HOME ਅੱਜ ਅੰਤਿਮ ਸੰਸਕਾਰ ‘ਤੇ ਵਿਸ਼ੇਸ਼; ਬੁੱਧ ਧੰਮ ਦੇ ਸੱਚੇ -ਸੁੱਚੇ ਪਹਿਰੇਦਾਰ -ਭਗਤ...

ਅੱਜ ਅੰਤਿਮ ਸੰਸਕਾਰ ‘ਤੇ ਵਿਸ਼ੇਸ਼; ਬੁੱਧ ਧੰਮ ਦੇ ਸੱਚੇ -ਸੁੱਚੇ ਪਹਿਰੇਦਾਰ -ਭਗਤ ਰਾਮ ਸਾਂਪਲਾ ਯੂ. ਕੇ.

ਸਮਾਜ ਵੀਕਲੀ ਯੂ ਕੇ

ਮਾਨਯੋਗ ਭਗਤ ਰਾਮ ਸਾਂਪਲਾ ਸੋਫੀ ਪਿੰਡ (ਯੂ.ਕੇ.) ਸਾਨੂੰ 11 ਮਈ 2026 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨਾਂ ਦਾ ਅੰਤਿਮ ਸੰਸਕਾਰ ਅੱਜ 01 ਜੂਨ 2026 ਨੂੰ, ਦਿਨ ਸੋਮਵਾਰ ਦੁਪਹਿਰ 12 ਵਜੇ New pond road, Godalming Surry, GU7 3DB ਵਿਖੇ ਕੀਤਾ ਜਾਵੇਗਾ। ਇਹ ਜੋ ਘਾਟਾ ਸਾਂਪਲਾ ਪਰਿਵਾਰ ਤੋਂ ਇਲਾਵਾ ਸਮਾਜ ਅਤੇ ਕੌਮ ਨੂੰ ਪਿਆ ਹੈ, ਇਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਹੈ। ਭਾਵੇਂ ਸਾਂਪਲਾ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ ਪਰ ਉਹਨਾਂ ਦੀਆਂ ਯਾਦਾਂ ਅਤੇ ਵਿਚਾਰ ਸਾਡੇ ਮਨਾਂ ਵਿੱਚ ਹਮੇਸ਼ਾ ਹੀ ਕਾਇਮ ਰਹਿਣਗੇ। ਮਾਨਯੋਗ ਭਗਤ ਰਾਮ ਸਾਂਪਲਾ ਜੀ ਇੱਕ ਸੱਚੇ -ਸੁੱਚੇ ਅੰਬੇਡਕਰੀ ਅਤੇ ਬੁੱਧ ਧੰਮ ਦੇ ਪਹਿਰੇਦਾਰ ਦੇ ਨਾਲ ਨਾਲ ਪ੍ਰਚਾਰਕ ਵੀ ਸਨ। ਉਨਾਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਅਤੇ ਬੁੱਧ ਧੰਮ ਬਾਰੇ ਅਨੇਕਾਂ ਕਿਤਾਬਾਂ ਲਿਖੀਆਂ, ਜਿਸ ਨੂੰ ਉਹਨਾਂ ਨੇ ਮੁਫ਼ਤ ਵਿੱਚ ਵੰਡੀਆਂ। ਸਾਰਾ ਖਰਚਾ ਆਪਣੇ ਕੋਲੋਂ ਕੀਤਾ। ਉਹਨਾਂ ਦਾ ਮਕਸਦ ਸੀ ਕਿ ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਘਰ -ਘਰ ਤੱਕ ਪਹੁੰਚੇ ਤਾਂ ਹੀ ਸਾਰਥਿਕ ਸੋਚ ਉਤਪੰਨ ਹੋ ਕੇ ਲੋਕ ਆਪ ਮੁਹਾਰੇ ਬਾਬਾ ਸਾਹਿਬ ਅਤੇ ਬੁੱਧ ਧੰਮ ਨਾਲ ਜੁੜਨਗੇ।

ਜਨਮ:  ਸਾਂਪਲਾ ਜੀ ਦਾ ਜਨਮ ਸਤਿਕਾਰਯੋਗ ਪਿਤਾ ਸ਼੍ਰੀ ਚਾਨਣ ਰਾਮ ਸਾਂਪਲਾ ਜੀ ਦੇ ਗ੍ਰਹਿ ਸੋਫੀ ਪਿੰਡ ਵਿਖੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਬਿਸ਼ਨੀ ਜੀ ਦੀ ਕੁੱਖੋਂ 04 ਦਸੰਬਰ 1937 ਨੂੰ ਹੋਇਆ। ਆਪ ਪੰਜ ਭਰਾ- ਹੰਸ ਰਾਜ ਸਾਂਪਲਾ, ਕਪੂਰ ਚੰਦ ਸਾਂਪਲਾ, ਬਲਰਾਮ ਸਾਂਪਲਾ ,ਰੂਪ ਲਾਲ ਸਾਂਪਲਾ ਅਤੇ ਭੈਣ ਬੰਸੋ ਹਨ। ਆਪ ਸਭ ਤੋਂ ਵੱਡੇ ਸਨ। ਉਨਾਂ ਦੀ ਭੈਣ ਬੰਸੋ ਦਾ ਵਿਆਹ ਬੁੱਧ ਰੀਤੀ ਅਨੁਸਾਰ ਕੀਤਾ ਗਿਆ ਸੀ। ਇਸ ਸਮਾਗਮ ‘ਚ ਅੰਬੇਡਕਰੀ ਤੇ ਬੋਧੀ ਆਗੂ ਸ੍ਰੀ ਲਾਹੌਰੀ ਰਾਮ ਬਾਲੀ ਜੀ ਵੀ ਮੌਜੂਦ ਸਨ ‌‌।

