ਵਿਸ਼ੇਸ਼ ਜਾਂਚ ਟੀਮ ਵੱਲੋਂ ਡਾ. ਨੈਨ ਕੋਲੋਂ ਪੁੱਛ-ਪੜਤਾਲ

ਫ਼ਰੀਦਕੋਟ/ਸਿਰਸਾ (ਸਮਾਜ ਵੀਕਲੀ): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਸਿਰਸਾ ਜਾ ਕੇ ਡੇਰੇ ਦੇ ਅਹਿਮ ਪ੍ਰਬੰਧਕ ਡਾ. ਨੈਨ ਤੋਂ ਲਗਪਗ ਸਾਢੇ ਚਾਰ ਘੰਟੇ ਪੁੱਛ-ਪੜਤਾਲ ਕੀਤੀ। ਜਾਣਕਾਰੀ ਮੁਤਾਬਕ ਜਾਂਚ ਟੀਮ ਨੇ ਡਾ. ਨੈਨ ਤੋਂ ਕੁੱਲ 75 ਸਵਾਲ ਪੁੱਛੇ ਜਿਨ੍ਹਾਂ ਦਾ ਉਸ ਨੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਜਾਂਚ ਟੀਮ ਨੇ ਡਾ. ਨੈਨ ਨੂੰ ਸਵਾਲਾਂ ਦੀ ਸੂਚੀ ਸੌਂਪੀ ਕੇ ਅਗਲੇ 48 ਘੰਟਿਆਂ ਵਿੱਚ ਇਨ੍ਹਾਂ ਦਾ ਲਿਖਤੀ ਜਵਾਬ ਮੰਗਿਆ ਹੈ। ਅੱਜ ਦੀ ਫੇਰੀ ਦੌਰਾਨ ਜਾਂਚ ਟੀਮ ਵਿਪਾਸਨਾ ਤੋਂ ਪੁੱਛ-ਪੜਤਾਲ ਨਹੀਂ ਕਰ ਸਕੀ। ਟੀਮ ਨੇ ਇਸ ਮਾਮਲੇ ’ਚ ਭਗੌੜਾ ਐਲਾਨੇ ਗਏ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ਧੂਰੀ ਬਾਰੇ ਵੀ ਪੁੱਛ-ਪੜਤਾਲ ਕੀਤੀ। ਡੇਰੇ ਦੇ ਵਕੀਲ ਵੀ ਮੌਕੇ ’ਤੇ ਮੌਜੂਦ ਰਹੇ। ਡੇਰੇ ਦੇ ਪ੍ਰਬੰਧਕਾਂ ਨੇ ਜਾਂਚ ਟੀਮ ਨੂੰ ਦੱਸਿਆ ਕਿ ਵਿਪਾਸਨਾ 18 ਮਹੀਨੇ ਪਹਿਲਾਂ ਡੇਰੇ ’ਚੋਂ ਚਲੀ ਗਈ ਸੀ ਅਤੇ ਹੁਣ ਉਸ ਬਾਰੇ ਡੇਰੇ ਨੂੰ ਕੋਈ ਜਾਣਕਾਰੀ ਨਹੀਂ ਹੈ।

ਦੱਸਣਯੋਗ ਹੈ ਕਿ ਡਾ. ਨੈਨ ਦੀ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਾਂਚ ਟੀਮ ਨੂੰ ਆਦੇਸ਼ ਦਿੱਤੇ ਸਨ ਕਿ ਡਾ. ਨੈਨ ਨੂੰ ਜਾਂਚ ਟੀਮ ਦੇ ਦਫ਼ਤਰ ਵਿੱਚ ਨਹੀਂ ਬੁਲਾਇਆ ਜਾ ਸਕਦਾ ਪਰ ਸਿਰਸਾ ਡੇਰੇ ਵਿੱਚ ਜਾ ਕੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਪੁੱਛ-ਪੜਤਾਲ ਦੌਰਾਨ ਕਿਹਾ ਸੀ ਕਿ ਡੇਰੇ ਦੇ ਸਾਰੇ ਫ਼ੈਸਲੇ ਮੈਨੇਜਮੈਂਟ ਕਮੇਟੀ ਵੱਲੋਂ ਲਏ ਜਾਂਦੇ ਹਨ। ਇਸ ਖੁਲਾਸੇ ਮਗਰੋਂ ਜਾਂਚ ਟੀਮ ਡਾ. ਨੈਨ ਅਤੇ ਵਿਪਾਸਨਾ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਾਂਚ ਟੀਮ ਨੂੰ ਵਿਪਾਸਨਾ ਨਹੀਂ ਮਿਲ ਰਹੀ। ਡਾਕਟਰ ਨੇ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤੇ। ਜਾਂਚ ਟੀਮ ਇਸ ਪੜਤਾਲ ਦੀ ਸਮੁੱਚੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕਰੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਛਮੀ ਬੰਗਾਲ ’ਚ ਹੋ ਰਿਹੈ ਮਨੁੱਖੀ ਹੱਕਾਂ ਦਾ ਘਾਣ: ਰਾਜਪਾਲ
Next article‘ਆਪ’ ਵੱਲੋਂ 30 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