ਵਿਸ਼ੇਸ਼ ਦੂਤਾਂ ਨੇ ਭਾਰਤੀਆਂ ਦੀ ਵਤਨ ਵਾਪਸੀ ਦੇ ਅਮਲ ’ਚ ਤੇਜ਼ੀ ਲਿਆਂਦੀ

ਨਵੀਂ ਦਿੱਲੀ (ਸਮਾਜ ਵੀਕਲੀ):  ਯੂਕਰੇਨ ਦੀਆਂ ਸਰਹੱਦਾਂ ਨਾਲ ਲਗਦੇ ਯੂਰੋਪੀ ਮੁਲਕਾਂ ਵਿੱਚ ਵਿਸ਼ੇਸ਼ ਦੂਤ ਵਜੋਂ ਭੇਜੇ ਚਾਰ ਕੇਂਦਰੀ ਮੰਤਰੀਆਂ ਵੱਲੋਂ ਭਾਰਤੀਆਂ ਨੂੰ ਉਥੋਂ ਕੱਢਣ ਲਈ ਕੀਤੇ ਪ੍ਰਬੰਧਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਕੇਂਦਰੀ ਮੰਤਰੀ ਤੇ ਸਾਬਕਾ ਥਲ ਸੈਨਾ ਮੁਖੀ ਵੀ.ਕੇ.ਸਿੰਘ ਅੱਜ ਪੋਲੈਂਡ-ਯੂਕਰੇਨ ਸਰਹੱਦ ’ਤੇ ਬੁਡੋਮਾਇਰਜ਼ ਪੁੱਜੇ। ਉਨ੍ਹਾਂ ਉਥੇ ਫਸੇ ਭਾਰਤੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਖਾਣਾ ਤੇ ਪਾਣੀ ਵੰਡਿਆ। ਭਾਰਤੀ ਵਿਦਿਆਰਥੀਆਂ ਨੂੰ ਮਿਲਣ ਮਗਰੋਂ ਸਿੰਘ ਨੇ ਕਿਹਾ ਕਿ ਵਿਦਿਆਰਥੀ ਭਾਵੇਂ ਥੱਕੇ ਹੋਏ ਹਨ, ਪਰ ਉਨ੍ਹਾਂ ਨੂੰ ਇਸ ਗੱਲੋਂ ਸੁਖ ਦਾ ਸਾਹ ਆਇਆ ਹੈ ਕਿ ਉਨ੍ਹਾਂ ਨੂੰ ਵਾਪਸ (ਦੇਸ਼) ਲਿਜਾਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿੰਘ ਨੇ ਟਵੀਟ ਕੀਤਾ, ‘‘ਭਾਰਤੀ ਵਿਦਿਆਰਥੀਆਂ ਦਾ ਹੌਸਲਾ ਸਿਖਰ ’ਤੇ ਹੈ ਤੇ ਮੈਂ ਉਨ੍ਹਾਂ ਦੀ ਮੁੜ ਉਭਰਨ ਦੀ ਸ਼ਕਤੀ ਤੋਂ ਪ੍ਰਭਾਵਿਤ ਹੋਇਆ ਹਾਂ।’’

ਉਧਰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੇ ਰੋਮਾਨੀਆ-ਯੂਕਰੇਨ ਸਰਹੱਦ ’ਤੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਬੁੱਧਵਾਰ ਨੂੰ ਬੁਖਾਰੈਸਟ ਤੋਂ ਛੇ ਉਡਾਣਾਂ ਭਾਰਤ ਭੇੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚ 1200 ਤੋਂ ਵੱਧ ਭਾਰਤੀ ਸਵਾਰ ਸਨ। ਉਨ੍ਹਾਂ ਦਿਨ-ਰਾਤ ਇਕ ਕਰ ਕੇ ਚੁਣੌਤੀਆਂ ਦੇ ਬਾਵਜੂਦ ਰਾਹਤ ਕਾਰਜਾਂ ਵਿੱਚ ਜੁਟੀਆਂ ਏਅਰਲਾਈਨਾਂ ਏਅਰ ਇੰਡੀਆ, ੲੇਅਰ ਇੰਡੀਆ ਐਕਸਪ੍ਰੈਸ ਤੇ ਇੰਡੀਗੋ ਦਾ ਧੰਨਵਾਦ ਕੀਤਾ। ਸਿੰਧੀਆ ਨੇ ਰੋਮਾਨੀਆ ਵਿੱਚ ਕੰਮ ਕਰਨ ਵਾਲੀਆਂ ਭਾਰਤੀ ਕੰਪਨੀਆਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ ਤਾਂ ਕਿ ਭਾਰਤੀਆਂ ਨੂੰ ਇਥੋਂ ਕੱਢਣ ਦੇ ਅਮਲ ਦਾ ਵਿਕੇਂਦਰੀਕਰਨ ਕੀਤਾ ਜਾ ਸਕੇ। ਕੇਂਦਰ ਮੰਤਰੀ ਹਰਦੀਪ ਸਿੰਘ ਪੁਰੀ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿੱਚ ਰਾਹਤ ਕਾਰਜਾਂ ਨੂੰ ਵੇਖ ਰਹੇ ਹਨ। ਇਸ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਸਲੋਵਾਕੀਆ ਦੀ ਰਾਜਧਾਨੀ ਕੋਸਾਈਸ ਪੁੱਜ ਗਏ ਹਨ। ਸ੍ਰੀ ਰਿਜਿਜੂ ਦਾ ਸਲੋਵਾਕੀਆ ਵਿੱਚ ਭਾਰਤ ਦੇ ਰਾਜਦੂਤ ਵਨਲਾਲਹੁਮਾ ਤੇ ਬ੍ਰੱਸਲਜ਼ ਤੇ ਬੈਲਜੀਅਮ ਵਿੱਚ ਭਾਰਤੀ ਅੰਬੈਸੀ ਦੇ ਪ੍ਰਥਮ ਸਕੱਤਰ ਪੰਕਜ ਫੁਕਾਨ ਨੇ ਸਵਾਗਤ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਅੰਬੈਸੀ ਵੱਲੋਂ ਨਾਗਰਿਕਾਂ ਨੂੰ ਫੌਰੀ ਖਾਰਕੀਵ ਛੱਡਣ ਦੀ ਸਲਾਹ
Next articleਭਾਰਤੀ ਵਿਦਿਆਰਥੀਆਂ ਉਤੇ ਕੀਤੀ ਟਿੱਪਣੀ ਲਈ ਕੇਂਦਰੀ ਮੰਤਰੀ ਦੀ ਨਿਖੇਧੀ