ਜਨਮ ਦਿਨ ‘ਤੇ ਵਿਸ਼ੇਸ਼

(ਸਮਾਜ ਵੀਕਲੀ)-ਭਾਈ ਹਿੰਮਤ ਸਿੰਘ ਜੋ  ਪੰਜ ਪਿਆਰਿਆਂ ਵਿਚ ਸ਼ਾਮਿਲ ਸਨ

ਭਾਈ ਹਿੰਮਤ ਸਿੰਘ ਉਹ ਸਨ ਜੋ ਖ਼ਾਲਸਾ ਸਿਰਜਣਾ ਵਾਸਤੇ ਸੀਸ ਭੇਟਾ ਕਰਨ ਲਈ ਸਭ ਤੋਂ ਅਖੀਰ ਵਿੱਚ ਉੱਠੇ। ਮੰਗਲ ਸਿੰਘ ਦੇ ਜੀਵਨ ਬ੍ਰਿਤਾਂਤ ਬਾਬਾ ਬੁੱਢਾ ਜੀ ਅਨੁਸਾਰ ਇਹ 1718 ਬਿ. ਵਿੱਚ ਜਗਨਨਾਥ ਪੁਰੀ ਵਿੱਚ ਪਿਤਾ ਸ੍ਰੀ ਗੁਲਜ਼ਾਰੀ ਝਿਊਰ ਦੇ ਘਰ ਮਾਤਾ ਬੀਬੀ  ਧੰਨੋ ਜੀ ਤੋਂ ਪੈਦਾ ਹੋਏ। ਗਿ. ਠਾਕੁਰ ਸਿੰਘ ਗੁਰਦੁਆਰੇ ਦਰਸ਼ਨ ਵਿੱਚ ਇਨ੍ਹਾਂ ਦਾ ਜਨਮ ਸੰਮਤ 1718 ਬਿ. ਹੀ ਲਿਿਖਆ ਹੋਇਆ  ਪਰ ਉਹ ਮਿਤੀ 5 ਮਾਘ ਵੀ ਦਿੰਦੇ ਹਨ। ਉਨ੍ਹਾਂ ਅਨੁਸਾਰ ਇਹ ਸ੍ਰੀ ਜੋਤੀ ਰਾਮ ਝਿਊਰ ਦੇ ਘਰ ਪਿੰਡ ਸੰਗਤਪੁਰਾ (ਪਟਿਆਲਾ) ਵਿੱਚ ਮਾਤਾ ਬੀਬੀ ਰਾਮੋ ਜੀ ਤੋਂ ਪੈਦਾ ਹੋਏ। ਇਹ 1735 ਵਿੱਚ ਗੁਰੂ ਜੀ ਦੇ ਚਰਨੀਂ ਲੱਗੇ। ਹਿੰਮਤ ਸਿੰਘ ਜੀ ਬਾਰੇ ਸ੍ਰੀ ਗੁਰ ਸੋਭਾ, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਮਹਿਮਾ ਪ੍ਰਕਾਸ਼ ਵਿੱਚ ਕੁਝ ਨਹੀਂ ਮਿਲਦਾ।
ਗੁਰ ਬਿਲਾਸ (ਸੁਖਾ ਸਿੰਘ) ਵਿੱਚ ਇਸ ਦੇ ਨਾਂ ਤੇ ਨਿਵਾਸ ਸਥਾਨ ਦਾ ਉਲੇਖ ਪਹਿਲਾਂ ਪਹਿਲ ਮਿਲਦਾ ਹੈ। ਇਹ ਸੀਸ ਭੇਟਾ ਲਈ ਸਭ ਤੋਂ ਬਾਅਦ ਵਿੱਚ ਪੇਸ਼ ਹੋਏ। ਦੁਨੀ ਚੰਦ ਆਪਣੇ ਹਾਥੀ ਦਾ ਮੁਕਾਬਲਾ ਕਰਨ ਵਾਲੀ ਸਮੱਸਿਆ ਦੇ ਉਠਣ ਸਮੇਂ ਪੰਜ ਪਿਆਰਿਆਂ (ਹਿੰਮਤ ਸਿੰਘ ਸਮੇਤ) ਅੱਗੇ ਪੇਸ਼ ਹੁੰਦਾ ਹੈ।
ਇਸ ਰਚਨਾ ਵਿੱਚ ਚਮਕੌਰ ਦੀ ਲੜਾਈ ਵਿੱਚ ਭਾਈ ਸਾਹਿਬ ਸਿੰਘ ਤੇ  ਭਾਈ ਹਿੰਮਤ ਸਿੰਘ ਦੀ ਸ਼ਹੀਦੀ ਦਾ ਉਲੇਖ ਵੀ ਮਿਲਦਾ ਹੈ। ਸਿੰਘ ਸਾਗਰ ਅਨੁਸਾਰ ਵੀ ਹਿੰਮਤ ਸਿੰਘ ਸੀਸ ਭੇਟ ਲਈ ਸਭ ਤੋਂ ਅਖੀਰ ਵਿੱਚ ਖੜ੍ਹੇ ਹੋਏ। ਇਨ੍ਹਾਂ ਨੂੰ ਬੱਧਕ ਦੇ ਅਵਤਾਰ ਆਖਿਆ ਗਿਆ ਹੈ। ਇਹ ਜਗਨਨਾਥ ਦੇ ਜਲ ਭਰਾਂ ਵਿੱਚੋਂ ਦੱਸੇ ਗਏ ਹਨ। ਅੰਮ੍ਰਿਤ ਤਿਆਰੀ ਸਮੇਂ  ਜਿਥੇ ਭਾਈ  ਦਯਾ ਸਿੰਘ ਨੇ ਜਲ ਲਿਆਂਦਾ,ਭਾਈ  ਮੁਹਕਮ ਸਿੰਘ ਨੇ ਉਸ ਵਿੱਚ ਮਿੱਠਾ ਪਾਇਆ, ੳੱੁਥੇ ਬਾਕੀ ਸਾਥੀਆਂ ਦੇ ਨਾਲ  ਭਾਾਈ ਹਿੰਮਤ ਸਿੰਘ ਨੇ ੇ ਅਕਾਲ ਪੁਰਖ ਦਾ ਜਾਪ ਕੀਤਾ।
ਗੁਰ ਬਿਲਾਸ ਪਾਤਸ਼ਾਹੀ 10 (ਕੋਇਰ ਸਿੰਘ) ਵਿੱਚ ਭਾਈ ਹਿੰਮਤ ਸਿੰਘ ਨੂੰ ਬੱਧਕ ਅਵਤਾਰ ਤੇ ਜਗਨਨਾਥ ਪੁਰੀ ਦਾ ਵਾਸੀ ਦੱਸਿਆ ਗਿਆ ਹੈ। ਇਸ ਦੀ ਜ਼ਾਤ ਝੀਵਰ ਹੈ। ਬਿਪ੍ਰਾਂ ਦੀ ਸੰਗਤਾਂ ਦੀ ਪੂਜਾ ਵਿੱਚ ਜਿਥੇ ਭਾਈ  ਦਯਾ ਸਿੰਘ ਨੇ ਪਰੋਸਣ ਦਾ ਕੰਮ ਕੀਤਾ ਇਨ੍ਹਾਂ ਨੇ ਜਲ ਲਿਆਉਣ ਦੀ ਸੇਵਾ ਕੀਤੀ।
ਭੱਟਵਹੀ ਭਾਦਸੋਂ (ਪਰਗਣਾ ਥਨੇਸਰ) ਅਨੁਸਾਰ ਹਿੰਮਤ ਚੰਦ ਝੀਵਰ ਵਾਸੀ ਜਗਨਨਾਥ ਪੁਰ ਸਭ ਤੋਂ ਅਖੀਰ ਵਿੱਚ ਸੀਸ ਭੇਟਾ ਲਈ ਉੱਠੇ। ਗੁਰੂ ਦੀਆਂ ਸਾਖੀਆਂ ਵਿੱਚ ਇਨ੍ਹਾਂ ਨੂੰ ਝੀਵਰ ਦੀ ਥਾਂ ਮਹਿਰਾ ਆਖਿਆ ਗਿਆ ਹੈ। ਅਸੀਂ ਵੇਖਿਆ ਕਿ ਭਟਵਹੀ ਤੇ ਗੁਰੂ ਦੀਆਂ ਸਾਖੀਆਂ ਵਿੱਚ ਹੀ ਪੰਜ ਪਿਆਰਿਆਂ ਦੇ ਅੰਮ੍ਰਿਤ ਛਕਣ ਤੋਂ ਪਹਿਲੇ ਨਾਂ ਦਿੱਤੇ ਗਏ ਹਨ। ਬਾਕੀ ਰਚਨਾਵਾਂ ਵਿੱਚ ਅਜਿਹਾ ਨਹੀਂ ਕੀਤਾ ਗਿਆ।
ਨਿਰਮੋਹਗੜ੍ਹ ਦੀ ਲੜਾਈ ਵਿੱਚ ਗੁਰੂ ਦੀਆਂ ਸਾਖੀਆਂ ਅਨੁਸਾਰ ਜਿਸ ਹਿੰਮਤ ਸਿੰਘ ਨੇ ਸ਼ਹੀਦੀ ਪਾਈ ਉਹ ਜੀਤੇ ਦਾ ਪੁੱਤਰ ਤੇ ਰਾਮੇ ਉਦਾਨੇ ਦਾ ਪੋਤਰਾ ਸੀ ਇਉਂ ਇਹ ਇਸ ਹਿੰਮਤ ਸਿੰਘ ਤੋਂ ਵੱਖਰਾ ਵਿਅਕਤੀ ਹੈ।
ਚਮਕੌਰ ਦੀ ਲੜਾਈ ਵਿੱਚ ਇਨ੍ਹਾਂ ਨੂੰ ਭਾਈ ਦਯਾ ਸਿੰਘ, ਭਾਈ ਮੁਹਕਮ ਸਿੰਘ, ਭਾਈ ਸਾਹਿਬ ਸਿੰਘ ਸਮੇਤ ਗੁਰੂ ਜੀ ਨੇ ਆਪਣੇ ਪਾਸ ਰੱਖਿਆ, ਜਦੋਂ ਕਿ ਭਾਈ ਧਰਮ ਸਿੰਘ ਤੇ ਆਲਮ ਸਿੰਘ ਦੋਹਾਂ ਪਾਸਿਆਂ ਦੀ ਤਕੜਾਈ ਲਈ ਖਲਿਹਾਰੇ ਗਏ। ਅਖੀਰ ਇਹ ਵੀ ਬਾਕੀ ਸਿੱਖਾਂ ਸਮੇਤ ਸ਼ਹੀਦੀ ਪਾ ਗਏ ਅਤੇ ਕੇਵਲ ਭਾਈ ਦਯਾ ਸਿੰਘ,ਸ. ਮਾਨ ਸਿੰਘ,ਭਾਈ ਧਰਮ ਸਿੰਘ ਤੇ ਸ.ਰਾਮ ਸਿੰਘ ਹੀ ਬੱਚ ਸਕੇ।
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਵੀ ਭਾਈ  ਹਿੰਮਤ ਸਿੰਘ ਝੀਵਰ, ਜਗਨਨਾਥ ਨਿਵਾਸੀ ਸਭ ਤੋਂ ਅਖੀਰ ਵਿੱਚ ਸੀਸ ਭੇਟ ਲਈ ਪੇਸ਼ ਹੋਏ।
ਗੁਰੂ ਜੀ ਨਾਲ ਹੁੰਦੀਆਂ ਗੋਸ਼ਟੀਆਂ ਤੇ ਵਿਚਾਰ ਵਟਾਂਦਰੇ ਵਿੱਚ ਭਾਈ  ਹਿੰਮਤ ਸਿੰਘ ਜੀ ਵੀ ਸ਼ਾਮਿਲ ਹੁੰਦੇ ਹਨ। ਅਜਿਹੀ ਇੱਕ ਗੋਸ਼ਟੀ ਤੀਜੀ ਰੁਤ ਦੇ 41ਵੇਂ ਅੰਸੂ ਵਿੱਚ ਵਿਖਾਈ ਗਈ ਹੈ, ਜਿਸ ਵਿੱਚ ਭਾਈ ਦਯਾ ਸਿੰਘ,ਭਾਈ  ਮੁਹਕਮ ਸਿੰਘ ਆਦਿ ਸਮੇਤ ਇਹ ਵੀ ਗੁਰੂ ਜੀ ਪਾਸੋਂ ਸ਼ਹੀਦਾਂ ਦੀ ਅਹਿਮੀਅਤ ਬਾਰੇ ਪੁੱਛਦੇ ਹਨ।
ਭਾਈ ਦਯਾ ਸਿੰਘ, ਉਦੇ ਸਿੰਘ, ਆਲਮ ਸਿੰਘ, ਭਾਈ ਮੁਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਨੂੰ ਗੁਰੂ ਜੀ ਖਾਲਸੇ ਰਾਹੀਂ ਮੁਗਲ ਪਠਾਣਾਂ ਦੇ ਤੇਜ ਦੇ ਨਸ਼ਟ ਕਰਕੇ ਜਿੱਤ ਪ੍ਰਾਪਤ ਕਰਨ ਬਾਰੇ ਦੱਸਦੇ ਹਨ।
ਕੇਸਰੀ ਚੰਦ ਤੇ ਹਾਥੀ ਨਾਲ ਲੜਾਈ ਦੌਰਾਨ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਵੀ ਸੰਘਰਸ਼ ਵਿੱਚ ਭਾਗ ਲੈਂਦੇ ਹਨ। ਇਸ ਵਿੱਚ ਰਾਜਾ ਕੇਸਰੀ ਚੰਦ ਮਾਰਿਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਉਦੇ ਸਿੰਘ, ਬਚਿਤ੍ਰ ਸਿੰਘ ਦੇ ਹਮਰਾਹ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੁਹਕਮ ਸਿੰਘ ਵੀ ਗੁਰੂ ਜੀ ਪਾਸ ਜਾ ਕੇ ਹਾਲ ਦੱਸਦੇ ਹਨ।
ਇਸ ਤੋਂ ਬਾਅਦ ਭੀਮ ਚੰਦ ਆਦਿ ਰਾਜਿਆਂ ਨਾਲ ਸੰਘਰਸ਼ ਵਿੱਚ ਵੀ ਹੋਰਨਾਂ ਸਿੰਘਾਂ ਦੇ ਨਾਲ ਭਾਈ ਹਿੰਮਤ ਸਿੰਘ ਵੀ ਯੋਗਦਾਨ ਪਾਉਂਦੇ ਹਨ।
ਰੁਤ 5 ਵਿੱਚ ਪਹਾੜੀ ਰਾਜਿਆਂ ਦੀ ਯੁੱਧ ਨੀਤੀ ਸਬੰਧੀ ਗੁਰੂ ਜੀ ਉਦੇ ਸਿੰਘ, ਆਲਮ ਸਿੰਘ, ਭਾਈ ਦਯਾ ਸਿੰਘ, ਭਾਈ ਮੁਹਕਮ ਸਿੰਘ,ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ ਆਦਿ ਨਾਲ ਵਿਚਾਰ-ਵਟਾਂਦਰਾ ਕਰਦੇ ਹਨ।
ਆਨੰਦਪੁਰ ਤਿਆਗਣ ਸਬੰਧੀ ਵਿਚਾਰ-ਵਟਾਂਦਰੇ ਦੌਰਾਨ ਭਾਈ  ਹਿੰਮਤ ਸਿੰਘ ਸਮੇਤ ਪੰਜ ਪਿਆਰੇ, ਪੰਜ ਮੁਕਤੇ, ਉਦੇ ਸਿੰਘ ਆਦਿ ਸਿੱਖ, ਗੁਰੂ ਜੀ ਦੀ ਆਗਿਆ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹਨ।
ਚਮਕੌਰ ਦੀ ਲੜਾਈ ਸਮੇਂ ਭਾਈ ਮੁਹਕਮ ਸਿੰਘ ਤੋਂ ਬਾਅਦ ਭਾਈ ਸਾਹਿਬ ਸਿੰਘ ਤੇਭਾਈ  ਹਿੰਮਤ ਸਿੰਘ ਕਿਲ੍ਹੇ ਵਿੱਚੋਂ ਨਿਕਲ ਕੇ ਲੜਾਈ ਦੇ ਮੈਦਾਨ ਵਿੱਚ ਜਾ ਕੇ ਲੜਦੇ ਤੇ ਸ਼ਹੀਦੀ ਪ੍ਰਾਪਤ ਕਰਦੇ ਹਨ।
( ਵਿਸਥਾਰ ਲਈ ਦੇਖੋ ਪੁਸਤਕ, ਪੰਜ ਪਿਆਰੇ, ਲੇਖਕ ਡਾ. ਰਾਏਜਸਬੀਰ ਸਿੰਘ, ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ,ਅੰਮ੍ਰਿਤਸਰ,ਪੰਨੇ 61-63 )
ਡਾ. ਚਰਨਜੀਤ ਸਿੰਘ ਗੁਮਟਾਲਾ

91-9417533060 , ਗੁਮਟੳਲੳਚਸ੍ਗਮੳਲਿ.ਚੋਮ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਵੱਖ ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਮਾਸਟਰ ਨਰੇਸ਼ ਕੋਹਲੀ ਦੇ ਮਾਤਾ ਜੀ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
Next articleਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ‘ਚ ਵੱਡੇ ਫੇਰ-ਬਦਲ ਦੀ ਸੰਭਾਵਨਾ…..!