ਨਵੀਂ ਦਿੱਲੀ (ਸਮਾਜ ਵੀਕਲੀ): ਗੁਜਰਾਤ ਦੇ ਰਾਜਕੋਟ ਹਵਾਈ ਅੱਡੇ ਤੋਂ ਬੀਤੀ 30 ਦਸੰਬਰ ਨੂੰ ਸਪਾਈਸ ਜੈੱਟ ਦਾ ਇੱਕ ਯਾਤਰੀ ਹਵਾਈ ਜਹਾਜ਼ ਏਅਰ ਟਰੈਫਿਕ ਕੰਟਰੋਲਰ (ਏਟੀਸੀ) ਵੱਲੋਂ ਲੋੜੀਂਦੀ ਮਨਜ਼ੂਰੀ ਲੲੇ ਬਗੈਰ ਹੀ ਉਡਾਣ ਭਰ ਗਿਆ। ਇਸ ਘਟਨਾ ਮਗਰੋਂ ਏਵੀਏਸ਼ਨ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀਜੀਸੀਏ) ਨੇ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਡੀਜੀਸੀਏ ਵੱਲੋਂ ਆਰੰਭੀ ਗਈ ਜਾਂਚ ਮੁਕੰਮਲ ਹੋਣ ਤੱਕ ਉਕਤ ਰਾਜਕੋਟ-ਦਿੱਲੀ ਉਡਾਣ ਦੇ ਪਾਇਲਟ ਨੂੰ ਉਡਾਣਾਂ ਲਿਜਾਣ ਤੋਂ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਉਡਾਣ 30 ਦਸੰਬਰ ਨੂੰ ਸਵੇਰੇ 9.30 ਵਜੇ ਤੁਰੀ ਅਤੇ 11.15 ’ਤੇ ਦਿੱਲੀ ਪੁੱਜੀ ਸੀ। ਜ਼ਿਕਰਯੋਗ ਹੈ ਕਿ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੇ ਪਾਇਲਟ ਨੇ ਜਹਾਜ਼ ਰਨਵੇਅ ’ਤੇ ਖੜ੍ਹਾਉਣ, ਪਾਰਕ ਕਰਨ, ਸਟੈਂਡ ’ਤੇ ਲਿਜਾਣ, ਜਹਾਜ਼ ਨੂੰ ਪਿੱਛੇ ਮੋੜਨ ਤੇ ਇੰਜਣ ਸ਼ੁਰੂ ਕਰਨ ਆਦਿ ਤੋਂ ਪਹਿਲਾਂ ਏਟੀਸੀ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ ਤਾਂ ਜੋ ਰਨਵੇਅ ’ਤੇ ਮੌਜੂਦ ਕਿਸੇ ਹੋਰ ਹਵਾਈ ਜਹਾਜ਼ ਨਾਲ ਕੋਈ ਹਾਦਸਾ ਨਾ ਵਾਪਰੇ। ਉਕਤ ਜਹਾਜ਼ ਦੇ ਪਾਇਲਟ ਨੇ ਲੋੜੀਂਦੀਆਂ ਮਨਜ਼ੂਰੀਆਂ ਲਏ ਬਿਨਾ ਹੀ ਉਡਾਣ ਭਰ ਲਈ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly