ਜੰਮੂ (ਸਮਾਜ ਵੀਕਲੀ): ਜੰਮੂ ਕਸ਼ਮੀਰ ’ਚ ਮਸ਼ਹੂਰ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਅੱਜ ਵੱਡੇ ਤੜਕੇ ਭਗਦੜ ਮਚਣ ਕਾਰਨ 12 ਸ਼ਰਧਾਲੂਆਂ ਹਲਾਕ ਅਤੇ 16 ਹੋਰ ਜ਼ਖ਼ਮੀ ਹੋ ਗਏ। ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਕੁਝ ਲੜਕਿਆਂ ’ਚ ਮਾਮੂਲੀ ਝੜਪ ਹੋਈ ਸੀ ਅਤੇ ਕੁਝ ਸਕਿੰਟਾਂ ’ਚ ਹੀ ਉਥੇ ਭਗਦੜ ਵਾਲੇ ਹਾਲਾਤ ਬਣ ਗਏ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਫੌਰੀ ਹਰਕਤ ’ਚ ਆਇਆ ਅਤੇ ਭੀੜ ਨੂੰ ਸ਼ਾਂਤ ਕੀਤਾ ਪਰ ਉਸ ਸਮੇਂ ਤੱਕ ਜਾਨੀ ਨੁਕਸਾਨ ਹੋ ਚੁੱਕਾ ਸੀ। ਭਗਦੜ ਵੱਡੇ ਤੜਕੇ ਕਰੀਬ ਢਾਈ ਵਜੇ ਗੇਟ ਨੰਬਰ ਤਿੰਨ ਨੇੜੇ ਮੱਚੀ ਸੀ। ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮਾਤਾ ਵੈਸ਼ਨੋ ਦੇਵੀ ਨਾਰਾਇਣ ਸੁਪਰਸਪੈਸ਼ਲਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਦੋ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ।
ਇਕ ਸ਼ਰਧਾਲੂ ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਮੰਦਰ ’ਚ ਲੋਕਾਂ ਦੀ ਭਾਰੀ ਭੀੜ ਸੀ ਅਤੇ ਫਰਸ਼ ’ਤੇ ਸੁੱਤੇ ਪਏ ਕੁਝ ਲੋਕ ਦਰੜੇ ਗਏ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਮ੍ਰਿਤਕਾਂ ’ਚ ਉੱਤਰ ਪ੍ਰਦੇਸ਼ ਦੇ ਅਰੁਣ ਪ੍ਰਤਾਪ ਸਿੰਘ (30), ਧਰਮਵੀਰ ਸਿੰਘ (35), ਵਿਨੀਤ ਕੁਮਾਰ (38), ਮੋਨੂ ਸ਼ਰਮਾ (32), ਮਹਿੰਦਰ ਗੌੜ (26), ਨਰਿੰਦਰ ਕਸ਼ਯਪ (40) ਤੇ ਸ਼ਮਤਾ ਸਿੰਘ (35), ਹਰਿਆਣਾ ਦੀ ਮਮਤਾ (38), ਦਿੱਲੀ ਦੇ ਵਿਨੈ ਕੁਮਾਰ (24), ਅਕਸ਼ੈ ਕੁਮਾਰ (29) ਤੇ ਸੋਨੂ ਪਾਂਡੇ (24) ਅਤੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਧੀਰਜ ਕੁਮਾਰ (26) ਸ਼ਾਮਲ ਹਨ। ਪੰਜਾਬ ਦਾ ਇਕ ਨੌਜਵਾਨ ਸੁਮਿਤ ਵੀ ਜ਼ਖ਼ਮੀ ਹੋਇਆ ਹੈ ਜਿਸ ਦਾ ਹਸਪਤਾਲ ’ਚ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਥੋੜੀ ਦੇਰ ਬਾਅਦ ਹੀ ਮੰਦਰ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ ਸੀ।
ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਨੇ ਘਟਨਾ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਹਾਦਸੇ ਦੀ ਜਾਂਚ ਲਈ ਪ੍ਰਿੰਸੀਪਲ ਸਕੱਤਰ (ਗ੍ਰਹਿ) ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ ਜਿਸ ’ਚ ਜੰਮੂ ਦੇ ਏਡੀਜੀਪੀ ਅਤੇ ਡਿਵੀਜ਼ਨਲ ਕਮਿਸ਼ਨਰ ਮੈਂਬਰ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਸਮੇਤ ਕਸ਼ਮੀਰ ਦੀਆਂ ਹੋਰ ਪਾਰਟੀਆਂ ਨੇ ਵੀ ਘਟਨਾ ’ਤੇ ਅਫ਼ਸੋਸ ਜਤਾਇਆ ਹੈ। ਪੀਡੀਪੀ ਨੇ ਟਵੀਟ ਕਰਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਮਾੜੇ ਪ੍ਰਬੰਧਾਂ ਦੀ ਨਿਖੇਧੀ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly