- ਜ਼ਖ਼ਮੀਆਂ ’ਚੋਂ ਚਾਰ ਦੀ ਹਾਲਤ ਗੰਭੀਰ
- ਰਾਸ਼ਟਰਪਤੀ ਰਾਜਪਕਸੇ ਨੇ ਮੁਲਕ ’ਚ ਉਪਜੇ ਸੰਕਟ ਲਈ ਆਪਣੀ ਗ਼ਲਤੀ ਮੰਨੀ; ਸੁਧਾਰ ਦਾ ਅਹਿਦ ਕੀਤਾ
ਕੋਲੰਬੋ (ਸਮਾਜ ਵੀਕਲੀ): ਮੁਲਕ ਦੇ ਇਤਿਹਾਸ ਦੇ ਸਭ ਤੋਂ ਮਾੜੇ ਆਰਥਿਕ ਸੰਕਟ ਵਿਚ ਘਿਰੇ ਸ੍ਰੀਲੰਕਾ ਦੇ ਦੱਖਣ-ਪੱਛਮੀ ਇਲਾਕੇ ਰਾਮਬੁਕਾਨਾ ’ਚ ਅੱਜ ਪੁਲੀਸ ਵੱਲੋਂ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ’ਤੇ ਚਲਾਈ ਗਈ ਗੋਲੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 12 ਹੋਰ ਫੱਟੜ ਹੋ ਗਏ। ਸ਼ਹਿਰ ਵਾਸੀ ਤੇਲ ਕੀਮਤਾਂ ਵਿਚ ਵਾਧੇ ਦਾ ਵਿਰੋਧ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ। ਵੇਰਵਿਆਂ ਮੁਤਾਬਕ ਵੱਡੀ ਗਿਣਤੀ ਵਿਚ ਲੋਕ ਰੋਸ ਜ਼ਾਹਿਰ ਕਰਨ ਲਈ ਸੜਕਾਂ ਉਤੇ ਨਿਕਲੇ ਸਨ। ਜਨਤਕ ਥਾਵਾਂ ਉਤੇ ਵੀ ਲੋਕਾਂ ਦੀ ਵੱਡੀ ਭੀੜ ਜੁੜੀ ਹੋਈ ਸੀ। ਪੁਲੀਸ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਰਾਮਬੁਕਾਨਾ ਵਿਚ ਰੇਲ ਪਟੜੀ ਜਾਮ ਕਰ ਦਿੱਤੀ ਸੀ। ਜਦ ਉਨ੍ਹਾਂ ਨੂੰ ਪਟੜੀ ਖਾਲੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਪੁਲੀਸ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਪੁਲੀਸ ਦੇ ਤਰਜਮਾਨ ਨਿਹਾਲ ਥਲਡੁਵਾ ਨੇ ਦੱਸਿਆ ਕਿ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਪਰ ਉਨ੍ਹਾਂ ਇਕ ਤੇਲ ਟੈਂਕਰ ਤੇ ਥ੍ਰੀ-ਵੀਲ੍ਹਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਪਹਿਲਾਂ ਅੱਥਰੂ ਗੈਸ ਵਰਤੀ ਪਰ ਸਥਿਤੀ ਕਾਬੂ ਹੇਠ ਨਹੀਂ ਕੀਤੀ ਜਾ ਸਕੀ। ਇਸ ਤੋਂ ਬਾਅਦ ਗੋਲੀ ਚਲਾਉਣੀ ਪਈ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ।
ਦੱਸਣਯੋਗ ਹੈ ਕਿ ਕਰਜ਼ੇ ਦੇ ਭਾਰ ਹੇਠ ਦੱਬੇ ਪੂਰੇ ਸ੍ਰੀਲੰਕਾ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ। ਲੋਕ ਆਰਥਿਕ ਸੰਕਟ ਨਾਲ ਨਜਿੱਠਣ ਵਿਚ ਸਰਕਾਰ ਨੂੰ ਨਾਕਾਮ ਦੱਸ ਰਹੇ ਹਨ। ਉਹ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਦੀ ਸਰਕਾਰ ਤੋਂ ਅਸਤੀਫ਼ੇ ਦੀ ਮੰਗ ਵੀ ਕਰ ਰਹੇ ਹਨ। ਇਸੇ ਦੌਰਾਨ ਸ੍ਰੀਲੰਕਾ ਵਿਚ ਬੱਸਾਂ ਦਾ ਕਿਰਾਇਆ ਵੀ 35 ਪ੍ਰਤੀਸ਼ਤ ਤੱਕ ਵੱਧ ਗਿਆ ਹੈ। ਤੇਲ ਕੀਮਤਾਂ ਵਧਣ ਕਾਰਨ ਬਰੈੱਡ ਵੀ ਮਹਿੰਗਾ ਹੋ ਗਿਆ ਹੈ। ਦੇਸ਼ ਵਿਚਲਾ ਸ਼ੇਅਰ ਬਾਜ਼ਾਰ ਵੀ ਸੋਮਵਾਰ ਤੋਂ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ‘ਮੂਡੀ’ਜ਼ ਇਨਵੈਸਟਰਸ ਸਰਵਿਸ’ ਨੇ ਅੱਜ ਨਿਵੇਸ਼ ਦੇ ਮਾਮਲੇ ਵਿਚ ਸ੍ਰੀਲੰਕਾ ਦੀ ਦਰਜਾਬੰਦੀ ਘਟਾ ਦਿੱਤੀ ਹੈ। ਇਸੇ ਦੌਰਾਨ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਮੰਨਿਆ ਹੈ ਕਿ ਉਨ੍ਹਾਂ ਕੋਲੋਂ ਗਲਤੀਆਂ ਹੋਈਆਂ ਹਨ ਜਿਨ੍ਹਾਂ ਕਾਰਨ ਦੇਸ਼ ਆਰਥਿਕ ਸੰਕਟ ਵੱਲ ਧੱਕਿਆ ਗਿਆ ਹੈ। ਗੋਟਬਾਯਾ ਰਾਜਪਕਸਾ ਨੇ ਅਹਿਦ ਕੀਤਾ ਹੈ ਕਿ ਉਹ ਇਨ੍ਹਾਂ ਨੂੰ ਸੁਧਾਰਨਗੇ। ਰਾਜਪਕਸਾ ਅੱਜ 17 ਨਵੇਂ ਚੁਣੇ ਕੈਬਨਿਟ ਮੰਤਰੀਆਂ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਦੀਵਾਲੀਆ ਹੋਣ ਦੀ ਕਗਾਰ ਉਤੇ ਹੈ। ਇਸ ਨੇ ਆਪਣੇ ਕੁੱਲ 25 ਅਰਬ ਡਾਲਰ ਦੇ ਵਿਦੇਸ਼ੀ ਕਰਜ਼ੇ ’ਚੋਂ ਇਸੇ ਸਾਲ ਸੱਤ ਅਰਬ ਡਾਲਰ ਦੀ ਅਦਾਇਗੀ ਕਰਨੀ ਹੈ। ਵਿਦੇਸ਼ੀ ਮੁਦਰਾ ਨਾ ਹੋਣ ਕਾਰਨ ਮੁਲਕ ਕੋਲ ਬਾਹਰੋਂ ਚੀਜ਼ਾਂ ਮੰਗਵਾਉਣ ਲਈ ਵੀ ਪੈਸੇ ਨਹੀਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly