ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਸਪੋਰਟਸ ਸਕੂਲ

ਬਠਿੰਡਾ, (ਸਮਾਜ ਵੀਕਲੀ):  ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਾਲਾ ਸਪੋਰਟਸ ਸਕੂਲ ਬਠਿੰਡਾ (ਘੁੱਦਾ) ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਬੇਰੁੱਖੀ ਦਾ ਸ਼ਿਕਾਰ ਹੋ ਰਿਹਾ ਹੈ। ਬਾਦਲ ਦੇ ਪੁਰਖਿਆਂ ਦੇ ਪਿੰਡ ਘੁੱਦਾ ਦੇ ਭਾਗ ਉਸ ਸਮੇਂ ਜਾਗੇ ਸਨ ਜਦੋਂ ਦਸੰਬਰ 2011 ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 16 ਏਕੜ ਵਿੱਚ ਬਣੇ ਇਸ ਸਕੂਲ ਦਾ ਨੀਂਹ ਪੱਥਰ ਰੱਖਿਆ। ਇੱਥੇ ਹੀ ਬਸ ਨਹੀਂ, ਘੁੱਦਾ ਵਿੱਚ ਬਣੀ ਸੈਂਟਰਲ ਯੂਨੀਵਰਸਿਟੀ ਨੇ ਬਠਿੰਡਾ ਦਾ ਨਾਮ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ।

ਬਠਿੰਡਾ ਤੋਂ 16 ਕਿਲੋਮੀਟਰ ਦੂਰੀ ’ਤੇ ਸਥਿਤ ਇਹ ਸਕੂਲ ਕਦੇ ਖਿਡਾਰੀਆਂ ਨਾਲ ਭਰਿਆ ਰਹਿੰਦਾ ਸੀ। ਇੱਥੇ ਕੌਮਾਂਤਰੀ ਪੱਧਰ ਦਾ ਗਰਾਊਂਡ, ਇਨਡੋਰ ਸਟੇਡੀਅਮ, ਖਿਡਾਰੀਆਂ ਦੇ ਰਹਿਣ ਲਈ ਹੋਸਟਲ, ਕੰਟੀਨ ਆਦਿ ਪ੍ਰਬੰਧ ਕੀਤਾ ਗਿਆ ਸੀ। ਸਕੂਲ ਵਿੱਚ ਅਥਲੈਟਿਕਸ, ਵਾਲੀਬਾਲ, ਸਵੀਮਿੰਗ, ਬਾਕਸਿੰਗ, ਘੋੜ ਦੌੜ, ਬਾਸਕਟਬਾਲ, ਹਾਕੀ, ਰੈਸਲਿੰਗ ਦੇ ਵਿਸ਼ਵ ਪੱਧਰ ਦੇ ਮੈਦਾਨ ਵਾਲਾ ਸਕੂਲ ਹੁਣ ਕੋਵਿਡ ਤੋਂ ਬਾਅਦ ਆਖਰੀ ਦਮ ਭਰ ਰਿਹਾ ਹੈ। ਇਸ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀ ਸਕੂਲ ਤੋਂ ਨਾਮ ਕਟਵਾ ਰਹੇ ਹਨ ਅਤੇ ਅਧਿਆਪਕ/ਕੋਚ ਤਨਖਾਹਾਂ ਨੂੰ ਤਰਸ ਰਹੇ ਹਨ। ਮੈਦਾਨ ਖਿਡਾਰੀਆਂ ਨੂੰ ਤਰਸ ਗਏ ਹਨ।

ਸਪੋਰਟਸ ਸਕੂਲ ਦਾ ਸਾਲਾਨਾ ਬਜਟ 2 ਤੋਂ 3 ਕਰੋੜ ਦੇ ਕਰੀਬ ਹੈ। ਇਸ ਸਕੂਲ ਵਿੱਚ ਕੰਮ ਕਰਦੇ 54 ਦੇ ਕਰੀਬ ਸਕੂਲ ਦਾ ਸਟਾਫ ਠੇਕੇ ਦੇ ਆਧਾਰ ’ਤੇ ਕੰਮ ਕਰ ਰਿਹਾ ਹੈ। ਕੋਚ ਤੇ ਅਧਿਆਪਕ ਤਕਰੀਬਨ 6 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਹਨ।

ਵਾਲੀਬਾਲ ਕੋਚ ਬਲਜਿੰਦਰ ਕੌਰ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਅਮਨਦੀਪ ਕੌਰ ਤੇ ਸੰਦੀਪ ਕੌਰ ਨੇ ਦੱਸਿਆ ਕਿ ਉਹ ਕਈ ਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲ ਚੁੱਕੇ ਹਨ ਪਰ ਇਸ ਸਕੂਲ ਪ੍ਰਤੀ ਉਨ੍ਹਾਂ ਦੀ ਕੋਈ ਦਿਲਚਸਪੀ ਨਜ਼ਰ ਨਹੀ ਆ ਰਹੀ। ਕੈਪਟਨ ਸਰਕਾਰ ਵੱਲੋਂ 4 ਸਾਲ ਤੋਂ ਇਸ ਸਕੂਲ ਨੂੰ ਕੋਈ ਗਰਾਂਟ ਨਹੀਂ ਦਿੱਤੀ ਗਈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIran dismisses Israel’s accusations about oil tanker attack
Next articleGlobal Covid-19 caseload tops 198.2 mn