ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਆਪਣੀਆਂ ਅੰਤਰੀਵ ਭਾਵਨਾਵਾਂ ਦਾ ਇਜ਼ਹਾਰ ਕਰਦਾ ਹੋਇਆ ਮੁਹੰਮਦ ਇਕਬਾਲ ਲਿਖਦਾ ਏ-

ਸੁਖਦੇਵ ਸਿੰਘ ਭੁੱਲੜ 
(ਸਮਾਜ ਵੀਕਲੀ)
ਸੁਖਦੇਵ ਸਿੰਘ ਭੁੱਲੜ

ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ।

ਹਿੰਦ ਕੋ ਇੱਕ ਮਰਦੇ ਕਾਮਿਲ ਨੇ ਜਗਾਇਆ ਖਾਬ ਸੇ।
  ਭਾਈ ਗੁਰਦਾਸ ਜੀ ਇਸ ਤਰ੍ਹਾਂ ਜ਼ਿਕਰ ਕਰਦੇ ਹਨ-
 ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹਿ ਪਠਾਇਆ॥
 ਕਲਿਜੁਗੁ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤਰੁ ਸੁਣਾਇਆ॥
 ਕਲਿ ਤਾਰਨ ਗੁਰੁ ਨਾਨਕ ਆਇਆ॥ (ਵਾਰ-੧,ਪਉੜੀ-੨੨)
   ਪਾਪਾਂ ਤੇ ਜ਼ੁਲਮਾਂ ਨਾਲ ਸੜਦੀ ਬਲਦੀ ਲੁਕਾਈ ਨੂੰ ਸ਼ਾਂਤ ਕਰਨ ਲਈ ਗੁਰੂ ਨਾਨਕ ਦੇਵ ਜੀ 20 ਵਿਸਾਖ ਸੰਮਤ 1526, ਵਿਸਾਖ ਸੁਦੀ ਤਿੰਨ ਨੂੰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ, ਪਿਤਾ ਮਹਿਤਾ ਕਾਲੂ ਜੀ ਦੇ ਘਰ ਅਵਤਾਰ ਧਾਰਿਆ।ਆਪ ਜੀ ਦੇ ਪਿਤਾ ਪਟਵਾਰੀ ਸਨ ਤੇ ਭੈਣ ਨਾਨਕੀ ਜੀ ਪੰਜ ਸਾਲ ਵੱਡੇ ਸੀ।
   ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਇੱਕ ਨਵੀਂ ਵਿਚਾਰਧਾਰਾ ਨੂੰ ਜਨਮ ਦੇ ਕੇ, ਸਿੱਖ ਧਰਮ ਦੀ ਨੀਂਹ ਰੱਖੀ।ਜਿਸ ਧਰਮ ਵਿੱਚ ਇੱਕ ਅਕਾਲ ਪੁਰਖ ਦੀ ਉਪਾਸ਼ਨਾ,ਫੋਕਟ ਕਰਮ-ਕਾਂਡ ਦਾ ਤਿਆਗ ਤੇ ਸ਼ੁਭ ਕਰਮਾਂ ਦਾ ਧਾਰਨੀ ਬਣਕੇ, ਆਪਣੇ ਆਚਰਣ ਨੂੰ ਉੱਚਾ ਤੇ ਸੁੱਚਾ ਰੱਖਣ ਦੀ ਸਿੱਖਿਆ ‘ਤੇ ਜ਼ੋਰ ਦਿੱਤਾ ਜਾਂਦਾ ਏ।ਊਚ-ਨੀਚ, ਛੂਤ-ਛਾਤ ਤੇ ਜਾਤ-ਪਾਤ ਦੇ ਬੰਧਨਾਂ ਤੋਂ ਅਜ਼ਾਦ ਹੋ ਕੇ, ਮਨੁੱਖਤਾ ਦੀ ਸੇਵਾ ਕਰਨੀ ਤੇ ਅੰਧ-ਵਿਸ਼ਵਾਸ਼ਾਂ ਦੇ ਭਰਮ ਜਾਲ ਵਿੱਚ ਫਸੇ ਹੋਏ ਲੋਕਾਂ ਨੂੰ ਸਹੀ ਸੇਧ ਦੇ ਕੇ ਸਹੀ ਰਸਤੇ ‘ਤੇ ਚੱਲਣ ਦਾ ਉਪਦੇਸ਼ ਦੇਣਾ।ਆਤਮਿਕ ਤੇ ਆਰਥਿਕ ਪੱਖੋਂ ਲੁੱਟੇ ਜਾ ਰਹੇ ਲੋਕਾਂ ਨੂੰ ਸੁਚੇਤ ਕਰਕੇ, ਲੁਟੇਰਿਆਂ ਤੇ ਠੱਗਾਂ ਦੀ ਅਸਲੀਅਤ ਦੱਸਣੀ।ਰਸਮੀ ਪਾਠ ਪੂਜਾ ਤੇ ਜੰਤਰ ਮੰਤਰ ਆਦਿਕ ਗਲਤ ਕੰਮਾਂ ਦਾ ਜ਼ੋਰਦਾਰ ਖੰਡਣ ਕਰਨਾ।ਸੱਚ ਦਾ ਹੋਕਾ ਦੇਣ ਲਈ ਤੇ ਸੱਚ ਦੇ ਪ੍ਰਚਾਰ ਹਿੱਤ ਉਸ ਵਕਤ ਦੇ ਪ੍ਰਚਲਤ ਧਾਰਮਿਕ ਆਗੂਆਂ : ਬ੍ਰਾਹਮਣਾਂ, ਕਾਜੀਆਂ, ਜੈਨੀਆਂ, ਜੋਗੀਆਂ ਤੇ ਰਾਜਸੀ ਨੇਤਾਵਾਂ ਦੀ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਿਆ।ਗੁਰੂ ਨਾਨਕ ਦੇਵ ਜੀ ਨੇ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਇੱਕ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਅਗਾਜ਼ ਕੀਤਾ।ਇੱਕ ਐਸੇ ਸਮਾਜ ਦੀ ਸਿਰਜਣਾ ਕੀਤੀ, ਜਿਹੜੀ ਸਮਾਂ ਪਾ ਕੇ ਸਿੱਖ ਧਰਮ ਵਜੋਂ ਸੰਸਾਰ ਮੰਚ ‘ਤੇ ਉਭਰੀ।
   ਜਦ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਸ ਵਕਤ ਭਾਰਤੀ ਲੋਕਾਂ ‘ਤੇ ਤਿੰਨ ਤਰ੍ਹਾਂ ਦੇ ਧਾਰਮਿਕ ਆਗੂਆਂ ਦਾ ਗਲਬਾ ਸੀ।ਜੋ ਆਪਣੇ ਨਿੱਜੀ ਲਾਭ ਜਾਂ ਸੁਆਰਥਾਂ ਦੀ ਪੂਰਤੀ ਲਈ ਧਾਰਮਿਕ ਭੇਖ ਬਣਾ ਕੇ, ਜਨਤਾਂ ਨੂੰ ਲੁੱਟ-ਲੁੱਟ ਕੇ ਖਾ ਰਹੇ ਸੀ।ਸਮਾਜ ਨੂੰ ਉਜਾੜਨ ਵਾਲੇ ਤੇ ਲੁਕਾਈ ਦੀ ਲੁੱਟ-ਖਸੁੱਟ ਕਰਨ ਵਾਲੇ ਬ੍ਰਾਹਮਣ, ਕਾਜ਼ੀ ਤੇ ਜੋਗੀ ਆਦਿਕ ਪੂਰੇ ਸਰਗਰਮ ਸਨ।ਗੁਰੂ ਸਾਹਿਬ ਜੀ ਨੇ ਆਪਣੀਬਾਣੀ ਵਿੱਚ ਧਾਰਮਿਕ ਆਗੂਆਂ ਨੂੰ ਲੋਕਾਂ ਦੇ ਉਜਾੜੇ ਦਾ ਕਾਰਣ ਦੱਸਦਿਆਂ ਹੋਇਆਂ ਬੜੀ ਜ਼ੋਰਦਾਰ ਅਵਾਜ਼ ਵਿੱਚ ਕਿਹਾ-
  ਕਾਦੀ ਕੂੜੁ ਬੋਲਿ ਮਲੁ ਖਾਇ॥
  ਬਾਹਮਣੁ ਨਾਵੈ ਜੀਆ ਘਾਇ॥
  ਜੋਗੀ ਜੁਗਤਿ ਨ ਜਾਣੈ ਅੰਧੁ॥
  ਤੀਨੇ ਓਜਾੜੇ ਕਾ ਬੰਧੁ॥
        (ਧਨਾਸਰੀ ਮ:੧, ਅੰਗ-੬੬੨)
   ਉਸ ਵਿਗੜੀ ਹੋਈ ਧਾਰਮਿਕ ਦਸ਼ਾ ਦਾ ਚਿੱਤਰ ਭਾਈ ਗੁਰਦਾਸ ਜੀ ਨੇ ਇਉਂ ਖਿੱਚਿਆ ਏ-
  ਭਈ ਗਿਲਾਨਿ ਜਗਤ ਵਿਚ, ਚਾਰ ਵਰਨ ਆਸ਼ਰਮ ਉਪਾਏ।
  ਦਸ ਨਾਮ ਸੰਨਿਆਸੀਆਂ, ਜੋਗੀ ਬਾਰਹਿ ਪੰਥ ਚਲਾਏ।
  ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ।
  ਬ੍ਰਾਹਮਣ ਬਹੁ ਪ੍ਰਕਾਰ ਕਰ, ਸ਼ਾਸ਼ਤਰ  ਵੇਦ ਪੁਰਾਣ ਲੜਾਏ।
  ਖਟ ਦਰਸ਼ਨ ਬਹੁ ਵੈਰ ਕਰ, ਨਾਲ ਛਤੀਸ ਪਾਖੰਡ ਰਲਾਏ।
  ਤੰਤ ਮੰਤ ਰਸਾਇਣਾਂ, ਕਰਾਮਾਤ ਕਾਲਖ ਲਪਟਾਏ।
  ਏਕਸ ਤੇ ਬਹੁ ਰੂਪ ਕਰ, ਰੂਪ ਕਰੂਪੀ ਘਣੇ ਦਿਖਾਏ।
  ਕਲਿਜੁਗ ਅੰਦਰ ਭਰਮ ਭੁਲਾਏ। (ਵਾਰ-੧,ਪਉੜੀ-੧੯)
   ਸਨਾਤਨ ਧਰਮ ਦੇ ਆਗੂ ਪੰਡਿਤਾਂ ਵਲੋਂ ਇੱਕ ਅਕਾਲ ਪੁਰਖ ਦਾ ਸਿਮਰਨ ਛੱਡ ਕੇ, ਤੇਤੀ ਕਰੋੜ ਦੇਵੀ-ਦੇਵਤਿਆਂ ਦੀ ਪੂਜਾ ਕਰਨੀ।ਸੂਰਜ, ਚੰਦ, ਹਵਾ, ਅਗਨੀ, ਪਾਣੀ, ਇੰਦਰ ਤੋਂ ਬਿਨਾਂ ਨਦੀਆਂ ਨਾਲਿਆਂ ਦੇ ਨਾਲ ਨਾਲ ਬ੍ਰਹਮਾਂ, ਵਿਸ਼ਨੂੰ, ਸ਼ਿਵਜੀ ਆਦਿ ਨੂੰ ਭਗਵਾਨ ਮੰਨਣਾ।ਸੱਪਾਂ, ਕਾਵਾਂ, ਮੱਗਰਮੱਛਾਂ ਜਿਹੇ ਜਾਨਵਰਾਂ ਤੋਂ ਇਲਾਵਾ ਨਿੰਮ, ਕਿੱਕਰ, ਜੰਡ, ਤੁਲਸੀ, ਬੋਹੜ, ਪਿੱਪਲ ਤੇ ਨਾਰੀਅਲ ਦੇ ਦਰਖਤਾਂ ਦੀ ਪੂਜਾ।ਜੰਤਰ ਮੰਤਰ, ਟੂਣੇ-ਟਾਮਣ, ਮੜ੍ਹੀਆਂ, ਕਬਰਾਂ, ਸਵਰਗ-ਨਰਕ, ਤੀਰਥ ਇਸ਼ਨਾਨ, ਵਰਤ, ਦਾਨ ਕਰਨਾ।ਧਾਰਮਿਕ ਅਸਥਾਨਾਂ ‘ਤੇ ਸਾਰਾ ਕੁੱਝ ਪੰਡਿਤਾਂ ਨੂੰ ਦਾਨ ਕਰਨ ਉਪਰੰਤ ਖੁਦਕੁਸ਼ੀ ਕਰਨੀ ਜਾਂ ਆਪਣੇ ਆਪ ਨੂੰ ਆਰੇ ਨਾਲ ਚਿਰਵਾ ਲੈਣਾ ਆਦਿ ਅੰਧ-ਵਿਸ਼ਵਾਸ਼ਾਂ ਕਾਰਣ ਆਪਾ-ਧਾਪੀ ਮੱਚੀ ਹੋਈ ਸੀ।ਭਾਈ ਗੁਰਦਾਸ ਜੀ ਜੀ ਦਾ ਕਥਨ ਹੈ-
  ਕਿਸੇ ਪੁਜਾਈ ਸਿਲਾ ਸੁੰਨ, ਕੋਈ ਗੋਰੀ ਮੜ੍ਹੀ ਪੁਜਾਵੈ।
  ਤੰਤਰ ਮੰਤਰ ਪਾਖੰਡ ਕਰਿ, ਕਲਹ ਕ੍ਰੋਧ ਬਹੁ ਵਾਦ ਵਧਾਵੈ।
  ਆਪੋ ਧਾਪੀ ਹੋਇ ਕੈ, ਨਿਆਰੇ ਨਿਆਰੇ ਧਰਮ ਚਲਾਵੈ।
  ਕੋਈ ਪੂਜੇ ਚੰਦ ਸੂਰ, ਕੋਈ ਧਰਤ ਅਕਾਸ਼ ਮਨਾਵੈ। (ਵਾਰ ੧, ਪ-੧੮)
  ਜਦ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਪੰਡਿਤ ਧਾਰਮਿਕ ਗ੍ਰੰਥਾਂ ਦਾ ਪਾਠ ਤਾਂ ਕਰ ਰਿਹਾ ਏ,  ਪਰ ਲਿਖਿਆ ਨਹੀਂ ਵਿਚਾਰ ਰਿਹਾ।ਮਾਇਆ ਦੀ ਖਾਤਰ ਲੋਕਾਂ ਨੂੰ ਮੱਤਾਂ ਦੇਣ ਦਾ ਢੌਂਗ ਰਚ ਰਿਹਾ ਏ-
  ਪੰਡਿਤ ਵਾਚਹਿ ਪੋਥੀਆਂ ਨਾ ਬੂਝਹਿ ਵੀਚਾਰ॥
  ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ॥
         (ਸਿਰੀਰਾਗ ਮ:੧, ਅੰਗ-੫੬)
   ਪੰਡਿਤ ਸੁਭਾ ਸ਼ਾਮ ਪਾਠ ਕਰਦਾ ਏ।ਗਲ ਵਿੱਚ ਜਨੇਊ, ਤੇੜ ਧੋਤੀ ਤੇ ਮੱਥੇ ‘ਤੇ ਤਿਲਕ ਵੀ ਲੱਗਾ ਏ।ਵੇਖਣ ਨੂੰ ਉਤੋਂ ਪੂਰਾ ਧਰਮੀ ਏ, ਪਰ ਗੁਣਾਂ ਪੱਖੋਂ ਅੰਦਰੋਂ ਖੋਖਲਾ ਏ।ਮੂੰਹੋਂ ਗੱਲਾਂ ਬੜੀਆਂ ਸੁੰਦਰ ਕਰਦਾ ਏ, ਪਰ ਪ੍ਰਭੂ ਪ੍ਰਾਪਤੀ ਵਲੋਂ ਖਾਲੀ ਏ।ਪੰਡਿਤ ਦਾ ਐਸਾ ਕਿਰਦਾਰ ਦੇਖ ਕੇ ਗੁਰੂ ਜੀ ਨੇ ਹੋਕਾ ਦਿੱਤਾ-
 ਪੜਿ ਪੁਸਤਕ ਸੰਧਿਆ ਬਾਦੰ॥
 ਸਿਲ ਪੂਜਸਿ ਬਗੁਲ ਸਮਾਧੰ॥
 ਮੁਖਿ ਝੂਠ ਬਿਭੂਖਣ ਸਾਰੰ॥ਤ੍ਰੈਪਾਲ ਤਿਹਾਲ ਬਿਚਾਰੰ॥
 ਗਲਿ ਮਾਲਾ ਤਿਲਕੁ ਲਿਲਾਟੰ॥ਦੁਇ ਧੋਤੀ ਬਸਤਰ ਕਪਾਟੰ॥
 ਜੋ ਜਾਣਸਿ ਬ੍ਰਹਮੰ ਕਰਮੰ॥ਸਭਿ ਫੋਕਟ ਨਿਸਚਉ ਕਰਮੰ॥
        (ਸਲੋਕ ਮ:੧, ਅੰਗ-1353)
  ਹਿੰਦੂ ਸਮਾਜ ਦੀ ਦੀ ਹਾਲਤ ਬਹੁਤ ਤਰਸਯੋਗ ਸੀ।ਉਹ ਕਿੰਨੀਆਂ ਥਾਵਾਂ ‘ਤੇ ਵੰਡਿਆ ਹੋਇਆ ਸੀ।ਸੁਣੋ, ਲਾਲਾ ਦੌਲਤ ਰਾਏ ਦੀ ਜ਼ੁਬਾਨੀ-‘ਇੱਕ (ਹਿੰਦੂ) ਗਣੇਸ਼ ਦਾ ਪੁਜਾਰੀ, ਦੂਜਾ ਭਰਾ ਸੂਰਜ ਦਾ, ਤੀਜਾ ਸ਼ਿਵਜੀ ਦਾ, ਚੌਥਾ ਵਿਸ਼ਨੂੰ ਦਾ, ਪੰਜਵਾਂ ਰਾਮ ਬੰਸੀ, ਛੇਵਾਂ ਭੈਰੋਂ ਦਾ ਉਪਾਸ਼ਕ, ਸੱਤਵਾਂ ਹਨੂੰਮਾਨ ਦਾ ਭਗਤ, ਅੱਠਵਾਂ ਕ੍ਰਿਸ਼ਨ ਜੀ ਦੀ ਲੀਲਾ ‘ਤੇ ਕੁਰਬਾਨ, ਦਸਵਾਂ ਲਛਮਣ ਦਾ ਪੁਜਾਰੀ, ਗਿਆਰਵਾਂ ਵੇਦਾਂਤੀ, ਤੇਰਵਾਂ ਕਰਮਕਾਂਡੀ ਤੇ ਆਪਸ ਵਿੱਚ ਵੈਰ-ਵਿਰੋਧ।ਜਿੰਨੇ ਜੀਅ, ਓਨੀਆਂ ਬੋਲੀਆਂ ਆਦਿਕ।’
    ਪੰਡਿਤ ਦੀ ਤਰ੍ਹਾਂ ਇਸਲਾਮ ਦੇ ਆਗੂ ਕਾਜ਼ੀ ਮੁਲਾਣੇ ਸਨ।ਭਾਰਤ ਵਿੱਚ ਮੁਸਲਮਾਨਾਂ ਦਾ ਰਾਜ ਹੋਣ ਕਰਕੇ ਕਾਜ਼ੀ ਦਾ ਰਾਜਿਆਂ-ਨਵਾਬਾਂ ਨਾਲ ਸਿੱਧਾ ਸਬੰਧ ਸੀ।ਕਾਜੀ ਹਾਕਮ ਸ਼੍ਰੇਣੀ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਝੂਠੇ-ਸੱਚੇ ਫਤਵੇ ਲਾਉਂਦਾ ਕਿਉਂਕਿ ਨਿਆਂ ਦਾ ਕੰਮ ਸਦਾ ਕਾਜ਼ੀ ਕੋਲ ਹੀ ਹੁੰਦਾ ਸੀ।ਅਪਰਾਧੀ ਨੂੰ ਸਜ਼ਾ ਸੁਣਾਉਣ ਲਈ ਕਾਜ਼ੀ ਹੀ ਜੱਜ ਹੁੰਦਾ ਸੀ।ਜਿਹੜਾ ਇਨਸਾਫ਼ ਕਰਨ ਦੀ ਥਾਂ ਰਿਸ਼ਵਤ ਲੈ ਕੇ ਬੇਗੁਨਾਹਾਂ ਨੂੰ ਸਜ਼ਾ ਦੇ ਦਿੰਦਾ, ਪਰ ਕਾਤਲ ਨੂੰ ਬਰੀ ਕਰ ਦਿੰਦਾ।ਪੰਡਿਤ ਦੀ ਤਰ੍ਹਾਂ ਕਾਜ਼ੀ ਦਾ ਕਿਰਦਾਰ ਵੀ ਕੋਈ ਬਹੁਤਾ ਚੰਗਾ ਨਹੀਂ ਸੀ।ਉਹ ਵੱਡੀਖੋਰ ਤੇ ਅਧਰਮੀ ਬਣ ਚੁੱਕੇ ਸਨ।ਬਾਣੀ ਗੁਰੂ ਦੇ ਕਹਿਣ ਮੁਤਾਬਿਕ-
 ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥
 ਵਢੀ ਲੈ ਕੇ ਹਕੁ ਗਵਾਏ॥ਜੇ ਕੋ ਪੁਛੈ ਤਾ ਪੜਿ ਸੁਣਾਏ॥
 ਤੁਰਕ ਮੰਤਰ ਕਨਿ ਰਿਦੈ ਸਮਾਹਿ॥ਲੋਕ ਮੁਹਾਵਹਿ ਚਾੜੀ ਖਾਹਿ॥
        (ਰਾਮਕਲੀ ਮ:੧,ਅੰਗ-੯੫੧)
 ਭਾਵ ਧਰਮੀ ਲੋਕ ਧਰਮ ਦਾ ਬੁਰਕਾ ਪਾ ਕੇ ਪਾਪ ਕਰਮ ਕਰਦੇ ਹੋਏ, ਦਾਨ ਕਰਦੇ ਸਨ।ਗੁਰੂ, ਘਰ-ਘਰ ਜਾ ਕੇ ਚੇਲਿਆਂ ਨੂੰ ਉਪਦੇਸ਼ ਦਿੰਦੇ ਹਨ।ਇਹਦਾ ਜ਼ਿਕਰ ਭਾਈ ਗੁਰਦਾਸ ਜੀ ਇੰਝ ਕਰਦੇ ਹਨ-
 ਕਲਿ ਆਈ ਕੁਤੇ ਮੁਹੀ ਖਾਜ ਹੋਇਆ ਮੁਰਦਾਰ ਗੁਸਾਈ।
 ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
 ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖਹੁ ਅਲਾਈ।
 ਚੇਲੇ ਸਾਜ ਵਜਾਇੰਦੇ, ਨੱਚਣ ਗੁਰੂ ਬਹੁਤ ਬਿਧ ਭਾਈ।
 ਸੇਵਕ ਬੈਠਣ ਘਰਾਂ ਵਿੱਚ, ਗੁਰ ਉਠ ਘਰੀਂ ਤਿਨਾੜੇ ਜਾਈ।
 ਕਾਜ਼ੀ ਹੋਇ ਰਿਸ਼ਵਤੀ ਵਢੀ ਲੈ ਕੇ ਹਕ ਗਵਾਈ।
 ਇਸਤਰੀ ਪੁਰਖੈ ਦਾਮ ਹਿਤ ਭਾਵੈ ਆਇ ਕਿਥਾਊ ਜਾਈ।
 ਵਰਤਿਆ ਪਾਪ ਸਭਸ ਜਗ ਮਾਹੀ। (ਵਾਰ-੧, ਪੳੜੀ-੩੦)
  ਔਰਤ ਨੂੰ ਸਿਰਫ ਖੱਟੀ ਜਾਂ ਕਮਾਈ ਨਾਲ ਪਿਆਰ ਏ।ਪੈਸੇ ਤੋਂ ਬਿਨਾਂ ਕਿਸੇ ਨਾਲ ਪ੍ਰੇਮ ਜਾਂ ਭਉ ਨਹੀਂ।ਵੇਦਾਂ-ਸ਼ਾਸਤਰਾਂ ਨੂੰ ਕੋਈ ਮੰਨਦਾ ਨਹੀਂ।ਕਾਜੀ ਜਾਂ ਹਾਕਮ, ਜਿਨ੍ਹਾਂ ਲੋਕਾਂ ਨਾਲ ਇਨਸਾਫ਼ ਕਰਨਾ ਸੀ, ਇਨਸਾਫ਼ ਦੀ ਕੁਰਸੀ ‘ਤੇ ਬੈਠੇ, ਬਗਲੇ ਭਗਤਾਂ ਵਾਂਗ ਹੱਥਾਂ ਵਿੱਚ ਮਾਲਾ ਫੜੀ, ਮੂੰਹੋਂ ਰਾਮ-ਰਾਮ ਜਾਂ ਅੱਲ੍ਹਾ-ਅੱਲ੍ਹਾ ਕਹਿੰਦੇ ਹੋਏ, ਰਿਸ਼ਵਤਾਂ ਖਾਂਦੇ ਹਨ ਤੇ ਨਿਰਦੋਸ਼ ਬੰਦਿਆਂ ਨੂੰ ਦੋਸ਼ੀ ਬਣਾ ਕੇ ਸਜ਼ਾ ਦਿੰਦੇ ਹਨ, ਪਰ ਦੋਸ਼ੀਆਂ ਨੂੰ ਬੇਗੁਨਾਹ ਕਹਿ ਕੇ ਛੱਡ ਦਿੰਦੇ ਹਨ।ਜੇ ਕੋਈ ਇਸ ਬਾਰੇ ਪੁੱਛਦਾ ਏ ਤਾਂ ਕੁਰਾਨ, ਵੇਦ-ਸ਼ਾਸ਼ਤਰ ਜਾਂ ਗੁਰਬਾਣੀ ਦੀਆਂ ਮਿਸਾਲਾਂ ਦੇ ਕੇ ਚੁੱਪ ਕਰਵਾ ਦਿੰਦੇ ਹਨ।ਨੇਕ ਅਮਲਾਂ ਤੋਂ ਬਿਨਾਂ ਕੋਈ ਸੁੱਚਾ ਕਿਵੇਂ ਹੋਇਆ ਏ ?
  ਕਾਜੀਆਂ ਦੇ ਗਲਤ ਪ੍ਰਚਾਰ ਨੇ ਮੁਸਲਮਾਨ ਜਨਤਾ ਨੂੰ ਅਨੇਕਾਂ ਧੜਿਆਂ ਵਿੱਚ ਵੰਡ ਦਿੱਤਾ ਸੀ।ਸ਼ੀਆ, ਸੁੰਨੀ, ਰਾਫਜੀ ਤੇ ਇਮਾਮਸਾਫੀ ਫਿਰਕੇ ਆਪਸ ਵਿੱਚ ਛਿੱਤਰੋ-ਛਿੱਤਰੀ ਹੁੰਦੇ ਰਹਿੰਦੇ।ਸ਼ੀਆ ਤੇ ਸੁੰਨੀ ਤਾਂ ਅੱਜ ਤੱਕ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਆ।ਇਨ੍ਹਾਂ ਦੇ ਆਪਸੀ ਕਤਲਾਮ ਦੀਆਂ ਖਬਰਾਂ ਆਮ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ।ਪਵਿੱਤਰ ਕੁਰਾਨ ਦੀ ਸਿੱਖਿਆ-‘ਮਨੁੱਖੀ ਬਰਾਬਰੀ, ਪ੍ਰਭੂ-ਪਿਆਰ, ਖਲਕਤ ਦੀ ਸੇਵਾ ਵਰਗੇ ਗੁਣਾਂ ਨੂੰ ਛੱਡ ਕੇ, ਬਾਹਰੀ ਸਰੂਪ ਈ ਬਰਕਰਾਰ ਰੱਖਿਆ ਹੋਇਆ ਸੀ।ਮੱਕੇ ਦੀ ਯਾਤਰਾ, ਰੋਜੇ ਤੇ ਪੰਜ ਨਿਮਾਜਾਂ ਤੱਕ ਈ ਸੀਮਤ ਸਨ।ਗੈਰ ਧਰਮ ਦੇ ਬੰਦਿਆਂ ਨੂੰ ਮੁਸਲਮਾਨ ਬਣਾਉਣ ਲਈ ਜ਼ੁਲਮ ਕਰਨਾ-ਮੁਸਲਮਾਨਾਂ ਲਈ ਨੇਕ ਕਰਮ ਬਣ ਗਿਆ।
   ਪੰਡਿਤ ਤੇ ਕਾਜੀਆਂ ਤੋਂ ਇਲਾਵਾ ਤੀਜਾ ਨੰਬਰ ਗੋਰਖ ਨਾਥ ਨੂੰ ਮੰਨਣ ਵਾਲੇ ਜੋਗੀਆਂ ਦਾ ਆਉਂਦਾ ਏ।ਜੋਗ ਮੱਤ ਦੇ ਸਿਧਾਂਤ ਅਨੁਸਾਰ: ਪ੍ਰਭੂ ਨਾਲ ਇੱਕ ਸੁਰ ਹੋਣ ਲਈ ਜੋਗ ਪ੍ਰਾਪਤ ਕਰਨ ਵਾਸਤੇ, ਮਨ ਨੂੰ ਵੱਸ ਵਿੱਚ ਕਰਨਾ ਜਰੂਰੀ ਸੀ।ਜੋਗੀਆਂ ਦੇ ਕਥਨ ਮੁਤਾਬਿਕ-‘ਸੰਸਾਰ ਵਿੱਚ ਰਹਿ ਕੇ ਮਨ ਨੂੰ ਵੱਸ ਕਰਨਾ ਅਸੰਭਵ ਏ।ਉਸ ਵਾਸਤੇ ਇਕਾਂਤ ਦੀ ਜਰੂਰਤ ਸੀ।ਜੋ ਜੰਗਲਾਂ ਜਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਈ ਮਿਲਦੀ ਸੀ।’ ਜੋਗ ਮੱਤ ਦੀ ਪ੍ਰਾਪਤੀ ਲਈ ਕਈ ਤਰ੍ਹਾਂ ਦੇ ਕਰਮਕਾਂਡ ਕਰਨੇ ਪੈਂਦੇ ਸਨ।ਜਿਵੇਂ ਘਰ-ਬਾਰ ਦਾ ਤਿਆਗ, ਕਈ ਤਰ੍ਹਾਂ ਦੇ ਆਸਨ ਕਰਨੇ, ਸਰੀਰ ‘ਤੇ ਸੁਆਹ ਮਲਣੀ, ਕੰਨਾਂ ਵਿੱਚ ਮੁੰਦਰਾਂ ਪਾਉਣੀਆਂ, ਹੱਥ ਵਿੱਚ ਡੰਡਾ ਤੇ ਸੰਖ ਰੱਖਣੇ, ਜੋਗੀਆਂ ਦੇ ਧਾਰਮਿਕ ਭੇਖ ਦੇ ਲੱਛਣ ਸਨ।ਗੁਰੂ ਸਾਹਿਬ ਜੀ ਨੇ ਜੋਗੀਆਂ ਦੀ ਰਹਿਣੀ-ਬਹਿਣੀ ਦੇਖ ਕੇ, ਬਾਣੀ ਰਾਹੀਂ ਉਪਦੇਸ਼ ਦਿੱਤਾ ਕਿ-
 ਜੋਗੀ ਗਿਰਹੀ ਜਟਾ ਬਿਭੂਤ॥ਆਗੈ ਪਾਛੈ ਰੋਵਹਿ ਪੂਤ॥
 ਜੋਗੁ ਨਾ ਪਾਇਆ ਜੁਗਤਿ ਗਵਾਈ॥
 ਕਿਤੁ ਕਾਰਣਿ ਸਿਰਿ ਛਾਈ ਪਾਈ॥
 ਨਾਨਕ ਕਲਿ ਕਾ ਏਹੁ ਪਰਵਾਣੁ॥
 ਆਪੇ ਆਖਣੁ ਆਪੇ ਜਾਣੁ॥
        (ਰਾਮਕਲੀ ਮ: ੧,ਅੰਗ-951)
   ਜੋਗੀ ਲੋਕ ਸਿਰ ‘ਤੇ ਜਟਾਂ ਤੇ ਸੁਆਹ ਵੀ ਮਲੀ ਬੈਠੀ ਆ ਤੇ ਗ੍ਰਹਿਸਥੀ ਵੀ ਬਣੇ ਹੋਏ ਆ।ਧੀਆਂ-ਪੁੱਤਰ ਅੱਗੇ-ਪਿੱਛੇ ਰੋਂਦੇ ਫਿਰਦੇ ਆ।ਨਾ ਜੋਗ ਦੀ ਪ੍ਰਾਪਤੀ ਹੋਈ ਤੇ ਮੁਕਤੀ ਮਿਲੀ।ਸਿਰ ਦੀਆਂ ਜਟਾਂ ਵਿੱਚ ਸੁਆਹ ਕਿਸ ਲਈ ਪਾਈ ? ਮਨੁੱਖਾ ਜਨਮ ਭੰਗ ਦੇ ਭਾੜੇ ਗੁਆ ਲਿਆ।ਜੋਗੀ ਘਰ-ਬਾਰ ਛੱਡਕੇ, ਜੰਗਲਾਂ ‘ਚ ਵਾਸਾ ਕਰਦੇ।ਜਦ ਪੇਟ ਦੀ ਭੁੱਖ ਸਤਾਉਂਦੀ ਤਾਂ ਅੰਨ-ਬਸਤਰਾਂ ਦੀ ਲੋੜ ਪੂਰੀ ਕਰਨ ਲਈ ਫਿਰ ਗ੍ਰਹਿਸਥੀ ਲੋਕਾਂ ਦੇ ਦਰਾਂ ‘ਤੇ ਮੰਗਣ ਆ ਜਾਂਦੇ।ਇੱਕ ਪਾਸੇ ਗ੍ਰਹਿਸਥੀ ਨੂੰ ਨਿੰਦਦੇ, ਪਰ ਭੁੱਖ ਦੇ ਡਰੋਂ ਉਨ੍ਹਾਂ ਦੇ ਦਰਾਂ ‘ਤੇ ਮੰਗਣ ਜਾਂਦੇ।ਬਾਣੀ ਗੁਰੂ ਦੇ ਕਥਨ ਮੁਤਾਬਿਕ-
 ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ॥
 ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ॥
           (ਮਾਰੂ ਮ:੩, ਅੰਗ-੧੦੮੯)
    ਬ੍ਰਾਹਮਣ, ਕਾਜ਼ੀ ਤੇ ਜੋਗੀਆਂ ਤੋਂ ਬਿਨਾਂ ਉਸ ਸਮੇਂ ਭਾਰਤ ਵਿੱਚ ਜੈਨੀ ਸਾਧੂ ਵੀ ਸਰਗਰਮ ਸਨ।ਜੈਨ ਧਰਮ ਦਾ ਮੁੱਖ ਨਿਯਮ ‘ਅਹਿੰਸਾ’ ਸੀ।ਇਹ ਅਹਿੰਸਾ ਦੇ ਇਸ ਕਦਰ ਪਾਬੰਦ ਸਨ ਕਿ ਜੀਵ ਹੱਤਿਆ ਦੇ ਡਰ ਕਰਕੇ, ਨਹਾਉਣ ਤੋਂ ਵੀ ਗੁਰੇਜ਼ ਕਰਦੇ।ਮੂੰਹ ਅੱਗੇ ਹਰ ਵਕਤ ਕੱਪੜਾ ਬੰਨ੍ਹ ਕੇ ਰੱਖਦੇ ਤਾਂ ਕਿ ਹਵਾ ਜਾਂ ਸਾਹ ਲੈਣ ਸਮੇਂ ਕੋਈ ਜੀਵ ਮੂੰਹ ਵਿੱਚ ਨਾ ਚਲਾ ਜਾਏ।ਬੈਠਣ ਵੇਲੇ ਜ਼ਮੀਨ ਨੂੰ ਸੂਤ ਦੇ ਝਾੜੂ ਨਾਲ ਸਾਫ਼ ਕਰਦੇ।ਤੁਰਣ ਵੇਲੇ ਧਰਤੀ ‘ਤੇ ਪੂਰਾ ਧਿਆਨ ਰੱਖਦੇ, ਮਤਾ ਕੋਈ ਜੀਵ ਪੈਰ ਥੱਲੇ ਨਾ ਆ ਜਾਵੇ।ਏਥੋਂ ਤੱਕ ਕਿ ਪਾਣੀ ਵੀ ਪੁਣ-ਪੁਣ ਕੇ ਪੀਂਦੇ।ਮੁੱਕਦੀ ਗੱਲ : ਜੰਗਲ ਪਾਣੀ ਮਗਰੋਂ ਟੱਟੀ ਨੂੰ ਤੀਲਿਆਂ ਨਾਲ ਫਰੋਲ ਦਿੰਦੇ ਤਾਂ ਕਿ ਉਸ ਵਿੱਚ ਕੋਈ ਜੀਵ ਪੈਦਾ ਨਾ ਹੋ ਸਕੇ।ਅਹਿੰਸਾ ਦੇ ਨਿਯਮਾਂ ਨੇ ਜੈਨੀਆਂ ਦਾ ਜੀਵਨ ਏਨਾ ਗੰਦਾ ਤੇ ਭੈੜਾ ਬਣਾ ਦਿੱਤਾ।ਜਿਸਦਾ ਸਹੀ ਦ੍ਰਿਸ਼ ਗੁਰੂ ਜੀ ਨੇ ਇੰਜ ਚਿਤਰਿਆ ਏ-
 ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ॥
 ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥
 ਭੇਡਾਂ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥਿ ਸੁਆਹੀ॥
 ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ॥
 ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ॥
 ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ॥
              (ਮਾਝ ਮ:੧, ਅੰਗ-੧੪੯)
   ਉਸ ਸਮੇਂ ਭਾਰਤ ਵਿੱਚ ਇੱਕ ਹੋਰ ਧਰਮ ‘ਵਾਮ ਮਾਰਗ’ ਵੀ ਜ਼ੋਰ ਸ਼ੋਰ ਨਾਲ ਵਧ-ਫੁੱਲ ਰਿਹਾ ਸੀ।ਇਹ ਧਰਮ ‘ਤੰਤਰ ਸ਼ਾਸ਼ਤਰ’ ਦੇ ਨਿਯਮ ਮੁਤਾਬਿਕ  ਸ਼ਿਵ ਜੀ ਦੇ ਉਪਾਸ਼ਕਾਂ ਜਾਂ ਚੇਲਿਆਂ ਦੁਆਰਾ ਹੋਂਦ ਵਿੱਚ ਆਇਆ ਸੀ।ਵਾਮ ਮਾਰਗੀ ਮਦਿਰਾ (ਸ਼ਰਾਬ) ਮਾਸ, ਮੈਥੁਨ, ਮਾਇਆ ਤੇ ਮੁਦਰਾ (ਭੁੱਜੇ ਹੋਏ ਚਿੜਵੇ, ਛੋਲੇ ਤੇ ਕਣਕ ਦਾ ਮਿਸ਼ਰਣ) ਨੂੰ ਵਰਤਣਾ ਧਰਮ ਦਾ ਜਰੂਰੀ ਅੰਗ ਸਮਝਦੇ ਸਨ।ਖਾਲਸੇ ਦੇ ਬੋਲਿਆਂ ਵਾਂਗ ਵਾਮ ਮਾਰਗੀਆਂ ਦੀ ਧਾਰਮਿਕ ਬੋਲੀ ਵੀ ਵੱਖਰੀ ਕਿਸਮ ਦੀ ਸੀ।ਜਿਸ ਅਨੁਸਾਰ: ਮਾਸ ਨੂੰ ‘ਸੁਧ’ ਸ਼ਰਾਬ ਨੂੰ ‘ਤੀਰਥ’ ਸ਼ਰਾਬ ਦੇ ਪਿਆਲੇ ਨੂੰ ‘ਪਦਮ’ ਵੇਸਵਾਗਾਮੀ ਨੂੰ ‘ਪ੍ਰਯਾਗ ਦੇਵੀ’ ਤੇ ਵਿਭਚਾਰੀ ਨੂੰ ‘ਯੋਗੀ’ ਆਖਦੇ।ਵਾਮ ਮਾਰਗੀ ਮੱਤ ਅਨੁਸਾਰ-‘ਮੁਕਤੀ ਪ੍ਰਾਪਤ ਕਰਨ ਲਈ  ਸ਼ਰਾਬ, ਮਾਸ, ਮੱਛੀ, ਮੁਦਰਾ ਤੇ ਮੈਥੁਨ ਆਦਿ ਪੰਜ ਸਾਧਨ ਮੰਨੇ ਹਨ।ਜਿਵੇਂ ਤੰਤਰ ਸ਼ਾਸ਼ਤਰ ਦੇ ਵਿੱਚ ਲਿਖਿਆ ਏ-
 ਮਦਯੰ ਮਾਸੰ ਤਥਾ ਮਤਸਯੋ ਮੁਦਰਾ ਮੈਥੁਨੇਵ ਚ॥
 ਪੰਚ ਤੱਤਵ ਮਿਦੰ ਪ੍ਰੋਕੰਤ ਦੇਵ ਨਿਰਵਾਣ ਹੇਤਵੇ॥
  ਦੀਵਾਲੀ ਇਨ੍ਹਾਂ ਦਾ ਸ਼ੁਭ ਦਿਨ ਹੁੰਦਾ ਏ, ਜਿਨੂੰ ਇਹ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਉਂਦੇ ਸਨ।ਗੁਰੂ ਨਾਨਕ ਦੇਵ ਜੀ ਦੀਵਾਲੀ ਵਾਲੇ ਦਿਨ ਈ ਕਾਮਾਖਯਾ ਦੇਵੀ ਦੇ ਮੰਦਰ ਵਿੱਚ ਗਏ ਤੇ ਧਰਮ ਤੋਂ ਗਿਰੇ ਹੋਏ ਕੰਮ ਤੇ ਮਾਸ-ਸ਼ਰਾਬ ਦਾ ਸੇਵਨ ਕਰਨ ਤੋਂ ਰੋਕਦਿਆਂ ਉਪਦੇਸ਼ ਦਿੱਤਾ-‘ਕੁਕਰਮਾਂ ਨੂੰ ਧਾਰਮਿਕ ਨਾਮ ਦੇਣ ਨਾਲ ਉਹ ਸ਼ੁਭ ਕਰਮ ਨਹੀਂ ਬਣ ਜਾਂਦੇ।ਸੋ ਭੈੜੇ ਕਰਮ ਤਿਆਗ ਕੇ, ਚੰਗੇ ਗੁਣਾਂ ਦੇ ਧਾਰਨੀ ਬਣੋ ਤੇ ਇੱਕ ਰੱਬ ਦਾ ਸਿਮਰਨ ਕਰੋ।’
   ਗੁਰੂ ਨਾਨਕ ਦੇਵ ਜੀ ਨੇ ਭਾਰਤੀ ਲੋਕਾਂ ਦੀ ਅਜਿਹੀ ਦਸ਼ਾ ਦੇਖੀ ਕਿ ਲੋਕ ਅਕਾਲ ਪੁਰਖ ਦੇ ਸਿਮਰਨ ਨੂੰ ਭੁੱਲ ਕੇ, ਕਰਮਕਾਂਡਾਂ ਤੇ ਭੇਖਾਂ ਦੇ ਧਾਰਨੀ ਬਣੇ ਹੋਏ ਹਨ।ਸਮਾਜ ਵਿੱਚ ਈਰਖਾ, ਨਫ਼ਰਤ, ਅਗਿਆਨਤਾ ਤੇ ਹੋਰ ਕਰਮ ਫੈਲੇ ਹਨ।ਲੋਕ ਆਪੋ ਵਿੱਚ ਲੜ-ਲੜ ਕੇ ਜੀਵਨ ਅਜਾਈ ਗੁਵਾ ਰਹੇ ਹਨ।ਗੁਰੂ ਜੀ ਨੇ ਬੜੇ ਗਹੁ ਨਾਲ ਤੱਕਿਆ ਕਿ ਭਾਰਤੀ ਲੋਕਾਂ ਦੀ ਧਾਰਮਿਕ ਦਸ਼ਾ ਦੇ ਨਾਲ ਨਾਲ ਸਮਾਜਿਕ ਹਾਲਤ ਉਸ ਤੋਂ ਵੀ ਕਈ ਗੁਣਾਂ ਭੈੜੀ ਤੇ ਖਰਾਬ ਸੀ।ਭਾਰਤ ਦੀਆਂ ਦੋ ਮੁੱਖ ਕੌਮਾਂ: ਹਿੰਦੂ ਤੇ ਮੁਸਲਮਾਨ ਸਨ।ਦੋਹਾਂ ਕੌਮਾਂ ਦੇ ਰੀਤੀ-ਰਿਵਾਜਾਂ ਤੇ ਅਸੂਲਾਂ ਦੇ ਵਖਰੇਵੇਂ ਕਾਰਣ ਆਪਸ ਵਿੱਚ ਲੜਾਈ-ਝਗੜਾ  ਹੁੰਦਾ ਰਹਿੰਦਾ ਸੀ।
  ਬ੍ਰਾਹਮਣ ਨੇ ਆਪਣੀ ਚਾਲਾਕੀ ਨਾਲ ਹਿੰਦੂ ਸਮਾਜ ਨੂੰ ਚਾਰ (ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ) ਥਾਵਾਂ ‘ਤੇ ਵੰਡ ਕੇ, ਆਪਣੇ ਆਪ ਨੂੰ ਸਭ ਤੋਂ ਉੱਚਾ ਰੱਖਿਆ।ਉਸ ਆਪਣੇ ਲਈ ਖਟ ਕਰਮ (ਵੇਦ ਆਦਿਕ ਧਾਰਮਿਕ ਗ੍ਰੰਥ ਪੜ੍ਹਣੇ ਤੇ ਪੜ੍ਹਾਉਣੇ, ਦਾਨ ਲੈਣਾ ਤੇ ਦਿਵਾਉਣਾ, ਹੋਮ ਕਰਨਾ ਤੇ ਕਰਾਉਣਾ) ਭਾਵ ਛੇ ਤਰ੍ਹਾਂ ਦੇ  ਕਰਮ ਰਾਖਵੇਂ ਰੱਖ ਲਏ।ਖੱਤਰੀਆਂ ਦਾ ਕੰਮ ਯੁੱਧ- ਜੰਗ ਕਰਨੇ ਭਾਵ ਦੇਸ਼ ਦੀ ਰੱਖਿਆ ਕਰਨੀ ਤੇ ਲੋਕਾਂ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾਉਣਾ, ਇਸ ਕਾਰਜ ਲਈ ਸ਼ਹੀਦ ਹੋ ਜਾਣਾ ਸਰਵੋਤਮ ਧਰਮ ਮਿਥਿਆ ਗਿਆ।ਵੈਸ਼ ਦਾ ਕੰਮ ਖੇਤੀਬਾੜੀ ਤੇ ਵਿਉਪਾਰ ਕਰਨਾ ਸੀ।ਇਨ੍ਹਾਂ ਤਿੰਨਾਂ ਵਰਨਾਂ ਨਾਲੋਂ ਸਭ ਤੋਂ ਭੈੜੀ ਦਸ਼ਾ ਸ਼ੂਦਰ ਦੀ ਸੀ।ਸ਼ੂਦਰ ਦਾ ਕੰਮ ਬਾਕੀ ਵਰਨਾਂ ਦੀ ਬਿਨਾਂ ਕਿਸੇ ਮਜ਼ਦੂਰੀ ਤੋਂ ਸੇਵਾ ਕਰਨੀ ਸੀ।ਸ਼ੂਦਰ ਨੂੰ ਸਭ ਤੋਂ ਨੀਚ ਮਨੁੱਖ ਸਮਝ ਕੇ ਬਹੁਤ ਭੈੜਾ ਸਲੂਕ ਕੀਤਾ ਜਾਂਦਾ।ਸ਼ੂਦਰ ਪ੍ਰਤੀ ਬ੍ਰਾਹਮਣ ਨੇ ਕੁੱਝ ਐਸੇ ਨਿਯਮ ਬਣਾ ਦਿੱਤੇ।ਜਿਸ ਸਦਕਾ ਲੋਕ ਸ਼ੂਦਰ ਤੋਂ ਪਾਸਾ ਵੱਟ ਕੇ ਭਾਵ ਉਹਦੇ ਪ੍ਰਛਾਵੇਂ ਤੋਂ ਵੀ ਦੂਰ ਰਹਿੰਦੇ।ਸ਼ੂਦਰ ਨੂੰ ਪਿੰਡ ਵਿੱਚ ਰਹਿਣ ਦੀ ਤੇ ਪ੍ਰਭੂ ਭਗਤੀ ਕਰਨ ਦੀ ਸਖਤ ਮਨਾਹੀ ਸੀ।ਸ਼ੂਦਰ ਦੀ ਹਾਲਤ ਤੇ ਜੀਵਨ ਬਹੁਤ ਹੀ ਅਪਮਾਨਜਨਕ ਸੀ।ਮੰਨੂੰ ਦੇ ਉਪਦੇਸ਼ ਨੇ ਸ਼ੂਦਰ ਦੀ ਹਾਲਤ ਇਸ ਕਦਰ ਵਿਗਾੜ ਦਿੱਤੀ ਕਿ ਆਮ ਲੋਕ ਸ਼ੂਦਰ ਨੂੰ ‘ਨੀਚ ਜਾਤ’ ਆਖ ਕੇ ਸੰਬੋਧਨ ਕਰਦੇ।ਸ਼ੂਦਰ ਦੀ ਏਨੀ ਭੈੜੀ ਹਾਲਤ ਦੇਖ ਕੇ, ਗੁਰੂ ਸਾਹਿਬ ਦਾ ਕੋਮਲ ਦਿਲ ਤੜਫ ਉਠਿਆ।ਆਪ ਜੀ ਨੇ ਬੜੀ ਉਚੀ ਅਵਾਜ਼ ਵਿੱਚ ਕਿਹਾ-
 ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥
 ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
 ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
          (ਸਿਰੀਰਾਗ ਮ:੧,ਅੰਗ-੧੫)
   ਖੱਤਰੀ ਅਥਵਾ ਕਛੱਤਰੀ ਆਪਣਾ ਧਰਮ (ਲੋਕਾਂ ਦੀ ਜਾਨ ਮਾਲ ਦੀ ਰਾਖੀ ਤੇ ਦੇਸ਼ ਦੀ ਰੱਖਿਆ ਕਰਨੀ) ਛੱਡ ਕੇ, ਮੁਗਲਾਂ ਦੀ ਚਾਕਰੀ ਅਥਵਾ ਗੁਲਾਮੀ ਕਰ ਰਹੇ ਸੀ।ਮੁਗਲਾਂ ਨੂੰ ਖੁਸ਼ ਕਰਨ ਲਈ ਆਪਣੀਆਂ ਧੀਆਂ-ਭੈਣਾਂ ਦੇ ਸਾਕ ਦੇਣੇ ਤੇ ਉਨ੍ਹਾਂ ਦੇ ਜਾਇਜ਼-ਨਜਾਇਜ਼ ਹੁਕਮ ਮੰਨ ਕੇ, ਆਪਣੇ ਹੀ ਦੇਸ਼ ਵਾਸੀਆਂ ‘ਤੇ ਜ਼ੁਲਮ ਕਰਨਾ ਸੁਭਾਅ ਬਣ ਗਿਆ।ਖੱਤਰੀਆਂ ਦੀ ਨਿਘਰੀ ਹੋਈ ਹਾਲਤ ਦੇਖ ਕੇ, ਗੁਰੂ ਜੀ ਨੇ ਉਚਾਰਿਆ-
  ਖਤਰੀਆ ਤ ਧਰਮ ਛੋਡਿਆ ਮਲੇਛ ਭਾਖਿਆ ਗਹੀ॥
  ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥
        (ਧਨਾਸਰੀ ਮ:੧, ਅੰਗ-੬੬੩)
  ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥
  ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾ ਖਾਈ॥
  ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥
          (ਆਸਾ ਮ:੧, ਅੰਗ-੪੭੧)
  ਭਾਵ ਅੰਦਰ ਬਹਿ ਕੇ ਆਪਣੇ ਧਰਮ ਕਰਮ ਕਰਦੇ ਤੇ ਬਾਹਰ ਮੁਗਲਾਂ ਕੋਲ ਵੇਦ-ਸ਼ਸ਼ਤਰਾਂ ਦੀ ਨਿੰਦਾ ਕਰਕੇ, ਇਸਲਾਮਿਕ ਧਰਮ ਪੁਸਤਕਾਂ ਨੂੰ ਚੰਗਾ ਆਖਦੇ।ਵਿਦੇਸ਼ੀ ਹਾਕਮਾਂ ਦੀ ਗੁਲਾਮੀ ਕਰਕੇ ਡਰ ਦੇ ਮਾਰੇ ਉਨ੍ਹਾਂ ਦੀ ਬੋਲੀ ਬੋਲਦੇ।ਉਨ੍ਹਾਂ ਵਰਗਾ ਖਾਣ-ਪੀਣਾ ਵਰਤਦੇ।ਉਨ੍ਹਾਂ ਵਰਗੇ ਨੀਲੇ ਰੰਗ ਦੇ ਕੱਪੜੇ ਪਹਿਨਦੇ।ਖੱਤਰੀਆਂ ਦੇ ਅਜਿਹੇ ਕਿਰਦਾਰ ਨੂੰ ਤੱਕ ਕੇ, ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਬੜੀ ਤਿੱਖੀ ਤੇ ਵਿਅੰਗਮਈ ਸ਼ੈਲੀ ਵਿੱਚ ਇਉਂ ਫੁਰਮਾਇਆ-
