(ਸਮਾਜ ਵੀਕਲੀ)- ਭਾਦੋਂ ਦਾ ਮਹੀਨਾ ਚੜ੍ਹ ਗਿਆ ਸੀ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਮੱਕੜੀਆਂ ਨੇ ਛੱਤਾ ਉੱਤੇ ਅਤੇ ਖੱਲਾ ਖੂੰਜਿਆਂ ਵਿਚ ਜਾਲੇ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਵਾਰ ਪਤਾ ਨਹੀਂ ਕੀ ਮੱਕੜੀਆਂ ਦਾ ਹੜ ਆ ਗਿਆ ਸੀ। ਮੇਰੀ ਪਤਨੀ ਜਿੰਨੀ ਵਾਰ ਵੀ ਛੱਤਾਂ ਝਾੜਦੀ ਦੋ ਦਿਨਾਂ ਬਾਅਦ ਪਹਿਲਾ ਨਾਲੋਂ ਜ਼ਿਆਦਾ ਲੱਗੇ ਹੁੰਦੇ। ਇਸੇ ਚੱਕਰ ਵਿਚ ਜਾਲੇ਼ ਝਾੜਨਾ ਵੀ ਟੁੱਟ ਚੁੱਕਾ ਸੀ ਤੇ ਉਹ ਵਾਰ – ਵਾਰ ਡੰਡੇ ਨਾਲ਼ ਝਾੜੂ ਬੰਨ੍ਹ – ਬੰਨ੍ਹ ਕੇ ਅੱਕੀ ਪਈ ਸੀ। ਸ਼ਹਿਰ ਜਾਂਦਿਆ ਮੈਨੂੰ ਉਹ ਕਈ ਵਾਰ ਨਵਾਂ ਜਾਲੇ਼ ਝਾੜਨਾ ਲਿਆਉਣ ਲਈ ਕਹਿੰਦੀ ਤੇ ਮੈਂ ਹਰ ਵਾਰ ਭੁੱਲ ਜਾਂਦਾ। ਇਸੇ ਤਰ੍ਹਾਂ ਕਰਦੇ ਕਰਾਉਂਦੇ ਲਗਭੱਗ ਪੂਰਾ ਮਹੀਨਾ ਨਿਕਲ ਗਿਆ ਤੇ ਇਸ ਦੌਰਾਨ ਉਹ ਮੇਰੇ ਨਾਲ਼ ਇੱਕ ਦੋ ਵਾਰ ਝਗੜ ਵੀ ਚੁੱਕੀ ਸੀ ਕਿ ਮੈਂ ਜਾਣਬੁੱਝ ਕੇ ਉਸ ਨੂੰ ਤੰਗ ਕਰਨ ਲਈ ਜਾਲੇ਼ ਝਾੜਨਾ ਨਹੀਂ ਲੈ ਕੇ ਆਉਂਦਾ। ਗੱਲ ਮੁਕਾਓ, ਜਾਲੇ਼ ਝਾੜਨਾ ਉਹਨਾਂ ਦਿਨਾਂ ਵਿੱਚ ਕਸ਼ਮੀਰ ਦੇ ਮਸਲੇ ਵਾਂਗ ਵੱਡਾ ਮੁੱਦਾ ਬਣਿਆ ਹੋਇਆ ਸੀ। ਉਹ ਵਾਰ – ਵਾਰ ਕਹਿੰਦੀ ਰਹਿੰਦੀ ਕਿ ਜੇ ਕੋਈ ਮਹਿਮਾਨ ਘਰ ਆ ਗਿਆ ਤਾਂ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਅਗਲੇ ਕਹਿਣਗੇ ਕਿ ਸਾਰਾ ਜ਼ੋਰ ਫਰਸ਼ਾਂ ‘ਤੇ ਈ ਲਾ ਰੱਖਿਆ। ਛੱਤਾਂ ਤਾਂ ਜਾਲਿਆਂ ਨਾਲ਼ ਅੰਨ੍ਹੀਆਂ ਹੋਈਆਂ ਪਈਆਂ ਨੇ।
ਅੰਤ ਐਤਵਾਰ ਵਾਲੇ਼ ਦਿਨ ਮੈਂ ਘਰ ਹੀ ਸੀ ਤੇ ਬਾਹਰਲੇ ਦਰਵਾਜ਼ੇ ਕੋਲ ਹੀ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਬਾਹਰੋਂ ਆਈ ਅਵਾਜ਼ ਨੇ ਮੇਰਾ ਧਿਆਨ ਤੋੜਿਆ.. ਸਟੀਲ ਦੇ , ਸਿਲਵਰ ਦੇ ਭਾਂਡੇ ਲੈ ਲਓ ਪਲਾਸਟਿਕ ਦਾ, ਕੱਚ ਦਾ ਸਮਾਨ ਲੈ ਲਓ……. ਉਸੇ ਸਮੇਂ ਘਰਾਂ ਵਿੱਚ ਵਰਤਿਆ ਜਾਣ ਵਾਲਾ ਨਿੱਕਾ – ਮੋਟਾ ਸਮਾਨ ਵੇਚਣ ਵਾਲਾ਼ ਭਾਈ -ਜੋ ਆਪਣੀ ਅਸਲੀ ਉਮਰੋਂ ਕੁਝ ਜ਼ਿਆਦਾ ਲੱਗਦਾ ਸੀ।-ਆਪਣੀ ਸਾਇਕਲ ਲੈ ਕੇ ਗਲ਼ੀ ਵਿੱਚ ਦਾਖ਼ਲ ਹੋਇਆ। ਮੈਂ ਸੋਚਿਆ ਚਲੋ ਆ ਮਸਲਾ ਤਾਂ ਹੱਲ ਹੋਇਆ ਤੇ ਚਾਂਈ – ਚਾਂਈ ਆਪਣੀ ਪਤਨੀ ਨੂੰ ਅਵਾਜ਼ ਲਗਾਈ ਕਿ ਉਹ ਬਾਹਰ ਆ ਕੇ ਆਪਣੀ ਪਸੰਦ ਦਾ ਜਾਲੇ਼ ਝਾੜਨਾ ਲੈ ਲਵੇ। ਪਰ ਉਸ ਨੇ ਅੰਦਰੋਂ ਪਰਤਵੀਂ ਅਵਾਜ਼ ਵਿੱਚ ਕਿਹਾ ਕਿ “ਮੈਂ ਰੋਟੀ ਲਾਹ ਰਹੀ ਹਾਂ.. ਤੁਸੀਂ ਖੁਦ ਹੀ ਲੈ ਲਵੋ।” ਹੁਣ ਇਹ ਕਸ਼ਟ ਵੀ ਮੈਨੂੰ ਈ ਚੁੱਕਣਾ ਪੈਣਾ ਸੀ। ਅਖੀਰ ਮੈਂ ਉੱਠਿਆ ਅਤੇ ਅੱਗੇ ਜਾ ਕੇ ਇੱਕ ਜਾਲੇ਼ ਝਾੜਨਾ ਪਸੰਦ ਕਰ ਲਿਆ ਤੇ ਵੇਚਣ ਵਾਲੇ ਭਾਈ ਨੂੰ ਪੁੱਛਿਆ, “ਕਿੰਨੇ ਪੈਸੇ?” ਤਾਂ ਉਸ ਬੜੀ ਹਲੀਮੀ ਨਾਲ਼ ਕਿਹਾ, “ਇੱਕ ਸੌ ਤੀਹ ਰੁਪਏ ਸਾਹਬ।” ਮੈਨੂੰ ਜਾਪਿਆ ਕਿ ਉਸ ਨੇ ਕੀਮਤ ਜ਼ਿਆਦਾ ਦੱਸ ਰਿਹਾ ਹੈ ਇਸ ਦੀ ਐਨੀ ਕੀਮਤ ਨਹੀਂ ਹੋ ਸਕਦੀ ਹੈ ਈ ਕੀ ਸੀ ਉਸ ਵਿੱਚ ਇੱਕ ਪਲਾਸਟਿਕ ਦਾ ਝਾੜੂ ਤੇ ਹਲਕਾ ਜਿਹਾ ਇੱਕ ਪਾਇਪ। ਇਸ ਲਈ ਮੈਂ ਉਸ ਨੂੰ ਪੂਰੇ ਸੌ ਰੁਪਏ ਲੈਣ ਲਈ ਕਿਹਾ ਪਰ ਉਹ ਨਹੀਂ ਮੰਨਿਆ ਤੇ ਮਿੰਨਤਾਂ ਜਿਹੀਆਂ ਕਰਨ ਲੱਗ ਪਿਆ ਅੰਤ ਮੈਨੂੰ ਵੀਹ ਰੁਪਏ ਹੋਰ ਦੇਣੇ ਪਏ। ਮੈਂ ਅੰਦਰ ਵੜਦਿਆਂ ਗੇਟ ‘ਤੇ ਖੜ੍ਹੀ ਆਪਣੀ ਪਤਨੀ ਨੂੰ ਕਿਹਾ -‘ਆਹ ਫੜ੍ਹ ਪੂਰੇ ਇੱਕ ਸੌ ਵੀਹ ਦਾ ਦਿੱਤੈ…’ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਕਦੋਂ ਤੋਂ ਉਥੇ ਖਲੋ ਕੇ ਇਹ ਸਭ ਦੇਖ ਰਹੀ ਸੀ। — ਪਹਿਲਾਂ ਤਾਂ ਉਹ ਚੁੱਪ ਖੜੀ ਰਹੀ ਫਿਰ ਇੱਕ ਦਮ ਚਿੰਤਾ ਭਰੇ ਭਾਵ ਨਾਲ਼ ਧੀਮੀ ਅਵਾਜ਼ ਵਿਚ ਬੋਲੀ , ਸਾਇਕਲਾਂ ਤੇ ਸਮਾਨ ਵੇਚਣ ਵਾਲਿਆਂ ਨਾਲ ਕੀ ਜਰਾਹੀ ਕਰਨੀ ਹੋਈ ਜੀ.. ਇਹਨੇ ਕਿਹੜਾ ਵਿਚਾਰੇ ਨੇ ਕੋਠੀਆਂ ਛੱਤਣੀਆ ਨੇ , ਜਿੰਨੇ ਮੰਗਦਾ ਸੀ ਦੇ ਦਿੰਦੇ ।” ਪਤਾ ਨਹੀਂ ਸਵੇਰ ਦੇ ਭੁੱਖੇ ਤਿਹਾਏ ਨੇ ਚਾਰ ਰੁਪਏ ਵੱਟੇ ਨੇ ਜਾ ਨਹੀਂ। ਘਰਵਾਲੀ ਦੀ ਗੱਲ ਸੁਣ ਕੇ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਪਛਤਾਵਾ ਵੀ ਕਿ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਹ ਵਿਚਾਰਾ ਸਾਇਕਲ ਤੇ ਸਮਾਨ ਵੇਚ ਕੇ ਸਖ਼ਤ ਮਿਹਨਤ ਕਰਦੇ ਹੋਏ ਬੜੀ ਮੁਸ਼ਕਲ ਨਾਲ਼ ਘਰ ਦਾ ਗੁਜ਼ਾਰਾ ਤੋਰਦਾ ਹੋਵੇਗਾ। ਉਸਦੇ ਢਹੂੰ-ਢਹੂੰ ਕਰਦੇ ਘਰ ਅੰਦਰ ਪਾਟੇ ਲੀੜੇ ਪਾਈਂ ਢਿੱਡੋਂ ਭੁੱਖੇ ਬਦਹਾਲ ਬੱਚਿਆਂ ਦੀ ਤਸਵੀਰ ਮੇਰੇ ਸਾਹਮਣੇ ਘੁੰਮਣ ਲੱਗੀ। ਮੈਨੂੰ ਜਾਪਿਆ ਸ਼ਾਇਦ ਉਹਨਾਂ ਬੱਚਿਆਂ ਦੇ ਮੂੰਹੋਂ ਰੋਟੀ ਮੈਂ ਤੇ ਮੇਰੇ ਵਰਗੇ ਹੋਰ ਕਈਆਂ ਨੇ ਖੋਹ ਲਈ ਹੋਵੇ। ਮੈਨੂੰ ਲੱਗਿਆ ਘਰਾਂ ਵਿੱਚ ਲੱਗੇ ਮੱਕੜੀਆਂ ਦੇ ਜਾਲੇ਼ ਇੰਨੇ ਭੈੜੇ ਨਹੀਂ ਜਿੰਨ੍ਹਾਂ ਸਾਡੇ ਦੇਸ਼ ਅਤੇ ਸਮਾਜ ਨੂੰ ਲੱਗਿਆ ਗਰੀਬੀ ਦਾ ‘ਮੱਕੜ ਜਾਲ’ ਹੈ ਜਿਸ ਵਿੱਚ ਲੱਖਾਂ ਲੋਕ ਜ਼ਿੰਦਗੀ ਅਤੇ ਮੌਤ ਵਿਚਕਾਰ ਰੀਂਗ ਰਹੇ ਹਨ ਅਤੇ ਕਿੰਨੀਆਂ ਹੀ ਜ਼ਿੰਦਗੀਆਂ ਨੂੰ ਇਹ ਹਰ ਰੋਜ਼ ਨਿਗਲ ਰਿਹਾ ਹੈ…।
ਜ.. ਦੀਪ ਸਿੰਘ
ਪਿੰਡ – ਕੋਟੜਾ ਲਹਿਲ
ਜ਼ਿਲ੍ਹਾ – ਸੰਗਰੂਰ
ਮੋਬਾ:98760-04714
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly