ਸਪਾ ਨੇ ਨਿਰਪੱਖ ਪੰਚਾਇਤੀ ਚੋਣਾਂ ਕਰਵਾਏ ਜਾਣ ਦੇ ਦਾਅਵਿਆਂ ’ਤੇ ਸਵਾਲ ਖੜੇ ਕੀਤੇ, ਲੋਕਾਂ ਨੂੰ ਪੰਚਾਇਤਾਂ ਦੇ ਰਾਖਵੇਂਕਰਨ ਦੀ ਜਾਣਕਾਰੀ ਦਿੱਤੇ ਬਿਨਾਂ ਚੋਣਾਂ ਐਲਾਨੀਆਂ ਗਈਆਂ

ਜਗਦੀਸ਼ ਸ਼ੇਰਪੁਰੀ

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਧਿਕਾਰਿਤ ਤੌਰ ’ਤੇ ਸਮੇਂ ਸਿਰ ਨੋਟੀਫਿਕੇਸ਼ਨ ਨਹੀਂ ਦਿੱਤਾ : ਜਗਦੀਸ਼ ਸ਼ੇਰਪੁਰੀ

ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ ਨੇ ਕਿਹਾ ਕਿ ਇੱਕ ਪਾਸੇ ਤਾਂ ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਲੜਨ ਦੇ ਚਾਹਵਾਨ ਆਮ ਲੋਕਾਂ ਨੂੰ ਪੰਚਾਇਤਾਂ ਦੇ ਰਾਖਵੇਂਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿਰਫ ਸੱਤ੍ਹਾਧਾਰੀ ਧਿਰ ਆਪ ਨੂੰ ਹੀ ਪਤਾ ਸੀ ਕਿ ਪਿੰਡਾਂ ਦਾ ਰਾਖਵਾਂਕਰਨ ਕਿਸ ਤਰ੍ਹਾਂ ਕੀਤਾ ਗਿਆ ਹੈ।
ਚੋਣ ਕਮਿਸ਼ਨ ਵੱਲੋਂ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵਿਆਂ ’ਤੇ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਧਿਰ ਨੂੰ ਤਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸਰਪੰਚਾਂ ਤੇ ਪੰਚਾਂ ਦੇ ਰਾਖਵੇਂਕਰਨ ਬਾਰੇ ਅਣਅਧਿਕਾਰਤ ਤੌਰ ’ਤੇ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਤੇ ਉਹ ਇਸ ਸਬੰਧ ਵਿੱਚ ਆਪਣੇ ਉਮੀਦਵਾਰਾਂ ਦੀ ਵੀ ਚੋਣ ਕਰ ਲੈਂਦੇ ਹਨ, ਜਦਕਿ ਦੂਜੇ ਪਾਸੇ ਸੱਤ੍ਹਾਧਾਰੀ ਧਿਰ ਆਪ ਤੋਂ ਇਲਾਵਾ, ਜੋ ਹੋਰ ਵਿਅਕਤੀ ਚੋਣ ਲੜਨਾ ਚਾਹੁੰਦੇ ਹਨ, ਉਨ੍ਹਾਂ ਨੂੰ ਚੋਣਾਂ ਦਾ ਐਲਾਨ ਹੋਣ ’ਤੇ ਵੀ ਇਹ ਨਹੀਂ ਪਤਾ ਹੁੰਦਾ ਕਿ ਪੰਚਾਇਤਾਂ ਦਾ ਰਾਖਵਾਂਕਰਨ ਕਿਸ ਤਰ੍ਹਾਂ ਦੇ ਨਾਲ ਹੋਇਆ ਹੈ। ਚੋਣ ਕਮਿਸ਼ਨ ਵੱਲੋਂ 25 ਸਤੰਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਸੀ, ਪਰ 26 ਸਤੰਬਰ ਨੂੰ ਵੀ ਆਮ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਸਰਪੰਚਾਂ ਤੇ ਪੰਚਾਂ ਦਾ ਰਾਖਵਾਂਕਰਨ ਕੀ ਹੈ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜਦੋਂ ਰਾਖਵੇਂਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ 26 ਸਤੰਬਰ ਸ਼ਾਮ ਤੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 27 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹਨ ਤੇ ਜਦੋਂ ਲੋਕਾਂ ਨੂੰ 26 ਸਤੰਬਰ ਸ਼ਾਮ ਨੂੰ ਹੀ ਰਾਖਵੇਂਕਰਨ ਬਾਰੇ ਪਤਾ ਲੱਗੇਗਾ ਤਾਂ ਉਹ ਕਿਹੜੇ ਵੇਲੇ ਉਸ ਹਿਸਾਬ ਨਾਲ ਉਮੀਦਵਾਰਾਂ ਦੀ ਚੋਣ ਕਰਨਗੇ।
ਬਸਪਾ ਆਗੂ ਜਗਦੀਸ਼ ਸ਼ੇਰਪੁਰੀ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪ੍ਰਸ਼ਾਸਨ ਵੱਲੋਂ ਰਾਖਵੇਂਕਰਨ ਸਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਕਰਕੇ ਲੋਕਾਂ ਦੀ ਰਾਏ ਲਈ ਜਾਂਦੀ ਤੇ ਫਿਰ ਰਾਖਵਾਂਕਰਨ ਫਾਈਨਲ ਕੀਤਾ ਜਾਂਦਾ। ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤਾਂ ਦੇ ਰਾਖਵੇਂਕਰਨ ਦੀ ਪ੍ਰਕਿਰਿਆ ਬਾਰੇ ਵਿਰੋਧੀ ਧਿਰਾਂ ਜਾਂ ਆਮ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਨਾ ਹੀ ਕਿਸੇ ਦੀ ਕੋਈ ਰਾਏ ਜਾਂ ਇਤਰਾਜ ਮੰਗਿਆ ਗਿਆ। ਸੱਤ੍ਹਾਧਾਰੀ ਧਿਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁੱਪਚੁੱਪ ਢੰਗ ਨਾਲ ਸੱਤ੍ਹਾਧਾਰੀ ਧਿਰ ਨਾਲ ਸਬੰਧਤ ਉਮੀਦਵਾਰਾਂ ਨੂੰ ਪਹਿਲਾਂ ਹੀ ਫਾਇਦਾ ਪਹੁੰਚਾਉਣ ਲਈ ਪਿੰਡਾਂ ਦੇ ਰਾਖਵੇਂਕਰਨ ਦੀ ਸੂਚੀ ਤਿਆਰ ਕੀਤੀ ਗਈ ਤੇ ਉਸ ਨੂੰ ਨਾਮਜ਼ਦਗੀ ਦੀ ਤਰੀਕ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸ਼ਾਮ ਨੂੰ ਆਮ ਲੋਕਾਂ ਦੀ ਜਾਣਕਾਰੀ ਵਿੱਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਕਿ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਆਮ ਲੋਕਾਂ ਨਾਲ ਬਿਲਕੁੱਲ ਧੋਖਾ ਹੈ, ਜੋ ਕਿ ਸੱਤਾਧਾਰੀ ਧਿਰ ਨਾਲ ਸਬੰਧਤ ਨਹੀਂ ਹਨ।
ਜਗਦੀਸ਼ ਸ਼ੇਰਪੁਰੀ ਨੇ ਕਿਹਾ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਤਰ੍ਹਾਂ ਦੇ ਪੱਖਪਾਤੀ ਰਵੱਈਏ ਦੀ ਬਸਪਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਪ੍ਰਸ਼ਾਸਨ ਨਿਰਪੱਖ ਚੋਣਾਂ ਕਰਵਾਉਣ ਦੇ ਪਹਿਲੇ ਕਦਮ ’ਤੇ ਹੀ ਅਸਫਲ ਸਿੱਧ ਹੋ ਗਿਆ ਹੈ। ਦੂਜੇ ਪਾਸੇ ਆਪ, ਜੋ ਕਿ ਖੁਦ ਨੂੰ ਅਲੱਗ ਪਾਰਟੀ ਦੱਸਦੀ ਸੀ, ਉਹ ਲੋਕਾਂ ਨਾਲ ਚੋਣਾਂ ਵਿੱਚ ਇੱਕ ਤਰ੍ਹਾਂ ਦੇ ਨਾਲ ਧੱਕਾ ਹੀ ਕਰ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article‘ਆਪ’ ਸਰਕਾਰ ਨੇ ਪੰਚਾਇਤੀਂ ਚੋਣਾਂ ਨੂੰ ਜਮਹੂਰੀਅਤ ਦਾ ਬਣਾ ਦਿੱਤਾ ਹੈ ਮਜ਼ਾਕ- ਖਹਿਰਾ
Next articleਕੈਬਨਿਟ ਮੰਤਰੀ ਵੱਲੋਂ ਡਾ.ਬੀ.ਆਰ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਨਮਸਕਾਰ ਕੀਤੀ