ਸਾਦਗੀ ਵਾਲਾ ਜੀਵਨ:  ਸਾਂਪਲਾ ਜੀ ਦਾ ਜੀਵਨ ਸਾਦਗੀ, ਨਿਮਰਤਾ,ਮਿਲਣਸਾਰ, ਦ੍ਰਿੜ ਨਿਸ਼ਚੇ ਵਾਲਾ ਸੀ। ਆਪ ਅਗਾਂਹਵਧੂ ਅਤੇ ਸੁਚਾਰੂ ਸੋਚ ਰੱਖਣ ਵਾਲੇ, ਸੱਚ ਬੋਲਣ ਵਾਲੇ, ਇਕ ਮਿਸ਼ਨਰੀ ਲੇਖਕ ਸਨ। ਆਪ ਜੀ ਦੀ ਜੀਵਨ ਸਾਥਣ ਸ੍ਰੀਮਤੀ ਪ੍ਰਕਾਸ਼ੋ ਸਾਂਪਲਾ ਜੀ, ਜੋ ਇਕ ਵਧੀਆ ਸੁਭਾਅ ਦੇ ਮਾਲਕ ਅਤੇ ਆਪਣੇ ਪਤੀ ਨਾਲ ਅੰਬੇਡਕਰੀ ਅਤੇ ਬੁੱਧ ਧੰਮ ਦੇ ਮਿਸ਼ਨ ਤੇ ਪ੍ਰਚਾਰ ਲਈ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਰਹੇ। ਆਪ ਜੀ ਦੀ ਬੇਟੀ ਸੁਨੀਤਾ ਅਤੇ ਰਾਹੁਲ ਦੇਵ ਨੇ ਮਹਾਨ ਭਿਖਸ਼ੂ ਡਾ. ਹਮਲਵ ਸੱਧਾਤਿਸ ਮਹਾਂਥੇਰੋ ਅਤੇ ਮਹਾਨ ਸਾਧੂ ਸੰਤ ਬ੍ਰਹਮਦਾਸ ਜੀ ਦੀ ਪਾਵਨ ਯਾਦ ਵਿੱਚ “ਬੋਧ ਧੰਮ ਦੀਕਸ਼ਾ ” ਟਰੈਕ ਛਪਵਾਇਆ।

ਵਿਦੇਸ਼ ਜਾਣਾ :  ਸਾਂਪਲਾ ਜੀ 1963 ਵਿੱਚ ਇੰਗਲੈਂਡ ਚਲੇ ਗਏ। ਉੱਥੇ ਜਾ ਕੇ ਰੋਜ਼ੀ ਰੋਟੀ ਲਈ ਕਾਫੀ ਸੰਘਰਸ਼ ਕੀਤਾ ਅਤੇ ਆਪਣੇ ਸਾਰੇ ਪਰਿਵਾਰ ਨੂੰ ਵਿਦੇਸ਼ ਵਿੱਚ ਸੈੱਟ ਕੀਤਾ। ਅੱਜ ਕੱਲ੍ਹ ਆਪ ਜੀ ਦੇ ਸਾਰੇ ਭਰਾ ਵਿਦੇਸ਼ਾਂ ਵਿੱਚ ਸੈੱਟ ਹਨ। ਆਪ ਜੀ ਦੇ ਛੋਟੇ ਭਰਾ ਮਾਨਯੋਗ ਹੰਸ ਰਾਜ ਸਾਂਪਲਾ ਯੂਕੇ ਨੇ 14 ਅਪ੍ਰੈਲ 2025 ਨੂੰ ਡਾ. ਅੰਬੇਡਕਰ ਭਵਨ ਜਲੰਧਰ ਵਿਖੇ ਡਾ. ਅੰਬੇਡਕਰ ਜੈਅੰਤੀ ਸਮਾਗਮ ‘ਤੇ ਮੁੱਖ ਮਹਿਮਾਨ ਸਨ ਅਤੇ ਉਨਾਂ ਨੇ ਡਾ. ਅੰਬੇਡਕਰ ਸਟੈਚੂ ਦਾ ਉਦਘਾਟਨ ਵੀ ਕੀਤਾ ਅਤੇ ਹੋਰ ਯੋਗਦਾਨ ਵੀ ਪਾਇਆ ਸੀ।

ਪ੍ਰਸਿੱਧ ਪੁਸਤਕਾਂ: ਇੰਗਲੈਂਡ ਵਿੱਚ ਰਹਿੰਦੇ ਹੋਏ ਸਾਂਪਲਾ ਜੀ ਨੇ 80 ਤੋਂ ਵੱਧ ਕਿਤਾਬਾਂ ਲਿਖੀਆ, ਜੋ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ‘ਚ ਬਾਬਾ ਸਾਹਿਬ ਬਾਰੇ ਅਤੇ ਬੁੱਧ ਧੰਮ ਬਾਰੇ ਲਿਖੀਆਂ। ਜਿਸ ਨੂੰ ਪੜ੍ਹ ਕੇ ਆਪ ਜੀ ਦੀ ਸੋਚ ਝਲਕਦੀ ਨਜ਼ਰ ਆਉਂਦੀ ਹੈ। ਜਿਨਾਂ ਪੁਸਤਕਾਂ ਵਿੱਚੋਂ- “ਵਿਦਰੋਹ ਦਾ ਚਿੰਨ੍ਹ- ਡਾ. ਅੰਬੇਡਕਰ” (ਆਪਣੇ ਪੂਜਨੀਕ ਪਿਤਾ ਸ੍ਰੀ ਚਾਨਣ ਰਾਮ ਸਾਂਪਲਾ ਨੂੰ ਸਮਰਪਿਤ ਕੀਤੀ ਹੈ), ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੰਖੇਪ ਵਿੱਚ ਜੀਵਨ ਚਰਿੱਤਰ, ਦੁਸ਼ਹਿਰਾ, ਭਗਵਾਨ ਬੁੱਧ ਦਾ ਅਮਰ ਸੰਦੇਸ਼ (ਹਿੰਦੀ), 14 ਅਪ੍ਰੈਲ (ਹਿੰਦੀ), ਬੋਧ ਧੰਮ ਦੀਕਸ਼ਾ (ਪੰਜਾਬੀ), ਮਹਾਂਬੋਧੀ ਮਹਾਂਵਿਹਾਰ (ਹਿੰਦੀ), ਦਾ ਬੁੱਧਾ (ਅੰਗਰੇਜ਼ੀ), ਭਾਰਤ ਕਾ ਪ੍ਰਕਾਸ਼- ਡਾ. ਅੰਬੇਡਕਰ (ਹਿੰਦੀ), ਅੰਬੇਡਕਰ ਮਹਾਨ- ਭਾਗ ਪਹਿਲਾ ਅਤੇ ਦੂਜਾ (ਹਿੰਦੀ) , ਭਾਰਤ ਕਾ ਸੂਰਜ-ਬਾਬਾ ਸਾਹਿਬ ਅੰਬੇਡਕਰ (ਹਿੰਦੀ), ਰੇਪ ਅਤੇ ਰੋਪ (ਹਿੰਦੀ), ਸ੍ਰੀਲੰਕਾ ਮੇਂ ਬੌਧ ਧਰਮ (ਹਿੰਦੀ), ਅੰਧੇਰੇ ਮੇਂ ਚਿਰਾਗ, ਬੌਧ ਗਯਾ ਵਿਹਾਰ (ਹਿੰਦੀ),ਬੁੱਧ ਧਰਮ ਹੀ ਆਸ਼ਾਜਨਕ ਧਰਮ ਹੈ (ਪੰਜਾਬੀ), Ambedkar masiha of the Downtrodden (English) ਆਦਿ ਪ੍ਰਸਿੱਧ ਪੁਸਤਕਾਂ ਹਨ। ਇਹਨਾਂ ਕਿਤਾਬਾਂ ਨੂੰ ਜਰੂਰ ਪੜੋ।

ਪ੍ਰੀਤਮ ਪ੍ਰਕਾਸ਼ਨ : ਆਪ ਜੀ ਦੀਆਂ ਸਾਰੀਆਂ ਕਿਤਾਬਾਂ ਪ੍ਰੀਤਮ ਪ੍ਰਕਾਸ਼ਨ, ਸੰਤ ਬ੍ਰਹਮ ਦਾਸ ਮਾਰਗ ,ਚਾਨਣ ਨਗਰ ਸੋਫੀ ਪਿੰਡ ਜਲੰਧਰ ਵੱਲੋਂ ਛਾਪੀਆਂ ਗਈਆਂ ਹਨ। ਆਪ ਜੀ ਨੇ ਪ੍ਰੀਤਮ ਪ੍ਰਕਾਸ਼ਨ ਦਾ ਨਾਮ “ਪ੍ਰੀਤਮ ਰਾਮਦਾਸਪੁਰੀ” ਮਿਸ਼ਨਰੀ ਪ੍ਰਸਿੱਧ ਲੇਖਕ ਤੇ ਕਵੀ ਦੇ ਨਾਂ ‘ਤੇ ਰੱਖਿਆ ਹੈ ।

ਪੰਜਾਬ ‘ਚ ਪਹਿਲਾ ਬੁੱਧ ਧੰਮ ਦੀਕਸ਼ਾ ਪ੍ਰੋਗਰਾਮ: ਪੰਜਾਬ ਦੀ ਧਰਤੀ ‘ਤੇ ਪਹਿਲੀ ਵਾਰ ਬੁੱਧ ਧੰਮ ਦੀਕਸ਼ਾ ਪ੍ਰੋਗਰਾਮ 17 ਜੂਨ 1958 ਨੂੰ ਚੱਕ ਹਕੀਮ ਪਿੰਡ ਦੇ “ਦੇਹਰਾ ਗੁਰੂ ਰਵਿਦਾਸ ਮੰਦਰ ” (ਫਗਵਾੜਾ ਦੇ ਨੇੜੇ ਹੋਇਆ) ਸੀ। ਸਿਆਸੀ ਆਗੂਆਂ ਨੇ ਇਸ ਪ੍ਰੋਗਰਾਮ ਨੂੰ ਰੋਕਣ ਲਈ ਕਈ ਹੱਥ ਕੰਡੇ ਅਪਣਾਏ ਸਨ। ਇਸ ਨੂੰ ਸਫਲ ਬਣਾਉਣ ਲਈ 16 ਜੂਨ ਨੂੰ ਦਾਦਾ ਸਾਹਿਬ ਗਾਇਕਵਾੜ ਭਾਸ਼ਣ ਦੇਣ ਆਏ ਸਨ। ਰਿਪਬਲਿਕਨ ਪਾਰਟੀ ਅਤੇ ਸਮਤਾ ਸੈਨਿਕ ਦਲ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਿਰੇ ਚੜ੍ਹਿਆ ਸੀ। ਭਿਕਸ਼ੂ ਗਲਗੇਦਰ ਪ੍ਰਗਿਆਨੰਦ, ਸੰਚਾਲਕ ਬੁੱਧ ਵਿਹਾਰ ਲਖਨਊ ਨੇ 5000 ਲੋਕਾਂ ਨੂੰ ਬੁੱਧ ਧਰਮ ਦੀ ਦੀਕਸ਼ਾ ਦਿੱਤੀ ਸੀ ਅਤੇ ਪੰਜਾਬ ਦੇ ਇਤਿਹਾਸ ਵਿੱਚ ਸਦੀਆਂ ਤੋਂ ਬਾਅਦ ਪਹਿਲਾ ਮੀਲ ਪੱਥਰ ਗੱਡ ਦਿੱਤਾ ਸੀ। ਮੇਰੀ (ਭਗਤ ਰਾਮ ਸਾਂਪਲਾ) ਧਰਮ ਪਤਨੀ ਸ਼੍ਰੀਮਤੀ ਪ੍ਰਕਾਸ਼ੋ ਸਾਂਪਲਾ ਜੀ ਸੰਨ 1996 ‘ਚ ਇੰਗਲੈਂਡ ਤੋਂ ਭਾਰਤ ਆਏ ਸਨ ,ਉਹਨਾਂ ਨੇ 23 ਮਾਰਚ 1996 ਨੂੰ ਭਿਖਸ਼ੂ ਪ੍ਰਗਿਆਨੰਦ ਨੂੰ ਲਖਨਊ ਤੋਂ ਸੋਫੀ ਪਿੰਡ ਸੱਦਿਆ ਸੀ। ਯਾਦ ਰਹੇ ਕਿ ਨਾਗਪੁਰ ਦੀ ਧਰਤੀ ‘ਤੇ 14 ਅਕਤੂਬਰ 1956 ਨੂੰ ਜਦੋਂ ਬਾਬਾ ਸਾਹਿਬ ਜੀ ਨੇ ਲੱਖਾਂ ਪੈਰੋਕਾਰਾਂ ਨਾਲ “ਬੁੱਧ ਧੰਮ ਦੀਕਸ਼ਾ” ਲਈ ਸੀ ਤਾਂ ਉਸ ਸਮੇਂ ਉਪਰੋਤਕ ਭਿਕਸ਼ੂ ਪ੍ਰਗਿਆਨੰਦ (ਭਿਕਸ਼ੂ ਪੰਨਾਨੰਦ) ਮੰਚ ‘ਤੇ ਸਨ।

ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ : ਸਾਂਪਲਾ ਜੀ ਨੇ ਸਿਹਤ ਦੇ ਖੇਤਰ ਵਿੱਚ ਬਹੁਤ ਵੱਡਾ ਮੀਲ ਪੱਥਰ ਸਥਾਪਿਤ ਕੀਤਾ ਹੈ।ਆਪਣੇ ਮਾਪਿਆਂ ਦੀ ਯਾਦ ‘ਚ ਹਸਪਤਾਲ ਖੋਲ੍ਹਿਆ। ਹਸਪਤਾਲ ਦੀ ਬਿਲਡਿੰਗ ਦੀ ਉਸਾਰੀ ਦਾ ਨੀਂਹ ਪੱਥਰ ਸਾਂਪਲਾ ਜੀ ਦੇ ਪਰਮ ਮਿੱਤਰ ਮਾਨਯੋਗ ਸੂਰਜ ਭਾਨ ਜੀ , ਹਿਮਾਚਲ ਪ੍ਰਦੇਸ਼ ਦੇ ਗਵਰਨਰ ਸਾਹਿਬ ਦੇ ਕਰ ਕਮਲਾਂ ਨਾਲ ਕੀਤਾ ਗਿਆ। ਉਸ ਸਮੇਂ ਲੇਖਕ ਵੀ ਮੌਜੂਦ ਸੀ। ਜਦੋਂ ਬਿਲਡਿੰਗ ਬਣ ਕੇ ਤਿਆਰ ਹੋ ਗਈ ਤਾਂ ਉਸ ਦਾ ਉਦਘਾਟਨ ਮਿਤੀ 10 ਜੁਲਾਈ1999 ਨੂੰ ਮਾਨਯੋਗ ਸ੍ਰੀਮਤੀ ਪ੍ਰਕਾਸ਼ੋ ਸਾਂਪਲਾ(ਧਰਮ ਪਤਨੀ ਸ੍ਰੀ ਭਗਤ ਰਾਮ ਸਾਂਪਲਾ) ਜੀ ਨੇ ਕੀਤਾ। ਅੱਜ ਵੀ ਇਸ ਹਸਪਤਾਲ ਤੋਂ ਵਧੀਆ ਤੇ ਸਸਤੀਆਂ ਦਵਾਈਆਂ ਮਿਲਦੀਆਂ ਹਨ। ਡਾਕਟਰਾਂ ਦੁਆਰਾ ਮਰੀਜ਼ਾਂ ਦਾ ਵਧੀਆ ਟ੍ਰੀਟਮੈਂਟ ਕੀਤਾ ਜਾਂਦਾ ਹੈ । ਗਰੀਬਾਂ ਲਈ ਸਿਹਤ ਸਹੂਲਤਾਂ ਦੇ ਪੱਖ ਤੋਂ ਇਲਾਕੇ ਵਿੱਚ ਇਹ ਇੱਕ ਵਧੀਆ ਹਸਪਤਾਲ ਮੰਨਿਆ ਗਿਆ ਹੈ।

ਸੱਧਾਤਿਸ ਬੁੱਧ ਵਿਹਾਰ ਦੀ ਸਥਾਪਨਾ:  ਸਾਂਪਲਾ ਜੀ ਨੇ “ਸੱਧਾਤਿਸ ਬੁੱਧ ਵਿਹਾਰ ” ਚਾਨਣ ਨਗਰ ,ਸੋਫੀ ਪਿੰਡ ਵਿਖੇ ਬਣਾਇਆ। ਜਿਸ ਦਾ ਡਾ. ਸੂਰਜ ਭਾਨ, ਗਵਰਨਰ ਹਿਮਾਚਲ ਪ੍ਰਦੇਸ਼ ਜੀ ਦੀ ਧਰਮ ਪਤਨੀ ਸ੍ਰੀਮਤੀ ਚਮੇਲੀ ਦੇਵੀ ਨੇ 24 ਦਸੰਬਰ 2000 ਵਿੱਚ ਨੀਹ ਪੱਥਰ ਰੱਖਿਆ ਸੀ। ਭਿਖਸ਼ੂ ਡਾਕਟਰ ਹਮਲਵ ਸੱਧਾਤਿਸ ਮਹਾਂਥੇਰੋ ਉੱਚ ਕੋਟੀ ਦੇ ਰਿਸਰਚ , ਸਕਾਲਰ ਅਤੇ ਮਿਸ਼ਨਰੀ ਲਗਨ ਵਾਲੇ ਸਨ।ਡਾ. ਅੰਬੇਡਕਰ ਜੀ ਨੇ 15 ਅਕਤੂਬਰ 1956 ਨੂੰ ਨਾਗਪੁਰ ‘ਚ ਸ਼ਾਮ ਹੋਟਲ ਵਿੱਚ ਸੰਬੋਧਿਨ ਕਰਦੇ ਹੋਏ ਕਿਹਾ ਸੀ ਕਿ ” ਭਿਖਸ਼ੂਆਂ ਵਿੱਚੋਂ ਮੈਂ “ਸੱਧਾਤਿਸ ” ਨੂੰ ਬਹੁਤ ਪਸੰਦ ਕਰਦਾ ਹਾਂ।” ਇੱਥੇ ਚੇਤੇ ਰੱਖਣਾ ਜਰੂਰੀ ਹੈ ਕਿ ਭਿਕਸ਼ੂ ਸੱਧਾਤਿਸ ਬਨਾਰਸ ਹਿੰਦੂ ਯੂਨੀਵਰਸਿਟੀ, ਲੰਡਨ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਅਤੇ ਟੋਰਾਂਟੋ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਹਨ। ਉਹ ਲੰਡਨ ਬੁੱਧ ਵਿਹਾਰ ਦੇ ਪ੍ਰਧਾਨ ,ਬ੍ਰਿਟਿਸ਼ ਮਹਾਂਬੋਧੀ ਸੁਸਾਇਟੀ ਦੇ ਪ੍ਰਧਾਨ ਅਤੇ ਪੋਲੀਟੈਕਸਟਸ ਸੁਸਾਇਟੀ ਲੰਡਨ ਦੇ ਉਪ ਪ੍ਰਧਾਨ ਵੀ ਸਨ। ਬੁੱਧ ਧਰਮ ਦੀ ਤਵਾਰੀਖ ਵਿੱਚ ਪਹਿਲੀ ਵਾਰ ਏਸ਼ੀਆ ਤੋਂ ਬਾਹਰ ਕਿਸੇ ਭਿਕਸ਼ੂ ਨੂੰ “ਮਹਾਂਨਾਇਕ “ਦੀ ਉਪਾਧੀ ਨਾਲ ਸੰਬੋਧਿਨ ਕੀਤਾ ਗਿਆ, ਉਹ ਇਹੀ ਭਿਕਸ਼ੂ ਸੱਧਾਤਿਸ ਸਨ।

ਕਲਾਕ ਟਾਵਰ ਦਾ ਉਦਘਾਟਨ : ਹਾਥੀ ਗੇਟ ਦੇ ਨਾਲ ਬਣੇ ਕਲਾਕ ਟਾਵਰ (ਘੰਟਾ ਘਰ)ਦਾ ਨੀਹ ਪੱਥਰ ਭਿਕਸ਼ੂ ਪ੍ਰਗਿਆਨੰਦ ਜੀ ਨੇ 25 ਦਸੰਬਰ 1996 ਨੂੰ ਰੱਖਿਆ ਸੀ ਅਤੇ ਮਾਨਯੋਗ ਭਗਤ ਰਾਮ ਸਾਂਪਲਾ ਜੀ ਦੁਆਰਾ ਲਿਖੀ ਪੁਸਤਕ “ਬਰਤਾਨੀਆ ਮੇਂ ਬੁੱਧ ਧਰਮ” ਨੂੰ ਰਿਲੀਜ਼ ਕੀਤਾ ਸੀ। ਕਲਾਕ ਟਾਵਰ ਦਾ ਉਦਘਾਟਨ 01ਨਵੰਬਰ 1997 ਨੂੰ ਮਾਨਯੋਗ ਡਾ. ਸੂਰਜ ਭਾਨ ਡਿਪਟੀ ਸਪੀਕਰ ਲੋਕ ਸਭਾ ਵੱਲੋਂ ਕੀਤਾ ਗਿਆ। ਉਸ ਸਮੇਂ ਉਹਨਾਂ ਨਾਲ ਅਮਰੀਕ ਸਿੰਘ ਆਲੀਵਾਲ ਸੰਸਦ ਮੈਂਬਰ ਵੀ ਹਾਜ਼ਰ ਸਨ।

ਪੰਜ ਭਿਖਸ਼ੂਆਂ ਨੂੰ ਪਹਿਲਾ ਉਪਦੇਸ਼: ਸਾਂਪਲਾ ਜੀ ਨੇ ਆਪਣੀ ਪੁਸਤਕ ‘ਬੋਧ ਧੰਮ ਦੀਕਸ਼ਾ’ ਵਿੱਚ ਪੰਜ ਭਿਕਸ਼ੂਆਂ ਦਾ ਜ਼ਿਕਰ ਕੀਤਾ ਹੈ। ਤਥਾਗਤ ਬੁੱਧ ਨੇ ਸਾਰਨਾਥ ਵਿੱਚ ਪੰਜ ਭਿਖਸ਼ੂਆਂ-ਕੋਣਿਡਨਯ,ਵੱਪ, ਭਦਿਯ, ਮਹਾਨਾਮ ਅਤੇ ਅਸ਼ਵਜਿੱਤ ਨੂੰ ਪਹਿਲਾ ਉਪਦੇਸ਼ ਦੇ ਕੇ ਧੰਮ ਚੱਕਰ ਚਲਾਇਆ। ਸੇਠ ਕੁੱਲ ਪੁੱਤਰ ਯਸ਼ ਪਹਿਲੇ ਵਿਅਕਤੀ ਸਨ ,ਜਿਸ ਨੇ ਤ੍ਰੀਸ਼ਰਨ ਵਿੱਚ ਬੁੱਧ ਧਰਮ ਦੀ ਦੀਕਸ਼ਾ ਲਈ ਸੀ। ਤਥਾਗਤ ਬੁੱਧ ਨੇ ਕਿਹਾ ,”ਭਿਖਸ਼ੂਓ ! ਮੈਂ ਬੇੜੇ ਦੀ ਤਰ੍ਹਾਂ ਪਾਰ ਜਾਣ ਲਈ ਤੁਹਾਨੂੰ ਧਰਮ ਦਾ ਉਪਦੇਸ਼ ਦਿੱਤਾ ਹੈ , ਫੜ੍ਹ ਕੇ ਰੱਖਣ ਲਈ ਨਹੀਂ।” ਜੀਵਨ ਇੱਕ ਵੀਣਾ ਸਮਾਨ ਹੈ। ਇਸ ਦੀਆਂ ਤਾਰਾਂ ਇੰਨੀਆਂ ਨਾ ਕੱਸੋ ਕਿ ਉਹ ਟੁੱਟ ਜਾਣ ਅਤੇ ਨਾ ਹੀ ਇੰਨੀਆਂ ਢਿੱਲੀਆਂ ਛੱਡੋ ਕਿ ਸੁਰ ਹੀ ਨਾ ਪੈਦਾ ਹੋਵੇ ।ਬੁੱਧ ਦੇ ਇਸ ਕਥਨ ਦੇ ਆਧਾਰ ‘ਤੇ ਬੁੱਧ ਧੰਮ ਅਰਥਾਤ ਗੌਤਮ ਬੁੱਧ ਦੀਆਂ ਸਿੱਖਿਆਵਾਂ ਨੂੰ “ਮੱਧਮ ਮਾਰਗ” ਦੇ ਨਾਂ ਨਾਲ ਜਾਣਿਆ ਜਾਂਦਾ ਹੈ।

         -ਪ੍ਰਿੰਸੀਪਲ ਪਰਮਜੀਤ ਜੱਸਲ

ਸੋਫੀ ਪਿੰਡ ਦੇ ਯੋਧਿਆਂ ਵੱਲੋਂ ਭੁੱਖ ਹੜਤਾਲ : 25 ਜੂਨ 1964 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ ਕੋਠੀ ਸਾਹਮਣੇ ਆਰ.ਪੀ.ਆਈ. ਦੇ 51ਵਲੰਟੀਅਰਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ। ਸਾਂਪਲਾ ਜੀ ਨੇ ਆਪਣੀ ਪੁਸਤਕ “ਵਿਦਰੋਹ ਦੇ ਚਿੰਨ੍ਹ-ਡਾਕਟਰ ਅੰਬੇਡਕਰ ” ਵਿੱਚ 51 ਵਲੰਟੀਅਰਾਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ। ਜਿਨਾਂ ‘ਚ ਸੋਫੀ ਪਿੰਡ ਦੇ ਆਰ.ਪੀ.ਆਈ. ਦੇ ਯੋਧਿਆਂ ਵਿੱਚ-ਸ੍ਰੀ ਸੋਹਣ ਲਾਲ ਸਾਂਪਲਾ ਜੀ(ਹੁਣ ਜਰਮਨੀ ਵਿੱਚ),ਸ੍ਰੀ ਜੋਧ ਰਾਜ ਸਾਂਪਲਾ ਅਤੇ ਸ੍ਰੀ ਪ੍ਰਕਾਸ਼ ਚੰਦ ਸਾਂਪਲਾ ਆਦਿ ਦੇ ਨਾਂ ਦਰਜ ਹਨ। ਭੁੱਖ ਹੜਤਾਲ ਛੇ ਦਿਨਾਂ ਤੋਂ ਬਾਅਦ ਬੰਦ ਕਰ ਦਿੱਤੀ ਗਈ ਕਿਉਂਕਿ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਨੇ ਆਰ.ਪੀ.ਆਈ. ਦੇ ਆਗੂਆਂ ਨੂੰ ਲਿਖਤੀ ਰੂਪ ਵਿੱਚ ਯਕੀਨ ਦਿਵਾਇਆ ਸੀ ਕਿ ਬੇਜ਼ਮੀਨੇ ਖੇਤ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਉੱਤੇ ਹਮਦਰਦੀ ਨਾਲ ਵਿਚਾਰ ਹੋਵੇਗਾ। ਦੂਸਰਾ ਮੋਰਚਾ ਛੇ ਦਸੰਬਰ 1964 ਨੂੰ ਲਾਇਆ ਗਿਆ। ਇਹ ਮੋਰਚਾ 67 ਦਿਨ ਤੱਕ ਚਾਲੂ ਰਿਹਾ। ਭੁੱਖ ਹੜਤਾਲ ,ਮਰਨ ਵਰਤ, ਜੇਲਾਂ ਵਿੱਚ ਵੀ ਜਾਣਾ ਪਿਆ। ਇਸ ਦੇਸ਼ ਵਿਆਪੀ ਮੋਰਚੇ ਵਿੱਚ 3 ਲੱਖ ਲੋਕ ਜੇਲ੍ਹ ਗਏ ਅਤੇ 14 ਸੱਤਿਆਗ੍ਰਹਿ ਸ਼ਹੀਦ ਹੋਏ ਸਨ।ਆਖਰ ਜਿੱਤ ਪ੍ਰਾਪਤ ਹੋਈ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਸੋਫੀ ਪਿੰਡ ਦਾ ਅੰਬੇਡਕਰੀ ਮਿਸ਼ਨ ਅਤੇ ਬੁੱਧ ਧੰਮ ਮਿਸ਼ਨ ਲਈ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਰਹੇਗਾ।

ਅੰਤ:  ਅੰਤ ਵਿੱਚ ਸੱਚਮੁੱਚ ਭਗਤ ਰਾਮ ਸਾਂਪਲਾ ਜੀ ਇੱਕ ਸੱਚੇ ਸੁੱਚੇ ਅੰਬੇਡਕਰੀ, ਬੁੱਧ ਧੰਮ ਦੇ ਅਸਲੀ ਪਹਿਰੇਦਾਰ ਸਨ। ਜਿਨ੍ਹਾਂ ਨੇ ਇੰਗਲੈਂਡ ਵਿੱਚ ਰਹਿੰਦਿਆਂ ਹੋਇਆ ਬੁੱਧ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਅਨੇਕਾਂ ਕਿਤਾਬਾਂ ਲਿਖੀਆਂ, ਪੁਸਤਕਾਂ ਲਿਖਦੇ ਸਮੇਂ ਕਈ ਆਰਥਿਕ ਮੁਸ਼ਕਲਾਂ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਹੋਵੇਗਾ। ਪਰ ਮਿਸ਼ਨ ਵਿੱਚ ਰਤੀ ਭਰ ਵੀ ਖੜੋਤ ਨਹੀਂ ਆਉਣ ਦਿੱਤੀ। ਭਾਵੇਂ ਉਸ ਲਈ ਉਹਨਾਂ ਨੂੰ ਕੋਈ ਵੀ ਕੁਰਬਾਨੀ ਕਰਨੀ ਪਈ। ਇੰਨੀਆਂ ਕਿਤਾਬਾਂ ਲਿਖਣੀਆਂ ਕੋਈ ਸੌਖਾ ਕੰਮ ਨਹੀਂ ਹੈ। ਸਮਾਂ, ਪੈਸਾ ਅਤੇ ਲਿਖਣ ਲਈ ਵਿਦਵਤਾ ਦੀ ਲੋੜ ਹੁੰਦੀ ਹੈ। ਮਾਨਯੋਗ ਸਾਂਪਲਾ ਜੀ ਸੱਚਮੁੱਚ ਇੱਕ ਵਿਦਵਾਨ ਸਨ। ਜਿਨਾਂ ਸਿਹਤ ਦੇ ਖੇਤਰ ਵਿੱਚ ਹਸਪਤਾਲ ਬਣਾਇਆ, ਬੁੱਧ ਵਿਹਾਰ ਬਣਾਇਆ। ਅਜਿਹੀ ਸ਼ਖਸ਼ੀਅਤ ਨੂੰ ਰਹਿੰਦੀ ਦੁਨੀਆਂ ਤੱਕ ਉਹਨਾਂ ਦੇ ਕਾਰਜਾਂ ਕਰਕੇ ਯਾਦ ਕੀਤਾ ਜਾਵੇਗਾ। ਮਾਨਯੋਗ ਭਗਤ ਰਾਮ ਸਾਂਪਲਾ ਜੀ ਨੂੰ ਡਾ. ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ) ਪੰਜਾਬ, ਬੁੱਧ ਵਿਹਾਰ ਟਰੱਸਟ ਸੋਫੀ ਪਿੰਡ, ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ, ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਆਦਿ ਵਿੱਚ ਮੋਨ ਵਰਤ ਰੱਖਿਆ ਗਿਆ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

-ਪ੍ਰਿੰਸੀਪਲ ਪਰਮਜੀਤ ਜੱਸਲ,
ਡਾ. ਅੰਬੇਡਕਰ ਸਕੂਲ ਬੁਲੰਦਪੁਰ,
ਜਲੰਧਰ -98721-80653

Previous articleਇਹ ਸਰਕਾਰੀ ਯੋਜਨਾ “ਬੁਢਾਪੇ ਵਿੱਚ ਸਹਾਰਾ” ਹੋ ਸਕਦੀ ਹੈ! ਤੁਸੀਂ ਹਰ ਮਹੀਨੇ ਸਿਰਫ਼ 55 ਰੁਪਏ ਜਮ੍ਹਾਂ ਕਰਵਾ ਕੇ ਇੰਨੀ ਵੱਡੀ ਮਹੀਨਾਵਾਰ ਪੈਨਸ਼ਨ ਕਮਾ ਸਕਦੇ ਹੋ।
Next articleSIMPLY THE BEST GUESTS MAKE VAISAKHI CELEBRATIONS UNFORGETTABLE IN LEICESTERSHIRE