(ਸਮਾਜ ਵੀਕਲੀ)
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਸਿਰ ‘ਤੇ ਦੁੱਖ ਪਹਾੜਾਂ ਜਿੱਡੇ, ਗੁਰਬਤ ਪੈਰਾਂ ਥੱਲੇ |
ਛੋਟੀ ਉਮਰੇ ਬਾਬਲ ਨੇ ਵਟਵਾਰੇ ਸੰਗ ਵਿਆਹੀ |
ਹੰਝੂਆਂ ਹਾਵਾਂ ਦੀ ਪੰਡ ਭਰ ਕੇ ਕਰਜ਼ਾ ਨਾਲ ਲਿਆਈ |
ਅੱਧ ਪਚੱਦੀ ਲੁੱਟੀ ਉਹਨਾਂ ਨਾਲ ਕੁਹਾਰ ਜੋ ਘੱਲੇ |
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਇਸਦੇ ਵੱਡਿਆਂ ਪੁੱਤਾਂ ਲੁੱਟਿਆ ਇਸਦਾ ਹੀ ਸਰਮਾਇਆ |
ਰਿਸ਼ਵਤ ਦੇ ਖੰਜ਼ਰ ਨਾਲ ਕੀਤੀ ਇਸਦੀ ਜ਼ਖਮੀ ਕਾਇਆ |
ਰਹਿਬਰ ਬਣਕੇ ਲਾਹ ਲਏ ਉਹਨਾਂ ਇਸਦੇ ਛਾਪਾਂ ਛੱਲੇ |
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਭਿ੍ਸ਼ਟਾਚਾਰੀ ਫੁੱਲ ਉਗਾਏ ਇਸਦੇ ਗੁਲਸ਼ਨ ਅੰਦਰ |
ਪਤਝੜ ਵਿਚ ਬਦਬੂਆਂ ਫੈਲੀਆਂ ਇਸਦੇ ਮਨ ਦੇ ਮੰਦਰ |
ਆਤੰਕ ਤੇਜ਼ ਹਵਾਵਾਂ ਚੱਲੀਆਂ ਇਸਦੇ ਰੁਖੜੇ ਥੱਲੇ |
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਬੇਰੁਜ਼ਗਾਰੀ ਦੇ ਭਾਂਬੜ ਨੇ ਘਰ-ਘਰ ਅੱਗ ਲਗਾਈ |
ਜਿਸਦੀ ਜਿੱਦਾਂ ਜਿੱਥੇ ਚੱਲੀ ਉਸ ਨੇ ਖ਼ੂਬ ਚਲਾਈ |
ਇਸਦੇ ਤਨ ਦੇ ਲੀੜੇ ਲੈ ਗਏ ਲੀਡਰ ਮਾਰ ਕੇ ਹੱਲੇ |
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਤੱਕੜੀ ਫੜ੍ਹ ਕੇ ਜਿਨ੍ਹਾਂ ਨੇ ਇਨਸਾਫ਼ ਦਾ ਬੀੜ ਚੁੱਕਿਆ |
ਚੂਹਿਆਂ ਵਾਂਗੂੰ ਚੋਰੀ-ਚੋਰੀ ਉਹਨਾਂ ਤਨ-ਮਨ ਟੁੱਕਿਆ |
ਬੋਫਰ ਕਾਂਡ, ਹਵਾਲਾ ਲੈ ਗਏ ਲੁੱਟ ਕੇ ਲੈ ਗਏ ਗੱਲੇ |
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਕਾਨੂੰਨ ਨਿਯਮ ਅਨੁਸ਼ਾਸਨ ਸਭ ਸੂਲੀ ‘ਤੇ ਟੰਗੇ |
ਗਲਤ ਅਨਸਰਾਂ ਆਪਣੇ ਹੱਥ ਨੇ ਨਾਲ ਲਹੂ ਦੇ ਰੰਗੇ |
ਭਾਈ ਭਤੀਜਾ ਵਾਦ ਸਿਫਾਰਸ਼ ਬੇਈਮਾਨੀ ਹੀ ਚੱਲੇ |
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਨਕਲ ਦਾ ਕੈਂਸਰ ਵਿੱਦਿਆ ਅੰਦਰ ਜ਼ਹਿਰ ਫੈਲਾਈ ਜਾਂਦਾ |
ਨਵ ਪੀੜੀ ਦੀ ਸੋਚ ‘ਚ ਭੈੜਾ ਰੋਗ ਲਗਾਈ ਜਾਂਦਾ |
ਬੁੱਧੀ ਦਾ ਹੁਣ ਕਾਲਾ ਸੂਰਜ ਰਹਿ ਗਿਆ ਇਸਦੇ ਪੱਲੇ |
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਫਿਰ ਵੀ ਸੱਚੇ ਪੁੱਤਰਾਂ ਬਾਲਮ ਸੌਂਹ ਅਮਲਾਂ ਦੀ ਖਾ ਕੇ |
ਇਸਦੇ ਤਨ ਵਿਚ ਮਿਹਨਤ ਭਰਕੇ ਨੈਣੀਂ ਸੂਰਜ ਪਾ ਕੇ |
ਖੁਸ਼ਹਾਲੀ ਤੇ ਰੋਸ਼ਨੀਆਂ ਨਾਲ ਭਰਨੇ ਜ਼ਖ਼ਮ ਅਵੱਲੇ |
75 ਸਾਲਾਂ ਦੀ ਹੋਈ ਆਜ਼ਾਦੀ ਪੋੜੀਆਂ ਦੇ ਨਾਲ ਚੱਲੇ |
ਬਲਵਿੰਦਰ ‘ਬਾਲਮ’
ਓਾਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 98156-25409
‘ ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly