(ਸਮਾਜ ਵੀਕਲੀ)-ਮੇਰੇ ਦਾਦਾ ਜੀ (ਮੇਰੇ ਭਾਪਾ ਜੀ ਦੇ ਚਾਚਾ ਜੀ)ਜੋ ਬਜ਼ੁਰਗ ਉਮਰ ਵਿੱਚ ਸਾਡੇ ਕੋਲ ਆ ਗਏ ਸਨ ਉਹਨਾਂ ਮੈਨੂੰ ਵਿਉਪਾਰ ਅਤੇ ਦੁਕਾਨਦਾਰੀ ਦੇ ਨੁਕਤੇ ਦੱਸਣ ਲਈ ਦੁਕਾਨ ਤੇ ਮੇਰੇ ਕੋਲ ਆ ਕੇ ਬੈਠ ਜਾਣਾ। ਕਿਉਂ ਕਿ ਦਾਦਾ ਜੀ ਨੇ ਕਰਿਆਨੇ ਦੀ ਦੁਕਾਨ ਅਤੇ ਛੋਟਾ ਮੋਟਾ ਵਿਉਪਾਰ ਕਰਦਿਆਂ ਜ਼ਿੰਦਗੀ ਗੁਜ਼ਾਰੀ ਸੀ।
ਉਹਨਾਂ ਦੱਸਣਾ ਕਿ ਦੁਕਾਨ ਪਾ ਲਈ ਹੈ ਤਾਂ ਦੁਕਾਨ ਤੇ ਬੱਝ ਕੇ ਬਹਿਣਾ ਹੈ ਤੇ ਫਾਲਤੂ ਦੀ ਆਵਾਜਾਈ ਤੇ ਕੰਟਰੋਲ ਕਰਨਾ ਹੈ ਅਤੇ ਫਾਲਤੂ ਦੇ ਖਰਚੇ ਵੀ ਬੰਦ ਕਰੋ.. ਦੁਕਾਨ ਦਾ ਪੈਸਾ ਘੱਟੋ ਘੱਟ ਦੋ ਸਾਲ ਦੁਕਾਨ ਵਿੱਚ ਘੁਮਾਉ।ਫਿਰ ਉਹਨਾਂ ਸੁਲਤਾਨਪੁਰ ਲੋਧੀ ਦੇ ਇੱਕ ਨਾਮਵਰ ਸੇਠ ਦਾ ਨਾਂ ਲੈ ਕੇ ਉਹਦੀ ਕਹਾਣੀ ਸੁਨਾਉਣੀ,ਉਸ ਸੇਠ ਦਾ ਨਾਂ ਤਾਂ ਮੈਨੂੰ ਭੁੱਲ ਗਿਆ ਪਰ ਕਹਾਣੀ ਅਜੇ ਵੀ ਯਾਦ ਹੈ–ਦੋ ਭਰਾ ਜਦੋਂ ਅਜੇ ਉਹ ਬਹੁਤ ਛੋਟੇ ਸਨ ਤਾਂ ਉਹਨਾਂ ਦੇ ਮਾਂ ਬਾਪ ਦੀ ਮੌਤ ਹੋ ਗਈ ਅਤੇ ਰੁਲ਼ ਖੁਲ ਕੇ ਪਲ ਗਏ ਵਿਚਾਰੇ। ਮਜ਼ਦੂਰੀ ਕਰਦਿਆਂ ਕਰਦਿਆਂ ਆਪਣੀ ਰੇਹੜੀ ਲਾਉਣ ਲੱਗ ਪਏ ਸਬਜ਼ੀ ਦੀ ਪਰ ਗਰੀਬੀ ਨਾਂ ਚੱਕ ਹੋਈ।
ਉਹਨੀ ਦਿਨੀ ਉਹਨਾਂ ਦਾ ਇੱਕ ਰਿਸ਼ਤੇਦਾਰ ਪਰਵਾਰ ਬਾਹਰਲੇ ਮੁਲਖੋਂ ਆਇਆ ਹੋਇਆ ਸੀ ਉਹ ਪਰਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਮਿਲਾਉਂਦਿਆਂ ਏਹਨਾਂ ਗਰੀਬਾਂ ਘਰੇ ਵੀ ਆਣ ਢੁੱਕਿਆ। ਉਹਨਾਂ ਦੀ ਗਰੀਬੀ ਨੂੰ ਮੱਦੇਨਜ਼ਰ ਰੱਖਦਿਆਂ ਉਸ ਬਾਹਰੋਂ ਆਏ ਪਰਵਾਰ ਨੇ ਇੱਕ ਭਰਾ ਨੂੰ ਨਾਲ ਲੈ ਜਾਣ ਦੀ ਗੱਲ ਆਖੀ ਤਾਂ ਵੱਡਾ ਭਰਾ ਝੱਟ ਬਾਹਰਲੇ ਮੁਲਖ ਜਾਣ ਲਈ ਰਾਜ਼ੀ ਹੋ ਗਿਆ।…ਬਾਹਰ ਜਾਣ ਲੱਗਿਆਂ ਵੱਡੇ ਭਰਾ ਨੇ ਛੋਟੇ ਭਰਾ ਨੂੰ ਆਖਿਆ ਮੈਂ ਤੈਨੂੰ ਪੈਸੇ ਭੇਜਾਂਗਾ ਇੰਤਜ਼ਾਰ ਕਰੀਂ ਪਰ ਮੈਂ ਇੱਕੋ ਵਾਰੀ ਭੇਜਣੇ ਆਂ ਧਿਆਨ ਨਾਲ ਵਰਤੀਂ।
ਕਈ ਸਾਲ ਬੀਤ ਗਏ ਛੋਟੇ ਭਰਾ ਨੇ ਵਿਆਹ ਕਰਵਾ ਲਿਆ, ਉਹਦੇ ਬੱਚੇ ਹੋ ਗਏ.. ਫਿਰ ਅਚਾਨਕ ਬਾਹਰ ਗਏ ਭਰਾ ਨੇ ਬਹੁਤ ਵੱਡੀ ਰਕਮ ਭੇਜ ਦਿੱਤੀ..ਵੱਡੀ ਰਕਮ ਵੇਖਕੇ ਘਰ ਵਾਲੀ ਕਹਿੰਦੀ ਆਪਾਂ ਕੋਠੀ ਪਾਈਏ ਅਤੇ ਗੱਡੀ ਲਈਏ ਪਰ ਉਹ ਨਾ ਮੰਨਿਆ ਉਸਨੇ ਕਰਿਆਨੇ ਦੀ ਬਹੁਤ ਵੱਡੀ ਦੁਕਾਨ ਖੋਲ੍ਹ ਲਈ,ਥੋਕ ਦਾ ਕੰਮ ਏਨਾ ਚੱਲਿਆ ਕਿ ਉਹਨੇ ਆਪਣਾ ਟਰੱਕ ਖਰੀਦਿਆ ਫਿਰ ਕੋਠੀ ਅਤੇ ਫਿਰ ਗੱਡੀ ਵੀ ਖਰੀਦ ਲਈ।
ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਸੇਠ ਨੇ ਘਰ ਵਾਲੀ ਨੂੰ ਦੱਸਿਆ ਕਿ ਅਗਰ ਆਪਾਂ ਉਸ ਰਕਮ ਨਾਲ ਘਰ ਬਣਾ ਲੈਂਦੇ ਤਾਂ ਘਰ ਚੋਂ ਦੁਕਾਨ ਨਹੀਂ ਸੀ ਬਣਨੀ.. ਆਪਾਂ ਦੁਕਾਨ ਪਾ ਲਈ, ਦੁਕਾਨ ਵਿੱਚੋਂ ਪਲਾਟ,ਕੋਠੀ, ਗੱਡੀ, ਟਰੱਕ ਅਤੇ ਕਿੰਨਾ ਈ ਹੋਰ ਕੁਛ ਬਣਾ ਲਿਆ ਆਪਾਂ।
ਬਲਦੇਵ ਸਿੰਘ ‘ਪੂਨੀਆਂ’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly