(ਸਮਾਜ ਵੀਕਲੀ)
ਚੁੱਕੀ ਫਿਰਦੀ ਦੋ ਡੱਕੇ ਦੱਸੋ ਕਿੱਥੇ ਉਹ ਟਿਕਾਵੇ।
ਚਿੜੀ ਚੂਕਦੀ ਵਿਚਾਰੀ ਕਿੱਥੇ ਆਲ੍ਹਣਾ ਬਣਾਵੇ।
ਪਹੁ ਫੁਟਦੀ ਹੁੰਦੀ ਸੀ ਜਦੋਂ ਬੋਲਦੀ ਵਿਚਾਰੀ।
ਰਾਹੀ ਪਾਂਧੀ ਉਦੋਂ ਕਰਦੇ ਸੀ ਜਾਣ ਦੀ ਤਿਆਰੀ
ਚਿੜੀ ਬਿਨਾਂ ਹੁਣ ਸੁੱਤਿਆਂ ਨੂੰ ਕੋਈ ਨਾ ਜਗਾਵੇ।
ਚਿੜੀ ਚੂਕਦੀ ਵਿਚਾਰੀ ਕਿੱਥੇ ਆਲ੍ਹਣਾ ਬਣਾਵੇ।
ਢਾਹ ਦਿੱਤੇ ਕੱਚੇ ਘਰ ਲਈਆਂ ਕੋਠੀਆਂ ਬਣਾ
ਰਹੇ ਬਾਲੇ ਨਾ ਸ਼ਤੀਰ ਕਿੱਥੇ ਘਰ ਲਵੇ ਪਾ
ਜਗ੍ਹਾ ਦਿਸਦੀ ਨਹੀਂ ਕੋਈ ਜਿੱਥੇ ਵਕਤ ਲੰਘਾਵੇ
ਚਿੜੀ ਚੂਕਦੀ ਵਿਚਾਰੀ ਕਿੱਥੇ ਆਲ੍ਹਣਾ ਬਣਾਵੇ
ਘਰ ਵਿੱਚ ਕੋਈ ਦਿਖਾਈ ਹੁਣ ਦਿੰਦਾ ਨਹੀਉਂ ਰੁੱਖ
ਵੱਢ ਦਿੱਤੇ ਉਹਨੇ ਸਾਰੇ ਵੈਰੀ ਬਣਿਆ ਮਨੁੱਖ
ਹਵਾ ਹੋ ਗਈ ਹੈ ਖਰਾਬ ਸਾਹ ਸੌਖਾ ਕਿਵੇਂ ਆਵੇ
ਚਿੜੀ ਚੂਕਦੀ ਵਿਚਾਰੀ ਕਿੱਥੇ ਆਲ੍ਹਣਾ ਬਣਾਵੇ
ਜਿੰਨਾ ਹੋ ਸਕੇ ਵੱਧੋ ਵੱਧ ਰੁੱਖ ਆਪਾਂ ਲਾਈਏ।
ਹੋ ਰਹੇ ਨੇ ਖ਼ਤਮ ਜਿਹੜੇ ਪੰਛੀ ਬਚਾਈਏ
ਬੋਪਾਰਾਏ ਹੱਥ ਜੋੜ ਜੋੜ ਵਾਸਤੇ ਇਹ ਪਾਵੇ
ਚਿੜੀ ਚੂਕਦੀ ਵਿਚਾਰੀ ਕਿੱਥੇ ਆਲ੍ਹਣਾ ਬਣਾਵੇ।
ਜਸਵੰਤ ਬੋਪਾਰਾਏ
ਪਿੰਡ ਭਦੌੜ
98156-23699



