(ਸਮਾਜ ਵੀਕਲੀ)
(ਮਹਿਲਾ ਦਿਵਸ ਤੇ ਵਿਸ਼ੇਸ਼)
ਅੱਜ ਵਿਸ਼ਵ ਭਰ ਵਿੱਚ ਔਰਤ ਦਿਵਸ ਬੜੇ ਜ਼ੋਰਾਂ ਸ਼ੋਰਾਂ ਨਾਲ਼ ਮਨਾਇਆ ਜਾ ਰਿਹਾ ਹੈ। ਅਸਲ ਵਿੱਚ ਔਰਤ ਹੈ ਹੀ ਇੱਜ਼ਤ ਅਤੇ ਸਤਿਕਾਰ ਦੇ ਕਾਬਿਲ। ਔਰਤ ਮਮਤਾ, ਵਫ਼ਾ ਅਤੇ ਤਿਆਗ ਦੀ ਮੂਰਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਰੱਬ ਤੋਂ ਬਾਅਦ ਦੂਸਰਾ ਦਰਜ਼ਾ ਦਿੱਤਾ ਹੈ। ਉਹਨਾਂ ਨੇ ਔਰਤ ਨੂੰ ‘ਜੱਗ ਜਣਨੀ’ ਦਾ ਉੱਚਾ ਰੁੱਤਬਾ ਬਖਸ਼ਿਆ ਹੈ। ਐਡਾ ਵੱਡਾ ਮਾਣ ਮਿਲਣ ਤੋਂ ਬਾਅਦ ਹਜੇ ਵੀ ਔਰਤ ਦੀ ਬੇਕਦਰੀ ਦੇਖੀ ਜਾ ਸਕਦੀ ਹੈ। ਅੱਜ ਦੇ ਵਿਗਿਆਨ ਅਤੇ ਤਰੱਕੀ ਦੇ ਯੁੱਗ ਵਿੱਚ ਵੀ ਔਰਤਾਂ ਕੁਪੋਸ਼ਣ ਦਾ ਸ਼ਿਕਾਰ ਹਨ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹਨ। ਉਹ ਦਹੇਜ ਲਈ ਹਜੇ ਵੀ ਬਲੀ ਚੜ੍ਹ ਰਹੀਆਂ ਹਨ।
ਸਾਨੂੰ ਔਰਤ ਦਿਵਸ ਜ਼ਰੂਰ ਮਨਾਉਣੇ ਚਾਹੀਦੇ ਹਨ। ਇਸ ਨਾਲ਼ ਔਰਤ ਦੀ ਇੱਜ਼ਤ, ਸਤਿਕਾਰ ਬਾਰੇ ਪਤਾ ਚੱਲਦਾ ਹੈ। ਪਰ ਇਸਦੇ ਨਾਲ ਹੀ ਵਿਸ਼ਵ ਭਰ ਵਿੱਚ ਔਰਤਾਂ ਦੀ ਭਲਾਈ ਲਈ ਸਾਰਥਕ ਕੰਮ ਕੀਤੇ ਜਾਣੇ ਚਾਹੀਦੇ ਹਨ। ਇਸ ਕੰਮ ਲਈ ਕੋਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਹੈ। ਜੇ ਤੁਸੀਂ ਕੁੱਝ ਵੀ ਨਹੀਂ ਕਰ ਸਕਦੇ ਹੋ ਤਾਂ ਘੱਟ ਤੋਂ ਘੱਟ ਐਨਾ ਕਰੋ ਕਿ ਆਪਣੇ ਘਰ ਵਿੱਚ ਪੁੱਤਰ ਤੇ ਧੀਆਂ ਨੂੰ ਬਰਾਬਰ ਸੰਸਕਾਰ ਦਿਓ। ਉਹਨਾਂ ਦੀ ਸੋਚ ਉੱਚੀ,ਸੁੱਚੀ ਤੇ ਸਾਰਥਕ ਬਣਾਓ।ਉਹਨਾਂ ਨੂੰ ਔਰਤ ਤੇ ਮਰਦ ਦੇ ਰਿਸ਼ਤੇ ਸਮਝਾਓ। ਉਹਨਾਂ ਨੂੰ ਔਰਤ ਦਾ ਰੁੱਤਬਾ ਸਮਝਾਓ। ਵੈਸੇ ਜੇਕਰ ਤੁਸੀਂ ਆਪਣੇ ਘਰ ਵਿੱਚ ਔਰਤ ਦੀ ਇੱਜ਼ਤ ਕਰਦੇ ਹੋ ਫ਼ੇਰ ਭਾਵੇਂ ਉਹ ਮਾਂ ਹੋਵੇ, ਪਤਨੀ ਜਾਂ ਧੀ ਹੋਵੇ ਤਾਂ ਬੱਚੇ ਆਪਣੇ ਆਪ ਹੀ ਉਹਨਾਂ ਦੀ ਇੱਜ਼ਤ ਕਰਨਾ ਸਿੱਖ ਜਾਂਦੇ ਹਨ। ਇਸ ਤੋਂ ਇਲਾਵਾ ਸਿਰਫ਼ ਪੁੱਤਰ ਨੂੰ ਹੀ ਨਹੀਂ ਸਗੋਂ ਧੀ ਨੂੰ ਵੀ ਔਰਤ ਦੀ ਇੱਜ਼ਤ ਅਤੇ ਸਤਿਕਾਰ ਕਰਨਾ ਸਿਖਾਓ ਤਾਂ ਕਿ ਔਰਤ ਵੀ ਔਰਤ ਦੀ ਇੱਜ਼ਤ ਕਰੇ। ਬੱਚਿਆਂ ਨੂੰ ਆਪਣੀ ਇੱਜ਼ਤ ਭਾਵ ਆਤਮ ਸਨਮਾਨ ਵੀ ਸਿਖਾਓ। ਇਸ ਤਰ੍ਹਾਂ ਕਰਨ ਨਾਲ ਬੱਚੇ ਗ਼ਲਤ ਦਾ ਵਿਰੋਧ ਕਰਨਾ ਸਿੱਖਣਗੇ ਤੇ ਕੁੜੀਆਂ ਚੁੱਪ ਕਰਕੇ ਜ਼ੁਲਮ ਬਰਦਾਸ਼ਤ ਨਹੀਂ ਕਰਨਗੀਆਂ ਸਗੋਂ ਇਸਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨਗੀਆਂ।
ਘਰ ਸਮਾਜ ਦੀ ਸੱਭ ਤੋਂ ਛੋਟੀ ਅਤੇ ਜ਼ਰੂਰੀ ਇਕਾਈ ਹੈ। ਜੇਕਰ ਘਰ ਦੇ ਵਿੱਚ ਪਤੀ ਪਤਨੀ ਇੱਕ ਦੂਜੇ ਦੀ ਇੱਜ਼ਤ ਨਹੀਂ ਕਰਦੇ ਤਾਂ ਬੱਚੇ ਵੀ ਉਹਨਾਂ ਦੀ ਇੱਜ਼ਤ ਨਹੀਂ ਕਰਦੇ। ਅੱਜਕਲ ਸ਼ੋਸ਼ਲ ਮੀਡੀਆ ਤੇ ਪਤੀ ਪਤਨੀ ਤੇ ਬਹੁਤ ਸਾਰੇ ਚੁੱਟਕਲੇ ਬਣਾਏ ਜਾਂਦੇ ਹਨ। ਬਹੁਤ ਤੰਜ ਕੱਸੇ ਜਾਂਦੇ ਹਨ। ਕਈ ਲੋਕ ਤਾਂ ਉਹਨਾਂ ਨੂੰ ਮਨੋਰੰਜਨ ਦੇ ਲਈ ਦੇਖਦੇ ਹਨ ਪਰ ਬਹੁਤ ਸਾਰੇ ਲੋਕ ਇਹਨਾਂ ਚੁਟਕਲਿਆਂ ਦਾ ਗ਼ਲਤ ਅਸਰ ਕਬੂਲਦੇ ਹਨ। ਅਕਸਰ ਸਾਡੇ ਸਮਾਜ ਵਿੱਚ ਪਤੀ ਪਤਨੀ ਦੇ ਕੰਮਾਂ ਦੀਆਂ ਵੰਡੀਆਂ ਪਾਈਆਂ ਜਾਂਦੀਆਂ ਹਨ। ਪਤੀ ਦਾ ਕੰਮ ਬਾਹਰ ਤੋਂ ਕਮਾਈ ਕਰਕੇ ਲਿਆਉਣੀ ਤੇ ਪਤਨੀ ਦਾ ਕੰਮ ਘਰ ਦੇ ਕੰਮ, ਬੱਚਿਆਂ ਅਤੇ ਬਜ਼ੁਰਗਾਂ ਦੀ ਸੰਭਾਲ਼ ਆਦਿ ਸਨ। ਸਮੇਂ ਦੇ ਨਾਲ਼ ਔਰਤ ਨੇ ਤਰੱਕੀ ਕੀਤੀ। ਇਸ ਨਾਲ਼ ਔਰਤ ਦੇ ਕੰਮਾਂ ਵਿੱਚ ਵਾਧਾ ਹੋਇਆ। ਔਰਤ ਨੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਇਹ ਵਾਧਾ ਸਿਰਫ਼ ਔਰਤ ਦੇ ਕੰਮਾਂ ਵਿੱਚ ਹੋਇਆ।
ਮਰਦ ਦਾ ਕੰਮ ਹਜੇ ਵੀ ਉਹੀ ਹੈ ਕਿ ਬਾਹਰ ਤੋਂ ਕਮਾਈ ਕਰਕੇ ਲਿਆਉਣੀ। ਘਰ ਦੇ ਸਾਰੇ ਕੰਮ ਹਜੇ ਵੀ ਔਰਤ ਦੇ ਸਿਰ ਹੀ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਔਰਤਾਂ ਮਰਦਾਂ ਵਾਂਗ ਕਮਾਈ ਕਰ ਸਕਦੀਆਂ ਹਨ ਤਾਂ ਮਰਦ ਔਰਤ ਵਾਂਗ ਘਰ ਦੇ ਕੰਮ ਕਿਉਂ ਨਹੀਂ ਕਰ ਸਕਦੇ? ਮਰਦ ਘਰ ਵਿੱਚ ਸਫ਼ਾਈ ਅਤੇ ਰੋਟੀ ਟੁੱਕ ਦੇ ਕੰਮ ਕਿਉਂ ਨਹੀਂ ਕਰ ਸਕਦੇ? ਜੇਕਰ ਕੋਈ ਮਰਦ ਇਹ ਕੰਮ ਕਰਦਾ ਵੀ ਹੈ ਤਾਂ ਇਸ ਵਿਸ਼ੇ ਨੂੰ ਮਜ਼ਾਕ ਦਾ ਵਿਸ਼ਾ ਕਿਉਂ ਬਣਾਇਆ ਜਾਂਦਾ ਹੈ?ਕਈ ਮਰਦ ਸਿਰਫ਼ ਇਸ ਮਜ਼ਾਕ ਤੋਂ ਡਰਦੇ ਘਰ ਦੇ ਕੰਮਾਂ ਵਿੱਚ ਹੱਥ ਨਹੀਂ ਵਟਾਉਂਦੇ। ਅਸੀਂ ਕਹਿੰਦੇ ਹਾਂ ਕਿ ਅੱਜ ਸਮਾਜ ਨੇ ਬਹੁਤ ਤਰੱਕੀ ਕਰ ਲਈ ਹੈ। ਹੁਣ ਕੁੜੀ, ਮੁੰਡੇ ਵਿੱਚ ਕੋਈ ਫ਼ਰਕ ਨਹੀਂ। ਪਰ ਜੇਕਰ ਇਹ ਗੱਲ ਸੱਚ ਹੈ ਤਾਂ ਪੜ੍ਹ ਲਿਖ ਕੇ ਜਦੋਂ ਕੁੜੀ ਨੌਕਰੀ ਕਰਦੀ ਹੈ ਤੇ ਆਪਣੀ ਕਮਾਈ ਦਾ ਕੁੱਝ ਹਿੱਸਾ ਉਹ ਆਪਣੇ ਮਾਪਿਆਂ ਨੂੰ ਦਿੰਦੀ ਹੈ ਤਾਂ ਓਸਦੇ ਸਹੁਰੇ ਇਸ ਗੱਲ ਤੇ ਇਤਰਾਜ਼ ਕਿਉਂ ਕਰਦੇ ਹਨ?
