(ਸਮਾਜ ਵੀਕਲੀ)
ਦੀਦਾਰ ਸੰਧੂ ਵਾਇਆ ਫਾਟਕ ਕੋਟਕਪੂਰਾ ਬਨਾਮ ਸਰਪੰਚ ਪਿੰਡ ਭਰੋਵਾਲ ਖੁਰਦ
ਦੁਨੀਆਂ ਦੇ ਮਹਾਨ/ਪ੍ਰਸਿੱਧ ਵਿਅਕਤੀ ਜਨਮਾਂ ਤੋਂ ਹੀ ਮਹਾਨ ਜਾਂ ਪ੍ਰਸਿੱਧ ਨਹੀਂ ਹੋਇਆ ਕਰਦੇ। ਕੁਝ ਕੁਦਰਤ ਦੀ ਬਖਸ਼ਿਸ਼ ਤੇ ਕੁਝ ਆਪਣੇ ਸੌਕ,ਲਿਆਕਤ ਤੇ ਜਜਬੇ ਸਦਕਾ ਇਹਮਹਾਨਤਾ ਜਾਂ ਪ੍ਰਸਿੱਧੀ ਨੂੰ ਜਾ ਹੱਥ ਪਾਉਂਦੇ ਹਨ। ਇਸ ਤਰ੍ਹਾਂ ਦਾ ਹੀ ਅਣਵੰਡੇ ਪੰਜਾਬ ਦੇ ਹੀਰੇ ਪੁੱਤ ਦੀਦਾਰ ਸੰਧੂ ਨੇ ਆਪਣੇ ਮਾਤਾ ਪਿਤਾ ਦੇ ਘਰ ਜਿਲ੍ਹਾ ਸਰਗੋਧਾ ਦੇ ਪਿੰਡ ਚੱਕ ਨੰ 133 ਵਿੱਚ ਇਹੋ ਜਿਹੇ ਦੀਦਾਰ ਦਿੱਤੇ ਕਿ ਪਰਿਵਾਰ ਦਾ ਨਾਂ ਯੁੱਗਾਂ ਯੁਗਾਂਤਰਾਂ ਤੱਕ ਰੌਸ਼ਨ ਕਰ ਦਿੱਤਾ।
ਲਿਖਤਾਂ ਮੁਤਾਬਕ ਅਜਾਦੀ ਤੋਂ ਬਾਅਦ ਦੀਦਾਰ ਸੰਧੂ ਦਾ ਪਰਿਵਾਰ ਵੰਡ ਦਾ ਸੰਤਾਪ ਭੋਗਦਾ ਚੜਦੇ ਪੰਜਾਬ ਦੇ ਪਿੰਡ ਬੋਦਲਵਾਲਾ ਜਿਲ੍ਹਾ ਲੁਧਿਆਣਾ ਵਿਖੇ ਵਸਣ ਹਿੱਤ ਆਇਆ ਤੇ ਉਸ ਤੋਂ ਬਾਅਦ ਸਰਕਾਰੀ ਅਲਾਟ ਰਿਕਾਰਡ ਅਨੁਸਾਰ ਉਹ ਪਿੰਡ ਭਰੋਵਾਲ ਖੁਰਦ ਲੁਧਿ: ਦੇ ਪੱਕੇ ਵਸਨੀਕ ਹੋ ਗਏ।
ਦਸਵੀਂ ਕਰਨ
ਉਪਰੰਤ ਉਹ ਲੋਕ ਸੰਪਰਕ ਵਿਭਾਗ ਵਿੱਚ ਚ ਨੌਕਰੀ ਕਰਨ ਲੱਗੇ। ਸਬੱਬ ਨਾਲ ਉੱਥੇ ਉਹਨਾ ਦਾ ਮੇਲ ਜਨਾਬ ਮੁਹੰਮਦ ਸਦੀਕ ਸਾਬ ਨਾਲ ਹੋਇਆ ।ਦੀਦਾਰ ਸੰਧੂ ਨੂੰ ਲਿਖਣ ਦਾ ਸੌਕ ਸੁਰੂ ਤੋਂ ਹੀ ਸੀ ਤੇ ਜਦੋਂ ਉਹਨਾਂ ਨੇ ਆਪਣੇ ਲਿਖੇ ਗੀਤ ਸਦੀਕ ਸਾਬ ਨੂੰ ਦਿਖਾਏ ਤਾਂ ਉਸ ਸਤਿਯੁਗ ਦੇ ਸਮੇਂ ਵਿੱਚ ਉਹਨਾਂ ਨੇ ਦੀਦਾਰ ਦੀ ਲਿਖਣ ਕਲਾ ਨੂੰ ਸਿਰਫ ਹੱਲਾਸ਼ੇਰੀ ਹੀ ਨਹੀਂ ਦਿੱਤੀ ਸਗੋਂ ਉਸ ਦੇ ਗੀਤ ਖੁਦ ਵੀ ਗਾਏ। ਜੋ ਬਹੁਤ ਮਕਬੂਲ ਹੋਏ। ਉਸ ਤੋਂ ਬਾਅਦ ਦੀਦਾਰ ਸੰਧੂ ਨੇ ਖੁਦ ਵੀ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਸ਼ੁਰੂਆਤ ਨਰਿੰਦਰ ਬੀਬਾ ਤੋਂ ਕਰਦਿਆਂ ਸਨੇਹ ਲਤਾ ਤੋਂ ਲੈ ਕੇ ਅਮਰ ਨੂਰੀ ਤੱਕ ਦੀ ਦੁਨੀਆਂ ਪੱਧਰੀ ਪਛਾਣ ਬਣਾਈ।
ਮੇਰੇ ਲਾਗਲੇ ਨਿੱਕੇ ਜਿਹੇ ਪਿੰਡ ਭਰੋਵਾਲ ਖੁਰਦ ਲੁਧਿ:ਨੂੰ ਦੀਦਾਰ ਸੰਧੂ ਨੇ ਸੰਸਾਰ ਪੱਧਰੀ ਪਛਾਣ ਦਿਵਾਈ ਜਦੋਂ ਉਹਨਾਂ ਨੇ ਪਿੰਡ ਭਰੋਵਾਲ ਦੀ ਫਿਰਨੀ ਦਾ ਜਿਕਰ ਆਪਣੇ ਗੀਤਾਂ ਵਿੱਚ ਕੀਤਾ।ਇਸ ਉਸ ਤੋਂ ਬਾਅਦ ਉਹਨਾਂ ਸਮਿਆਂ ਵਿੱਚ ਪੰਜਾਬੀ ਸੱਭਿਆਚਾਰ ਦੇ ਅੰਗ “ਜਲੇਬੀ ਜੂੜੇ “ਦੇ ਨਾਸ ਕਰਨ ਦਾ ਪਛਤਾਵਾ ਸ਼ਾਇਦ ਉਸ ਨੂੰ ਆਪਣੀ ਸਾਰੀ ਜਿੰਦਗੀ ਰਿਹਾ ਹੋਵੇ।ਜਿਸ ਦਾ ਜਿਕਰ ਉਸ ਨੇ ਆਪਣੇ ਪ੍ਰਸਿੱਧ ਗੀਤ
“ਫਾਟਕ ਕੋਟਕਪੂਰੇ ਦਾ ” ਵਿੱਚ ਬਾਖੂਬੀ ਕੀਤਾ ਸੀ।
ਹਰ ਮਾਂ ਬਾਪ ਦੀ ਦਿਲੀ ਰੀਝ ਹੁੰਦੀ ਆ ਕਿ ਪੁੱਤ ਵਹੁਟੀ ਲੈ ਕੇ ਆਵੇ ਤੇ ਆਪਣੇ ਸਮੇਂ ਮੁਤਾਬਿਕ ਹਾਸੀਆਂ-ਖੇਡੀਆਂ ਨੂੰ
“ਜੋੜੀ ਜਦੋਂ ਚੁਬਾਰੇ ਚੜਦੀ ”
ਗੀਤ ਰਾਹੀਂ ਦੀਦਾਰ ਸੰਧੂ ਨੇ ਬਾਖੂਬੀ ਚਿੱਤਰਿਆ।
ਇੱਕ ਪਾਸੇ ਜਦੋਂ ਅਮਰ ਨੂਰੀ ਉਸ ਦੇ ਲਿਖੇ ਬੋਲ
“ਵੇ ਨਾ ਮਾਰ ਜਾਲਮਾਂ ਵੇ ਪੇਕੇ ਤੱਤੜੀ ਦੇ ਦੂਰ”
ਗਾਉਂਦੀ ਹੋਈ ਦੂਰ ਦੇ ਪੇਕਿਆਂ ਦੀ ਦਾਸਤਾਂ ਬਿਆਨ ਕਰਦੀ ਹੈ ਤਾਂ ਦੂਜੇ ਪਾਸੇ ਦੀਦਾਰ ਦੇ ਸਾਂਤ ਸੁਭਾਅ ਨੂੰ ਦਰਸਾਉਂਦਿਆਂ
“ਜਰਾ ਛੇਤੀ ਕੰਮ ਨਬੇੜ ਮਾਏ ਮੈਂ ਸੌਣਾ ਨੀਂ,
ਮੈਨੂੰ ਅੱਜ ਸੁਪਨੇ ਵਿੱਚ ਮਿਲਣ ਮਾਹੀ ਨੇ ਆਉਣਾ ਨੀਂ।”
ਗਾ ਕੇ ਉਸ ਦੀ ਕਲਾ/ਲੇਖਣੀ ਦਾ ਸਿਰਾ ਕਰਾਉਂਦੀ ਹੈ।
ਦੀਦਾਰ ਸੰਧੂ ਨੇ ਆਪਣੀ ਲਿਆਕਤ ਸਦਕਾ ਲੰਮਾ ਸਮਾਂ ਪਿੰਡ ਭਰੋਵਾਲ ਖੁਰਦ ਦੀ ਸਰਪੰਚੀ ਕੀਤੀ। ਛੋਟੇ ਹੁੰਦਿਆਂ ਪ੍ਰਾਇਮਰੀ ਸਕੂਲ ਦੇ ਸਮੇਂ ਵਿੱਚ ਪਹਿਲੀ ਵਾਰ ਦੀਦਾਰ ਸੰਧੂ ਤੇ ਅਮਰ ਨੂਰੀ ਦਾ ਅਖਾੜਾ ਭਰੋਵਾਲ ਦੇ ਲਾਗਲੇ ਪਿੰਡ ਭੂੰਦੜੀ ਵਿੱਚ ਆਪਣੇ ਤਾਏ ਦੇ ਲੜਕੇ ਦੇ ਵਿਆਹ ਸਮੇਂ ਸੁਣਨ ਦਾ ਮੌਕਾ ਮਿਲਿਆ। ਬੇਸ਼ੱਕ ਉਸ ਸਮੇ ਦੀ ਬਰੇਸ ਮੁਤਾਬਕ ਉਸ ਦੀ ਗਾਇਕੀ ਬਾਰੇ ਬਹੁਤੀ ਸਮਝ ਨਹੀਂ ਸੀ ਪਰ ਜਦੋਂ ਤੋਂ ਉਸ ਮਹਾਨ ਗਾਇਕ ਦੀ ਬਰਸੀ ਮੌਕੇ ਪਿੰਡ ਭਰੋਵਾਲ ਖੁਰਦ ਚ ਲੱਗਦੇ ਉਸ ਦੇ ਮੇਲਿਆਂ ਦੀ ਸ਼ੁਰੂਆਤ ਮੌਕੇ ਹਰਭਜਨ ਮਾਨ, ਮਨਮੋਹਨ ਵਾਰਿਸ, ਗਿੱਲ ਹਰਦੀਪ, ਮੰਡੇਰ ਬ੍ਰਦਰਜ਼, ਮਨਜੀਤ ਰਾਹੀ, ਰਵਿੰਦਰ ਗਰੇਵਾਲ, ਸਿੱਪੀ ਗਿੱਲ ਸਮੇਤ ਪ੍ਰਸਿੱਧ ਗਾਇਕਾਂ ਨੂੰ ਸੁਣਨ/ਦੇਖਣ ਤੋਂ ਇਲਾਵਾ ਉਹਨਾ ਦੇ ਸਗਿਰਦ ਮੀਤ ਡੇਹਲੋਂ ਦੇ ਗਾਏ ਗੀਤ
“ਤੂੰ ਨਾਂ ਜਾਣਿਆ ਦੀਦਾਰ ਤੇਰੇ ਜਾਣ ਦਾ ਵੀ, ਬੜਾ ਸਾਨੂੰ ਗਮ ਹੋਊਗਾ।
ਤੇਰੇ ਗੀਤਾਂ ਦਿਆਂ ਨੈਣਾਂ ਚ ਗੁਆਚ ਕੇ ਵੀ, ਬੜਾ ਸਾਡਾ ਮਨ ਰੋਊਗਾ। ”
ਵਰਗੇ ਬੋਲ ਸੁਣੇ ਤਾਂ ਅੱਜ ਵੀ ਉਸ ਲੋਕ ਗਾਇਕ ਦੀ ਬਰਸੀ ਮੌਕੇ ਆਪਣੇ ਪਿੰਡ ਦੀ ਜੂਹ ਚ ਵਸੇ ਉਸ ਦੇ ਨਿੱਕੇ ਜਿਹੇ ਪਿੰਡ ਭਰੋਵਾਲ ਖੁਰਦ ਵੱਲ ਨੂੰ ਕਦਮ ਆਪਣੇ-ਆਪ ਹੋ ਤੁਰਦੇ ਹਨ। ਅੱਜ ਉਸ ਦੀ ਸਲਾਨਾ ਬਰਸੀ ਮੌਕੇ ਪ੍ਰਸਿੱਧ ਗਾਇਕਾਂ ਤੇ ਲੋਕਾਈ ਦਾ ਇਕੱਠ ਉਸ ਨੂੰ ਸਿਜਦਾ ਕਰ ਰਿਹਾ ਹੈ। ਦੀਦਾਰ ਦੇ ਦੀਦਾਰ ਉਸ ਦੇ ਬੋਲਾਂ ਰਾਹੀਂ ਰਹਿੰਦੀ ਦੁਨੀਆਂ ਤੱਕ ਹੁੰਦੇ ਰਹਿਣਗੇ।
ਬਲਵੀਰ ਸਿੰਘ ਬਾਸੀਆਂ
ਪਿੰਡ ਬਾਸੀਆਂ ਬੇਟ ਲੁਧਿ:
8437600371
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly