ਜੰਮੂ (ਸਮਾਜ ਵੀਕਲੀ): ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਮਾਰੇ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਸ਼ਹਿਰ ਦੇ ਜ਼ਕੂਰਾ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਆਰੰਭੀ ਸੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਲੁਕੇ ਹੋਏ ਅਤਿਵਾਦੀਆਂ ਨੇ ਬਲਾਂ ਉਤੇ ਗੋਲੀ ਚਲਾ ਦਿੱਤੀ। ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਕਰਨ ’ਤੇ ਮੁਕਾਬਲਾ ਸ਼ੁਰੂ ਹੋ ਗਿਆ ਤੇ ਦੋ ਦਹਿਸ਼ਤਗਰਦ ਮਾਰੇ ਗਏ। ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇ ਕਿਹਾ ਕਿ ਇਹ ਅਤਿਵਾਦੀ ਲਸ਼ਕਰ ਨਾਲ ਸਬੰਧਤ ਸੰਗਠਨ ‘ਦਿ ਰਜ਼ਿਸਟੈਂਸ ਫੋਰਸ’ (ਟੀਆਰਐਫ) ਨਾਲ ਜੁੜੇ ਹੋਏ ਸਨ। ਮਰਨ ਵਾਲਿਆਂ ਵਿਚੋਂ ਇਕ ਅਤਿਵਾਦੀ ਅਨੰਤਨਾਗ ਵਿਚ 29 ਜਨਵਰੀ ਨੂੰ ਹੋਈ ਹੈੱਡ ਕਾਂਸਟੇਬਲ ਦੀ ਹੱਤਿਆ ਵਿਚ ਵੀ ਸ਼ਾਮਲ ਸੀ। ਕਸ਼ਮੀਰ ਦੇ ਆਈਜੀਪੀ ਨੇ ਟਵੀਟ ਕੀਤਾ ਕਿ ਮਾਰਿਆ ਗਿਆ ਅਤਿਵਾਦੀ ਇਖ਼ਲਾਕ ਹਜਾਮ ਹੈੱਡ ਕਾਂਸਟੇਬਲ ਅਲੀ ਮੁਹੰਮਦ ਦੀ ਹੱਤਿਆ ਵਿਚ ਸ਼ਾਮਲ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly