ਸਰਹੱਦੀ ਸੂਬੇ ਪੰਜਾਬ ਨੂੰ ਮਿਲੇ ਵਿਸ਼ੇਸ਼ ਪੈਕੇਜ: ਮਨਪ੍ਰੀਤ

ਚੰਡੀਗੜ੍ਹ (ਸਮਾਜ ਵੀਕਲੀ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਾੜੀ ਰਾਜਾਂ ਦੀ ਤਰਜ਼ ’ਤੇ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਵੀ ਸਨਅਤੀ ਵਿਕਾਸ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ| ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਵਰਚੁਅਲ ਮੀਟਿੰਗ ਦੌਰਾਨ ਇਹ ਤਰਕ ਦਿੱਤਾ ਕਿ ਪੰਜਾਬ ਸਰਹੱਦੀ ਸੂਬੇ ਹੋਣ ਕਰਕੇ ਵੱਧ ਸੰਤਾਪ ਭੋਗਦਾ ਹੈ ਅਤੇ ਪੰਜਾਬ ਹਮੇਸ਼ਾ ਦੇਸ਼ ਦੀ ਖੜਗ ਭੁਜਾ ਬਣ ਕੇ ਡਟਦਾ ਹੈ| ਉਨ੍ਹਾਂ ਕਿਹਾ ਕਿ ਕੇਂਦਰੀ ਫੰਡਾਂ ਦੀ ਵੰਡ ਸਮੇਂ ਪੰਜਾਬ ਦੇ ਕੇਸ ਨੂੰ ਆਰਥਿਕ ਪੱਖ ਤੋਂ ਇਲਾਵਾ ਸੁਰੱਖਿਆ ਦੇ ਪੱਖ ਤੋਂ ਵੀ ਵਿਚਾਰਿਆ ਜਾਵੇ|

ਸ੍ਰੀ ਬਾਦਲ ਨੇ ਕਿਹਾ ਕਿ ਸਰਹੱਦੀ ਸੂਬਾ ਪੰਜਾਬ ਵੀ ਆਪਣੇ ਗੁਆਂਢੀ ਸੂਬਿਆਂ ਦੀ ਤਰ੍ਹਾਂ ਵਿਸ਼ੇਸ਼ ਪੈਕੇਜਾਂ ਦਾ ਹੱਕ ਰੱਖਦਾ ਹੈ| ਪੰਜਾਬ ਨੇ ਕਈ ਜੰਗਾਂ ਲੜੀਆਂ ਹਨ ਅਤੇ ਸਰਹੱਦ ਪਾਰਲੇ ਅਤਿਵਾਦ ਨਾਲ ਹਮੇਸ਼ਾ ਲੋਹਾ ਲਿਆ ਹੈ| ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਤੀ ਖੇਤਰ ਵਿੱਚ ਨਵੇਂ ਯੁੱਗ ਦੇ ਬਦਲਾਅ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਕੇਂਦਰੀ ਸਹਿਯੋਗ ਦੀ ਲੋੜ ਹੈ| ਕਿਸਾਨਾਂ ਨੂੰ ਫ਼ਸਲੀ ਚੱਕਰ ’ਚੋਂ ਕੱਢਣ ਅਤੇ ਸਨਅਤਾਂ ਨੂੰ  ਉਤਸ਼ਾਹਿਤ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਪੀਐੱਲਆਈ ਵਰਗੀਆਂ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਹਨ|

ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਕੋਲ ਲੌਜਿਸਟਿਕਸ ਅਤੇ ਹਰ ਪੱਖੋਂ ਬਹੁਤ ਵਧੀਆ ਬੁਨਿਆਦੀ ਢਾਂਚਾ ਹੈ ਪਰ ਸੂਬੇ ਦੇ ਕਸਬੇ ਪੱਟੀ ਤੇ ਮੱਖੂ, ਰਾਜਪੁਰਾ ਤੇ ਮੁਹਾਲੀ ਅਤੇ ਬਿਆਸ ਤੇ ਕਾਦੀਆਂ ਦਰਮਿਆਨ ਰੇਲਵੇ ਲਿੰਕਾਂ ਦੀ ਘਾਟ ਹੈ| ਉਨ੍ਹਾਂ ਰੇਲਵੇ ਦੀ ਮਜ਼ਬੂਤੀ ਲਈ ਵੀ ਪੰਜਾਬ ਨੂੰ ਤਰਜੀਹ ਦੇਣ ਦੀ ਗੱਲ ਆਖੀ| ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਸਿਹਤ ਮੰਤਰੀ ਨੂੰ ਛੇਤੀ ਤੋਂ ਛੇਤੀ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਸ਼ੁਰੂ ਕਰਨ ਲਈ ਕਹਿਣ ਕਿਉਂਕਿ ਇਸ ਪ੍ਰਾਜੈਕਟ ਲਈ ਜ਼ਮੀਨ ਮੁਹੱਈਆ ਕਰਵਾਈ ਜਾ ਚੁੱਕੀ ਹੈ| ਉਨ੍ਹਾਂ 150 ਕਰੋੜ ਰੁਪਏ ਦੇ ਪੂੰਜੀਗਤ ਪ੍ਰਾਜੈਕਟਾਂ ਲਈ ਵਿਸ਼ੇਸ਼ ਕੇਂਦਰੀ ਸਹਾਇਤਾ ਦੇਣ ਵਾਸਤੇ ਪੰਜਾਬ ਦੇ ਮਾਮਲੇ ਨੂੰ ਪ੍ਰਵਾਨਗੀ ਦੇਣ ਦੀ ਵੀ ਬੇਨਤੀ ਕੀਤੀ, ਜੋ ਕਿਸੇ ਕਾਰਨ ਕਰਕੇ ਕੇਂਦਰ ਸਰਕਾਰ ਦੇ ਪੱਧਰ ’ਤੇ ਰੁਕਿਆ ਹੋਇਆ ਹੈ|

ਫਾਰਮਾ ਪਾਰਕ, ਫੂਡ ਪਾਰਕ ਅਤੇ ਟੈਕਸਟਾਈਲ ਪਾਰਕ ਅਲਾਟ ਕਰਨ ਦੀ ਮੰਗ 

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੀ ਤਕਦੀਰ ਬਦਲਣ ਲਈ  ਫਾਰਮਾ ਪਾਰਕ, ਫੂਡ ਪਾਰਕ ਅਤੇ ਟੈਕਸਟਾਈਲ ਪਾਰਕ ਅਲਾਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ  ਕਿਹਾ ਕਿ ਜਿੱਥੋਂ ਤੱਕ ਬਿਜਲੀ ਉਤਪਾਦਨ ਦਾ ਸਵਾਲ ਹੈ, ਕੋਲੇ ਦੀਆਂ ਖਾਣਾਂ ਤੋਂ ਪੰਜਾਬ ਦੀ ਦੂਰੀ ਕਾਫ਼ੀ ਜ਼ਿਆਦਾ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਅਸਲ ਵਿੱਚ ਪੰਜਾਬ ਸਰਕਾਰ ਬਿਜਲੀ  ਉਤਪਾਦਨ ਲਈ ਕੋਲੇ ਦੀ ਬਜਾਇ ਗੈਸ ਜਾਂ ਸੂਰਜੀ ਊਰਜਾ ਨੂੰ  ਅਪਣਾਉਣਾ ਚਾਹੁੰਦੀ ਹੈ ਅਤੇ ਸੂਬਾ  ਸਰਕਾਰ ਜੇਕਰ ਕਿਸੇ ਤਰ੍ਹਾਂ ਆਪਣੇ ਕੋਲੇ ਨਾਲ ਚੱਲਣ ਵਾਲੇ ਤਾਪ ਘਰਾਂ ਨੂੰ ਬੰਦ ਕਰ ਦੇਵੇ ਤਾਂ ਸੂਬੇ ਵਿੱਚ ਬਿਜਲੀ ਸਸਤੀ ਹੋ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੌਜੂਦਾ ਵਿਧਾਇਕਾਂ ਨੂੰ ਟਿਕਟ ਦੀ ਗਾਰੰਟੀ ਨਹੀਂ: ਸਿੱਧੂ
Next articleਹੁਣ ਸਰਕਾਰੀ ਸਕੂਲਾਂ ਦੇ ਜਨਰਲ ਵਰਗ ਦੇ ਬੱਚਿਆਂ ਨੂੰ ਵੀ ਮਿਲੇਗੀ ਮੁਫ਼ਤ ਵਰਦੀ