(ਸਮਾਜ ਵੀਕਲੀ)
ਦਸਮ ਪਿਤਾ ਸੀ ਦਸਮ ਅਵਤਾਰ ਆਏ,
ਇਸ ਧਰਤੀ ‘ਤੇ ਦਾਤਾ ਦਾਤਾਰ ਆਏ।
ਜ਼ਬਰ ਜ਼ੁਲਮ ਦੀ ਜੜ੍ਹ ਪੁੱਟਣ ਲਈ,
ਕੁੱਲ ਹਿੰਦ ਦੀ ਬਣ ਸਰਕਾਰ ਆਏ।
ਦਸਾਂ ਗੁਰਾਂ ਦਾ ਧਾਰ ਕੇ ਰੂਪ ਆਏ,
ਰੱਬੀ ਜੋਤਿ ਦਾ ਆਪ ਸਰੂਪ ਆਏ।
ਸੱਚੇ ਸਿੱਖ ਲਈ ਸੱਚੀ ਸਰਕਾਰ ਬਣ ਕੇ,
ਜ਼ਾਲਮ ਲਈ ਸੀ ਚੁੱਕ ਤਲਵਾਰ ਆਏ।
ਸੱਚੇ ਗੁਰੂ ਤੇ ਸੰਤ ਸਿਪਾਹੀ ਬਣ ਗਏ,
ਆਗੂ ਕੌਮ ਦੇ ਬਣ ਅਗਵਾਈ ਕਰ ਗਏ।
ਰੱਬੀ ਬਾਣੀ ਦਾ ਮੁੱਖੋਂ ਫੁਰਮਾਨ ਕਰਕੇ,
ਓਹਦੇ ਨਾਲ ਹੀ ਜੋਤਿ ਇਲਾਹੀ ਬਣ ਗਏ।
ਪੰਜਾਂ ਸਿੰਘਾਂ ਦੀ ਜਦੋਂ ਪਛਾਣ ਕੀਤੀ,
ਫੜ ਹੱਥ ਦੇ ਵਿੱਚ ਤਲਵਾਰ ਲੀਤੀ।
ਕੱਲੇ-ਕੱਲੇ ਨੂੰ ਤੰਬੂ ਵਿੱਚ ਲੈ ਜਾਂਦੇ ਨੇ,
ਮੁੜ ਆ ਜੈਕਾਰਾ ਛੁਡਾਉਂਦੇ ਨੇ।
ਸਿੰਘ ਸਾਜੇ ਤੇ ਸਿੰਘਾਂ ਨੂੰ ਰੂਪ ਦਿੱਤਾ,
ਖੁਦ ਆਪਣੇ ਵਾਲਾ ਸਰੂਪ ਦਿੱਤਾ।
ਪੰਜਾਂ ਕੱਕਿਆਂ ਨਾਲ ਸ਼ਿੰਗਾਰ ਕਰਕੇ,
ਗੁਰਾਂ ਸਿੱਖਾਂ ਨੂੰ ਸਿੰਘਾਂ ਦਾ ਰੂਪ ਦਿੱਤਾ।
ਖਾਤਿਰ ਹਿੰਦ ਸਰਬੰਸ ਕੁਰਬਾਨ ਕੀਤਾ,
ਕੁੱਲ ਖ਼ਲਕਤ ਨੇ ਆਉਣ ਸਲਾਮ ਕੀਤਾ।
ਪੁੱਤਰ ਚਾਰ ਸਰਬੰਸ ਦੇ ਬਣੇ ਬਾਲੀ,
ਕੁੱਲ ਹਿੰਦ ਦੀ ਰੱਖੀ ਜੋ ਸ਼ਾਨ ਆਲੀ।
ਪੁੱਤਾਂ ਵਾਰੇ ਜਦ ਮਾਂ ਸਵਾਲ ਕੀਤਾ,
ਸਤਿ ਗੁਰਾਂ ਨੇ ਆਉਣ ਫੁਰਮਾਨ ਕੀਤਾ।
ਪੁੱਤਰ ਚਾਰ ਸ਼ਹੀਦੀਆਂ ਪਾ ਗਏ ਨੇ,
ਲੱਖਾਂ ਪੁੱਤਾਂ ਦੇ ਤਾਈਂ ਬਚਾ ਗਏ ਨੇ।
ਮਸਲਾਂ ਵਿੱਚ ਸੰਸਾਰ ਦੇ ਬਹੁਤ ਬਣੀਆਂ,
ਇਕ ਅਨੌਖੀ ਮਸਾਲ ਦਸ਼ਮੇਸ਼ ਦੀ ਏ।
ਪੁੱਤਰ ਚਾਰ ਤੇ ਪਿਤਾ ਕੁਰਬਾਨ ਕਰਕੇ,
ਚੜ੍ਹਦੀ ਕਲਾ ਫੇਰ ਵੇਖ ਦਸ਼ਮੇਸ਼ ਦੀ ਏ।
ਸਵਾ ਲੱਖ ਨਾਲ ਇਕ ਲੜਾ ਗਏ ਨੇ,
ਕਲਾ ਆਪਣੀ ਖ਼ੂਬ ਦਿਖਾ ਗਏ ਨੇ।
ਚਿੜੀਆਂ ਪਾਸੋਂ ਉਹ ਬਾਜ ਤੁੜਵਾ ਗਏ ਨੇ,
ਗੋਬਿੰਦ ਸਿੰਘ ਜੋ ਨਾਮ ਕਹਾ ਗਏ ਨੇ।
ਸਤਿਗੁਰਾਂ ਨੇ ਫੇਰ ਫੁਰਮਾਨ ਦਿੱਤੇ,
ਗ੍ਰੰਥ ਸਾਹਿਬ ਨੂੰ ਗੁਰਾਂ ਦੇ ਮਾਣ ਦਿੱਤੇ।
ਗੁਰੂ ਮੰਨਣਾ ਸਿੱਖਾਂ ਨੂੰ ਹੁਕਮ ਕਰ ਗਏ,
ਡੇਰਾ ਆਪ ਸੰਸਾਰ ਤੋਂ ਕੂਚ ਕਰ ਗਏ।
ਦਸ ਬੰਧਾਂ ਤੋਂ ਅੱਗੇ ਵਰਾਮ ਦਿੰਦਾ,
ਸਤਿਗੁਰਾਂ ਨੂੰ ਫਤਿਹ ਸਲਾਮ ਦਿੰਦਾ।
ਸਤਿ ਸ਼੍ਰੀ ਅਕਾਲ ਅਕਾਲ ਹੈ ਓਹ,
ਬਨਾਰਸੀ ਦਾਸ ਜੋ ਬੋਲੂ ਨਿਹਾਲ ਹੈ ਉਹ।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286