੇ ਹੀ ਜਨਮ ਲੈਣਾ ਹੈ ਕਿਉਂਕਿ ਜੀਤੋ ਚਾਉਂਦੀ ਸੀ ਸਾਡੀ ਪਹਿਲੀ ਔਲ਼ਾਦ ਧੀ ਹੋ। ਧੀ ਦੇ ਹੋ ਜਾਣ ਮਗਰੋਂ ਘਰ ਵਾਪਸੀ ਜਸ਼ਨ ਮਨਾਏ ਤੇ ਬਿਅੰਤ ਨੇ ਪਿੰਡ ਵਾਲਿਆਂ ਨੂੰ ਵਧਾਈਆਂ ਦਿੱਤੀਆਂ। ਬਿਅੰਤ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸ ਨਾਲ ਅੱਗੇ ਕੀ ਹੋਣਾ ਹੈ ਜਿਸ ਕਰਕੇ ਪੁੱਤ ਦਾ ਖਿਆਲ ਦਿਲੋਂ ਕੱਢ ਦਿੱਤਾ।
             ਜੀਤੋ ਨੇ ਮਾਂ ਨੂੰ ਮਾਫ਼ ਉਸ ਦਿਨ ਹੀ ਕਰ ਦਿੱਤਾ ਸੀ ਜਿਸ ਦਿਨ ਘਰ ਦਾ ਕੰਮ ਕਰਨ ਤੋਂ ਰੋਕਿਆ ਸੀ। ਜੀਤੋ ਹੁਣ ਖੁਸ਼ ਸੀ ਕਿਉਂਕਿ ਮਾਂ ਜੀ ਨੇ ਧੀ ਹੋਈ ‘ ਤੇ ਦੁੱਖ ਨਹੀਂ ਪ੍ਰਗਟਾਇਆ। ਕਰਮਜੀਤ ਨੇ ਆਪਣੀ ਮਾਂ ਨੂੰ ਆਖ ਕਿਹਾ,’ ਮਾਂ ਤੁਸੀ ਫ਼ਿਕਰ ਨਾ ਕਰੋ..ਰੱਬ ਨੇ ਚਾਹਿਆ ਤਾਂ ਪੁੱਤ ਵੀ ਸਾਡੀ ਝੋਲੀ ਜਰੂਰ ਪਾਉ। ਬਿਅੰਤ ਨੂੰ ਹੁਣ ਸਮਝ ਅਾ ਗਿਆ ਕਿ ਧੀ ਤੇ ਪੁੱਤ ਇੱਕ ਹੀ ਨੇ..ਬਸ ਫ਼ਰਕ ਇਹਨਾਂ ਉਹ ਦੂਜੀ ਪੀੜ੍ਹੀ ਨੂੰ ਜਨਮ ਦਿੰਦੀ ਹੈ ਤੇ ਇਸ ਪੀੜ੍ਹੀ ਨੂੰ ਖੁਸ਼ੀਆਂ। ਧੀ ਦੇ ਬਾਰੇ ਜੋ ਵੀ ਮਾਂ ਜੀ ਨੇ ਬੁਰਾ ਮਾੜਾ ਆਖਿਆ ਸੀ ਉਸ ਗੱਲ ਦੀ ਜੀਤੋ ਤੇ ਕਰਮੇ ਤੋਂ ਦਿਲੋਂ ਮਾਫ਼ੀ ਮੰਗੀ।   ਬਿਅੰਤ ਨੇ ਸਾਫ਼ ਸਾਫ਼ ਕਹਿ ਦਿੱਤਾ,’ ਧੀ ਦਾ ਹੱਕ ਵੀ ਉਹਨਾਂ ਹੀ ਰਹੇਗਾ ਜਿਹਨਾਂ ਪੁੱਤ ਨੂੰ ਮੈ ਦੇਣਾ ਸੀ। ਕੀ ਹੋਇਆ ਹੁਣੇ ਪੁੱਤ ਨਾ ਹੋਇਆ…ਸਬਰ ਸਹੀ।’ ਫ਼ਕੀਰ ਬਾਬੇ ਸੱਚ – ਮੁਚ ਅਦਭੁੱਤ ਸੀ ਜੋ ਧੀ ਦੀ ਜਿੰਦਗੀ ਨੂੰ ਜਿੰਦਗੀ ਬਣਾ ਗਏ।
           ਅੱਜ ਦਾ ਸਮਾਂ ਦੇਖਿਆ ਜਾਵੇ ਤਾਂ ਸੱਚੀਓਂ ਖ਼ਰਾਬ ਚੱਲ ਰਿਹਾ ਹੈ। ਹਰ ਪਾਸੇ ਇੱਕੋ ਗੱਲ ਸੁਣਨ ਨੂੰ ਮਿਲੇਗੀ ਕਿ,’ ਧੀ ਨਹੀਂ ਪੁੱਤ ਹੀ ਹੋ ਅਗਰ ਹੋਈ ਧੀ ਤਾਂ ਬੇਦਖਲ ਜਾਂ ਫਿਰ ਧੀ ਨੂੰ ਕੈਦੀ ਬਣਾ ਕੇ ਰੱਖ ਦੇਣਾ। ਅੱਜ ਦਾ ਸਮਾਜ ਧੀ ਲਈ ਖ਼ਤਰਾ ਬਣ ਗਿਆ ਹੈ ਜੋ ਕਿ ਸਿਰਫ਼ ਇੱਜਤਾਂ ਵੱਲ ਦੇਖਦਾ ਹੈ। ਇੱਜਤ ਢੱਕ ਤੁਰਨਾ ਵੀ ਧੀ ਲਈ ਖ਼ਤਰਾ ਹੈ। ਕਈ ਥਾਵਾਂ ‘ ਤੇ ਧੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ। ਸਮਾਜ ਦੀ ਕੁਰੀਤੀਆਂ ਵੇਖ…ਮਾਪੇ ਪੁੱਤ ਪੁੱਤ ਕਰਨ ਲੱਗ ਪੈਂਦੇ ਹਨ ਤੇ ਧੀ ਦੀ ਬਲੀ ਦੇ ਦਿੰਦੇ ਹਨ। ਧੀਆਂ ਧਿਆਣੀਆਂ ਕੈਦੀ ਕਿਉਂ ਬਣਨ, ਉਹਨਾਂ ਨੂੰ ਜਿੰਦਗੀ ਜਿਉਣ ਦਾ ਪੂਰਾ ਹੱਕ ਹੈ ਤੇ ਇਸ ਸਮਾਜ ਨੂੰ ਧੀ ਦੀ ਇੱਜਤ ਨਾਲ ਖਿਲਵਾੜ ਕਰਨ ਦਾ ਕੋਈ ਵੀ ਹੱਕ ਨਹੀਂ ਹੈ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ 20 ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ
Next articleਵਿਗਿਆਨ ਦੀਆਂ ਬਹਮੁਲੀ ਖੋਜਾਂ ਕਾਢਾਂ ਦੀ ਦੁਰਵਰਤੋਂ ਪ੍ਰਤੀ ਸੁਚੇਤ ਹੋਣ ਦੀ ਲੋੜ–ਤਰਕਸ਼ੀਲ