(ਸਮਾਜ ਵੀਕਲੀ) ਪੰਜਾਬ, ਜੋ ਸਦਾ ਤੋਂ ਹੀ ਗਿਆਨ, ਸੱਭਿਆਚਾਰ ਅਤੇ ਸਿੱਖਿਆ ਦੀ ਧਰਤੀ ਮੰਨੀ ਜਾਂਦੀ ਹੈ, ਉਥੇ ਅੱਜ ਅਧਿਆਪਕਾਂ ਦੀ ਸਥਿਤੀ ਵਧੀਕ ਚਿੰਤਾਜਨਕ ਅਤੇ ਨਿਰਾਸ਼ਾਜਨਕ ਹੋ ਚੁੱਕੀ ਹੈ।ਅੱਜ ਉਹੀ ਅਧਿਆਪਕ ਨੌਕਰੀ ਦੀ ਅਸਥਿਰਤਾ, ਘੱਟ ਤਨਖਾਹਾਂ, ਸਮਾਜਕ ਤਨਾਅ ਅਤੇ ਪ੍ਰਸ਼ਾਸਨਕ ਉਪੇਖਾ ਦਾ ਸ਼ਿਕਾਰ ਹੋ ਰਹੇ ਹਨ।
ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਸਾਲਾਂ ਤੋਂ ਰੁਕੀ ਹੋਈ ਹੈ, ਕਈਆਂ ਨੂੰ ਅਸਥਾਈ ਅਧਿਆਪਕ ਵਜੋਂ “ਗੈਸਟ ਫੈਕਲਟੀ” ਜਾਂ “ਕੰਟ੍ਰੈਕਟ ਬੇਸ” ‘ਤੇ ਰੱਖਿਆ ਜਾਂਦਾ ਹੈ, ਜਿਸ ਕਾਰਨ ਉਹਨਾਂ ਨੂੰ ਨਾ ਪੂਰੀ ਤਨਖਾਹ ਮਿਲਦੀ ਹੈ ਅਤੇ ਨਾ ਹੀ ਕੋਈ ਭਰੋਸੇਮੰਦ ਭਵਿੱਖ। ਅਕਸਰ ਅਧਿਆਪਕਾਂ ਨੂੰ ਪਾਠ ਪੜ੍ਹਾਉਣ ਦੀ ਬਜਾਏ ਮਿਡ ਡੇ ਮਿਲ, ਸਰਵੇਖਣ, ਰਾਜਨੀਤਕ ਰੈਲੀਆਂ ਅਤੇ ਹੋਰ ਅਫਸਰੀ ਕੰਮਾਂ ‘ਚ ਜੁਟਾਇਆ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਅਧਿਆਪਕ ਹੌਸਲੇ ਟੁੱਟਦੇ ਹਨ, ਸਗੋਂ ਸਿੱਖਿਆ ਦੀ ਗੁਣਵੱਤਾ ਵੀ ਗਿਰਦੀ ਜਾ ਰਹੀ ਹੈ।
ਇਕ ਹੋਰ ਮੁੱਦਾ ਇਹ ਹੈ ਕਿ ਸਰਕਾਰੀ ਅਧਿਆਪਕਾਂ ਨੂੰ ਕਈ ਵਾਰੀ ਨਿੱਤ ਨਵੇਂ ਨਿਯਮਾਂ ਅਤੇ ਨੀਤੀਆਂ ਹੇਠ ਜ਼ੋਰ ਜਬਰ ‘ਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਰੋਜ਼ਾਨਾ ਦਫ਼ਤਰ ਦੀ ਹਾਜ਼ਰੀ, ਅਨਲਾਈਨ ਐਪਸ ਰਾਹੀਂ ਰਿਪੋਰਟਿੰਗ, ਅਤੇ ਨਾਨ-ਟੀਚਿੰਗ ਡਿਊਟੀਆਂ ਉਨ੍ਹਾਂ ਦੇ ਅਸਲ ਕੰਮ ਨੂੰ ਪਿੱਛੇ ਧੱਕ ਰਹੀਆਂ ਹਨ। ਉੱਥੇ ਹੀ, ਨਿੱਜੀ ਸਕੂਲਾਂ ਵਿੱਚ ਅਧਿਆਪਕ ਤਨਖਾਹਾਂ ਦੀਆਂ ਘੱਟ ਦਰਾਂ ਤੇ ਲੰਬੇ ਕੰਮ ਦੇ ਘੰਟਿਆਂ ਨਾਲ ਜੂਝ ਰਹੇ ਹਨ। ਉਹਨਾਂ ਦੇ ਅਧਿਕਾਰਾਂ ਦੀ ਕੋਈ ਸੁਰੱਖਿਆ ਨਹੀਂ ਅਤੇ ਕੰਮ ਦੀ ਅਣਸੁਰੱਖਿਆ ਹਮੇਸ਼ਾਂ ਉੱਪਰ ਤਲਵਾਰ ਵਾਂਗ ਲਟਕਦੀ ਰਹਿੰਦੀ ਹੈ।
ਹੁਣ ਜਦੋਂ ਸੁਪਰੀਮ ਕੋਰਟ ਦਾ ਇੱਕ ਨਵਾਂ ਫੈਸਲਾ ਆਇਆ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ 1158 ਦੀ ਭਰਤੀ ਕੀਤੀ ਗਈ ਸੀ।ਉਹ ਰੱਦ ਕਰ ਦਿੱਤੀ ਗਈ ਹੈ।ਇਸ ਤਰ੍ਹਾਂ ਦੇ ਮੌਹਾਲ ਵਿੱਚ ਅਧਿਆਪਕ ਬਹੁਤ ਦੁੱਖੀ ਹਨ।ਉਹਨਾ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਰਨ ਤਾਂ ਕਿ ਕਰਨ। ਇਹਨਾਂ ਹਲਾਤਾਂ ਵਿੱਚ ਵਿਦਿਆਰਥੀਆਂ ਤੇ ਜੀਵਨ ਤੇ ਵੀ ਡੂੰਘਾ ਪ੍ਰਭਾਵ ਪੈਂਦਾ ਹੈ।
ਇਹ ਸਾਰੀਆਂ ਹਾਲਤਾਂ ਇਕ ਥਾਂ ਇਸ਼ਾਰਾ ਕਰਦੀਆਂ ਹਨ । ਜਦ ਤੱਕ ਅਸੀਂ ਅਧਿਆਪਕਾਂ ਨੂੰ ਯੋਗ ਮਾਨ-ਸਨਮਾਨ, ਸੁਰੱਖਿਅਤ ਨੌਕਰੀ, ਅਤੇ ਸਮਾਜਕ ਸਤਿਕਾਰ ਨਹੀਂ ਦਿੰਦੇ, ਤਦ ਤੱਕ ਅਸਲ ਸਿੱਖਿਆ ਕਦੇ ਵੀ ਅੱਗੇ ਨਹੀਂ ਵਧ ਸਕਦੀ। ਇੱਕ ਵਿਦਿਆਰਥੀ ਦੀ ਰੋਹਾਨੀ ਤੇ ਮਾਨਸਿਕ ਬੁਨਿਆਦ ਉਸ ਦੇ ਅਧਿਆਪਕ ਰਾਹੀਂ ਬਣਦੀ ਹੈ, ਤੇ ਜੇ ਉਹੀ ਅਧਿਆਪਕ ਆਤਮ-ਗਿਲਾਨੀ, ਤਨਾਅ ਅਤੇ ਗੁੱਸੇ ‘ਚ ਹੋਵੇ, ਤਾਂ ਨਤੀਜਾ ਵੀ ਅਸਰਦਾਰ ਨਹੀਂ ਹੋ ਸਕਦਾ।
ਇਸ ਲਈ ਪੰਜਾਬ ਸਰਕਾਰ ਅਤੇ ਸਮਾਜਕ ਸੰਸਥਾਵਾਂ ਨੂੰ ਮਿਲ ਕੇ ਅਧਿਆਪਕਾਂ ਦੀ ਸਥਿਤੀ ਨੂੰ ਸੁਧਾਰਨ ਵਾਸਤੇ ਗੰਭੀਰ ਯਤਨ ਕਰਨੇ ਚਾਹੀਦੇ ਹਨ। ਇਹ ਸਿਰਫ਼ ਅਧਿਆਪਕਾਂ ਦੀ ਲੜਾਈ ਨਹੀਂ, ਸਗੋਂ ਭਵਿੱਖ ਦੀ ਪੀੜ੍ਹੀ ਦੀ ਤਾਕਤ ਬਣਾਉਣ ਦੀ ਲੜਾਈ ਹੈ। ਜੇ ਅਸੀਂ ਅਧਿਆਪਕਾਂ ਨੂੰ ਮਜ਼ਬੂਤ ਕਰਾਂਗੇ, ਤਾਂ ਸਿੱਖਿਆ ਦੇ ਰਾਹੀਂ ਸਾਰਾ ਰਾਜ ਮਜ਼ਬੂਤ ਹੋਵੇਗਾ।
ਮੰਜੂ ਰਾਇਕਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



