(ਸਮਾਜ ਵੀਕਲੀ)-ਅਜ਼ਾਦੀ ਇਕ ਅਜਿਹਾ ਸ਼ਬਦ ਜਿਸ ਦੀ ਤੜਫ਼ ਗਹਿਰਾਈ ਅਤੇ ਅਨੁਭਵ ਅਜਿਹੇ ਵਿਅਕਤੀ ਨੂੰ ਪਤਾ ਹੁੰਦਾ ਹੈ। ਜੋ ਸਦੀਆਂ ਤੋਂ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜਿਆ ਹਨੇਰ ਕੋਠੜੀਆਂ ਵਿਚ ਨੰਗੇ ਪਿੰਡੇ ਤੇ ਕੋਹੜਿਆਂ ਦੀ ਮਾਰ ਸਹਿਣ ਤੋਂ ਬਾਅਦ ਅਜ਼ਾਦ ਹਵਾ ਦਾ ਮੁਸਾਫ਼ਰ ਬਣ ਜ਼ਿੰਦਗੀ ਦੇ ਪੰਧ ਤੇ ਤੁਰਦਿਆਂ ਪੈਰਾ ਦੇ ਨਿਸ਼ਾਨ ਛੱਡ ਜਾਂਦਾ ਹੈ। ਤੇ ਇਨ੍ਹਾਂ ਪੈਰਾਂ ਦੇ ਨਿਸ਼ਾਨਾ ਤੇ ਚੱਲਣ ਵਾਲੇ ਲੋਕ ਆਜ਼ਾਦੀ ਦੇ ਉਨ੍ਹਾਂ ਪਰਵਾਨਿਆਂ ਨੂੰ ਚਿਰਾਂ ਤੀਕ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਵਸਾਈ ਅਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਦਾ ਫਰਜ਼ ਨਿਭਾਉਂਦੇ ਹਨ। ਪੰਦਰਾਂ ਅਗਸਤ ਇਕ ਅਜਿਹਾ ਦਿਨ ਜਿਸ ਦੀ ਕੀਮਤ ਭਾਰਤ ਦੇਸ਼ ਅਤੇ ਇਸਦੇ ਵਾਸੀਆਂ ਨੂੰ ਸੈਂਕੜੇ ਸਾਲਾਂ ਦੀ ਗੂਲਾਮੀ ਨੂੰ ਕੱਟਣ ਤੋਂ ਬਾਅਦ ਦੇਸ਼ ਦੇ ਟੁਕੜਿਆਂ ਵਿਚ ਚੁਕਾਉਣੀ ਪਈ। ਸਾਡੇ ਪੁਰਖਿਆਂ ਅਤੇ ਅਜ਼ਾਦੀ ਦੇ ਪਰਵਾਨਿਆਂ ਵੱਲੋਂ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਲਈ ਅਨੇਕਾਂ ਲਹਿਰਾਂ ਚਲਾਈਆਂ ਗਈਆਂ ਸਨ। ਪਰ ਕੁਝ ਸਵਾਰਥੀ ਰਾਜਨੀਤਕ ਤੇ ਕੁਰਸੀ ਦੇ ਲਾਲਚੀ ਲੋਕਾਂ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਚੂਰ ਚੂਰ ਕਰਕੇ ਰਾਜ ਸਤਾ ਮਾਨਣ ਲਈ ਅੰਗਰੇਜ਼ੀ ਸਾਮਰਾਜ ਦੇ ਪਿੱਠੂ, ਹੱਥਠੋਕੇ, ਅਤੇ ਵਫ਼ਾਦਾਰ ਮਿੱਤਰ ਹੋਣ ਦਾ ਫਰਜ਼ ਨਿਭਾਇਆ ਅਤੇ ਸਪੂਰਨ ਅਜਾਦੀ ਨੂੰ ਟੁਕੜਿਆਂ ਵਿਚ ਲੈਣਾ ਮਨਜ਼ੂਰ ਕਰ ਲਿਆ। ਇਸ ਦੀ ਸਭ ਤੋਂ ਵੱਧ ਕੀਮਤ ਪੰਜ ਪਾਣੀਆਂ ਦੀ ਧਰਤੀ ਤੇ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੇ ਲੱਖਾਂ ਲੋਕਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਸੀ। ਤੇ ਇਸ ਤਰ੍ਹਾਂ ਅਜ਼ਾਦੀ ਦਾ ਅਗਾਜ਼ ਪੰਜਾਬ ਦੀ ਹਿੱਕ ਉਤੇ ਆਰਾ ਫੇਰ ਕੇ ਕੀਤਾ ਗਿਆ ਸੀ । ਅੰਗਰੇਜ਼ੀ ਹੁਕਮਰਾਨ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਪੂਰੀ ਤਰ੍ਹਾਂ ਸਫਲ ਹੋ ਗਈ ਸੀ। ਕਿਉਂਕਿ ਅੰਗਰੇਜ਼ੀ ਸਾਮਰਾਜ ਨੇ ਜਿਸ ਨੂੰ ਵੀ ਗੁਲਾਮ ਬਣਾਇਆ ਉਸ ਨੂੰ ਸਮਾ ਆਉਣ ਤੇ ਅਜ਼ਾਦੀ ਟੁਕੜਿਆਂ ਵਿਚ ਵੰਡੀ।ਉਧਰ ਦਿਲੀ ਅੰਦਰ ਜਿਸ ਵਕਤ ਦੇਸ਼ ਦੇ ਰਹਿਨੁਮਾ ਅਜ਼ਾਦੀ ਦਾ ਜਸ਼ਨ ਮਨਾ ਰਹੇ ਸਨ। ਇਧਰ ਦੋ ਟੁਕੜਿਆ ਵਿਚ ਵੰਡਿਆ ਅੱਲੇ ਜ਼ਖ਼ਮ ਦੀ ਚੀਸ ਹੰਡਾ ਰਿਹਾ ਪੰਜਾਬ ਆਪਣੇ ਲੱਖਾਂ ਲੋਕਾਂ ਦੀਆਂ ਲਾਸ਼ਾਂ ਤੇ ਵੈਣ ਪਾ ਰਿਹਾ ਸੀ। ਖੂਨ ਨਾਲ ਲੱਥਪੱਥ ਰੇਲ ਗੱਡੀਆਂ ਆਪਣਿਆਂ ਦੀ ਲੋਥਾ ਢੋਅ ਰਹੀਆਂ ਸਨ। ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਸਨ। ਅਬਲਾ ਔਰਤਾ ਦੀਆਂ ਚੀਕਾਂ ਤੇ ਵੈਣ ਅਸਮਾਨ ਦੀ ਹਿੱਕ ਨੂੰ ਚੀਰ ਰਹੇ ਸਨ। ਘਰ ਬਾਹਰ ਮਾਲ ਸ਼ਬਾਬ ਹਿੰਦੋਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲੀਆਂ ਭੀੜਾ ਵੱਲੋਂ ਲੁਟਿਆ ਜਾ ਰਿਹਾ ਸੀ। ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਫੂਕੇ ਜਾ ਰਹੇ ਘਰਾਂ ਦਾ ਧੂੰਆਂ ਬਰਤਾਨੀਆ ਸਮੇਤ ਪੂਰਾ ਸੰਸਾਰ ਦੇਖ ਰਿਹਾ ਸੀ। ਕੋਈ ਸੱਜਣ ਸਿੰਘ ਭਰਿਆ ਭਰਾਇਆ ਘਰ ਬਾਹਰ ਛੱਡ ਕੇ ਲੰਘ ਰਹੇ ਕਾਫਲੇ ਨਾਲ ਗੱਡਾ ਰਲਾਉਣ ਲਈ ਕਾਹਲਾ ਸੀ। ਤੇ ਕੋਈ ਕਰੀਮ ਬਖ਼ਸ਼ ਪ੍ਰੀਤਮ ਸਿੰਘ ਦੇ ਗਲ ਲੱਗ ਕੇ ਭੁੱਬਾ ਮਾਰ ਰਿਹਾ ਸੀ। ਅੱਧ ਨੰਗੀ ਲਾਸ਼ ਤੇ ਦੁਧ ਚੁੰਗ ਰਹੇ ਦੇਸ਼ ਦੇ ਭਵਿੱਖ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਨੀਰੂ ਬੰਸਰੀ ਵਜਾ ਰਿਹਾ ਸੀ ਰੋਮ ਸੜ ਰਿਹਾ ਸੀ। ਹੁਣ ਤੱਕ ਪੰਜਾਬ ਪੰਜਾਬੀ ਪੰਜਾਬੀਅਤ ਦੇ ਟੁਕੜੇ ਟੁਕੜੇ ਹੋ ਚੁੱਕੇ ਸਨ। ਇਕ ਲਹਿੰਦੇ ਵਾਲੇ ਅਤੇ ਇਕ ਚੱੜਦੇ ਵਾਲੇ ਪੰਜਾਬ ਦੇ ਵਾਸੀ ਬਣ ਗਏ ਸਨ। ਅੱਜ ਵੀ ਇਸ ਬਟਵਾਰੇ ਦੀ ਚੀਸ ਜਿੰਨਾ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆਂ ਗਿਆ ਹੈ ਸ਼ਬਦਾਂ ਰਾਹੀਂ ਸਿਖਾਂ ਵੱਲੋਂ ਨਿਤ ਕੀਤੀ ਜਾਂਦੀ ਅਰਦਾਸ ਵਿਚੋਂ ਮਹਿਸੂਸ ਕੀਤੀ ਜਾ ਸਕਦੀ ਹੈ। ਪੰਜਾਬ ਦੇ ਅਨੇਕਾਂ ਗੀਤ ਜਿਵੇਂ, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਅਤੇ ਕਰੀ ਕਿਤੇ ਮੇਲ ਰੱਬਾ ਦਿਲੀ ਤੇ ਲਹੋਰ ਦਾ ਆਦਿ ਅੱਜ ਵੀ ਕਾਲਜੇ ਨੂੰ ਧੂਹ ਪਾਉਂਦੇ ਹਨ।ਇਸ ਬਟਵਾਰੇ ਦੀਆਂ ਕਈ ਪੀੜਤ ਔਰਤਾਂ ਜੈਨਬ ਤੋਂ ਭਜਨ ਕੌਰ ਅਤੇ ਕਈ ਵੀਰਾਂ ਤੋਂ ਸਖੀਨਾ ਬਣ ਜ਼ਿੰਦਗੀ ਹੰਡਾ ਗਈਆ । ਕਈ ਕਰਮ ਸਿੰਘ ਵਰਗੇ ਬਜ਼ੁਰਗ ਪਾਕਿਸਤਾਨ ਵਿਚ ਰਹਿ ਗਈ ਜ਼ਮੀਨ ਨੂੰ ਕਸੀ ਦਾ ਪਾਣੀ ਲਾਉਣ ਨੂੰ ਤਰਸਦੇ ਮਰ ਗਏ। ਅਤੇ ਕਈ ਕਰੀਮ ਬਖ਼ਸ਼ ਪੰਜਾਬ ਵਿੱਚ ਨਿਕੀ ਉਮਰੇ ਛੱਡ ਕੇ ਗਏ ਪਿੰਡਾਂ ਨੂੰ ਯਾਦ ਕਰਦੇ ਅੱਲਾ ਨੂੰ ਪਿਆਰੇ ਹੋ ਗਏ। ਅਜ਼ਾਦੀ ਦੇ ਜਸ਼ਨ ਵਿਚ ਚਲਾਈਆਂ ਆਤਸ਼ਬਾਜੀਆ ਵਿਚੋਂ ਅੱਜ ਵੀ ਬਟਵਾਰੇ ਦੀਆਂ ਚੀਕਾਂ ਅਤੇ ਸੜਦੇ ਘਰਾਂ ਚੋਂ ਨਿਕਲਦੇ ਧੂਏਂ ਦਾ ਅਹਿਸਾਸ ਹੁੰਦਾ ਹੈ। ਤੇ ਅੱਜ ਵੀ ਬਟਵਾਰੇ ਦਾ ਸੰਤਾਪ ਹੰਡਾ ਰਹੇ ਕਈ ਝਿਉੜੜੀਆ ਵਾਲੇ ਬਜ਼ੁਰਗ ਚਿਹਰੇ ਆਤਸ਼ਬਾਜੀ ਦੇ ਵੱਜੇ ਪਟਾਕੇ ਤੋਂ ਕੰਬ ਉੱਠਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly