(ਸਮਾਜ ਵੀਕਲੀ)
ਓਹ ਹੋ! ਅੱਜ ਮੈਂ ਆਪਣਾ ਰੋਟੀ ਪਾਣੀ ਵਾਲ਼ਾ ਬੈਗ ਲੱਗਦਾ ਘਰ ਹੀ ਭੁੱਲ ਆਈ ਹਾਂ। ਦਫ਼ਤਰ ਪਹੁੰਚ ਕੇ ਸ਼ਿਫਾਲੀ ਨੇ ਜਦੋਂ ਸਕੂਟਰੀ ਦੀ ਡਿੱਗੀ ਖੋਲ੍ਹੀ ਤਾਂ ਉਸਨੂੰ ਖ਼ਾਲੀ ਦੇਖ਼ ਕੇ ਉਹਨੂੰ ਯਾਦ ਆਇਆ ਕਿ ਅੱਜ ਓਹਦਾ ਰੋਟੀ ਵਾਲ਼ਾ ਬੈਗ ਘਰ ਰਹਿ ਗਿਆ ਹੈ। ਉਹਨੂੰ ਬੜਾ ਅਫ਼ਸੋਸ ਹੋਇਆ ਕਿਉਂਕਿ ਇੱਕ ਸਿਰਫ਼ ਦੁਪਹਿਰ ਦਾ ਖਾਣਾ ਹੀ ਹੈ ਜਿਸਨੂੰ ਉਹ ਆਰਾਮ ਨਾਲ ਬੈਠ ਕੇ ਖਾਂਦੀ ਹੈ ਬਾਕੀ ਸਵੇਰ ਦਾ ਨਾਸ਼ਤਾ ਅਤੇ ਰਾਤ ਦਾ ਖਾਣਾ ਤਾਂ ਖਾਧਾ ਨਾਂ ਖਾਧਾ ਇੱਕੋ ਗੱਲ ਹੈ। ਚਲੋ ਕੋਈ ਨਾ, ਅੱਜ ਕੰਟੀਨ ਤੋਂ ਕੁੱਝ ਮੰਗਵਾ ਕੇ ਖਾ ਲਵਾਂਗੀ।
ਪਰ ਡਾਕਟਰ ਨੇ ਤਾਂ ਮੈਨੂੰ ਬਾਹਰ ਦਾ ਕੁੱਝ ਵੀ ਖਾਣ ਤੋਂ ਬਿਲਕੁੱਲ ਮਨਾਂ ਕੀਤਾ ਹੈ। ਚੱਲ ਕੋਈ ਨਾ, ਜਦ ਲੰਚ ਬਰੇਕ ਹੋਵੇਗੀ ਤਾਂ ਦੇਖਾਂਗੇ। ਆਪਣੇ ਆਪ ਨਾਲ਼ ਗੱਲਾਂ ਕਰਦੀ-ਕਰਦੀ ਹੀ ਉਹ ਆਪਣੇ ਮੇਜ਼ ਤੱਕ ਪਹੁੰਚ ਗਈ।ਹੁਣ ਉਹ ਸਭ ਕੁੱਝ ਭੁੱਲ ਕੇ ਆਪਣੇ ਕੰਮ ਵਿੱਚ ਮਗਨ ਹੋ ਗਈ।
ਦੁਪਹਿਰ ਨੂੰ ਜਦੋਂ ਬਰੇਕ ਹੋਈ ਤਾਂ ਉਹ ਆਪਣੇ ਮੇਜ਼ ਤੇ ਹੀ ਬੈਠੀ ਰਹੀ। ਕੁੱਝ ਸੋਚ ਕੇ ਉਸਨੇ ਆਂਟੀ ( ਦਫ਼ਤਰ ਵਿੱਚ ਚਾਹ ਪਾਣੀ ਲਿਆ ਕੇ ਦੇਣ ਵਾਲ਼ੀ) ਨੂੰ ਆਵਾਜ਼ ਮਾਰੀ ।
ਆਂਟੀ, ਕਿਰਪਾ ਕਰਕੇ ਮੈਨੂੰ ਚਾਹ ਤੇ ਬਿਸਕੁਟ ਲਿਆ ਦਿਓ।
ਪਰ ਮੈਡਮ ਜੀ ਤੁਸੀਂ ਖਾਣਾ ਨਹੀਂ ਖਾਣਾ? ਇਹ ਤਾਂ ਖਾਣੇ ਦਾ ਸਮਾਂ ਹੈ। ਆਂਟੀ ਨੇ ਪੁੱਛਿਆ।
ਓਹ…!ਆਂਟੀ, ਅੱਜ ਮੈਂ ਖਾਣਾ ਘਰ ਹੀ ਭੁੱਲ ਗਈ। ਡਾਕਟਰ ਨੇ ਬਾਹਰ ਦਾ ਕੁੱਝ ਵੀ ਖਾਣ ਤੋਂ ਸਖ਼ਤ ਮਨਾਂ ਕੀਤਾ ਹੈ। ਇਸ ਲਈ ਸੋਚਿਆ ਚਾਹ ਨਾਲ਼ ਬਿਸਕੁੱਟ ਖਾ ਲੈਂਦੀ ਹਾਂ। ਉਸ ਨੇ ਇੱਕੋ ਸਾਹੇ ਸਾਰਾ ਕੁੱਝ ਦੱਸ ਦਿੱਤਾ।
ਪਰ ਮੈਡਮ ਜੀ ਤੁਹਾਡੇ ਘਰੋਂ ਖਾਣਾ ਆ ਗਿਆ ਹੈ। ਆਂਟੀ ਨੇ ਦੱਸਿਆ।
ਘਰੋਂ…..! ਖਾਣਾ……? ਪਰ ਕੌਣ ਦੇ ਕੇ ਗਿਆ ਤੇ ਕਦੋਂ..? ਸ਼ਿਫਾਲੀ ਨੇ ਹੈਰਾਨੀ ਨਾਲ ਪੁੱਛਿਆ।
ਤੁਹਾਡੇ ਘਰਵਾਲ਼ਾ ਆਇਆ ਸੀ ਜੀ, ਓਹੀ ਦੇ ਗਏ ਰੋਟੀ। ਥੋੜ੍ਹੀ ਦੇਰ ਪਹਿਲਾਂ ਹੀ ਆਏ ਸਨ। ਮੈਂ ਤਾਂ ਤੁਹਾਨੂੰ ਦੱਸਣ ਹੀ ਆਈ ਸੀ ਕਿ ਅੰਦਰ ਖਾਣੇ ਦੇ ਮੇਜ਼ ਤੇ ਸਾਰੇ ਸਟਾਫ਼ ਮੈਂਬਰ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਮੈਂ ਤੁਹਾਡਾ ਰੋਟੀ ਵਾਲ਼ਾ ਬੈਗ ਵੀ ਓਥੇ ਰੱਖ ਆਈ ਹਾਂ।ਆਂਟੀ ਕਹਿ ਕੇ ਚਲੀ ਗਈ।
ਸ਼ਿਫਾਲੀ ਨੂੰ ਬਹੁਤ ਖੁਸ਼ੀ ਹੋਈ ਤੇ ਉਹ ਕਾਹਲ਼ੀ ਨਾਲ਼ ਅੰਦਰ ਪਹੁੰਚੀ ਜਿੱਥੇ ਸੱਚੀ ਹੀ ਸਾਰੇ ਉਸਦੀ ਉਡੀਕ ਕਰ ਰਹੇ ਸਨ।
ਮੈਡਮ ਜੀ ਛੇਤੀ ਡੱਬਾ ਖੋਲ੍ਹੋ। ਅੱਜ ਤੁਹਾਡੇ ਖਾਣੇ ਵਿੱਚੋਂ ਕੁੱਝ ਜ਼ਿਆਦਾ ਹੀ ਖੁਸ਼ਬੂ ਆ ਰਹੀ ਹੈ। ਨਾਲ਼ ਵਾਲ਼ੀ ਮੈਡਮ ਨੇ ਕਿਹਾ।
ਸ਼ਿਫਾਲੀ ਨੇ ਬਿਨਾਂ ਕੁੱਝ ਕਹੇ ਡੱਬਾ ਖੋਲ੍ਹਆ ਤਾਂ ਦੇਖਿਆ ਕਿ ਉਸਦੀ ਮਨਪਸੰਦ ਸਬਜ਼ੀ, ਦਾਲ ਤੇ ਰੋਟੀ ਸੀ। ਇਹ ਕੀ….? ਉਸਦੀ ਬਹੁਤ ਪਸੰਦੀਦਾ ਖੀਰ ਵੀ ਸੀ। ਨਾਲ਼ ਇੱਕ ਪਰਚੀ ਵੀ ਸੀ। ਪਰ ਸਾਰੇ ਉਸਨੂੰ ਛੇੜਨਗੇ, ਇਹ ਸੋਚ ਕੇ ਉਹ ਪਰਚੀ ਉਸਨੇ ਲੁਕੋ ਲਈ।
ਫ਼ਿਰ ਸਾਰਿਆਂ ਨੇ ਰਲ਼ ਮਿਲ਼ ਕੇ ਖਾਣਾ ਖਾਧਾ। ਸ਼ਿਫ਼ਾਲੀ ਦੇ ਘਰੋਂ ਆਏ ਖਾਣੇ ਦੀ ਸਾਰੇ ਹੀ ਤਰੀਫ਼ ਕਰ ਰਹੇ ਸਨ। ਫਿਰ ਸਾਰਿਆਂ ਨੇ ਖੀਰ ਵੀ ਖਾਧੀ ਜਿਸ ਵਿੱਚ ਬਹੁਤ ਸਾਰੇ ਮੇਵੇ ਵੀ ਪਾਏ ਹੋਏ ਸਨ। ਸ਼ਿਫਲੀ ਬਹੁਤ ਖੁਸ਼ ਸੀ।
ਅੱਜ ਤਾਂ ਖਾਣਾ ਖਾ ਕੇ ਓਹਦੇ ਤਨ ਦੇ ਨਾਲ਼ ਮਨ ਵੀ ਤ੍ਰਿਪਤ ਹੋ ਗਿਆ ਸੀ। ਖਾਣਾ ਖਾਣ ਤੋਂ ਬਾਅਦ ਉਹ ਆਪਣੇ ਮੇਜ਼ ਤੇ ਚਲੀ ਗਈ। ਹੁਣ ਉਹਨੇ ਚੁੱਪਕੇ ਜਿਹੇ ਉਹ ਪਰਚੀ ਖੋਲ੍ਹੀ। ਜਿਸ ਵਿੱਚ ਲਿਖਿਆ ਸੀ….
ਪਿਆਰੀ ਸ਼ਿਫਾਲੀ!
ਮਾਫ਼ ਕਰੀ ਅੱਜ ਤੇਰੇ ਚਾਹ ਬਿਸਕੁੱਟ ਰਹਿ ਗਏ। ਹੁਣ ਤੂੰ ਸੋਚਦੀ ਹੋਵੇਂਗੀ ਕਿ ਮੈਨੂੰ ਕਿਵੇਂ ਪਤਾ? ਤਾਂ ਮੈਂ ਦੱਸ ਦੇਵਾਂ ਕਿ ਮੈਡਮ ਜੀ ਆਪਣੀ ਤਾਂ ਰੂਹਾਂ ਦੀ ਸਾਂਝ ਹੈ। ਤੂੰ ਹਮੇਸ਼ਾਂ ਸਾਡਾ ਸੱਭ ਦਾ ਖ਼ਿਆਲ ਰੱਖਦੀ ਹੈਂ ।ਤੂੰ ਐਨਾ ਕਰਦੀ ਹੈਂ ਤੇ ਮੈਂ ਇੰਨਾ ਵੀ ਨਹੀਂ ਕਰ ਸਕਦਾ ? ਤੂੰ ਕਿਵੇਂ ਸੋਚ ਲਿਆ ਕਿ ਤੂੰ ਭੁੱਖੀ ਰਹਿ ਜਾਵੇਂਗੀ। ਤੇ ਨਾਲੇ ਤੇਰੇ ਭੁੱਖੇ ਰਹਿੰਦਿਆਂ ਮੇਰੀ ਰੂਹ ਕਿਵੇਂ ਰੱਜ ਸਕਦੀ ਹੈ।
ਤੇਰੀ ਰੂਹ ਦਾ ਹਾਣੀ,
ਤੇਰਾ ਸੰਦੀਪ।
ਚਿੱਠੀ ਪੜ੍ਹ ਕੇ ਸ਼ਿਫਾਲੀ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਉਹਨੂੰ ਸ਼ੋਸ਼ਲ ਮੀਡੀਆ ਤੇ ਪਤੀ- ਪਤਨੀ ਤੇ ਬਣਦੇ ਚੁੱਟਕਲੇ ਬਕਵਾਸ ਲੱਗਣ ਲੱਗੇ। ਤੇ ਉਸਦਾ ਰੋਮ ਰੋਮ ਕਹਿ ਉੱਠਿਆ … ਹਾਂ ਸੱਚੀ, ਸਾਡੀ ਤਾਂ ਰੂਹਾਂ ਦੀ ਸਾਂਝ ਹੈ। ਅਸੀਂ ਤਾਂ ਰੂਹਾਂ ਦੇ ਹਾਣੀ ਹਾਂ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly