(ਸਮਾਜ ਵੀਕਲੀ) ਅੰਜਨਾ ਮੈਨਨ ਇੱਕ ਸਮਰੱਥ ਸ਼ਾਇਰਾ ਹੈ। ਹਾਲਾ ਹੀ ਉਸਦਾ ਪਹਿਲਾ ਕਾਵਿ -ਸੰਗ੍ਰਹਿ ” ਕੱਕੀਆਂ ਕਣੀਆਂ “ਪ੍ਰਕਾਸ਼ਿਤ ਹੋਇਆ ਹੈ। ਇਹ ਕਾਵਿ ਸੰਗ੍ਰਹਿ ਨੂੰ ਪੜਦਿਆਂ ਉਸਦੇ ਅੰਦਰ ਪਈਆਂ ਅਸੀਮ ਕਾਵਿਕ ਸੰਭਾਵਨਾਵਾਂ ਨਜ਼ਰੀ ਪੈਂਦੀਆਂ ਹਨ। ਉਸ ਦੀ ਕਵਿਤਾ ਕਿਸੇ ਵਿਸ਼ੇਸ਼ ਵਿਚਾਰਧਾਰਿਕ ਜਾਵੀਏ ਨਾਲ਼ ਸੰਬੰਧਿਤ ਨਹੀਂ, ਉਹ ਤਾਂ ਮਨੁੱਖੀ ਜੀਵਨ ਦੇ ਸੂਖਮ ਪਸਾਰਾ ਨੂੰ ਆਪਣੇ ਕਾਵਿ ਸੰਵਾਦ ਵਿੱਚ ਬੰਨਦੀ ਹੈ। ਉਸਦੀ ਕਵਿਤਾ ਦੀਆਂ ਮਹੀਨ ਪਰਤਾਂ ਅੰਜਨਾ ਅਤੇ ਉਸ ਦੀ ਕਵਿਤਾ ਨੂੰ ਇੱਕ ਠੋਸ ਧਰਾਤਲ ਪ੍ਰਦਾਨ ਕਰਦੀਆਂ ਹਨ। ਉਸ ਦੀ ਕਵਿਤਾ ਵਿੱਚ ਆਈ ਸਥਿਰਤਾ ਅਤੇ ਗਤੀਸ਼ੀਲਤਾ ਉਸਦੇ ਕਾਵਿ ਸਰੋਕਾਰਾਂ ਨੂੰ ਮਾਨਵੀ ਸੰਵੇਦਨਾ ਦੀ ਛਿੱਟ ਪ੍ਰਦਾਨ ਕਰਦੀ ਹੈ। ਉਹ ਨਿੱਜ ਤੋਂ ਸ਼ੁਰੂ ਹੋ ਕੇ,ਸਮਾਜਿਕ ਤਾਣੇ ਬਾਣੇ ਦੇ ਅਣਛੋਹੇ ,ਅਦਿੱਖ ਵਰਤਾਰਿਆਂ ਨੂੰ ਵਿਸ਼ਲੇਸ਼ਿਤ ਕਰਦੀ ਹੈ।ਅੰਜਨਾ ਮੈਨਨ ਜਿੱਥੇ ਪਦਾਰਥਵਾਦੀ ਸੋਚ ਸਦਕਾ ਲਾਲਸਾਵਾਂ ਵਿੱਚ ਲਲਸਾਏ ਮਨੁੱਖ ਬਾਰੇ ਗੱਲ ਕਰਦੀ ਹੈ, ਉੱਥੇ ਉਸਦੀ ਕਵਿਤਾ ਦਾ ਜਲੌਅ ਹਨੇਰੇ ਸਮਿਆਂ ਵਿੱਚ ਪ੍ਰਜਵਲਿਤ ਹੋਣ ਵਾਲ਼ੀ ਆਭਾ ਨੂੰ ਵੀ ਰੂਪਮਾਨ ਕਰਦਾ ਹੈ। ਇਹ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਮਰਦ ਦੇ ਅਸਤਿਤਵ ਨਾਲ਼ ਜੁੜੇ ਵਰਤਾਰਿਆਂ ਅਤੇ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕਰ, ਔਰਤ ਨੂੰ ਸੰਕੁਚਿਤ ਦਾਇਰਿਆਂ ਤੋਂ ਬਾਹਰ ਨਿੱਕਲਣ ਲਈ ਪ੍ਰੇਰਦੀਆਂ ਹਨ। ਪ੍ਰਵਚਨੀ ਸੁਰ ਵਿੱਚ ਕਿ ਪੇਸ਼ ਹੋਈ ਉਸਦੀ ਕਵਿਤਾ ਕਈ ਮਿੱਥਾਂ ਅਤੇ ਭਰਮਾਂ ਨੂੰ ਵੀ ਤੋੜਦੀ ਹੈ ਕਿ ਸਾਨੂੰ ਨਾਰੀ ਹੋਂਦ ਅਤੇ ਹਸਤੀ ਬਾਰੇ ਸੋਚਣ ਲਈ ਮਜ਼ਬੂਰ ਵੀ ਕਰਦੀ ਹੈ। ਅੰਜਨਾ ਮੈਨਨ ਆਪਣੀ ਕਵਿਤਾ ਜ਼ਰੀਏ ਨਿੱਜ ਤੋਂ ਪਾਰ ਤੱਕ ਜਾ ਨੈਤਿਕ ਪ੍ਰਤੀਮਾਨਾਂ ਤੇ ਸਮਾਜੀ ਸਰੋਕਾਰਾਂ ਨਾਲ਼ ਜੁੜਦੀ ਹੈ।
ਅਜੋਕਾ ਮਨੁੱਖ ਅਮਲੀ ਜੀਵਨ ਤੋਂ ਆਪਣੇ ਆਪ ਨੂੰ ਲਾਂਭੇ ਕਰ ਬੈਠਾ ਹੈ। ਬਨਾਵਟਪੁਣਾ ਇਸਦੇ ਜੀਵਨ ਦੇ ਜਿਉਂਣ ਦਾ ਆਧਾਰ ਬਣ ਗਿਆ ਹੈ । ਅੰਜਨਾ ਇਸ ਤਬਦੀਲੀ ਪ੍ਰਤੀ ਸੁਚੇਤ ਹੈ। ਇਸੇ ਲਈ ਉਹ ਪਰਿਵਰਤਨ ਨੂੰ ਸਾਕਾਰਾਤਮਕ ਅਰਥਾਂ ਵਿੱਚ ਸਵੀਕਾਰ ਦੀ ਹੈ। ਉਹ ਆਪਣੀ ਕਵਿਤਾ ਵਿੱਚ ਪਵਨ ਗੁਰੂ ਪਾਣੀ ਪਿਤਾ ਦੇ ਮੁੱਲਵਾਨ ਅਰਥਾਂ ਨੂੰ ਉਗਾੜਨ ਦਾ ਯਤਨ ਕਰਦੀ ਹੋਈ, ਮਨੁੱਖ ਨੂੰ ਆਕ੍ਰਿਤਘਣੀ ਨਾ ਬਣ ਕੇ ਜੀਵਨ ਸੰਗਰਾਮ ਲਈ ਪ੍ਰੇਰਦੀ ਹੈ-
ਸਿਰਫ਼ ਪੜ੍ਹ ਹੀ ਨਾ
ਅਮਲ ਵੀ ਕਰ
ਪਾਣੀ ਹੀ ਜੀਵਨ ਹੈ
ਖ਼ਬਰਾਂ ਹੀ ਨਾ ਸੁਣ
ਸੰਗਰਾਮ ਲੜ
ਤਬਦੀਲੀ ਹੀ ਜੀਵਨ ਹੈ
ਅਕ੍ਰਿਤਘਣ ਨਾ ਹੋ
ਸਦਾਚਾਰੀ ਬਣ
ਅਮਲ ਹੀ ਜੀਵਨ ਹੈ,,,
ਕੁਦਰਤੀ ਰਹਿਤਲ ਵਿੱਚ ਹਰ ਜੀਵ ਸੁਤੰਤਰਤਾ ਦਾ ਅਧਿਕਾਰੀ ਹੈ। ਜੋ ਪ੍ਰਾਣੀ ਗੁਲਾਮ ਬਣ ਜਾਂਦੇ ਹਨ ਜਾਂ ਬਣਾ ਲਏ ਜਾਂਦੇ ਹਨ। ਉਨ੍ਹਾਂ ਅੰਦਰ ਆਜ਼ਾਦ ਪਲਾਂ ਨੂੰ ਮਾਨਣ ਦੀ ਘੁੱਟਣ ਭਰੀ ਰੀਝ ਸ਼ਾਇਰਾ ਦੀ ਤਵੱਕੋ ਦਾ ਜਾਨਦਾਰ ਹਾਸਲ ਬਣਿਆ ਹੈ, ਤੇ ਉਹ ਲਿਖਦੀ ਹੈ-
ਓ ਰੱਬਾ ਖੈੜਾ ਛੁੱਟੂ
ਮਾਸਕ ਦੀ ਗੁਲਾਮੀ ਤੋਂ
ਜਰਾ ਸੋਚ
ਕਿਵੇਂ ਸਦੀਆਂ ਤੋਂ
ਮੂੰਹ ਸਿਰ ਲਪੇਟੀ
ਹੱਥ ਪੈਰ ਬੰਨ ਕੇ ਰਹਿੰਦੀ ਹੈ
ਪਰਦੇ ‘ਚ ਬੁਰਕੇ ‘ਚ ਔਰਤ,,,
ਅੰਜਨਾ ਮੈਨਨ ਇਹ ਵੀ ਜਾਣਦੀ ਹੈ ਕਿ ਸ਼ੀਸ਼ਿਆਂ ਚ ਕੈਦ ਰੰਗ ,ਨਵੇਂ ਰੰਗਾਂ ਨੂੰ ਨਹੀਂ ਉਗਾੜ ਸਕਦੇ। ਉਸ ਨੂੰ ਇਲਮ ਹੈ ਕਿ ਮਿਲਾਪ ਵਿੱਚੋਂ ਹੀ ਨਵੀਂ ਉਤਪੱਤੀ ਹੁੰਦੀ ਹੈ। ਇਹ ਮਿਲਾਪ ਭਾਵੇਂ ਰੰਗਾ ਦਾ ਹੋਵੇ , ਰੂਹਾਂ ਦਾ ਹੋਵੇ ਜਾਂ ਬਰੂਹਾਂ ਦਾ ਹੋਵੇ। ਰੰਗਾਂ ਤੇ ਮਿਲਾਪ ਨੂੰ ਲੈ ਕੇ ਸ਼ਾਇਰਾ ਦਾ ਨਜ਼ਰੀਆ ਲਿਆਕਤ, ਨਜ਼ਾਕਤ ਅਤੇ ਸਿਰਜਣਾ ਵਾਲ਼ਾ ਆਸ਼ਾਵਾਦੀ ਹੈ-
ਲੈ, ਰੰਗਾਂ ਦਾ ਕੀ ਏ
ਭੋਲਿਆ ਰੰਗ ਤਾਂ ਉਦੋਂ ਹੀ ਨਿਖਰਦੇ ਨੇ
ਜਦ ਇਹ ਬਿਖਰਦੇ ਨੇ
ਸਾਂਤ, ਚੁੱਪ ਬੀਤੇ ਤੇ ਕੈਦੀ
ਰੰਗਾਂ ਦੀ ਭਲਾ ਕੀ ਰੰਗਤ,,,
ਸਮਾਜ ਵਿੱਚ ਔਰਤ ਦੀ ਸਥਿਤੀ ਬਾਰੇ ਉਹ ਬੜੀ ਸਪਸ਼ਟ ਹੈ-
ਮੇਰੀ ਰੂਹ ਵਿੱਚ ਵੀ
ਅਹਿਸਾਸ ,ਆਪਣਾਪਣ ,ਆਤਮ ਸਨਮਾਨ
ਭਰਿਆ ਹੈ ਪਰ ਸਮਾਜ ਦੀ ਮੁੱਖਧਾਰਾ ਦੀਆਂ
ਸੋਚਾਂ ,ਸ਼ਰਤਾਂ ,ਸਹੂਲਤਾਂ
ਮੇਰੇ ਵੱਲ ਪਿੱਠ ਕਰੀਂ ਖਲੋਤੀਆਂ ਨੇ,,,
ਅਤੀਤ ਦੀ ਪਟਾਰੀ ਵਿੱਚ ਜੀਵਨ ਦੇ ਅਣਸੁਲਝੇ ਰਾਜ ਹੁੰਦੇ ਹਨ । ਜਿਨਾਂ ਨੂੰ ਸੁਲਝਾਉਣਾ ਅੱਗੇ ਪਾ, ਅਸੀਂ ਉਂਝ ਹੀ ਸਾਂਭ ਕੇ ਰੱਖ ਲੈਂਦੇ ਹਾਂ ,ਆਉਣ ਵਾਲ਼ਾ ਕੋਈ ਨਾ ਕੋਈ ਪਲ ਇਹਨਾਂ ਨੂੰ ਸੁਲਝਾਉਣ ਦਾ ਜ਼ਿੰਮਾ ਆਪਣੇ ਸਿਰ ਲੈਂਦਾ ਹੈ ਸ਼ਾਇਰਾ ਇਸ ਵਰਤਾਰੇ ਨੂੰ ਇੱਕ ਵੱਖਰੇ ਜੁਜ ਵਜੋਂ ਚਿਤਵਦੀ ਅਤੇ ਚਿੱਤਰਦੀ ਹੈ-
ਕੁਝ ਤਰੀਖਾਂ
ਬਹੁਤ ਭਾਰੀਆਂ ਹੋ ਜਾਂਦੀਆਂ
ਹਰ ਮਾਹ, ਹਰ ਸਾਲ
ਹਾਦਸਿਆਂ ਦਾ ਗ੍ਰਹਿਣ
ਹੰਢਾਉਂਦੀਆਂ ਨੇ
ਉਹ ਬੀਤਦੀਆਂ ਨਹੀਂ
ਉਥੇ ਹੀ ਜੰਮ ਜਾਂਦੀਆਂ ਨੇ
ਫਿਰ ਹੌਲ਼ੀ ਹੌਲ਼ੀ
ਚੋਰੀ ਚੋਰੀ, ਚੁੱਪ ਚੁਪੀਤੇ
ਸਿੰਮਦੀਆਂ ਰਹਿੰਦੀਆਂ ਨੇ,,,
ਸ਼ਾਇਰਾ ਫ਼ਿਕਰਮੰਦ ਹੈ ,ਅਜੋਕੀ ਸਿੱਖਿਆ ਪ੍ਰਣਾਲੀ ਦੀ ਘੁੱਟੀ ਜਾ ਰਹੀ ਸੰਘੀ ਪ੍ਰਤੀ। ਉਸ ਦੇ ਅੰਦਰ ਇੱਕ ਹੌਂਕਾ ਪਲ ਰਿਹਾ ਹੈ ,ਜੋ ਉਸਨੂੰ ਵਿਦਿਆ ਪ੍ਰਣਾਲੀ ਵਿੱਚ ਆ ਰਹੇ ਨਿਘਾਰ ਪ੍ਰਤੀ ਚਿੰਤਿਤ ਵੀ ਕਰਦਾ ਹੈ ਅਤੇ ਚੇਤਨ ਵੀ। ਉਹ ਲਿਖਦੀ ਹੈ-
ਐ ਵਤਨਪ੍ਰਸਤੋ ਸਾਵਧਾਨ
ਸਕੂਲ,ਹੋਟਲ ,ਲਾਇਬਰੇਰੀ ਅਤੇ ਸੜਕਾਂ ਵੀ
ਸਭ ਰਤੋ ਰੰਜ ਨੇ
ਮਜ਼੍ਹਬੀ ਤਾਂਡਵ ਨੇ ਵਿਦਿਆ ਦੇ ਪੰਨੇ
ਚੀਰ ਫਾੜ ਦਿੱਤੇ ਨੇ,,,
ਸ਼ਾਇਰਾਂ ਨੇ ਰਿਸ਼ਤਿਆਂ ਦੇ ਨਿੱਘ ਨੂੰ, ਰਿਸ਼ਤਿਆਂ ਚ ਆਈਆਂ ਤਰੇੜਾਂ ਨੂੰ, ਰਸੋਈ ਦੀ ਮਹਿਕ ਨਾਲ਼ ਜਿਉਂਣ ਜੋਗੇ ਵੀ ਕੀਤਾ ਹੈ ਅਤੇ ਰਸੋਈ ਅੰਦਰਲੀ ਸੁੱਚਤਾ ਨਾਲ਼ ਇਹਨਾਂ ਨੂੰ ਸਬੂਤੇ ਕਰਨ ਦਾ ਵਲ ਵੀ ਦੱਸਿਆ ਹੈ-
ਕੁਝ ਰਿਸ਼ਤੇ
ਅੜਕਦੇ, ਤਿੜਕਦੇ
ਸ਼ਰੀਕਾਂ ਦੇ ਸਰੋਕਾਰ ਜਿਹੇ
ਮੈਂ ਮਿਰਚਾਂ ਵਿੱਚ
ਨਿੰਬੂ ,ਰਾਈ ਪਾ ਅਚਾਰ ਵਾਂਗੂ
ਟਿਕਾ ਦਿੰਦੀ ਹਾਂ
ਕੁਝ ਰਿਸ਼ਤੇ
ਨਾ ਟੁੱਟਣ ਨਾ ਛੁੱਟਣ
