HOME ਸ੍ਰੀ ਗੁਰੂ ਰਵਿਦਾਸ ਜੀ ਮਨੁੱਖੀ ਬਰਾਬਰੀ ਦਾ ਜਿਉਂਦਾ-ਜਾਗਦਾ ਸਿਧਾਂਤ ਸਨ ਜਿਨ੍ਹਾਂ ਜਾਤ-ਪਾਤ...

ਸ੍ਰੀ ਗੁਰੂ ਰਵਿਦਾਸ ਜੀ ਮਨੁੱਖੀ ਬਰਾਬਰੀ ਦਾ ਜਿਉਂਦਾ-ਜਾਗਦਾ ਸਿਧਾਂਤ ਸਨ ਜਿਨ੍ਹਾਂ ਜਾਤ-ਪਾਤ ਦੀਆਂ ਦੀਵਾਰਾਂ ਨੂੰ ਤੋੜਿਆ : ਭਾਈ ਰਜਿੰਦਰਪਾਲ ਸਿੰਘ

2

ਅਮਰਗੜ੍ਹ- (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਸ੍ਰੀ ਗੁਰੂ ਰਵਿਦਾਸ ਜੀ ਸਿਰਫ਼ ਇੱਕ ਸੰਤ ਹੀ ਨਹੀਂ ਸਨ ਸਗੋਂ ਉਹ ਮਨੁੱਖੀ ਬਰਾਬਰੀ ਦਾ ਜਾਗਦਾ ਹੋਇਆ ਸਿਧਾਂਤ ਸਨ, ਜਿਨ੍ਹਾਂ ਨੇ ਕਰਮ-ਭਗਤੀ ਤੇ ਸੱਚਾਈ ਨੂੰ ਮਨੁੱਖ ਦੀ ਅਸਲੀ ਪਛਾਣ ਬਣਾਇਆ।ਉਨ੍ਹਾਂ ਜਾਤ-ਪਾਤ, ਉੱਚ-ਨੀਚ ਤੇ ਝੂਠੇ ਅਹੰਕਾਰ ਦੀਆਂ ਦੀਵਾਰਾਂ ਨੂੰ ਢਾਹ ਦਿੱਤਾ ਸੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਕਥਾਵਾਚਕ ਭਾਈ ਰਜਿੰਦਰਪਾਲ ਸਿੰਘ ਨਾਭਾ ਨੇ ਅੱਜ ਨੇੜਲੇ ਪਿੰਡ ਮੁਹਾਲੀ ਵਿਖ਼ੇ ਸੰਤ ਆਸ਼ਰਮ ਨਰੈਣ ਸਰ ਮੁਹਾਲੀ ਵਿਖ਼ੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਦੌਰਾਨ ਕਥਾ ਵਿਚਾਰਾਂ ਕਰਦਿਆਂ ਕੀਤਾ। ਗੁਰੂ ਜੀ ਦਾ ਜਨਮ ਮੰਡੂਆਡੀਹ ਸੀਰ ਗਵਰਧਨਪੁਰ ਨੇੜੇ ਬਨਾਰਸ ਕਾਂਸੀ (ਉਤਰ ਪ੍ਰਦੇਸ਼) ਵਿੱਚ ਹੋਇਆ।ਗੁਰੂ ਜੀ ਦੇ ਪਿਤਾ ਦਾ ਨਾਮ ਰਘੂ (ਰਾਘਵ) ਅਤੇ ਮਾਤਾ ਦਾ ਨਾਮ ਕਰਮਾਂ  ਬਾਈ ਸੀ।ਗੁਰੂ ਜੀ ਦੇ ਜਨ੍ਹਮ ਬਾਰੇ ਵੱਖੋ-ਵੱਖ ਵਿਚਾਰ ਧਾਰਵਾਂ ਪ੍ਰੱਚਲਿਤ ਹਨ।ਉਨ੍ਹਾਂ ਕਿਹਾ ਕਿ ਪ੍ਰਚਲਿਤ ਇਤਿਹਾਸ ਦੇ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ 1377 ਈ. ਵਿੱਚ ਮਾਘ ਦੀ ਪੂਰਨਮਾਸ਼ੀ ਦੇ ਦਿਨ ਐਤਵਾਰ ਨੂੰ ਹੋਇਆ।ਉਹਨਾਂ ਦਾ ਵਿਆਹ ਛੋਟੀ ਉਮਰ ਵਿੱਚ ਲੋਨਾ ਨਾਂ ਦੀ ਲੜਕੀ ਨਾਲ ਹੋਇਆ।ਉਹਨਾਂ ਦੇ ਘਰ ਇੱਕ ਪੁੱਤਰ ਵਿਜੇ ਦਾਸ ਦਾ ਜਨ੍ਹਮ ਹੋਇਆ।ਉਹਨਾਂ ਦੇ ਪਰਿਵਾਰ ਸੰਬੰਧੀ ਹੋਰ ਬਹੁਤੀ ਜਾਣਕਾਰੀ ਨਹੀਂ ਮਿਲਦੀ।ਗੁਰੂ ਜੀ ਦਾ ਬਚਪਨ ਤੋਂ ਹੀ ਪ੍ਰਮਾਰਥ ਵੱਲ ਝੁਕਾਅ ਸੀ।ਉਹ ਆਪਣੀ ਮਾਤਾ ਜੀ ਦੇ ਨਾਲ ਅਕਸਰ ਮਹਾਤਮਾਵਾਂ ਦੇ ਸਤਿਸੰਗ ਵਿੱਚ ਜਾਂਦੇ ਰਹਿੰਦੇ ਸਨ।ਉਹਨਾਂ ਦੇ ਹਿਰਦੇ ਵਿੱਚ ਸੰਤਾਂ-ਮਹਾਂਪੁਰਸ਼ਾਂ ਦੇ ਪ੍ਰਤੀ ਸ਼ਰਧਾ ਅਤੇ ਭਗਤੀ ਭਾਵ ਸੀ।ਸਿਰਫ 9 ਸਾਲ ਦੀ ਉਮਰ ਵਿੱਚ ਹੀ ਉਹਨਾਂ ਉੱਪਰ ਪ੍ਰਭੂ ਭਗਤੀ ਦਾ ਗੂੜ੍ਹਾ ਰੰਗ ਚੜ੍ਹ ਗਿਆ ਸੀ।ਭਗਤੀ ਦੇ ਨਾਲ ਉਹ ਕਿਰਤ ਕਰਦੇ ਹੋਏ,ਮਾਮੂਲੀ ਕੀਮਤ ਨਾਲ ਲੋਕਾਂ ਦੇ ਜੋੜੇ ਗੰਢਣ ਸਮੇਤ ਉਹ ਸਾਧੂ-ਸੰਤਾਂ ਦੇ ਮੁਫਤ ਵਿੱਚ ਜੋੜੇ ਬਣਾ ਵੀ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਘਰ ਗ੍ਰਹਿਸਤੀ ਤੋਂ ਵੱਖਰਾ ਕਰ ਦਿੱਤਾ।ਪਰ ਉਹ ਆਪਣਾ ਪਿਤਾ ਪੁਰਖੀ ਕਿੱਤਾ ਕਰਨ ਦੇ ਨਾਲ-ਨਾਲ ਜੋੜੇ ਗੰਢਣ ਦਾ ਕੰਮ ਫਿਰ ਵੀ ਕਰਦੇ ਰਹੇ।ਇਸ ਦੇ ਨਾਲ ਹੀ ਗੁਰੂ ਜੀ ਦਸਾਂ-ਨੌਹਾਂ ਦੀ ਕਿਰਤ ਕਮਾਈ ਕਰਨ, ਰੱਬ ਦਾ ਸਿਮਰਨ ਕਰਨਾ,ਸਤਿਸੰਗ ਕਰਨ ਦਾ ਉਪਦੇਸ਼ ਵੀ ਦਿੰਦੇ ਰਹੇ।ਸ੍ਰੀ ਗੁਰੁ ਰਵਿਦਾਸ ਜੀ ਦੇ ਗੁਰੂ ਕੌਣ ਸਨ, ਇਸ ਵਿਸ਼ੇ ਸਬੰਧੀ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹਨ, ਪਰ ਪ੍ਰਚੱਲਿਤ ਇਤਿਹਾਸ ਦੇ ਅਨੁਸਾਰ ਸ਼੍ਰੀ ਗੁਰੁ ਰਵਿਦਾਸ ਜੀ ਕਬੀਰ ਸਾਹਿਬ ਨੂੰ ਆਪਣਾ ਵੱਡਾ ਭਰਾ ਮੰਨਦੇ ਸਨ ਅਤੇ ਉਹਨਾ ਦਾ ਗੁਰੂਆਂ ਵਾਂਗ ਹੀ ਸਤਿਕਾਰ ਕਰਿਆ ਕਰਦੇ ਸਨ। ਭਾਈ ਰਜਿੰਦਰਪਾਲ ਸਿੰਘ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਅਨੁਸਾਰ ਬੇਗਮਪੁਰਾ ਕੋਈ ਕਲਪਨਾ ਨਹੀਂ, ਸਗੋਂ ਇੱਕ ਐਸਾ ਸਮਾਜਿਕ ਸੁਪਨਾ ਹੈ, ਜਿੱਥੇ ਨਾ ਕੋਈ ਦੁੱਖੀ ਹੈ, ਨਾ ਕੋਈ ਦੱਬਿਆ ਹੋਇਆ ਬਲਕਿ ਇੱਥੇ ਸਭ ਬਰਾਬਰ ਅਤੇ ਸਭ ਆਜ਼ਾਦ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੇ ਜੋ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੈ, ਸ੍ਰੀ ਗੁਰੂ ਰਵਿਦਾਸ ਜੀ ਦੇ ਉਹ ਸ਼ਬਦ ਅੱਜ ਵੀ ਮਨੁੱਖਤਾ ਨੂੰ ਸਹੀ ਰਾਹ ਦਿਖਾਉਂਦੇ ਅਤੇ ਸਿਖਾਉਂਦੇ ਹਨ ਕਿ ਧਰਮ ਦੀ ਅਸਲ ਪਰਿਭਾਸ਼ਾ ਸੇਵਾ-ਪ੍ਰੇਮ ਅਤੇ ਇਨਸਾਫ਼ ਹੈ ਨਾ ਕਿ ਰਸਮਾਂ ਅਤੇ ਦਿਖਾਵਾ।ਸ੍ਰੀ ਗੁਰੂ ਰਵਿਦਾਸ ਜੀ ਆਪ-ਖੁਦ ਇੱਕ ਨਿਰੰਕਾਰ ਜੋਤ ਸਰੂਪ ਪਰਮਾਤਮਾ ਦੇ ਉਪਾਸ਼ਕ ਸਨ,ਉਨ੍ਹਾਂ ਨੇ ਹਮੇਸ਼ਾਂ ਮੂਰਤੀ ਪੂਜਾ ਦਾ ਜੋਰਦਾਰ ਖੰਡਨ ਕਰਕੇ,ਸੱਚੇ ਨਾਮ ਨੂੰ ਜਪਣਾ ਹੀ ਆਰਤੀ ਦਾ ਅਸਲ ਸੰਕਲਪ ਦਿੱਤਾ।ਉਨ੍ਹਾਂ ਦੱਸਿਆ ਕਿ 3 ਅਪ੍ਰੈਲ 1527 ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਜੋਤੀ-ਜੋਤ ਸਮਾ ਗਏ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾ ਦੀ ਚੋਣਾਂ ਕਰਵਾਈਆਂ ਜਾ ਰਹੀਆਂ
Next articleਨਸ਼ਿਆਂ ਤੋਂ ਦੂਰ ਰਹਿ ਕੇ ਹੀ ਸੁਪਨੇ ਪੂਰੇ ਹੋ ਸਕਦੇ ਹਨ:- ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)