ਸਟੈਂਡਰਡ ….!

ਜਸਵਿੰਦਰ ਸਿੰਘ ਚਾਹਲ (ਮਾਨਸਾ)

(ਸਮਾਜ ਵੀਕਲੀ) “ਕੀ ਹਾਲ ਐ ਬਾਈ ਨਛੱਤਰਾ, ਤਕੜਾ ਜੁਆਕ ਜੱਲਾ?”,,,,, “ਚੜ੍ਹਦੀ ਕਲਾ ਬਖਤੌਰ ਸਿਆਂ ਆਪਣੀ ਦੇ ਗੱਲ”,,, ਮੇਹਰ ਬਾਈ ਦਾਤੇ ਦੀ,,,,,, “ਚਲੋ ਮੇਹਰ ਚਾਹੀਦੀ ਆ”,,,,,,

ਸਾਈਕਲ ਵੀ ਵਧੀਆ ਸਵਾਰੀ ਆ, ਬਾਈ ਨਛੱਤਰਾ,,  ਹੱਥ ਪੈਰ ਚਲਦੇ ਰਹਿੰਦੇ ਆ,,ਤੁਰੇ ਜਾਂਦੇ ਦੁੱਖ-ਸੁੱਖ ਕਰ ਲੈਨੇ ਆ,,,,, ਨਹੀਂ ਤਾਂ ਜੁਆਕ ਜੇ ਕਾਰ ਚ ਬਹਾ ਕੇ ਸ਼ੀਸ਼ੇ ਕਰ ਲੈਂਦੇ ਐ ਬੰਦ,,,,,, ਨਾ ਕਿਸੇ ਦਾ ਮੂੰਹ ਦਿਸੇ ਨਾ ਮੱਥਾ,,,,, ਅਖੇ ਬਾਪੂ ਸ਼ੀਸ਼ੇ ਬੰਦ ਕਰ ਲਾ, ਏ.ਸੀ. ਲਾਕੇ ਕਾਰ ਠੰਡੀ ਕਰੀਏ,,,,,, ਮਖਿਆ ਪਹਿਲਾਂ ਦਿਮਾਗ ਠੰਡੇ ਕਰੋ ਪਤੰਦਰੋ,,,,,
ਉੱਤੋਂ ਆਹ ਗਾਉਣ ਵਜਾਉਣ ਜਾ ਲਾ ਦਿੰਦੇ ,,,,,ਅਖੇ ਬਾਪੂ ਆਹ ਕਲਾਕਾਰ ਦੀ ਫੁੱਲ ਚੜ੍ਹਾਈ ਆ,,,,,, ਮਖਿਆ ਕਮਲਿਆ ਕਲਾ ਦੀ ਚੜ੍ਹਾਈ ਨੀ ਹੁੰਦੀ, ਗਹਿਰਾਈ ਹੁੰਦੀ ਆ,,, ਕਾਸ਼!!!ਤੇਰੇ ਚੜ੍ਹੇ ਹੋਏ ਕਲਾਕਾਰ ਇਹ ਗੱਲ ਸਮਝ ਲੈਂਦੇ,,,,,,
ਅੱਗੋਂ ਕਹਿੰਦਾ “ਬਾਪੂ ਤੈਨੂੰ ਕੀ ਪਤਾ ਮੀਲੀਅਨ ਵਿਊ ਹੁੰਦੇ ਆ ਅਗਲਿਆਂ ਦੇ “,,,,,,,, ਟਰੈਂਡ ‘ਚ ਆ ,,
ਮਖਿਆ, ਕਮਲਿਆ ਵਿਊ ਮਸ਼ੀਨਾਂ ਦੇ ਹੁੰਦੇ ਆ ਤੇ ਰਾਇ ਬੰਦਿਆਂ ਦੀ,,,, ਪੈਸੇ ਕਮਾਉਣੇ ਸੋਖੇ ਆ ਪਰ ਬੰਦੇ ਕਮਾਉਣੇ ਬਹੁਤ ਔਖੇ, ਤੇਜ ਨੇਰ੍ਹੀ ਥੋੜ੍ਹਾ ਚਿਰ ਈ ਚੱਲਦੀ ਐ, ਵਗਣਾ ਤਾਂ ਰੁਮਕਦੀ ਹਵਾ ਨੇ ਈ ਹੁੰਦੈ,,,,
“ਸਹੀ ਗੱਲ ਆ ਬਖਤੌਰ ਸਿੰਆ, ਪਹਿਲਾਂ ਢੱਡ ਸਾਰੰਗੀ ਦੀ ਗੂੰਜ ‘ਤੇ ਖੂਨ ਖੌਲ ਜਾਂਦਾ ਸੀ, ਆਹ ਗੀਤ ਸੁਣ ਕੇ ਹੁਣ ਊਧਮ ਭਗਤ ਸਰਾਭੇ ਥੋੜ੍ਹਾ ਜੰਮਣਗੇ,,,, ਅਖੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ,,, ਸੇਵਾ ਕਾਹਦੀ ਪਤੰਦਰੋਂ, ਤੁਸੀਂ ਤਾਂ ਬੋਲੀ ਲਾ ਰੱਖੀ ਆ, ਆਪਣੀ ਬੋਲੀ ਦੀ,,,,
ਊੜਾ ਕਿੰਨੇ ਦਾ ਵੇਚੋਗੇ, ਆੜਾ ਕਿੰਨੇ ਦਾ ਵੇਚੋਗੇ,,,, ਰੱਬ ਈ ਜਾਣੇ,,,
“ਜਿਉਂਦੇ ਵਸਦੇ ਰਹਿਣ ਵਿਚਾਰੇ ਜਿਹੜੇ ਚੰਗਾ ਗਾਉਂਦੇ ਆ,,,, ਉਹਨਾਂ ਕਰਕੇ ਹੀ ਕੰਮ ਟਿਕਿਆ ਹੋਇਆ,,,, ਨਹੀਂ ਤੁਸੀਂ ਤਾਂ ਪਟਾਕੇ ਪਾਉਣ ਨੂੰ ਮਿੰਟ ਲਾਉਂਦੇ ਓ,,,
ਬਾਈ ਨਛੱਤਰਾ, ਕੁਝ ਆਪਣਾ ਵੀ ਕਸੂਰ ਆ ਇਹਦੇ ‘ਚ, ਜਿਹੜੇ ਗੀਤਾਂ ਦੀ ਆਪਾਂ ਗੱਲ ਕਰਦੇ ਆ ਨਾ,ਸਾਡੇ ਵਿਆਹਾਂ ਵਿੱਚ ਸਭ ਤੋਂ ਵੱਧ ਭੰਗੜਾ ਇਹਨਾਂ ਗੀਤਾਂ ‘ਤੇ ਹੀ ਪੈਂਦੈ,,,, ਨਾ ਗੀਤ ਦੇ ਅਰਥ ਪਤਾ ਹੁੰਦੇ ਐ, ਕੀ ਜਨਾਨੀਆਂ, ਕੀ ਬੰਦੇ ਮਸਤ ਹੋ ਕੇ ਭੰਗੜਾ ਪਾ ਰਹੇ ਹੁੰਦੇ ਆ,,, ਆਹ ਜਿਹੜੇ ਗਾਉਣ ਵਾਲੇ ਸਾਡੀਆਂ ਧੀਆਂ ਨੂੰ ਪਟਾਕੇ, ਟੋਟੇ, ਮਾਲ ,ਪਟੋਲੇ ਕਹੀ ਜਾਂਦੇ ਆ ਨਾ,,,, ਸਾਡੀਆਂ ਧੀਆਂ ਉਹਨਾ ਦੀਆਂ ਫੈਨ ਅਖਵਾਉਣ ‘ਚ ਮਾਣ ਕਿਉਂ ਮਹਿਸੂਸ ਕਰਦੀਆਂ ਨੇ ????? ਇਹ ਗੱਲ ਵੀ ਸਮਝ ਤੋਂ ਬਾਹਰ ਆ,,,,,,
‘ਸਰਤਾਜ’ ਨੇ ਵੇਖ ਕਿੰਨਾ ਸੋਹਣਾ ਗਾਇਆ,,,,,,
     ਤੇਰਾ ਖੂਨ ਠੰਡਾ ਹੋ ਗਿਆ ਏ, ਖੌਲਦਾ ਨਹੀਂ ਏ,
     ਇਹੋ ਵਿਰਸੇ ਦਾ ਮਸਲਾ, ਮਖੌਲ ਦਾ ਨਹੀ ਏ,
     ਤੈਨੂੰ ਅਜੇ ਨੀ ਖ਼ਿਆਲ ਪਤਾ ਓਦੋਂ ਹੀ ਲੱਗੂਗਾ,
     ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜ਼ਹਿਰੀ ਹੋ ਗਿਆ
ਸਾਡੇ ਵਿਆਹਾਂ ਵਿੱਚ ਖਾਣੇ ਸਟੈਂਡਰਡ ਦੇ ਹੋ ਸਕਦੇ ਆ, ਬਰਾਤ ਵਾਲੀਆਂ ਗੱਡੀਆਂ ਸਟੈਂਡਰਡ ਦੀਆਂ ਹੋ ਸਕਦੀਆਂ, ਸਜਾਵਟ ਵਾਲੇ ਫੁੱਲ  ਸਟੈਂਡਰਡ ਦੇ  ਹੋ ਸਕਦੇ ਆ, ਪੈਲੇਸ ਸਟੈਂਡਰਡ ਦੇ ਹੋ ਸਕਦੇ ਆ,,,,
 ,,,,,ਪਰ ਡੀ. ਜੇ. ਤੇ ਚੱਲਣ ਵਾਲੇ ਗੀਤਾਂ ਵਾਰੀ ਸਟੈਂਡਰਡ ਵਾਹਲਾ ਈ ਡੇਗ ਲੈਂਦੇ ਆ,,,,,, ਕਾਸ਼!! ਕਿਤੇ ਗੀਤਾਂ ਦੀ ਵੀ ਲਿਸਟ ਬਣਾ ਕੇ ਡੀ ਜੇ ਵਾਲੇ ਭਾਈ ਨੂੰ ਦੇਈਏ,,, ਕਿ ਇਹਨਾਂ ਤੋਂ ਬਿਨਾਂ ਕੋਈ ਵੀ ਐਰਾ ਗੈਰਾ ਗੀਤ ਨੀ ਵੱਜੂਗਾ,,,,,
ਚਲ ਬਖਤੌਰ ਸਿੰਹਾਂ! ਆਪਾਂ ਗੱਲ ਸਮਝਾਉਣੀ ਸੀ, ਸਮਝਾਤੀ,,,,, ਮੰਨਣੀ ਨਾ ਮੰਨਣੀ ਹੁਣ ਅਗਲਿਆਂ ਦੀ ਮਰਜ਼ੀ ਐ,,,,,,
“ਚੱਲ ਮਾਰ ਪੈਡਲ, ਫੇਰ ਵਾਟ ਨਿਬੇੜੀਏ”,,,,,,,,,,,,,,,
                ਜਸਵਿੰਦਰ ਸਿੰਘ ਚਾਹਲ (ਮਾਨਸਾ) 
                    9876915035
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੋਕ ਸਭਾ ਦੇ ਨਤੀਜਿਆਂ ਨੇ ਕਈਆਂ ਨੂੰ ਕੀਤਾ ਹੈਰਾਨ ਤੇ ਕਈਆਂ ਨੂੰ ਪ੍ਰੇਸ਼ਾਨ
Next articleਬੁੱਧ ਚਿੰਤਨ/ ਬੁੱਧ ਸਿੰਘ ਨੀਲੋਂ