  ਅਭਾਖਿਆ ਕਾ ਕੁਠਾ ਬਕਰਾ ਖਾਣਾ॥
  ਚਉਕੇ ਉਪਰਿ ਕਿਸੇ ਨ ਜਾਣਾ॥ (ਅੰਗ-੪੭੨)
  ਨੀਲ ਬਸਤ੍ ਲੈ ਕਪੜੇ ਪਹਿਰੇ
  ਤੁਰਕ ਪਠਾਣੀ ਅਮਲ ਕੀਆ॥ (ਅੰਗ-੪੭੦)
  ਨੀਲ ਬਸਤਰ ਪਹਿਰਿ ਹੋਵਹਿ ਪ੍ਰਵਾਣੁ॥
  ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ (ਅੰਗ-੪੭੨)
  ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ॥
  ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ॥
      (ਬਸੰਤ ਮ:੧, ਅੰਗ-੧੧੯੧)
    ਖੱਤਰੀ ਤੇ ਮੁਗਲ ਹਾਕਮ ਰਲਕੇ ਲੁਕਾਈ ਨੂੰ ਲੁੱਟ-ਲੁੱਟ ਕੇ ਖਾ ਰਹੇ ਸਨ।ਦੋਹਾਂ ਧਿਰਾਂ ਦੀ ਲੁੱਟ ਦਾ ਸ਼ਿਕਾਰ ਜ਼ਿਆਦਾਤਰ ਹਿੰਦੂ ਜਨਤਾ ਹੋ ਰਹੀ ਸੀ  ਕਿਉਂਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ।ਉਨ੍ਹਾਂ ਦੇ ਆਪਣੇ ਹੁਕਮਰਾਨ ਭਰਾ ਖੱਤਰੀ ਵੀ ਦੁਸ਼ਮਣ ਬਣੇ ਹੋਏ ਸਨ।ਉਲਟਾ ਬ੍ਰਾਹਮਣ ਵੀ ਗਰੀਬ ਹਿੰਦੂਆਂ ਦਾ ਲਹੂ ਪੀਣ ਵਾਲੇ ਖੱਤਰੀ ਦਾ ਲੰਗੋਟੀਆ ਯਾਰ ਸੀ ਕਿਉਂਕਿ ਉਹਦਾ ਪੇਟ ਵੀ ਖੱਤਰੀ ਦੀ ਪੂਜਾ-ਭੇਟਾ ਨਾਲ ਪਲਦਾ ਸੀ।ਭਾਰਤੀ ਸਮਾਜ ਅਨੇਕਾਂ ਵਰਨਾਂ, ਜਾਤਾਂ ਤੇ ਫਿਰਕਿਆਂ ਵਿੱਚ ਵੰਡਿਆ ਹੋਇਆ ਸੀ।ਮੁਗਲ ਹਾਕਮ ਨਿਰਦਈ, ਬੇਰਹਿਮ ਤੇ ਬੇਤਰਸ ਸਨ।ਇਸ ਦੇ ਉਲਟ ਭਾਰਤੀ ਸਮਾਜ ਕਮਜ਼ੋਰ, ਡਰਾਕਲ ਤੇ ਸਾਹਸਤਹੀਨ ਹੋ ਚੁੱਕਾ ਸੀ।ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ।ਸਰਕਾਰੀ ਕਰਮਚਾਰੀ ਰਿਸ਼ਵਤਖੋਰ ਸਨ।ਖੱਤਰੀਆਂ ਦੀ ਮਰ ਚੁੱਕੀ ਜ਼ਮੀਰ ਤੇ ਜੈਨੀਆਂ ਬੋਧੀਆਂ ਦੇ ਅਹਿੰਸਾ ਪਰਮੋ ਧਰਮ ਦੇ ਗਿਆਨ ਨਾਲ ਭਾਰਤੀ ਲੋਕ ਏਨੇ ਬੁਜ਼ਦਿਲ ਅਥਵਾ ਕਾਇਰ ਬਣ ਗਏ ਕਿ ਅੱਠਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਮੁਹੰਮਦ ਬਿਨ ਕਾਸਮ ਨੇ ਥੋੜ੍ਹੀ ਜਿਹੀ ਫੌਜ ਨਾਲ ਪਹਿਲਾ ਹਮਲਾ ਕੀਤਾ ਤੇ ਸਿੰਧ ਦੇ ਰਾਜੇ ਦਾਹਿਰ ਵਾਲੀਏ ਨੂੰ ਮਾਰ ਕੇ ਕਬਜ਼ਾ ਕਰ ਲਿਆ।ਉਸ ਦਿਨ ਤੋਂ ਭਾਰਤ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਗਈ।ਵਿਦੇਸ਼ੀ ਹਮਲਾਵਰਾਂ ਦੇ ਲੁੱਟਣ ਦਾ ਰਾਹ ਖੁੱਲ੍ਹ ਗਿਆ।ਵਿਦੇਸ਼ੀ ਲੁਟੇਰਿਆਂ ਨੇ ਭਾਰਤ ਦੀ ਧਨ ਸੰਪਤੀ ਦੇ ਨਾਲ ਨਾਲ ਖੂਬਸੂਰਤ ਕੁੜੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ।ਇਸਲਾਮੀ ਸਿੱਖਿਆ ਅਨੁਸਾਰ-‘ਗੈਰ ਮੁਸਲਮਾਨਾਂ ਨੂੰ ਮਾਰਨਾ ਜਾਂ ਮੁਸਲਮਾਨ ਬਣਾਉਣਾ, ਖ਼ੁਦਾ ਦੀ ਖਾਤਰ ਕੀਤਾ ਗਿਆ ਜਹਾਦ ਏ।’ ਇਸ ਅਨੈਤਿਕ ਸਿੱਖਿਆ ਨੇ ਮੁਗਲ ਹਾਕਮਾਂ ਨੂੰ ਅਤਿ ਦੇ ਜ਼ਾਲਮ ਬਣਾ ਦਿੱਤਾ।ਉਹ ਇਸਲਾਮੀ ਜੋਸ਼ ਵਿੱਚ ਅੰਨ੍ਹੇ ਹੋਏ, ਭਾਰਤੀ ਲੋਕਾਂ ‘ਤੇ ਬੇਹੱਦ ਜ਼ੁਲਮ ਕਰਦੇ।ਜਬਰੀ ਮੁਸਲਮਾਨ ਬਣਾਉਂਦੇ ਜਾਂ ਫਿਰ ਕਤਲ ਕਰ ਦਿੰਦੇ।ਕਾਫਰਾਂ ਨੂੰ ਲੁੱਟਣਾ-ਮਾਰਨਾ ਉਨ੍ਹਾਂ ਵਾਸਤੇ ਇਸਲਾਮੀ ਸੇਵਾ ਸੀ।ਵੀ•ਏ• ਸਮਿੱਥ ਅਨੁਸਾਰ-“ਉਨ੍ਹਾਂ ਦੇ ਵਹਿਸ਼ੀਆਨਾ ਮਜਬੀ ਜਨੂੰਨ ਨੇ, ਜਿਸ ਅਨੁਸਾਰ ਗੈਰ-ਮੁਸਲਮਾਨਾਂ ਨੂੰ ਮਾਰਨਾ ਇੱਕ ਅਜਿਹੀ ਸੇਵਾ ਸੀ, ਜਿਹੜੀ ਖ਼ੁਦਾ ਨੂੰ ਬਹੁਤ ਚੰਗੀ ਲੱਗਦੀ  ਸੀ।ਇਨ੍ਹਾਂ ਨੂੰ ਬਿਲਕੁਲ ਬੇਕਿਰਕ ਬਣਾ ਦਿੱਤਾ।”
  ਕਦੇ ਅਰਬੀ ਤੇ ਕਦੇ ਅਫਗਾਨੀ ਲੁਟੇਰੇ ਆਉਂਦੇ।ਕਦੇ ਤੁਗਲਕਾਂ, ਸੱਯਦਾਂ ਤੇ ਲੋਧੀਆਂ ਦਾ ਗੇੜਾ ਵੱਜਦਾ।ਇਤਿਹਾਸ ਵਿੱਚ ਸਭ ਤੋਂ ਵੱਡਾ ਲੁਟੇਰਾ ਮਹਿਮੂਦ ਗਜ਼ਨਵੀ ਸੀ।ਜਿਸਦੀ ਲੁੱਟ ਨੇ ਭਾਰਤ ਵਿੱਚ ਹਾਹਾਕਾਰ ਮਚਾ ਦਿੱਤੀ।ਮਹਿਮੂਦ ਗਜ਼ਨਵੀ ਨੇ ਸੰਨ 1001 ਤੋਂ 1024 ਈ: ਤੱਕ ਭਾਰਤ ਨੂੰ 17 ਵਾਰ ਲੁੱਟਿਆ।ਵਿਦੇਸ਼ੀ ਲੁਟੇਰਿਆਂ ਨੇ ਧਨ ਦੌਲਤ ਤੇ ਖੂਬਸੂਰਤੀ ਲੁੱਟਣ ਤੋਂ ਇਲਾਵਾ ਭਾਰਤੀ ਲੋਕਾਂ ਦਾ ਕਤਲੇਆਮ ਵੀ ਕੀਤਾ।ਧਾਰਮਿਕ ਅਸਥਾਨਾਂ ਨੂੰ ਢਾਹਿਆ ਗਿਆ।ਕਈ ਸਦੀਆਂ ਬੀਤ ਗਈਆਂ।ਧਾੜਵੀ ਆਉਂਦੇ ਤੇ ਲੁੱਟਦੇ-ਮਾਰਦੇ ਤੇ ਪਿੰਡਾਂਦੇ ਪਿੰਡ ਉਜਾੜ ਕੇ ਲੰਘ ਜਾਂਦੇ।ਭਾਰਤੀ ਲੋਕ ਮੁਕਾਬਲਾ ਕਰਨ ਦੀ ਬੀਜਾਇ ਜ਼ਲੀਲਤਾ ਭਰਿਆ ਜੀਵਨ ਗੁਜ਼ਾਰਦੇ ਰਹੇ।ਇਸ ਸਥਿਤੀ ਦਾ ਫਾਇਦਾ ਉਠਾ ਕੇ, ਮੁਗਲਾਂ ਨੇ ਭਾਰਤ ਵਿੱਚ ਪੱਕਾ ਰਾਜ ਹੀ ਕਾਇਮ ਕਰ ਲਿਆ।
   ਉਸ ਵਕਤ ਭਾਰਤ ਦੀ ਵਿਗੜੀ ਹੋਈ ਹਾਲਤ ਤੇ ਰਾਜਸੀ ਨੇਤਾਵਾਂ ਦੇ ਕਿਰਦਾਰ ਦੀ ਤਸਵੀਰ ਖਿੱਚਦਿਆਂ ਗੁਰੂ ਜੀ ਲਿਖਦੇ ਹਨ-
   ਰਾਜੇ ਸੀਹ ਮੁਕਦਮ ਕੁਤੇ॥
   ਜਾਇ ਜਗਾਇਨਿ ਬੈਠੇ ਸੁਤੇ॥
   ਚਾਕਰ ਨਹਦਾ ਪਾਇਨਿ ਘਾਉ॥
   ਰਤੁ ਪਿਤੁ ਕੁਤਿਹੋ ਚਟਿ ਜਾਹੁ॥
          (ਮਲਾਰ ਮ:੧, ਅੰਗ ੧੨੮੮)
   ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
   ਕੂੜ ਅਮਾਵਸੁ ਸਚੁ ਚੰਦਰਮਾ ਦੀਸੈ ਨਾਹੀ ਕਹਿ ਚੜਿਆ॥
       (ਮਾਝ ਮ:੧, ਅੰਗ-੧੪੫)
  ਕੂੜੀ ਰਾਸਿ ਕੂੜਾ ਵਾਪਾਰੁ॥
  ਕੂੜੁ ਬੋਲਿ ਕਰਹਿ ਆਹਾਰੁ॥
  ਸਰਮ ਧਰਮ ਕਾ ਡੇਰਾ ਦੂਰਿ॥
  ਨਾਨਕ ਕੂੜੁ ਰਹਿਆ ਭਰਪੂਰਿ॥
        (ਆਸਾ ਮ:੧, ਅੰਗ-੪੭੧)
    ਭਾਈ ਗੁਰਦਾਸ ਜੀ ਲਿਖਦੇ ਹਨ-
   ਪਾਪ ਗਿਰਾਸੀ ਪਿਰਥਮੀ ਧਉਲੁ ਖੜਾ ਧਰ ਹੇਠ ਪੁਕਾਰਾ॥
   ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤ ਕਉ ਪਾਰਿ ਉਤਾਰਾ॥
    ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਇਨ ਛਾਰਾ॥
ਬਾਝੁ ਗੁਰੂ ਡੁੱਬਾ ਜਗੁ ਸਾਰਾ॥
        (ਵਾਰ-੧,ਪਉੜੀ-੨੯)
  ਅਜਿਹੀ ਭਿਆਨਕ ਰਾਜਸੀ ਹਾਲਤ ਨੇ ਭਾਰਤ ਦੀ ਸ਼ਕਲ ਵਿਗਾੜ ਦਿੱਤੀ ਸੀ।ਭਾਰਤੀ ਲੋਕਾਂ ਦਾ ਜੀਣਾ ਦੁੱਭਰ ਹੋ ਚੁੱਕਾ ਸੀ।ਉਨ੍ਹਾਂ ਨੂੰ ਜੀਣ ਲਈ ਵੀ ਟੈਕਸ ਦੇਣਾ ਪੈਂਦਾ ਸੀ।ਅਜਿਹੇ ਹਾਲਾਤਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ।ਉਸ ਸਮੇਂ ਭਾਰਤ ‘ਤੇ ਬਹਿਲੋਲ ਲੋਧੀ ਦਾ ਰਾਜ ਸੀ।ਉਹਦੀ ਮੌਤ ਤੋਂ ਬਾਅਦ ਉਹਦਾ ਮੁੰਡਾ ਸ਼ਿਕੰਦਰ ਲੋਧੀ ਤਖਤ ‘ਤੇ ਬੈਠਾ, ਜਿਸ ਨੇ 1489 ਤੋਂ 1517 ਈ: ਤੱਕ ਸ਼ਾਸ਼ਨ ਕੀਤਾ।ਇਸ ਨੇ ਦਿੱਲੀ ਦੀ ਬੀਜਾਇ ਆਗਰੇ ਨੂੰ ਆਪਣੀ ਰਾਜਧਾਨੀ ਬਣਾਇਆ।ਪਿਛਲੇ ਹਾਕਮਾਂ ਦੀ ਤਰ੍ਹਾਂ ਇਸ ਨੇ ਵੀ ਭਾਰਤੀ ਜਨਤਾ ‘ਤੇ ਅਕਹਿ ਜ਼ੁਲਮ ਕੀਤੇ।ਗੁਰੂ ਨਾਨਕ ਦੇਵ ਜੀ ਨੇ ਜ਼ਾਲਮ ਹਾਕਮਾਂ ਦੇ ਜ਼ੁਲਮ ਵਿਰੁੱਧ ਅਵਾਜ਼ ਚੁੱਕੀ ਤੇ ਲੋਕਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਿਆ।ਪੰਚਮ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰਦੇ ਹੋਏ, ਸੂਹੀ ਰਾਗ ਵਿੱਚ ਲਿਖਦੇ ਹਨ-
   ਗਿਆਨੁ ਧਿਆਨੁ ਕਿਛੁ ਕਰਮ ਨ ਜਾਣਾ
    ਸਾਰ ਨ ਜਾਣਾ ਤੇਰੀ॥
    ਸਭ ਤੇ ਵਡਾ ਸਤਿਗੁਰੁ ਨਾਨਕੁ
    ਜਿਨਿ ਕਲ ਰਾਖੀ ਮੇਰੀ॥ (ਅੰਗ-੭੫੦)
            ਸੁਖਦੇਵ ਸਿੰਘ ਭੁੱਲੜ 
            ਸੁਰਜੀਤ ਪੁਰਾ ਬਠਿੰਡਾ 
            94170-46117
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੈਰਾਨੀਜਨਕ ਡਾਕਟਰ! ਬੱਚੇ ਦੀ ਖੱਬੀ ਅੱਖ ਵਿੱਚ ਸਮੱਸਿਆ ਸੀ, ਡਾਕਟਰਾਂ ਨੇ ਸੱਜੀ ਅੱਖ ਦਾ ਆਪ੍ਰੇਸ਼ਨ ਕੀਤਾ।
Next articleਰੋਟਰੀ ਕਲੱਬ ਮੋਰਿੰਡਾ ਵਿਖੇ ਰੋਮੀ ਘੜਾਮਾਂ ਨੇ ਬਿਖੇਰੇ ਇਤਿਹਾਸਕ, ਸਾਹਿਤਕ ਤੇ ਸੰਗੀਤਕ ਰੰਗ