HOME ਬਸਪਾ ਨੇ ਧੁਲੇਤਾ ਗੁਰੂ ਘਰ ਦਾ ਮੋਰਚਾ ਫਤਿਹ ਕੀਤਾ, ਡੀਸੀ ਤੇ...

ਬਸਪਾ ਨੇ ਧੁਲੇਤਾ ਗੁਰੂ ਘਰ ਦਾ ਮੋਰਚਾ ਫਤਿਹ ਕੀਤਾ, ਡੀਸੀ ਤੇ ਐਸਐਸਪੀ ਖਿਲਾਫ ਕਾਰਵਾਈ ਕੀਤੀ ਜਾਵੇ : ਡਾ. ਕਰੀਮਪੁਰੀ

1

ਜਲੰਧਰ    (ਸਮਾਜ ਵੀਕਲੀ)   ਫਿਲੌਰ ਦੇ ਪਿੰਡ ਧੁਲੇਤਾ ਦੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦਾ ਮੋਰਚਾ ਬਸਪਾ ਨੇ ਸੰਗਤ ਦੇ ਸਹਿਯੋਗ ਨਾਲ ਫਤਿਹ ਕਰ ਲਿਆ ਹੈ। ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਆਪ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਗੁਰੂ ਘਰ ਦੀਆਂ ਕੰਧਾਂ ਤੋੜ ਕੇ ਬੇਅਦਬੀ ਕੀਤੀ ਗਈ ਸੀ, ਜਿਸਦੇ ਵਿਰੋਧ ਵਿੱਚ ਬਸਪਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਕਰੀਬ ਇੱਕ ਮਹੀਨੇ ਤੋਂ ਲਗਾਤਾਰ ਅੰਦੋਲਨ ਕੀਤਾ ਗਿਆ, ਜਿਸਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ। ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ ਸੂਬੇ ਭਰ ਵਿੱਚ ਅੰਦੋਲਨ ਕਰਨ ਤੋਂ ਬਾਅਦ ਧੁਲੇਤਾ ਗੁਰੂ ਘਰ ਨੂੰ ਪਹਿਲਾਂ ਵਾਲੀ ਸਥਿਤੀ ਮੁਤਾਬਕ ਬਣਾਉਣ ਲਈ ਸਰਕਾਰ ਮਜਬੂਰ ਹੋਈ ਹੈ। ਇਹ ਬਸਪਾ ਦੇ ਅੰਦੋਲਨ ਤੇ ਸੰਗਤਾਂ ਦੇ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਘਰ ਦੀ ਬੇਅਦਬੀ ਲਈ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਗਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸਦੇ ਨਾਲ-ਨਾਲ ਗੁਰੂ ਘਰ ਨੂੰ ਤੋੜਨ ਵਿੱਚ ਭੂਮਿਕਾ ਨਿਭਾਉਣ ਵਾਲੇ ਡੀਸੀ ਤੇ ਐਸਐਸਪੀ ਜਲੰਧਰ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ। ਬਸਪਾ ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਕਿਹਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਹੋਇਆ ਸੀ, ਉਦੋਂ ਕਾਂਗਰਸ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ। ਹੁਣ ਜਦੋਂ ਆਪ ਸਰਕਾਰ ਦੌਰਾਨ ਗੁਰਦਾਸਪੁਰ ਵਿੱਚ ਸਤਿਗੁਰੂ ਕਬੀਰ ਜੀ ਦਾ ਗੁਰੂ ਘਰ ਤੋੜਨ ਤੇ ਧੁਲੇਤਾ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀ ਬੇਅਦਬੀ ਕਰਨ ਦੀਆਂ ਕਾਰਵਾਈਆਂ ਹੋ ਰਹੀਆਂ ਹਨ ਤਾਂ ਆਮ ਆਦਮੀ ਪਾਰਟੀ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਨੂੰ ਗੁਰੂਆਂ ਦੇ ਸਨਮਾਨ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਹਨ। ਉਨ੍ਹਾਂ ਨੂੰ ਅਜਿਹੀ ਸਰਕਾਰ ਵਿੱਚ ਨਹੀਂ ਰਹਿਣਾ ਚਾਹੀਦਾ, ਜਿਹੜੀ ਗੁਰੂਆਂ ਦੀ ਬੇਅਦਬੀਆਂ ਕਰਦੀ ਹੋਵੇ। ਉਨ੍ਹਾਂ ਕਿਹਾ ਕਿ ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਪਰਿਨਿਰਵਾਣ ਦਿਵਸ ’ਤੇ ਬਸਪਾ 9 ਅਕਤੂਬਰ ਨੂੰ ਫਿਲੌਰ ਵਿੱਚ ਸੂਬਾ ਪੱਧਰੀ ਮਹਾਰੈਲੀ ਕਰੇਗੀ। ਇਸ ਮਹਾਰੈਲੀ ਵਿੱਚ ਧੁਲੇਤਾ ਗੁਰੂ ਘਰ ਮੋਰਚੇ ਦੀ ਜਿੱਤ ਦੀ ਖੁਸ਼ੀ ਮਨਾਈ ਜਾਵੇਗੀ, ਇਸਦੇ ਨਾਲ ਹੀ ਬਸਪਾ ਅਗਲੇ ਪ੍ਰੋਗਰਾਮ ਉਲੀਕੇਗੀ। ਡਾ. ਕਰੀਮਪੁਰੀ ਨੇ ਕਿਹਾ ਕਿ ਧੁਲੇਤਾ ਗੁਰੂ ਘਰ ਦੇ ਅੰਦੋਲਨ ਵਿੱਚ ਫਿਲੌਰ ਦੀ ਬਸਪਾ ਟੀਮ ਤੀਰਥ ਰਾਜਪੁਰਾ, ਲਾਲ ਚੰਦ ਔਜਲਾ, ਖੁਸ਼ੀ ਰਾਮ ਸਰਪੰਚ, ਸੁਖਵਿੰਦਰ ਬਿੱਟੂ ਸਮੇਤ ਹੋਰ ਆਗੂਆਂ ਅਤੇ ਪੰਜਾਬ ਦੀ ਲੀਡਰਸ਼ਿਪ ਵਿੱਚੋਂ ਸੂਬਾ ਕੋਆਰਡੀਨੇਟਰ ਤੇ ਵਿਧਾਇਕ ਡਾ. ਨਛੱਤਰ ਪਾਲ, ਅਜੀਤ ਸਿੰਘ ਭੈਣੀ, ਚੌਧਰੀ ਗੁਰਨਾਮ ਸਿੰਘ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਜਗਦੀਸ਼ ਸ਼ੇਰਪੁਰੀ, ਸਲਵਿੰਦਰ ਕੁਮਾਰ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਸੰਘਰਸ਼ ਲਈ ਬਸਪਾ ਲੀਡਰਸ਼ਿਪ ਵਧਾਈ ਦੀ ਪਾਤਰ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੈਸ਼ਨਲ ਹਾਈਵੇ ਤੇ ਸਤੁੰਨਲ ਵਿਗੜਨ ਨਾਲ ਪਲਟੀਆਂ ਟੈਂਪੂ, ਪਲਟੀ ਖਾ ਕੇ ਡਿਵਾਈਡਰ ਤੇ ਚੜ੍ਹਿਆ ,ਟੈਂਪੂ ਚਾਲਕ ਜਖਮੀ ਜਾਨੀ ਨੁਕਸਾਨ ਦਾ ਬਚਾਅ
Next articleਸਥਿਰਤਾ ਅਤੇ ਗਤੀਸ਼ੀਲਤਾ ਦਾ ਸੁਮੇਲ- ਕਾਵਿ- ਸੰਗ੍ਰਹਿ ” ਕੱਕੀਆਂ ਕਣੀਆਂ “