ਪੁਨਰ ਜਨਮ ਦੀ ਵਿਆਖਿਆ ਤੇ ਤਰਕਸ਼ੀਲ ਸੁਸਾਇਟੀ ਦੀ ਸੂਬਾ ਮੀਟਿੰਗ ਹੋਈ। ਸੰਗਰੂਰ, (ਰਮੇਸ਼ਵਰ ਸਿੰਘ)

(ਸਮਾਜ ਵੀਕਲੀ)-ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਇਕ ਪਰੈਸ ਬਿਆਨ ਰਾਹੀਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਤੇ ਜੋਨ ਮੁਖੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਜਥੇਬੰਦਕ ਮੁਖੀ ਹੇਮਰਾਜ ਸਟੈਨੋ ਦੀ ਪਰਧਾਨਗੀ ਵਿੱਚ ਹੋਈ।ਮੀਟਿੰਗ ਦਾ ਵਿਸ਼ੇਸ਼ ਅਜੰਡਾ ਪੰਜ ਗਰਾਈਆਂ ਪਿੰਡ ਦੀ ਲੜਕੀ ਦੇ ਪੁਨਰ ਜਨਮ ਸੰਬੰਧੀ ਵਾਇਰਲ ਵੀਡੀਓਜ਼ ਸੀ।ਸਾਰਿਆਂ ਦੀ ਸਾਂਝੀ ਰਾਏ ਸੀ ਕਿ ਜੇ ਲੜਕੀ ਦੇ ਮਾਪੇ ਪੁਨਰ ਜਨਮ ਸੰਬੰਧੀ ਪੜਤਾਲ ਕਰਵਾਉਣ ਦੀ ਸਹਿਮਤੀ ਦਿੰਦੇ ਹਨ ਤਾਂ ਪੰਚਾਇਤ ਦੀ ਹਾਜ਼ਰੀ ਵਿੱਚ ਤਰਕਸ਼ੀਲ ਸੁਸਾਇਟੀ ਪੜਤਾਲ ਕਰਨ ਲਈ ਤਿਆਰ ਹੈ ਅਤੇ ਪੁਨਰ ਜਨਮ ਦੀ ਵਿਸਥਾਰਤ ਵਿਗਿਆਨਕ ਵਿਆਖਿਆ ਜ਼ਰੂਰ ਦਿਤੀ ਜਾਵੇਗੀ।ਇਸ ਸੰਬੰਧੀ ਸਮੇਂ ਸਮੇਂ ਕੀਤੀਆਂ ਪੜਤਾਲਾਂ ਬਾਰੇ ਵੀ ਜ਼ਿਕਰ ਕੀਤਾ ਜਾਵੇਗਾ। ਹੇਮ ਰਾਜ ਸਟੈਨੋ ਨੇ ਕਿਹਾ ਤਰਕਸ਼ੀਲ ਸੁਸਾਇਟੀ ਇਕ ਜਥੇਬੰਦਕ ਤੇ ਵਿਚਾਰਧਾਰਕ ਸੰਸਥਾ ਹੈ, ਉਹ ਲੋਕਾਂ ਸਾਹਮਣੇ ਹਰ ਵਰਤਾਰੇ/ਘਟਨਾ ਦੀ ਵਿਗਿਆਨਕ ਵਿਆਖਿਆ ਨਾਲ ਸਚਾਈ ਪੇਸ਼ ਕਰਦੀ ਹੈ ।ਇਸ ਘਟਨਾ ਦੀ ਵਿਆਖਿਆ ਪਰਿੰਟ ਤੇ ਇਲੈਕਟਰੋਨਿਕ ਮੀਡੀਏ ਤੇ ਦੇਣ ਲਈ ਪਰੈਸ ਕਾਨਫਰੰਸ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਪੁਨਰ ਜਨਮ ਸੰਬੰਧੀ ਇਕ ਵਿਸਥਾਰਤ ਰਿਪੋਰਟ ਤਰਕਸ਼ੀਲ ਸੁਸਾਇਟੀ ਦੇ ਯੂ ਟਿਊਬ ਚੈਨਲ ਤਰਕਸ਼ੀਲ ਟੀ ਵੀ ਤੇ ਦੇਣ ਲਈ ਸੂਬਾ ਮੁਖੀ ਰਜਿੰਦਰ ਭਦੌੜ ਨੂੰ ਜਿਮੇਵਾਰੀ ਸੌਂਪੀ ਗਈ।ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਤਰਕਸ਼ੀਲ ਸੁਸਾਇਟੀ ਦੀ ਹੁਣ ਤਕ ਦੀਆਂ ਪੜਤਾਲਾਂ ਵਿੱਚ ਇਹ ਸਿੱਟਾ ਨਿਕਲਿਆ ਹੈ ਕਿ ਪੁਨਰ ਜਨਮ ਦੀਆਂ ਗੱਲਾਂ ਬੱਚੇ ਵਿੱਚ ਤਿੰਨ ਤੋਂ ਪੰਜ ਸਾਲ ਦੀ ਉਮਰ ਵਿੱਚ ਉਤਪੰਨ ਹੁੰਦੀਆਂ ਹਨ।ਬੱਚਾ ਆਪਣੇ ਪੁਨਰ ਜਨਮ ਸੰਬੰਧੀ ਕੁੱਝ ਗੱਲਾਂ ਕਰਦਾ ਹੈ ਜੇਕਰ ਉਸਦੀਆਂ ਗੱਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਉਹ ਛੇ ਕੁ ਸਾਲ ਦੀ ਉਮਰ ਵਿੱਚ ਜਾ ਕੇ ਇਹ ਗੱਲਾਂ ਆਪਣੇ ਆਪ ਬੰਦ ਕਰ ਦਿੰਦਾ ਹੈ ਜੋ ਕਿ ਇਕ ਮਾਨਸਿਕ ਅਵੱਸਥਾ ਅਧੀਨ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਬੱਚੇ ਵਲੋਂ ਕਹੀਆਂ ਗੱਲਾਂ ਤੇ ਯਕੀਨ ਕਰਕੇ ਜੇਕਰ ਉਸ ਵੱਲੋਂ ਦੱਸੇ ਸ਼ਹਿਰ /ਪਿੰਡ ਵਿੱਚ ਲਜਾਇਆ ਜਾਵੇ ਤਾਂ ਉਥੇ ਕੁੱਝ ਵੀ ਨਹੀਂ ਮਿਲਦਾ ਪਰ ਜਦੋਂ ਪੁਨਰ ਜਨਮ ਵਿੱਚ ਯਕੀਨ ਕਰਨ ਵਾਲੇ ਲੋਕੀਂ ਇਸ ਗਲ ਲਈ ਯਤਨਸ਼ੀਲ ਹੁੰਦੇ ਹਨ ਤਾਂ ਕੋਈ ਨਾ ਕੋਈ ਲੜੀ ਦੋਹਾਂ ਪਰਿਵਾਰਾਂ ਨੂੰ ਜਾਨਣ ਵਾਲੀ ਇਕ ਦੂਜੇ ਦੇ ਪਰਿਵਾਰਾਂ ਬਾਰੇ ਦੱਸਣ ਵਾਲੀ ਸ਼ਾਮਲ ਹੋ ਜਾਂਦੀ ਹੈ।ਉਸ ਸਮੇਂ ਕੁੱਝ ਕੁ ਗੱਲਾਂ ਉਹ ਬੱਚਾ ਸੰਬੰਧਿਤ ਪਰਿਵਾਰਾਂ ਦੀ ਗ੍ਰਹਿਣ ਕਰ ਲੈਂਦਾ ਹੈ।ਆਗੂਆਂ ਦੱਸਿਆ ਕਿ ਸੁਸਾਇਟੀ ਨੇ ਹੁਣ ਤਕ ਜਿੰਨੇ ਵੀ ਕੇਸਾਂ ਦੀ ਪੜਤਾਲ ਕੀਤੀ ਹੈ, ਬੱਚਾ 8ਤੋਂ10 ਸਵਾਲਾਂ ਦੇ ਜਵਾਬ ਹੀ ਦੇ ਪਾਉਂਦਾ ਹੈ।ਬਹੁਤ ਸਾਰੇ ਸਵਾਲ ਜਿਹੜੇ ਪਿਛਲੇ ਜਨਮ ਨਾਲ ਅਤੀ ਨੇੜਿਓਂ ਸੰਬੰਧ ਰੱਖਦੇ ਹੁੰਦੇ ਹਨ ਉਨ੍ਹਾਂ ਦੇ ਜਵਾਬ ਉਹ ਬੱਚਾ ਨਹੀਂ ਦੇ ਪਾਉਂਦਾ।ਸੋ ਤਰਕਸ਼ੀਲ ਸੁਸਾਇਟੀ ਪੁਨਰ ਜਨਮ ਨੂੰ ਸੱਚ ਨਹੀਂ ਮੰਨਦੀ।ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਮਾਸਟਰ ਰਜਿੰਦਰ ਭਦੌੜ, ਬਲਵੀਰ ਲੌਂਗੋਵਾਲ,ਗੁਰਪਰੀਤ ਸ਼ਹਿਣਾ, ਜੁਝਾਰ ਲੌਂਗੋਵਾਲ,ਰਜੇਸ਼ ਅਕਲੀਆ, ਸੁਖਦੇਵ ਧੂਰੀ ਨੇ ਸ਼ਮੂਲੀਅਤ ਕੀਤੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੈਦਲ ਮਾਰਚ ਕੱਢਿਆ
Next articleਮਾਂ-ਬੋਲੀ