ਅੱਜਕਲ ਇੱਕ ਨਵਾਂ ਫੈਸ਼ਨ ਚੱਲ ਰਿਹਾ ਹੈ। ਕੁੜੀ ਨੂੰ ਆਈਲਟਸ ਕਰਵਾਓ ਤੇ ਵਿਦੇਸ਼ ਭੇਜ ਦਿਓ। ਮੁੰਡਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਨ ਦੇ ਲਾਲਚ ਵਿੱਚ ਲੋਕ ਇਹਨਾਂ ਕੁੜੀਆਂ ਦਾ ਇਸਤੇਮਾਲ ਕਰਦੇ ਹਨ। ਕਈ ਵਿਆਹ ਕਰਕੇ ਤੇ ਕਈ ਝੂਠੇ ਰਿਸ਼ਤੇ ਬਣਾ ਕੇ ਆਪੋ ਆਪਣੀ ਮਿੱਥੀ ਮੰਜ਼ਿਲ ਤੇ ਪਹੁੰਚਦੇ ਹਨ। ਫ਼ੇਰ ਇੱਕ ਦੂਜੇ ਦਾ ਸਾਥ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਮੁੰਡੇ ਕੁੜੀਆਂ ਨੂੰ ਅਸੀਂ ਲਾਲਚ ਦੀ ਓਸ ਦੌੜ ਵਿੱਚ ਲਗਾ ਦਿੰਦੇ ਹਾਂ ਜਿਹੜੀ ਕਦੇ ਖ਼ਤਮ ਨਹੀਂ ਹੁੰਦੀ ਤੇ ਜਿਹੜੀ ਸ਼ੁਰੂ ਹੀ ਸੰਸਕਾਰਾਂ ਦੀ ਲਾਸ਼ ਤੇ ਹੁੰਦੀ ਹੈ। ਸੋ ਬੱਚਿਆਂ ਨੂੰ ਸਹੀ ਸੰਸਕਾਰ ਦਿਓ। ਜੇਕਰ ਉਹ ਪੜ੍ਹ ਲਿਖ ਕੇ ਸਹੀ ਤਰੀਕੇ ਨਾਲ਼ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਪਰ ਇਹ ਨਾ ਹੋਵੇ ਕਿ ਉਹ ਗ਼ਲਤ ਢੰਗ ਵਰਤ ਕੇ ਕਿਸੇ ਪਾਸੇ ਜੋਗੇ ਵੀ ਨਾ ਰਹਿਣ।
ਘਰਾਂ ਵਿੱਚ ਧੀਆਂ ਪੁੱਤਰਾਂ ਵਿੱਚ ਫ਼ਰਕ ਮਿਟਾਉਣ ਲਈ ਸੱਭ ਤੋਂ ਪਹਿਲਾਂ ਸਾਨੂੰ ਆਪਣੇ ਮਨਾਂ ਵਿੱਚੋਂ ਫ਼ਰਕ ਮਿਟਾਉਣਾ ਪਵੇਗਾ। ਇਸ ਲਈ ਸੱਭ ਤੋਂ ਪਹਿਲਾਂ ਕੰਮ ਦੀਆਂ ਵੰਡੀਆਂ ਖ਼ਤਮ ਕਰੀਏ। ਆਪ ਵੀ ਘਰਦੇ ਤੇ ਬਾਹਰ ਦੇ ਸਾਰੇ ਕੰਮਾਂ ਦੀ ਅਹਿਮੀਅਤ ਸਮਝੀਏ ਤੇ ਬੱਚਿਆਂ ਨੂੰ ਵੀ ਸਮਝਾਈਏ। ਮਹਿਲਾ ਦਿਵਸ ਸਿਰਫ਼ ਕੁੱਝ ਕੁ ਔਰਤਾਂ ਦੇ ਗਲ਼ਾਂ ਵਿੱਚ ਹਾਰ ਪਾਉਣ ਨਾਲ਼ ਸੰਪੂਰਨ ਨਹੀਂ ਹੋ ਸਕਦਾ। ਬਲਕਿ ਸਾਰੀਆਂ ਔਰਤਾਂ ਦੇ ਰੁਤਬੇ ਨੂੰ ਸਮਝਣ ਅਤੇ ਉਹਨਾਂ ਨੂੰ ਇੱਜ਼ਤ ਮਾਣ ਦੇਣ ਨਾਲ਼ ਹੋਵੇਗਾ।
ਇਸ ਲਈ ਆਓ ਸਮਾਜ ਦੀ ਸੱਭ ਤੋਂ ਪਹਿਲੀ ਇਕਾਈ ਪਰਿਵਾਰ ਵਿੱਚ ਔਰਤਾਂ ਦੀ ਇੱਜ਼ਤ ਕਰੀਏ ਤਾਂ ਕਿ ਦੇਸ਼ ਤੇ ਵਿਦੇਸ਼ ਵਿੱਚ ਹਰ ਥਾਂ ਤੇ ਔਰਤ ਦਾ ਸਤਿਕਾਰ ਹੋਵੇ। ਫ਼ੇਰ ਹੀ ਅਸਲੀ ਔਰਤ ਦਿਵਸ ਸਾਰਥਕ ਹੋਵੇਗਾ।
ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059