ਮੈਂ ਵੀ ਸਾਂਭ ਸੰਵਾਰ
ਦੇ ਰੁਤੇ ਨੀਵਿਆਂ ਵਾਂਗੂ ਫਰੀਜ਼ਰ ‘ਚ
ਲਗਾ ਦਿੰਦੀ ਹਾਂ,,,
ਅਸਹਿ ਦਮਨ ਪ੍ਰਾਣੀ ਨੂੰ ਦਮਿਤ ਹੋਣ ਦਾ ਅਜਿਹਾ ਅਹਿਸਾਸ ਕਰਵਾ ਜਾਂਦਾ ਹੈ ਕਿ ਉਹ ਸਵੈ ਦੇ ਸਵੈ ਹੋਣ ਤੋਂ ਮਨਫ਼ੀ ਹੋਣ ਲੱਗਦਾ ਹੈ ਉਹ ਪ੍ਰਾਣੀ ਦੀ ਵੇਦਨਾ ਬਾਰੇ ਸ਼ਾਇਰਾ ਲਿਖਦੀ ਹੈ-
ਉਮਰਾਂ ਜੀ ਲੈਂਦੀਆਂ
ਲੰਘਾ ਲੈਂਦੀਆਂ
ਅਖੀਰ ਹੌਂਕਾ ਲੈਂਦੀਆਂ ਕਿ
ਕਾਸ਼ ! ਉਹ ਵੀ ਮੁੰਡਾ ਹੁੰਦੀਆਂ,,,
ਅੰਜਨਾ ਦੀ ਕਵਿਤਾ ਵਿੱਚ ਔਰਤ ਦਾ ਉਲਾਂਭਾ ਹੈ, ਬੱਚੀਆਂ ਦੀ ਮਾਸੂਮੀਅਤ ਹੈ, ਕੁੜੀਆਂ ਦੀਆਂ ਅਧੂਰੀਆਂ ਰਹਿ ਜਾਂਦੀਆਂ ਰੀਝਾਂ ਤੇ ਚਾਅ ਹਨ ,ਮਰਦ ਪੁਣੇ ਦਾ ਪਛਤਾਵਾ ਹੈ ।ਜਿਵੇਂ-
ਮੇਰੀ ਸੁੱਚੀ ਆਤਮਾ ਕੰਬ ਉੱਠਦੀ ਹੈ
ਲਹੂ ਜੰਮਣ ਲੱਗਦਾ
ਦਿਮਾਗ਼ ਸੁੰਨ ਹੋ ਜਾਂਦਾ
ਸ਼ਾਂਤੀ ਸ਼ੋਰ ਗੂੰਜ ਦਾ
ਤ੍ਰਬਕ ਕੇ ਕਾਲਜਾ ਹੱਥ ਫੜ
ਘਿਨਾਉਣੀ ਰਾਤ ਦੀ ਸਰਦਲ ਤੋਂ
ਪਿਛਾਹ ਹੋ ਜਾਂਦਾ ਹਾਂ
ਅਤੇ ਆਪਣੇ ਮਰਦ ਪੁਣੇ ਨੂੰ ਲੁਕਾਉਣ ਦੀ
ਕੋਸ਼ਿਸ਼ ਕਰਦਾ ਹਾਂ,,,
ਦੁਨੀਆਂ ਦੇ ਹਰ ਸਮਾਜ ਵਿੱਚ ਤੀਸਰੇ ਜੈਂਡਰ ਦੇ ਲੋਕ ਮਿਲਦੇ ਹਨ। ਲਗਭਗ ਹਰ ਸਮਾਜ ਇਹਨਾਂ ਪ੍ਰਤੀ ਤ੍ਰਿਸਕਾਰ ਦੀ ਭਾਵਨਾ ਰੱਖਦਾ ਹੈ ਪ੍ਰੰਤੂ ਇਤਿਹਾਸ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ ,ਜੋ ਇਹਨਾਂ ਦੀ ਮੌਜੂਦਾ ਸਮਾਜਿਕ ਸਥਿਤੀ ਦੇ ਉਲਟ ਇਹਨਾਂ ਦੀ ਸਮਾਜਿਕ ਭਾਗੇਦਾਰੀ ਨੂੰ ਦਰਸਾਉਂਦੀਆਂ ਹਨ , ਜਿਵੇਂ ਅਲਾਉਦੀਨ ਖਿਲਜੀ ਨੇ ਆਪਣੀ ਸੈਨਾ ਦਾ ਕਮਾਂਡਰ ਇੱਕ ਹਿਜੜੇ ਨੂੰ ਬਣਾਇਆ ਸੀ ਜਿਸ ਦੀ ਕਮਾਂਡ ਹੇਠ ਉਸਨੇ ਕਈ ਵੱਡੇ ਮੋਰਚੇ ਸਰ ਕੀਤੇ ਸਨ। ਇਸੇ ਤਰ੍ਹਾਂ ਚੀਨ ਵਿੱਚ ਚਾਉ ਦੇ ਸਮੇਂ ਹੀ ਜਿਹੜੇ ਰਾਜਸੀ ਸਲਾਹਕਾਰ ਦੇ ਤੌਰ ਤੇ ਕੰਮ ਕਰਦੇ ਰਹੇ ਹਨ ਪਰ ਸਮਕਾਲ ਵਿੱਚ ਹਰ ਸਮਾਜ ਇਹਨਾਂ ਨੂੰ ਤ੍ਰਿਸਕਾਰ ਦਾ ਹੀ ਹੈ। ਸ਼ਾਇਰਾਂ ਨੇ ਆਪਣੀ ਕਵਿਤਾ ਜਰੀਏ ਇਹਨਾਂ ਦੀ ਸਮਾਜਿਕ ਸਥਿਤੀ ਬਾਰੇ ਬੜੀ ਭਾਵੁਕ ਸੁਰ ਵਿੱਚ ਲਿਖਿਆ ਹੈ-
ਮੈਂ ਹੀ ਜਿਹੜਾ ਖੁਸਰਾ ਜਾਂ ਕਿੰਨਰ ਹਰਦਮ
ਹਾਸ਼ੀਏ ਤੋਂ ਅਜੇ ਵੀ ਦੂਰ ਹੀ ਰੱਖਿਆ ਗਿਆ ਹਾਂ
ਅਛੂਤ ਔਤਰਾ ਅਜਨਬੀ ਬਣ
,,,
ਸੋਚਾਂ ਸ਼ਰਤਾਂ ਸਹੂਲਤਾਂ
ਮੇਰੇ ਵੱਲ ਪਿੱਠ ਕਰੀ ਖਲੋਤੀਆਂ ਨੇ,,,
ਉਪਰੋਕਤ ਸਰੋਕਾਰਾਂ ਵਾਂਗ ਇਹ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਬਹੁਤ ਸਾਰੇ ਹੋਰ ਸਰੋਕਾਰ ਹਨ, ਜੋ ਅੰਜਨਾ ਮੈਨਨ ਦੀ ਕਾਵਿਕ ਸਮਰੱਥਾ ਦਾ ਹਾਸਿਲ ਬਣੇ ਹਨ, ਇਹ ਸਰੋਕਾਰ ਉਸਦੀਆਂ ਕਵਿਤਾਵਾਂ ਵਿੱਚ ਸਿਰਫ਼ ਮੂਲ ਧੁਨੀ ਵਜੋਂ ਨਹੀਂ ਉਭਰਦੇ, ਸਗੋਂ ਇਹਨਾਂ ਕਵਿਤਾਵਾਂ ਵਿੱਚ ਕੇਂਦਰੀ ਥੀਮ ਵਜੋਂ ਵੀ ਪ੍ਰਵਾਹਿਤ ਹੋਏ ਹਨ। ਉਹ ਆਪਣੀਆਂ ਕਵਿਤਾਵਾਂ ਵਿੱਚ ਮਾਨਵਵਾਦੀ ਸਮਾਜਿਕ ਪਰਿਪੇਖ ਨੂੰ ਉਸਾਰਨ ਵਿੱਚ ਪੂਰਨ ਸਫ਼ਲ ਹੋਈ ਹੈ ਇਸ ਕਾਵਿ ਸੰਗ੍ਰਹਿ ਲਈ ਅੰਜਨਾ ਮੈਨਨ ਨੂੰ ਮੁਬਾਰਕਬਾਦ।
……….._………….
ਰਾਮਪਾਲ ਸ਼ਾਹਪੁਰੀ (ਡਾ.)
9914886310



