ਹਿਊਸਟਨ, (ਸਮਾਜ ਵੀਕਲੀ): ਭਾਰਤੀ-ਅਮਰੀਕੀ ਪੁਲਾੜ ਯਾਤਰੀ ਸਿਰੀਸ਼ਾ ਬਾਂਦਲਾ ਨੇ ਅੱਜ ਕਿਹਾ ਕਿ ਧਰਤੀ ਨੂੰ ਪੁਲਾੜ ਵਿਚੋਂ ਦੇਖਣਾ ਇਕ ਵਿਲੱਖਣ ਤੇ ਜ਼ਿੰਦਗੀ ਬਦਲਣ ਵਾਲਾ ਤਜਰਬਾ ਰਿਹਾ। ਜ਼ਿਕਰਯੋਗ ਹੈ ਕਿ ਬਾਂਦਲਾ ਨੇ ‘ਵਰਜਿਨ ਗਲੈਕਟਿਕ’ ਦੀ ਪਹਿਲੀ ਟੈਸਟ ਉਡਾਣ ’ਚ ਪੁਲਾੜ ਦਾ ਗੇੜਾ ਲਾਇਆ ਹੈ। ਉਸ ਨੇ ਆਸ ਜਤਾਈ ਕਿ ਪੁਲਾੜ ਦੀ ਸੈਰ ਦਾ ਖ਼ਰਚਾ ਆਉਣ ਵਾਲੇ ਸਮੇਂ ਵਿਚ ਘਟੇਗਾ। ਪੁਲਾੜ ਜਹਾਜ਼ ਵਿਚ ਉਸ ਦੇ ਨਾਲ ਬਰਤਾਨਵੀ ਕਾਰੋਬਾਰੀ ਰਿਚਰਡ ਬ੍ਰੈਨਸਨ ਤੇ ਚਾਰ ਹੋਰ ਜਣੇ ਵੀ ਸਨ। ਉਨ੍ਹਾਂ ਅਮਰੀਕਾ ਦੇ ਨਿਊ ਮੈਕਸਿਕੋ ਸਪੇਸਪੋਰਟ ਤੋਂ ਉਡਾਣ ਭਰੀ ਤੇ ਧਰਤੀ ਤੋਂ 88 ਕਿਲੋਮੀਟਰ ਉਪਰ ਚਲੇ ਗਏ। ਐਨੀ ਉਚਾਈ ’ਤੇ ਗੁਰੂਤਾ ਬਲ ਕੁਝ ਦੇਰ ਲਈ ਬੇਅਸਰ ਹੋ ਗਿਆ ਤੇ ਧਰਤੀ ਗੋਲ ਦਿਖਾਈ ਦਿੱਤੀ।
ਇਸ ਤੋਂ ਬਾਅਦ ਜਹਾਜ਼ ਧਰਤੀ ’ਤੇ ਪਰਤ ਆਇਆ। ‘ਐਨਬੀਸੀ’ ਨਿਊਜ਼ ਨੂੰ ਦਿੱਤੀ ਇਕ ਇੰਟਰਵਿਊ ਵਿਚ ਬਾਂਦਲਾ ਨੇ ਕਿਹਾ ਕਿ ਪੁਲਾੜ ’ਚ ਜਾਣਾ ਤੇ ਪਰਤਣਾ, ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਭਾਰਤੀ-ਅਮਰੀਕੀ ਮਹਿਲਾ ਨੇ ਕਿਹਾ ਕਿ ਉਹ ਜਜ਼ਬਾਤੀ ਪਲ ਸਨ ਤੇ ਉਹ ਬਚਪਨ ਤੋਂ ਹੀ ਪੁਲਾੜ ਵਿਚ ਜਾਣ ਦਾ ਸੁਪਨਾ ਲੈਂਦੀ ਰਹੀ ਹੈ। ਦੱਸਣਯੋਗ ਹੈ ਕਿ ਬਾਂਦਲਾ ‘ਨਾਸਾ’ ਲਈ ਪਾਇਲਟ ਜਾਂ ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਪਰ ਅੱਖਾਂ ਦੀ ਰੌਸ਼ਨੀ ਘੱਟ ਹੋਣ ਕਾਰਨ ਨਹੀਂ ਬਣ ਸਕੀ। ਇਸ ਤੋਂ ਬਾਅਦ ਉਸ ਨੇ ਏਅਰੋਨੌਟਿਕਲ ਇੰਜਨੀਅਰਿੰਗ ਦਾ ਰਾਹ ਚੁਣਿਆ। ਜ਼ਿਕਰਯੋਗ ਹੈ ਕਿ ਬਾਂਦਲਾ ਦਾ ਜਨਮ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਵਿਚ ਹੋਇਆ ਸੀ ਤੇ ਉਹ ਹਿਊਸਟਨ ਵਿਚ ਵੱਡੀ ਹੋਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly