(ਸਮਾਜ ਵੀਕਲੀ) – ਅਵਤਾਰ ਪੁਰਬ ‘ਤੇ ਵਿਸ਼ੇਸ਼
ਸ੍ਰੀ ਗੁਰੂ ਅੰਗਦ ਦੇਵ ਜੀ ਨੇ 5 ਵੈਸਾਖ ਸੰਮਤ 1561 ਬਿਕਰਮੀ ਮੁਤਾਬਿਕ 31 ਮਾਰਚ ਸੰਨ 1504 ਈ. ਨੂੰ ਮੱਤੇ ਦੀ ਸਰਾਂ (ਪ੍ਰਚਲਤ ਨਾਂ ਨਾਗੇ ਦੀ ਸਰਾਂ) ਜ਼ਿਲ੍ਹਾ ਫਰੀਦਕੋਟ ਵਿਖੇ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਦਾ ਨਾਂ ਭਾਈ ਫੇਰੂ ਮੱਲ ਸੀ ਤੇ ਮਾਤਾ ਦਾ ਨਾਂ ਸਭਰਾਈ ਸੀ ।ਇਨ੍ਹਾਂ ਦਾ ਮੁੱਢਲਾ ਨਾਂ ਭਾਈ ਲਹਿਣਾ ਸੀ। ਆਪ ਦਾ ਵਿਆਹ ਸੰਮਤ 1576 ਬਿਕਰਮੀ ਮੁਤਾਬਿਕ ਸੰਨ 1519 ਨੂੰ ਖਡੂਰ ਸਾਹਿਬ ਵਿੱਖੇ ਭਾਈ ਦੇਵੀ ਚੰਦ ਜੀ ਖੱਤਰੀ ਦੀ ਸਪੱੁਤਰੀ ਬੀਬੀ ਖੀਵੀ ਜੀ ਨਾਲ ਹੋਇਆ। ਆਪ ਜੀ ਦੇ ਦੋ ਸੁਪੱਤਰ ਸ੍ਰੀ ਦਾਸੂ ਅਤੇ ਸ੍ਰੀ ਦਾਤੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਣੋਖੀ ਜੀ ਸਨ।

pic rajiv sharma
ਉਸ ਸਮੇਂ ਪੰਜਾਬ ਵਿਚ ਹਫ਼ੜਾ ਦਫੜੀ ਮੱਚੀ ਹੋਈ ਸੀ। ਜਦ ਮੱਤੇ ਦੀ ਸਰ੍ਹਾਂ ਮੁਗ਼ਲਾਂ ਅਤੇ ਬਲੋਚਾਂ ਨੇ ਉਜਾੜ ਦਿੱਤੀ, ਤਾਂ ਫੇਰੂ ਜੀ ਅਤੇ ਭਾਈ ਲਹਿਣਾ ਜੀ ਦੇ ਪਰਿਵਾਰ ਖਡੂਰ ਵਿੱਚ ਰਹਿਣ ਲਈ ਚਲੇ ਗਏ।ਗੋਇੰਦਵਾਲ ਅਜੇ ਵਸਿਆ ਨਹੀਂ ਸੀ।ਖਡੂਰ ਆਪ ਦੀ ਭੂਆ ਵਿਆਹੀ ਹੋਈ ਸੀ, ਉਸੇ ਦੀ ਰਾਹੀਂ ਆਪ ਦਾ ਰਿਸ਼ਤਾ ਖਡੂਰ ਹੋਇਆ।ਖਡੂਰ ਆ ਕੇ ਬਾਬਾ ਫੇਰੂ ਨੇ ਪ੍ਰਚੂਨ ਦੀ ਦੁਕਾਨ ਪਾ ਲਈ।ਆਪ ਦੀ ਉਸ ਸਮੇਂ ਉਮਰ ਵੀਹ ਸਾਲ ਦੀ ਸੀ।
ਬਾਬਾ ਫੇਰੂ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਤੇ ਹਰ ਸਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪੈਦਲ ਜੰਮੂ ਕਟੜਾ ਜਾਂਦੇ ਸਨ ।ਸੰਮਤ 1583 (1526 ਈ.) ਵਿਚ ਬਾਬਾ ਫੇਰੂ ਜੀ ਅਕਾਲ ਚਲਾਣਾ ਕਰ ਗਏ ।ਉਨ੍ਹਾਂ ਤੋਂ ਪਿੱਛੋਂ ਆਪ ਨੇ ਇਹ ਸੇਵਾ ਸੰਭਾਲ ਲਈ ।
ਖਡੂਰ ਵਿੱਚ ਇੱਕ ਸਿੱਖ ਭਾਈ ਜੋਧਾ ਰਹਿੰਦਾ ਸੀ। ਭਾਈ ਜੋਧਾ ਹਰ ਰੋਜ਼ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠਦਾ ਸੀ ਅਤੇ ਜਪੁਜੀ ਤੇ ਆਸਾ ਕੀ ਵਾਰ ਦਾ ਪਾਠ ਕਰਦਾ ਸੀ।ਉਸ ਰਾਹੀਂ ਆਪ ਜੀ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਰਾਵੀ ਦੇ ਕੰਢੇ ਕਰਤਾਰਪੁਰ ਵਿੱਚ ਹੋਇਆ।ਭਾਈ ਲਹਿਣਾ ਨੇ ਬਹੁਤ ਮਨ ਲਾ ਕੇ 6-7 ਸਾਲ ਗੁਰੂ ਜੀ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਵੀ ਕਈ ਤਰ੍ਹਾਂ ਦੀਆਂ ਪਰਖਾਂ ਕੀਤੀਆਂ। ਅੰਤ ਵਿੱਚ ਗੁਰੁ ਨਾਨਕ ਦੇਵ ਨੇ ਅਸੂ ਵਦੀ 10(7 ਅਸੂ) ਸੰਮਤ 1596 ( 7 ਸਤੰਬਰ1539 ਈ.) ਨੂੰ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ 2 ਅਸੂ ਸੰਮਤ 1596(ਅਸੂ ਵਦੀ5) ਮੁਤਾਬਿਕ 2 ਸਤੰਬਰ ਸੰਨ 1539 ਨੂੰ ਲਹਿਣੇ ਨੂੰ ਅੰਗਦ ਬਣਾ ਕੇ ਗੁਰਿਆਈ ਦੇ ਦਿੱਤੀ ਗਈ। ਸ੍ਰੀ ਚੰਦ ਤੇ ਲਖਮੀਦਾਸ ਦੀ ਨਰਾਜ਼ਗੀ ਕਾਰਨ ਸਿੱਖ ਸੰਗਤਾਂ ਵਿੱਚ ਫੁੱਟ ਦਾ ਬੀਜ ਨਾ ਬੀਜਿਆ ਜਾਵੇ, ਇਸ ਲਈ ਗੁਰੂ ਨਾਨਕ ਜੀ ਦੀ ਆਗਿਆ ਅਨੁਸਾਰ ਆਪ ਕਰਤਾਰਪੁਰ ਛੱਡ ਕੇ ਖਡੂਰ ਆ ਗਏ।
ਸ੍ਰੀ ਗੁਰੁ ਨਾਨਕ ਦੇਵ ਜੀ ਨੇ ਲੋਕਾਂ ਦੀ ਭਾਸ਼ਾ ਪੰਜਾਬੀ ਵਿਚ ਲਿਖਣ ਦੀ ਜੋ ਸ਼ੁਰੂਆਤ ਕੀਤੀ ਸੀ ਉਸ ਨੂੰ ਹੀ ਗੁਰੁ ਅੰਗਦ ਜੀ ਨੇ ਅੱਗੇ ਤੋਰਿਆ ਤੇ ਉਸ ਦੇ ਪ੍ਰਚਾਰ ਤੇ ਪਾਸਾਰ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ।ਗੋਕਲ ਚੰਦ ਨਾਰੰਗ ਅਨੁਸਾਰ ਉਸ ਸਮੇਂ ਬ੍ਰਾਹਮਣ ਦੇ ਮਹੱਤਵ ਦਾ ਇੱਕ ਵੱਡਾ ਆਧਾਰ ਉਸ ਦਾ ਸੰਸਕ੍ਰਿਤ ਦਾ ਗਿਆਨ ਸੀ ਜੋ ਕਿ ਧਰਮ ਦੀ ਭਾਸ਼ਾ ਸੀ। ਜਦੋਂ ਗੁਰਮੁੱਖੀ ਅੱਖਰਾਂ ਵਿੱਚ ਲਿਪੀ ਪੰਜਾਬੀ ਨੂੰ ਵੀ ਉਹੀ ਸੁਚਮਤਾ ਪ੍ਰਾਪਤ ਹੋ ਗਈ, ਤਾਂ ਬ੍ਰਾਹਮਣ ਦੀ ਪ੍ਰਤਿਸ਼ਠਾ ਨੂੰ ਧੱਕਾ ਲੱਗਣਾ ਜ਼ਰੂਰੀ ਸੀ। ਇਸ ਨਵੀਨ ਲਿਪੀ ਦੀ ਵਰਤੋਂ ਦਾ ਪ੍ਰਭਾਵ ਇਹ ਪਿਆ ਕਿ ਪੜ੍ਹੇ ਲਿਖੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਅਤੇ ਜਨਤਾ ਤੱਕ ਉਨ੍ਹਾਂ ਦੀ ਮਾਤਰੀ ਭਾਸ਼ਾ ਵਿੱਚ ਧਾਰਮਿਕ ਸਾਹਿਤ ਦੀ ਰਸਾਈ ਕਰਨ ਕਰਕੇ, ਗੁਰੂਆਂ ਦੇ ਸੁਧਾਰ-ਕਾਰਜ ਨੂੰ ਉਤਸ਼ਾਹ ਮਿਿਲਆ।
ਗੁਰੂ ਅੰਗਦ ਦੇਵ ਨੇ ਦੂਸਰਾ ਕਦਮ ਗੁਰੂ ਨਾਨਕ ਦੀਆਂ ਸਾਖੀਆਂ ਦੇ ਸੰਗ੍ਰਹਿ ਸੰਬੰਧੀ ਚੁੱਕਿਆ। ਬਾਲੇ ਨੇ, ਜੋ ਕਿ ਜੋਤੀ ਜੋਤ ਸਮਾ ਚੁੱਕੇ ਗੁਰੂ ਸਾਹਿਬ ਦਾ ਜੀਵਨ ਸੰਗੀ ਰਿਹਾ ਸੀ ਅਤੇ ਉਨ੍ਹਾਂ ਦੀਆਂ ਸਾਰੀਆਂ ਉਦਾਸੀਆਂ ਵਿੱਚ ਉਨ੍ਹਾਂ ਦੇ ਨਾਲ ਰਿਹਾ ਸੀ, ਆਪਣੀ ਯਾਦਾਸ਼ਤ ਦੁਆਰਾ ਸਭ ਕੁਝ ਬਿਆਨ ਕੀਤਾ ਜੋ ਉਸ ਨੇ ਗੁਰੂ ਨਾਨਕ ਦੇ ਬਾਲਪਨ ਤੋਂ ਲੈ ਕੇ ਮ੍ਰਿਤੂ ਤੱਕ ਵੇਖਿਆ ਸੀ ਜਾਂ ਸੁਣਿਆ ਸੀ ਅਤੇ ਗੁਰੂ ਅੰਗਦ ਨੇ ਇਸ ਨੂੰ ਲਿਪੀ ਬੱਧ ਕਰਨ ਦਾ ਨਿਸ਼ਚਾ ਧਾਰ ਲਿਆ। ਗੁਰੂ ਨਾਨਕ ਪਹਿਲੇ ਪੰਜਾਬੀ ਕਵੀ ਸਨ ਜਿਨ੍ਹਾਂ ਨੂੰ ਲੋਕ-ਪ੍ਰਿਯਤਾ ਅਤੇ ਪ੍ਰਸਿੱਧੀ ਪ੍ਰਾਪਤ ਹੋਈ ਅਤੇ ਗੁਰੂ ਅੰਗਦ ਦੁਆਰਾ ਸੰਪਾਦਿਤ ਉਨ੍ਹਾਂ ਦੀ ਸਾਖੀ ਪੰਜਾਬੀ ਭਾਸ਼ਾ ਦੀ ਸਭ ਤੋਂ ਪਹਿਲੀ ਗੱਦ-ਰਚਨਾ ਬਣੀ। ਗੁਰੂ ਨਾਨਕ ਦੇ ਸਿੱਖਾਂ ਵਿੱਚ ਇਹ ਪੁਸਤਕ ਛੇਤੀ ਹੀ ਹਰਮਨ-ਪਿਆਰੀ ਹੋ ਗਈ ਅਤੇ ਕਿਉਂਕਿ ਇਸ ਪੁਸਤਕ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਅਤੇ ਜੀਵਨ ਦੋਵੇਂ ਹੀ ਦਰਜ ਸਨ, ਇਸ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਹੋਣ ਦਾ ਮਾਣ ਤੁਰੰਤ ਪ੍ਰਾਪਤ ਕਰ ਲਿਆ।
ਆਪ ਜੀ ਨੇੇ ਲੰਗਰ ਪ੍ਰਣਾਲੀ ਜੋ ਗੁਰੂ ਨਾਨਕ ਜੀ ਨੇ ਸ਼ੁਰੂ ਕੀਤੀ ਸੀ ਉਸ ਨੂੰ ਅੱਗੇ ਤੋਰਿਆ।ਸਿੱਖ ਹੁਣ ਪੁਰਾਤਨ ਹਿੰਦੂ ਸਮਾਜ ਤੋਂ ਹੌਲੀ-ਹੌਲੀ ਦੂਰ ਹੋਣ ਲੱਗੇ ਅਤੇ ਇੱਕ ਨਵੀਂ ਸ਼੍ਰੇਣੀ ਅਥਵਾ ਇੱਕ ਕਿਸਮ ਦੇ ਨਵੇਂ ਭਾਈਚਾਰੇ ਵਿੱਚ ਬੱਝਣ ਲੱਗੇ।
ਗੁਰੂ ਬਣਾਣ ਵੇਲੇ ਸਤਿਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਆਪਣੀ ਉਹ ‘ਕਿਤਾਬ’ ਵੀ ਦੇ ਦਿੱਤੀ, ਜਿਸ ਵਿੱਚ ਉਨ੍ਹਾਂ ਆਪਣੀ ਸਾਰੀ ਹੀ ਬਾਣੀ ਲਿਖ ਕੇ ਰੱਖੀ ਹੋਈ ਸੀ, ਅਤੇ ਬਾਬਾ ਫ਼ਰੀਦ, ਭਗਤ ਨਾਮਦੇਵ, ਕਬੀਰ, ਰਵਿਦਾਸ ਆਦਿਕ ਸਾਰੇ ਭਗਤਾਂ ਦੀ ਬਾਣੀ ਵੀ ਲਿਖੀ ਹੋਈ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਗਏ ਸਨ ਤਾਂ ਹਾਜੀਆਂ ਨੇ ਵੀ ਇਸੇ ‘ਕਿਤਾਬ’ ਬਾਰੇ ਆਖਿਆ ਸੀ ਕਿ ਇਸ ਨੂੰ ਖੋਲ੍ਹ ਕੇ ਸਾਨੂੰ ਆਪਣੀ ਰਾਇ ਦੱਸੋ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ।ਇਹ ਹੁਕਮ ਵੀ ਕੀਤਾ ਕਿ ਰਾਵੀ ਬਿਆਸ ਵਿਚਲੇ ਇਲਾਕੇ ਮਾਝੇ ਵਿੱਚ ਦੇ ਕਿਸਾਨ ਆਦਿਕ ਲੋਕਾਂ ਵਿੱਚ ਪ੍ਰਚਾਰ ਕਰੋ ਅਤੇ ਉਨ੍ਹਾਂ ਨੂੰ ਹਂੌਸਲਾ ਦਿਉ।ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਤੋਂ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਖਡੂਰ ਵਿੱਚ ਆ ਬਣਾਇਆ।
ਗੋਇੰਦਵਾਲ ਵਾਲ਼ੀ ਜਗਾਹ ਪਹਿਲਾਂ ਇਕ ਥੇਹ ਸੀ ਤੇ ਇੱਕ ਮਰਵਾਹੇ ਖੱਤਰੀ ਗੋਂਦੇ ਦੇ ਵੱਡਿਆਂ ਦੀ ਮਾਲਕੀ। ਗੋਂਦਾ ਆਪਣੇ ਵੱਡਿਆਂ ਦਾ ਨਾਮ ਉਜਾਗਰ ਕਰਨ ਲਈ ਉੱਥੇ ਨਗਰ ਵਸਾਣਾ ਚਾਹੁੰਦਾ ਸੀ। ਗੋਂਦਾ ਇਸ ਬਾਰੇ ਗੁਰੂ ਅੰਗਦ ਦੇਵ ਜੀ ਪਾਸ ਆਇਆ।ਗੁਰੂ ਅੰਗਦ ਸਾਹਿਬ ਨੇ ਨਗਰ ਵਸਾਣ ਦੀ ਇਹ ਜ਼ਿੰਮੇਵਾਰੀ (ਗੁਰੂ) ਅਮਰਦਾਸ ਜੀ ਨੂੰ ਸੌਂਪੀ, ਅਤੇ ਹੁਕਮ ਦਿੱਤਾ ਕਿ ਨਗਰ ਬਣਾ ਕੇ ਬਾਸਰਕੇ ਤੋਂ ਆਪਣੇ ਨਿਕਟੀ ਸਾਕ-ਸੰਬੰਧੀਆਂ ਨੂੰ ਉੱਥੇ ਲਿਆ ਵਸਾਓ। ਇਹ ਜ਼ਿਕਰ ਸੰਨ 1546 (ਸੰਮਤ 1603) ਦਾ ਹੈ। ਨਗਰ ਦਾ ਨਾਮ ਗੋਇੰਦਵਾਲ ਰੱਖਿਆ ਗਿਆ। (ਗੁਰੂ) ਅਮਰਦਾਸ ਜੀ ਆਪਣੇ ਕਈ ਸਾਕ-ਸੰਬੰਧੀਆਂ ਨੂੰ ਗੋਇੰਦਵਾਲ ਲੈ ਆਏ।
ਜਿੱਥੋਂ ਤੀਕ ਗੁਰਮੁੱਖੀ ਲਿਪੀ ਦਾ ਸੰਬੰਧ ਹੈ ਇਸ ਨੂੰ ਅਜੋਕਾ ਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਸੀ।ਡਾ. ਜ.ਸ.ਜੋਸ਼ੀ ਅਨੁਸਾਰ ਗੁਰਮੁਖੀ ਦੇ ਅੱਖਰ ਵਰਤਮਾਨ ਦੇਵਨਾਗਰੀ ਨਾਲੋਂ ਵੀ ਪੁਰਾਣੇ ਹਨ। ਕੋਈ ਪੈਂਤੀ ਅੱਖਰਾਂ ਦੀ ਵਰਣਮਾਲਾ ਗੁਰੂ ਨਾਨਕ ਸਾਹਿਬ ਦੇ ਬਚਪਨ ਵੇਲੇ ਮੌਜੂਦ ਸੀ। ਇਹ ਵਰਣਮਾਲਾ ਪਾਂਧੇ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਅਤੇ ਇਸ ਨੂੰ ਮੁੱਖ ਰੱਖਕੇ ‘ਪੱਟੀ’ ਵਾਲੀ ਰਚਨਾ ਕੀਤੀ। ਇਹ ਵਰਣਮਾਲਾ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦਾ ਮੁੱਢ ਸੀ। ਇਹੋ ਵਰਣਮਾਲਾ ਹੀ ਪਿੱਛੋਂ ‘ਗੁਰਮੁਖੀ’ ਅਖਵਾਉਣ ਵਾਲੀ ਹੋ ਸਕਦੀ ਹੈ, ਜੇ ਪੈੜੇ ਮੋਖੇ ਦੇ ਜਨਮਸਾਖੀ ਲਿਖਣ ਵਾਲੀ ਕਹਾਣੀ ਨੂੰ ਜਿਸ ਤਰ੍ਹਾਂ ਉਹ ਬਾਲੇ ਵਾਲੀ ਜਨਮ ਸਾਖੀ ਵਿੱਚ ਦਿੱਤੀ ਗਈ ਹੈ। ਸੱਚ ਮੰਨ ਲਈਏ ਤਾਂ ਪ੍ਰਤੱਖ ਹੈ ਕਿ ਪੈੜੇ ਮੋਖੇ ਨੂੰ ਗੁਰਮੁਖੀ ਲਿਖਣੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਿਲਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਆਉਂਦੀ ਸੀ, ਜਿਸ ਤੋਂ ਗੁਰੂ ਅੰਗਦ ਦੇਵ ਜੀ ਨੇ ਐਡਾ ਵੱਡਾ ਕੰਮ ਉਸ ਦੇ ਸਪੁਰਦ ਕੀਤਾ। ਡਾ. ਜੋਸ਼ੀ ਅੱਗੇ ਲਿਖਦੇ ਹਨ ਕਿ ਗੁਰਮੁਖੀ ਅੱਖਰਾਂ ਦੀ ਵਰਤਮਾਨ ਤਰਤੀਬ ਆਧੁਨਿਕ ਯੁਗ ਦੀਆਂ ਧੁਨੀ ਵਿਿਗਆਨ ਦੇ ਖੇਤਰ ਦੀਆਂ ਖੋਜਾਂ ਦੀ ਕਸਵਟੀ ‘ਤੇ ਪੂਰੀ ਤਰ੍ਹਾਂ ਠੀਕ ਉਤਰਦੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਸ ਤੋਂ ਵੱਧ ਮਹੱਤਵਪੂਰਨ ਯੋਗਦਾਨ ਗੁਰਮੁਖੀ ਲਿਪੀ ਨੂੰ ਗੁਰਬਾਣੀ ਅਤੇ ਬਾਕੀ ਗੁਰਮਤਿ ਸਾਹਿਤ ਨੂੰ ਲਿਖਤੀ ਰੂਪ ਦੇਣ ਲਈ ਢੁੱਕਵੀਂ ਮੰਨ ਕੇ ਮਾਧਿਅਮ ਵਜੋਂ ਅਪਨਾਉਣਾ ਹੈ। ਬੱਚਿਆਂ ਨੂੰ ਇਸਦੀ ਸਿੱਖਿਆ ਪ੍ਰਦਾਨ ਕਰਨ ਲਈ ਆਪ ਜੀ ਨੇ ‘ਬਾਲ ਬੋਧ’ ਦੀ ਰਚਨਾ ਕੀਤੀ। ਗੁਰਮੁਖੀ ਅੱਖਰਾਂ ਤੋਂ ਜਾਣੂੰ ਲਿਖਾਰੀਆਂ ਨੂੰ ਵਰਤਮਾਨ ਲਿਪੀ ਵਿੱਚ ਪੰਜਾਬੀ ਸਾਹਿਤ ਲਿਖਣ ਦੀ ਪ੍ਰੇਰਣਾ ਅਤੇ ਉਤਸ਼ਾਹ ਦਿੱਤਾ।ਸ਼ਾਇਦ ਇਸੇ ਕਰਕੇ ਗੁਰਮੁਖਾਂ ਨੇ ਆਪ ਜੀ ਨੂੰ ਗੁਰਮੁਖੀ ਲਿਪੀ ਦਾ ਨਿਰਮਾਤਾ ਮੰਨ ਲਿਆ।
ਆਪ ਨੇ ਕੇਵਲ ਸਲੋਕ ਹੀ ਲਿਖੇ ਜਿਨ੍ਹਾਂ ਦਾ ਗਿਣਤੀ 63 ਹੈ।ਗੁਰੂ ਗ੍ਰੰਥ ਦੀ ਬੀੜ ਤਿਆਰ ਕਰਨ ਸਮੇਂ ਇਨ੍ਹਾਂ ਸਲੋਕਾਂ ਨੂੰ ਗੁਰੂ ਅਰਜਨ ਦੇਵ ਨੇ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀਆਂ ਲਿਖੀਆਂ ਵਾਰਾਂ ਦੀਆਂ ਕੁਝ ਪਉੜੀਆਂ ਦੇ ਨਾਲ ਦਰਜ ਕਰ ਦਿੱਤਾ।ਸਿਰੀਰਾਗ ਕੀ ਵਾਰ ਮਹਲਾ ਪਹਿਲਾ ਚੌਥਾ ਵਿਚ 2 ਸਲੋਕ, ਮਾਝ ਕੀ ਵਾਰ ਮਹਲਾ ਪਹਿਲਾ ਵਿਚ 12 ਸਲੋਕ, ਆਸਾ ਕੀ ਵਾਰ ਮਹਲਾ ਪਹਿਲਾ ਵਿਚ 15,ਸੋਰਿਠ ਕੀ ਵਾਰ ਮਹਲਾ ਚਾਰ ਵਿਚ 1, ਸੂਹੀ ਕੀ ਵਾਰ ਮਹਲਾ ਤਿੰਨ ਵਿਚ 11 ਸਲੋਕ, ਰਾਮਕਲੀ ਕੀ ਵਾਰ ਮਹਲਾ ਤੀਜਾ 7,ਮਾਰੂ ਕੀ ਵਾਰ ਮਹਲਾ ਤੀਜਾ 1 ਸਲੋਕ, ਸਾਰੰਗ ਕੀ ਵਾਰ ਮਹਲਾ ਮਹਲਾ ਚਾਰ 9 ਸਲੋਕ, ਮਲਾਰ ਕੀ ਵਾਰ ਮਹਲਾ ਪਹਿਲਾ ਵਿਚ 5 ਸਲੋਕ = 63
ਸ੍ਰੀ ਗੁਰੂ ਅੰਗਦ ਸਾਹਿਬ ਖਡੂਰ ਨਗਰ ਵਿੱਚ 3 ਵੈਸਾਖ ਸੰਮਤ 1609 (ਚੇਤਰ ਸੁਦੀ 4) ਨੂੰ ਜੋਤੀ ਜੋਤਿ ਸਮਾਏ। ਈਸਵੀ ਸੰਨ ਅਨੁਸਾਰ 29 ਮਾਰਚ ਸੰਨ 1552 ਦਿਨ ਮੰਗਲਵਾਰ ਸੀ। ਕੁਲ ਉਮਰ 48 ਸਾਲ ਦੀ ਸੀ।
ਸਹਾਇਕ ਪੁਸਤਕਾਂ
1. ਸਾਹਿਬ ਸਿੰਘ, ਪ੍ਰੋਫ਼ੈਸਰ, ਗੁਰ-ਇਤਿਹਾਸ, ਪਾਤਸ਼ਾਹੀ 2 ਤੋਂ 9 ,ਸਿੰਘ ਬ੍ਰਦਰਜ਼, ਅੰਮ੍ਰਿਤਸਰ, 2018
2. ਗੁਰਨਾਮ ਕੌਰ (ਡਾ.) ਘੁੰਮਣ, ਰਣਜੀਤ ਸਿੰਘ (ਡਾ.) (ਸੰਪਾ.) ਸ੍ਰੀ ਗੁਰੂ ਅੰਗਦ ਦੇਵ ‘ਗੁਰ ਚੇਲਾ, ਚੇਲਾ ਗੁਰੂ’, ਪੰਜਾਬੀ ਯੂਨੀਵਰਸਿਟੀ ਪਟਿਆਲਾ 2007
3. ਜੋਧ ਸਿੰਘ ਡਾ., ਸਿੱਖ ਧਰਮ ਵਿਸ਼ਵ ਕੋਸ਼ (ਪਹਿਲੀ ਸੈਂਚੀ), ਪੰਜਾਬੀ ਯੂਨੀਵਰਸਿਟੀ ਪਟਿਆਲਾ 2008
4. ਨਾਰੰਗ, ਗੋਕਲ ਚੰਦ (ਅਨੁਵਾਦਕ ਗੁਰਚਰਨ ਸਿੰਘ), ਸਿੱਖ ਮਤ ਦਾ ਪਰਿਵਰਤਨ, ਪੰਜਾਬੀ ਯੂਨੀਵਰਸਿਟੀ ਪਟਿਆਲਾ 2009
5. ਪਦਮ ਪਿਆਰਾ ਸਿੰਘ, ਸੰਖੇਪ ਸਿੱਖ ਇਤਿਹਾਸ, ਸਿੰਘ ਬਦਰਜ਼, ਅੰਮ੍ਰਿਤਸਰ 2014,
6. ਮੈਕਾਲਿਫ਼, ਮੈਕਸ ਅਰਥਰ, ਅਨੁਵਾਦਕ ਅਜੈਬ ਸਿੰਘ, ਸੋਧਕ ਡਾ. ਜੀ ਐਸ ਔਲਖ ,ਸਿੱਖ ਇਤਿਹਾਸ, ਭਾਗ 1-2, ਲਾਹੌਰ ਬੁਕ ਸ਼ਾਪ, ਲੁਧਿਆਣਾ, 2014

ਚਰਨਜੀਤ ਸਿੰਘ ਗੁਮਟਾਲਾ
91 9417533060
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly