ਲੁਧਿਆਣਾ (ਸਮਾਜ ਵੀਕਲੀ) ਕਰਨੈਲ ਸਿੰਘ ਐੱਮ.ਏ. – ਇਹ ਅਟੱਲ ਸੱਚਾਈ ਹੈ ਕਿ ਜੋ ਇਨਸਾਨ ਇਸ ਦੁਨੀਆਂ ‘ਚ ਆਇਆ ਹੈ, ਉਸਨੇ ਇੱਕ ਦਿਨ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਜਾਣਾ ਹੈ, ਪਰ ਕਈ ਇਨਸਾਨ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਇਸ ਦੁਨੀਆਂ ਤੋਂ ਜਾਣ ਮਗਰੋਂ ਵੀ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ। ਅਜਿਹੀ ਸ਼ਖ਼ਸੀਅਤ ਦੇ ਮਾਲਕ ਸਨ ਖੇਤੀ ਵਿਗਿਆਨ ਦੇ ਖੇਤਰ ਅਤੇ ਕਿਸਾਨੀ ਭਾਈਚਾਰੇ ‘ਚ ਅਤਿ ਸਤਿਕਾਰਿਤ ਡਾ: ਹਰਦਿਆਲ ਸਿੰਘ ਬਰਾੜ, ਜਿਨ੍ਹਾਂ ਦਾ ਜਨਮ 1930 ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਮਾਲਸਰ ਦੇ ਇੱਕ ਕਿਰਸਾਨੀ ਪਰਿਵਾਰ ‘ਚ ਕ੍ਰਿਪਾਲ ਸਿੰਘ ਤੇ ਮਾਤਾ ਭਗਵਾਨ ਕੌਰ ਦੇ ਘਰ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਮਗਰੋਂ ਸਕੂਲ ਦੇ ਹੈੱਡ ਮਾਸਟਰ ਸ੍ਰ: ਕਰਤਾਰ ਸਿੰਘ ਬਰਾੜ ਨੇ ਆਪ ਦਾ ਦਾਖਲਾ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਬੀ.ਐਸ.ਸੀ. ਵਿੱਚ ਕਰਵਾਇਆ। ਪੀ.ਏ.ਯੂ. ਤੋਂ ਆਪ ਨੇ ਐਮ.ਐਸ.ਸੀ. (ਪਲਾਂਟ ਬਰੀਡਿੰਗ) ਦੀ ਡਿਗਰੀ ਪ੍ਰਾਪਤ ਕਰਨ ਮਗਰੋਂ ਇੱਥੇ ਹੀ ਪ੍ਰੋਫ਼ੈਸਰ ਅਤੇ ਸੀਨੀਅਰ ਸੀਡਜ ਪ੍ਰੋਡਕਸ਼ਨ ਸਪੈਸ਼ਲੀਸਟ ਦੀ ਸੇਵਾ ਨਿਭਾਈ। ਡਾ: ਬਰਾੜ ਨੇ ਤਿੰਨ ਹਜ਼ਾਰ ਏਕੜ ਵਿੱਚ ਫੈਲੇ ਅਤੇ ਘਾਟੇ ਵਿੱਚ ਚੱਲ ਰਹੇ ਸੈਂਟਰਲ ਸਟੇਟ ਫਾਰਮ ਲਾਡੋਵਾਲ ਨੂੰ ਡਾਇਰੈਕਟਰ ਵਜੋਂ ਤਾਇਨਾਤ ਹੁੰਦਿਆਂ ਮੁਨਾਫੇ ਵਿੱਚ ਲਿਆਂਦਾ। ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਖ-ਵੱਖ ਫਾਰਮਾਂ ਰੋਪੜ, ਨਰਾਇਣਗੜ੍ਹ, ਫਿਰੋਜ਼ਪੁਰ, ਫਰੀਦਕੋਟ ਵਿਖੇ ਡਾਇਰੈਕਟਰ ਦੇ ਅਹੁਦਿਆਂ ਤੇ ਰਹਿੰਦੇ ਹੋਏ ਸੇਵਾ ਨਿਭਾਈ ਅਤੇ ਅਲੱਗ ਅਲੱਗ ਫਾਰਮਾਂ ਨੂੰ ਮੁੜ ਸੁਰਜੀਤ ਕੀਤਾ। ਆਪ ਜੀ ਬੀਬੀ ਸੁਰਜੀਤ ਕੌਰ ਨਾਲ ਵਿਆਹ-ਬੰਧਨ ਵਿੱਚ ਬੱਝੇ। ਡਾ: ਬਰਾੜ ਦੇ ਘਰ ਤਿੰਨ ਧੀਆਂ ਹਰਜੀਤ ਕੌਰ, ਕੰਵਲਜੀਤ ਕੌਰ, ਪਰਵਿੰਦਰ ਕੌਰ ਅਤੇ ਬੇਟੇ ਹਰਵਿੰਦਰ ਸਿੰਘ ਬਰਾੜ (ਬਰਾੜ ਬੀਜ) ਨੇ ਜਨਮ ਲਿਆ। ਆਪਣੀ ਦ੍ਰਿੜ੍ਹਤਾ ਅਤੇ ਮੌਲਿਕਤਾ ਦੇ ਜ਼ੋਰ ‘ਤੇ ਡਾਇਰੈਕਟਰ (ਬੀਜ) ਦੇ ਅਹੁਦੇ ‘ਤੇ ਅੱਪੜੇ ਅਤੇ ਯੂਨੀਵਰਸਿਟੀ ਪ੍ਰਬੰਧਨ ਨੇ ਉਨ੍ਹਾਂ ਨੂੰ ਤਿੰਨ ਖ਼ਾਸ ਇਨਕ੍ਰੀਮੈਂਟਾਂ ਦੇ ਕੇ ਪਿੱਠ ਥਾਪੜੀ। ਉਨ੍ਹਾਂ ਦੇ ਸਮਕਾਲੀ ਵਿਗਿਆਨਕ ਡਾ: ਮਨਜੀਤ ਸਿੰਘ ਕੰਗ , ਡਾ: ਸੁਖਦੇਵ ਸਿੰਘ , ਡਾ: ਐਮ.ਐਸ. ਰੰਧਾਵਾ, ਡਾ: ਅਟਵਾਲ, ਡਾ: ਖੇਮ ਸਿੰਘ ਗਿੱਲ, ਡਾ: ਏ.ਐਸ. ਖਹਿਰਾ, ਡਾ: ਏ.ਐਸ. ਚੀਮਾ, ਡਾ: ਸਰਦਾਰਾ ਸਿੰਘ ਜੌਹਲ, ਹੋਰਾਂ ਦੀ ਨੇੜਤਾ ਕਾਰਨ ਤਰੱਕੀ ਦੀਆਂ ਮੰਜ਼ਲਾਂ ਤੈਅ ਕਰਦੇ ਰਹੇ। ਮਿਹਨਤ ਤੇ ਯੋਗਤਾ ਨਾਲ ਆਪਣੇ ਵਿਭਾਗ ਨੂੰ ਖ਼ਾਸ ਮੁਕਾਮ ਤੱਕ ਪਹੁੰਚਾ ਕੇ ਸੇਵਾਮੁਕਤ ਹੋਏ। ਉਹਨਾਂ ਆਪਣੇ ਤਜਰਬੇ ਦੇ ਆਧਾਰ ਤੇ ਕਿਸਾਨਾਂ ਦਾ ਪੱਧਰ ਉੱਚਾ ਚੱਕਣ ਅਤੇ ਲਾਹੇਵੰਦ ਬੀਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ 1986 ਵਿੱਚ ਬਰਾੜ ਸੀਡਜ਼ ਦੀ ਸਥਾਪਨਾ ਕੀਤੀ। ਸ਼ਾਂਤਮਈ ਸ਼ਖ਼ਸੀਅਤ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਡਾ: ਬਰਾੜ ਪਿਛਲੇ 35 ਸਾਲਾਂ ਤੋਂ ਆਦਰਸ਼ ਸਕੂਲ ਕਰਨਾਲ ਦੇ ਆਨਰੇਰੀ ਪ੍ਰੈਜ਼ੀਡੈਂਟ ਵੀ ਰਹੇ। 26 ਨਵੰਬਰ, 2023 ਨੂੰ ਪੰਜਾਬ ਦੇ ਇਹ ਮਹਾਨ ਕਿਸਾਨ ਪੁੱਤਰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਾਂ ਸਿਰਫ ਪਰਿਵਾਰ ਦੇ ਅੰਦਰ, ਸਗੋਂ ਸਮਾਜ ਅਤੇ ਕਿਸਾਨੀ ਭਾਈਚਾਰੇ ਵਿੱਚ ਵੀ ਸਾਡੀ ਤਾਕਤ ਦੇ ਥੰਮ ਵਜੋਂ ਖੜੇ ਸਨ ਆਪਣੀ ਤਮਾਮ ਜੀਵਨ ਯਾਤਰਾ ਦੌਰਾਨ ਉਹਨਾਂ ਨੇ ਚੜ੍ਹਦੀ ਕਲਾ ਅਤੇ ਖੁੱਲ੍ਹੇ ਦਿਲ ਨਾਲ ਆਪਣਾ ਜੀਵਨ ਜੀਵਿਆ ਅਸੀਂ ਹਮੇਸ਼ਾਂ ਉਹਨਾਂ ਨੂੰ ਆਪਣੇ ਅੰਗ- ਸੰਗ ਮਹਿਸੂਸ ਕਰਦੇ ਰਹਾਂਗੇ ਅਤੇ ਉਹਨਾਂ ਦੇ ਪਿਆਰ ਨੂੰ ਸ਼ਿੱਦਤ ਨਾਲ ਯਾਦ ਕਰਦੇ ਰਹਾਂਗੇ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅੱਜ ਉਹਨਾਂ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly