ਭਾਗ 23
(ਸਮਾਜ ਵੀਕਲੀ) “ਓਮ ਪ੍ਰਕਾਸ਼ ਤੂੰ ਮੇਰਾ ਵੱਡਾ ਪੁੱਤ ਹੈਂ। ਵੱਡਾ ਪੁੱਤ ਹੀ ਲੰਬੜਦਾਰ ਹੁੰਦਾਂ ਹੈ। ਮੈਨੂੰ ਤੇਰੇ ਤੇ ਮਾਣ ਹੈ।” ਕਦੇ ਕਦੇ ਮੇਰੇ ਦਾਦਾ ਜੀ ਮੇਰੇ ਪਾਪਾ ਦਾ ਪੂਰਾ ਨਾਮ ਹੁੱਭਕੇ ਲੈਂਦੇ। ਉਂਜ ਬਹੁਤੇ ਵਾਰੀ ਉਹ ਗਾਹਲ ਕੱਢਣ ਝਿੜਕਣ ਤੋਂ ਗੁਰੇਜ਼ ਨਹੀਂ ਸੀ ਕਰਦੇ। ਕੰਜਰਾਂ, ਵੱਡਾ, ਬੋਕ ਵਰਗੇ ਮੋਹੱਬਤੀ ਸ਼ਬਦ ਥੋਕ ਵਿੱਚ ਹੀ ਵਰਤੇ ਜਾਂਦੇ ਸਨ। ਘੁਮਿਆਰੇ ਪਿੰਡ ਵਿੱਚ ਕਿਸੇ ਦਾ ਅਦਬ ਨਾਲ ਨਾਮ ਲੈਣ ਦਾ ਤਾਂ ਰਿਵਾਜ ਹੀ ਨਹੀਂ ਸੀ। ਪਾਪਾ ਜੀ ਨੂੰ ਬਾਹਰ ਲੋਕ ਓਮ ਪ੍ਰਕਾਸ਼ ਆਖਦੇ। ਪਰ ਪਿੰਡ ਵਾਲੇ ਹਮੇਸ਼ਾ ਓਮੀ ਹੀ ਆਖਦੇ। ਪਾਪਾ ਜੀ ਨਾਇਬ ਤਹਿਸੀਲਦਾਰ ਬਣ ਗਏ। ਵੱਡੇ ਵੱਡੇ ਲੋਕ ਹਮੇਸ਼ਾ ਸੇਠੀ ਸਾਹਿਬ ਆਖਕੇ ਮਾਣ ਬਖਸ਼ਦੇ ਉਹ ਓਮ ਪ੍ਰਕਾਸ਼ ਯਾਨੀ ਨਾਮ ਲੈਣਾ ਸ਼ਾਨ ਦੇ ਖਿਲਾਫ ਸਮਝਦੇ। ਪਰ ਪਿੰਡ ਵਾਲਿਆਂ ਦੀ ਸੂਈ ਉਸੇ ਨਿੱਕ ਨੇਮ ਤੇ ਹੀ ਅਟਕੀ ਰਹੀ। ਮੇਰੇ ਚੌਵੀ ਦਿਨਾਂ ਦੇ ਮਾਂ ਵਿਹੂਣੇ ਮੇਰੇ ਚਾਚੇ ਮੰਗਲ ਨੂੰ ਦਾਦਾ ਜੀ ਨੇ ਮਾਂ ਬਣਕੇ ਪਾਲਿਆ ਸੀ ਇਸ ਲਈ ਉਸਦਾ ਜਿਆਦਾ ਮੋਹ ਕਰਦੇ ਸਨ। ਪਿੰਡ ਵਾਲੇ ਮੰਗਲ ਨੂੰ ਹਮੇਸ਼ਾ ਮੈਂਗਲ ਹੀ ਕਹਿੰਦੇ। ਮੇਰੇ ਦਾਦਾ ਜੀ ਦੀ ਜ਼ੁਬਾਨੀ ਮੈਨੂੰ ਪਤਾ ਲੱਗਿਆ ਸੀ ਕਿ ਸਰਕਾਰ ਲੰਬੜਦਾਰ ਦੇ ਵੱਡੇ ਪੁੱਤ ਨੂੰ ਹੀ ਲੰਬੜਦਾਰ ਬਣਾਉਂਦੀ ਹੈ। ਪੂਰਾ ਸਨਮਾਨ ਦਿੰਦੀ ਹੈ।
“ਜੇ ਵੱਡੇ ਪੁੱਤ ਨੂੰ ਸਰਕਾਰ ਸਨਮਾਨ ਦਿੰਦੀ ਹੈ ਤਾਂ ਫਿਰ ਮਾਪੇ ਉਸ ਨੂੰ ਅਲੱਗ ਕਿਉਂ ਕਰ ਦਿੰਦੇ ਹਨ। ਆਪਣੇ ਤੋਂ ਦੂਰ।” ਮੈਂ ਮੇਰੀ ਮਾਂ ਨੂੰ ਪੁੱਛਦਾ। ਕਿਉਂਕਿ ਮੈਂ ਘਰ ਵਿੱਚ ਵੱਡਾ ਸੀ ਤੇ ਮਾਪਿਆਂ ਤੋਂ ਅਲੱਗ ਹੋਣ ਦਾ ਖਤਰਾ ਮੇਰੇ ਸਿਰ ਤੇ ਮੰਡਰਾਉਂਦਾ ਸੀ। ਮੈਂ ਅੱਖੀਂ ਵੇਖਿਆ ਸੀ ਕਿ ਪਿੰਡ ਵਾਲੇ ਮਨਸੇ ਸੁਨਿਆਰੇ ਨੇ ਆਪਣੇ ਵੱਡੇ ਪੁੱਤ ਮਿਲਖੀ ਰਾਮ ਨੂੰ ਵੱਖ ਕਰ ਦਿੱਤਾ ਸੀ। ਬਾਬੇ ਪ੍ਰੀਤੇ ਨੇ ਕਰਤਾਰ ਮਾਸਟਰ ਨੂੰ ਅਲੱਗ ਕਰ ਦਿੱਤਾ ਤੇ ਛੋਟੇ ਗਾਹਵੇ ਨੂੰ ਆਪਣੇ ਨਾਲ ਰੱਖਿਆ ਸੀ। ਸਾਡੇ ਗੁਆਂਢੀ ਬਾਬੇ ਕਪੂਰ ਸਿੰਘ ਨੇ ਵੀ ਵੱਡੇ ਹਾਕਮ ਅਤੇ ਕੌਰ ਸਿੰਘ ਨੂੰ ਵੱਖ ਕਰਕੇ ਆਪ ਛੋਟੇ ਮਿੱਠੂ ਨਾਲ ਰਹਿੰਦਾ ਸੀ। ਲੰਬੜਦਾਰੀ ਦੇ ਹੱਕਦਾਰ ਵੱਡੇ ਪੁੱਤ ਨੂੰ ਵੱਖਰਾ ਕਰਨ ਦੀ ਸਜ਼ਾ ਕਿਉਂ? ਮੇਰਾ ਅੰਦਰਲਾ ਭੋਲਾਪਨ ਮੈਥੋਂ ਜਵਾਬ ਮੰਗਦਾ। ਮੇਰੀ ਮਾਂ ਮੈਨੂੰ ਇਹ ਤਰੀਕੇ ਨਾਲ ਸਮਝਾਉਂਦੀ ਕਿ ਇਹ ਪੁੱਤ ਨੂੰਹ ਦੇ ਵਿਹਾਰ, ਕਿਸੇ ਦੀ ਮਜਬੂਰੀ ਅਤੇ ਆਜ਼ਾਦੀ ਦੀ ਚਾਹਤ ਤੇ ਨਿਰਭਰ ਕਰਦਾ ਹੈ। ਬਹੁਤੇ ਵਾਰੀ ਮਾਪੇ ਵੱਡੇ ਨੂੰ ਤਰਜੀਹ ਦਿੰਦੇ ਹਨ। ਵੱਡਾ ਹੀ ਮਾਂ ਪਿਓ ਦੀ ਸੰਭਾਲ ਕਰਦਾ ਹੈ। ਜਾਂ ਇੰਜ ਕਹਿ ਲਵੋ ਬਜ਼ੁਰਗ ਵੱਡੇ ਨੂੰ ਜਿਆਦਾ ਮੋਂਹ ਕਰਦੇ ਹਨ। ਬਾਬਾ ਆਤਮਾ ਤਾਂ ਬਾਬੇ ਹਾਕਮ ਤੋਂ ਛੋਟਾ ਸੀ। ਪ੍ਰੰਤੂ ਬਾਬੇ ਸਾਵਣ ਸਿੰਘ ਜਿਸਨੂੰ ਬਾਬਾ ਸਾਉਣ ਕਹਿੰਦੇ ਸਨ ਉਹ ਬਾਬੇ ਹਾਕਮ ਨਾਲ ਹੀ ਰਹਿੰਦਾ ਸੀ ਉਸਨੇ ਬਾਬਾ ਆਤਮਾ ਸਿੰਘ ਨੂੰ ਅਲੱਗ ਕਰ ਦਿੱਤਾ ਕੀਤਾ ਸੀ। ਇਹ ਮਾਪਿਆਂ ਦੇ ਵਿਹਾਰ ਅਤੇ ਆਪਣੇ ਰਵਈਏ ਦੀ ਗੱਲ ਹੁੰਦੀ ਹੈ। ਕਈ ਹੋਰ ਵੀ ਘਰ ਸਨ ਜਿੱਥੇ ਛੋਟਾ ਅਲੱਗ ਹੋ ਜਾਂਦਾ ਤੇ ਵੱਡਾ ਮਾਪਿਆਂ ਦੇ ਨਾਲ ਰਹਿੰਦਾ। ਬਾਬੇ ਸਾਉਣ ਤੋਂ ਗੱਲ ਯਾਦ ਆ ਗਈ। ਜਦੋਂ ਕੋਈਂ ਜੁਆਕ ਰੋਂਦਾ ਤਾਂ ਬੁੜੀਆਂ ਅਕਸਰ ਹੀ ਕਹਿੰਦੀਆਂ “ਇਹ ਸਾਉਣ (ਸੌਣ) ਨੂੰ ਰੋਂਦਾ ਹੈ।” ਇੰਨਾ ਸੁਣਕੇ ਭੂਆ ਬਿਸ਼ਨੀ ਉਹਨਾਂ ਦੇ ਗਲ ਪੈ ਜਾਂਦੀ ਤੇ ਕਹਿੰਦੀ ਸਾਉਣ ਨੂੰ ਕਿਉਂ ਰੋਵੇਂ। ਇਹ ਆਪਣੇ ਜੰਮਦਿਆਂ ਨੂੰ ਰੋਵੇਂ।” ਖੈਰ ਭੂਆ ਬਿਸ਼ਨੀ ਮੇਰੇ ਦਾਦੇ ਦੀ ਭੂਆਂ ਹੋਣ ਕਰਕੇ ਸਾਰੇ ਪਿੰਡ ਦੀ ਭੂਆ ਸੀ। ਉਸਦੀ ਕੌੜੀ ਬੋਲ਼ੀ ਦਾ ਕੋਈਂ ਗੁੱਸਾ ਨਾ ਕਰਦਾ। ਓਦੋਂ ਲੋਕਾਂ ਵਿੱਚ ਸਮਾਈ ਸੀ। ਲੋਕ ਧੀ ਨੂੰ ਸਾਰੇ ਪਿੰਡ ਦੀ ਧੀ ਸਮਝਦੇ ਸਨ। ਕਿਸੇ ਦਾ ਜਵਾਈ ਸਾਰੇ ਪਿੰਡ ਦਾ ਜਵਾਈ ਹੁੰਦਾ ਸੀ। ਜਦੋਂ ਕਿਸੇ ਦੇ ਦੋਹਤੇ ਆਉਂਦੇ ਤਾਂ ਹਰ ਕੋਈਂ ਉਹਨਾਂ ਨੂੰ ਨਾਨਕਿਆਂ ਵਾਲਾ ਮਾਣ ਦਿੰਦਾ। ਹੱਟੀ ਵਾਲੇ ਵੀ ਦੋਹਤਿਆਂ ਨੂੰ ਲਾਡ ਕਰਦੇ।
ਇਸੇ ਤਰ੍ਹਾਂ ਲੋਕ ਲੰਬੜਦਾਰ ਨੂੰ ਮੱਥੇ ਲੱਗਿਆ ਮਾੜਾ ਸਮਝਦੇ ਸਨ। ਇਸ ਦੇ ਉਲਟ ਕੋਈ ਲਾਗੀ ਕਾਮਾ ਖਾਸਕਰ ਅਖੌਤੀ ਛੋਟੀ ਜਾਤ ਵਾਲੇ ਨੂੰ ਮੱਥੇ ਲੱਗਿਆ ਸ਼ੁਭ ਮੰਨਦੇ ਸਨ। ਘੁਮਿਆਰੇ ਮੈਂ ਦੇਖਦਾ ਜਦੋਂ ਕੋਈਂ ਕੁੜੀ ਦੂਜੀ ਤੀਜੀ ਵਾਰੀ ਸਾਹੁਰੇ ਜਾਂਦੀ ਰੋਂਦੀ ਤਾਂ ਉਸਨੂੰ ਮਿਲਣ ਵਾਲੀਆਂ ਜਾਂ ਅੱਡੇ ਤੱਕ ਛੱਡਣ ਜਾਂਦੀਆਂ ਜਨਾਨੀਆਂ ਵੀ ਰੋਂਦੀਆਂ। ਗੱਡੇ ਅਤੇ ਟਾਂਗੇ ਦੇ ਪਹੀਆਂ ਤੇ ਪਾਣੀ ਪਾਉਣ ਵਾਲੀਆਂ ਹੁਣ ਬੱਸਾਂ ਕਾਰਾਂ ਦੇ ਟਾਇਰਾਂ ਤੇ ਗੜਵੀ ਨਾਲ ਪਾਣੀ ਪਾਉਂਦੀਆਂ ਹਨ। ਹੱਟੀ ਵਾਲੇ ਮਹਾਜਨਾ ਲਈ ਆਮ ਕਰਕੇ ਕਰਿਆੜ ਸ਼ਬਦ ਵਰਤਿਆ ਜਾਂਦਾ ਸੀ। ਬਾਬੇ ਹਰਬੰਸ ਮਿੱਡੇ ਦੀ ਭੈਣ ਜਿਸ ਦਾ ਨਾਮ ਨੰਦ ਕੁਰ ਸੀ ਉਂਜ ਸਾਰੇ ਉਸਨੂੰ ਨੰਦੋ ਆਖਦੇ ਸਨ। ਉਹ ਪਰਲੇ ਵੇਹੜੇ ਵਿੱਚ ਸੁਨਿਆਰਾਂ ਦੇ ਘਰਾਂ ਕੋਲ੍ਹ ਰਹਿੰਦੀ ਸੀ। ਉਸ ਦੇ ਔਲਾਦ ਨਹੀਂ ਸੀ ਉਸਨੇ ਆਪਣੇ ਭਤੀਜੇ ਕਰਤਾਰ ਨੂੰ ਗੋਦ ਪਾਇਆ ਸੀ ਜੋ ਮੇਰਾ ਸਹਿਪਾਠੀ ਸੀ। ਫੁਫੜ ਦਾ ਨਾਮ ਚਰਨ ਸਿੰਘ ਸੀ ਜੋ ਹੱਥ ਵਿੱਚ ਖੂੰਡੀ ਫੜ੍ਹ ਕੇ ਰੱਖਦਾ ਸੀ। ਉਹ ਬਹੁਤ ਵਧੀਆ ਬੰਦਾ ਸੀ। ਕਰਿਆੜ ਅਤੇ ਕਰਿਆੜੀ ਸ਼ਬਦ ਦਾ ਮੈਨੂੰ ਅਜੇ ਤੱਕ ਮਤਲਬ ਸਮਝ ਨਹੀਂ ਆਇਆ। ਇਹ ਸਨਮਾਨਜਨਕ ਸ਼ਬਦ ਹੈ ਜਾ ਅਪਮਾਨਜਨਕ। ਘੁਮਿਆਰੇ ਪਿੰਡ ਵਿੱਚ ਇਹ ਗੈਰਰਸਮੀ ਜਿਹਾ ਸ਼ਬਦ ਆਮ ਵਰਤਿਆ ਜਾਂਦਾ ਸੀ। ਸ਼ਾਇਦ ਇਹ ਸ਼ਬਦ ਵਰਤਨ ਵਾਲੇ ਵੀ ਇਸ ਦੇ ਮਤਲਬ ਤੋਂ ਅਣਜਾਣ ਸਨ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



