ਬੱਸ ਦੇ ਸਫਰ ਦਾ ਪਿਆਰ!

'ਵੀਰਪਾਲ ਕੌਰ ਮਾਨ'

(ਸਮਾਜ ਵੀਕਲੀ)-ਪਿਆਰ ਜਿੰਦਗੀ ਵਿੱਚ ਅਨਮੋਲ ਤੋਹਫਾ ਹੈ ਜੋ ਸਾਨੂੰ ਕੁਦਰਤ ਨੇ ਦਿੱਤਾ ਹੈ। ਆਪਾਂ ਕਿਸੇ ਵੱਲ ਆਕਰਸ਼ਿਤ ਹੁੰਦੇ ਹਾਂ ਪਤਾ ਨਹੀਂ ਲਗਦਾ ਕਿ ਆਪਾਂ ਨੂੰ ਕਦੋਂ ਉਹ ਚੰਗਾ ਲੱਗਣ ਲੱਗ ਜਾਵੇ। ਇਹੋ ਜਿਹੇ ਪਿਆਰ ਦਾ  ਜਿਕਰ ਮੈਂ ਇਸ ਕਹਾਣੀ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰਦੀ ਹੈ। ਮੇਰਾ ਰੋਜ਼ਾਨਾ ਜਿਆਦਾ ਸਮਾਂ ਬੱਸ ਸਫਰ ਵਿੱਚ ਹੀ ਲੰਘਦਾ ਹੈ । ਜਦ ਅਸੀਂ ਰੋਜ਼ਾਨਾ ਇੱਕ ਬੱਸ ਵਿੱਚ ਸਫਰ ਕਰਦੇ ਹਾਂ ਤਾਂ ਸਵਾਰੀਆਂ ਨੂੰ ਵੀ ਜਾਣਨ ਲੱਗ ਜਾਦੇ ਹਾਂ।

ਇੱਕ ਮੁੰਡਾ ਕੁੜੀ ਮੇਰੇ ਨਾਲ ਬੱਸ ਚੜਦੇ ਮੈਂ ਉਹਨਾਂ ਦੀਆਂ ਹਰਕਤਾਂ ਰੋਜ਼ ਨੋਟ ਕਰਦੀ। ਉਹ ਇੱਕ ਦੂਜੇ ਵੱਲ ਦੇਖਦੇ ਰਹਿੰਦੇ। ਕਈ ਵਾਰ ਬੱਸ ਦੀ ਸਵਾਰੀ ਜਿਆਦਾ ਖੜੀ ਹੁੰਦੀ ਤਾਂ ਉਹ ਮੁੰਡਾ ਪਹਿਲਾਂ ਬੱਸ ਵਿੱਚ ਚੜ ਕਿ ਕੁੜੀ ਦੀ ਸੀਟ ਰੋਕ ਦਿੰਦਾ। ਜਦ ਉਹ ਕੁੜੀ ਬੱਸ ਚੜ੍ਹਦੀ ਉਸ ਨੂੰ ਸੀਟ ਛੱਡ ਦਿੰਦਾ ਤੇ ਆਪ ਖੜਾ ਹੋ ਜਾਂਦਾ।
ਦੋਨੋਂ ਇਕ ਦੂਜੇ ਵੱਲ ਦੇਖਦੇ ਰਹਿੰਦੇ ਪਰ ਇੱਕ ਦੂਜੇ ਨੂੰ ਇਜਹਾਰ ਕਰਨ ਦੀ ਹਿੰਮਤ ਨਾ ਪੈਂਦੀ ਸੀ। ਦੋਨੋਂ ਇੱਕ ਦੂਜੇ ਵੱਲ ਦੇਖਦੇ ਦੇਖਦੇ ਬੱਸ ਵਿੱਚੋਂ ਉਤਰ ਜਾਂਦੇ।
ਕਈ ਵਾਰ ਮੁੰਡਾ ਪਹਿਲਾਂ ਆ ਜਾਂਦਾ ਫਿਰ ਵੀ ਉਹ ਬੱਸ ਨਾ ਚੜਦਾ ਜਦ ਤੱਕ ਉਹ ਕੁੜੀ ਨਾ ਆਉਂਦੀ। ਜਦ ਉਹ ਕੁੜੀ ਆ ਜਾਂਦੀ ਉਸ ਵਾਲੀ ਬੱਸ ਉਸ ਨਾਲ ਚੜ੍ਹ ਜਾਂਦਾ।
ਇੱਕ ਦਿਨ ਬੱਸ ਵਿੱਚ ਕਾਫੀ ਭੀੜ ਸੀ। ਕਾਫੀ ਸਵਾਰੀਆਂ ਖੜੀਆਂ ਸਨ। ਉਸ ਮੁੰਡੇ ਨੂੰ ਵੀ ਸੀਟ ਨਾ ਮਿਲੀ। ਦੋਨਾ ਨੂੰ ਹੀ ਬੱਸ ਵਿੱਚ ਖੜ੍ਹਨਾ ਪਿਆ। ਕੁੜੀ ਅਤੇ ਮੁੰਡਾ ਕੋਲ ਕੋਲ ਹੀ ਖੜ੍ਹੇ ਸਨ। ਕੁੜੀ ਕੋਲ ਹੋਰ ਵੀ ਕਾਫੀ ਮੁੰਡੇ ਖੜੇ ਸੀ ।ਉਹ ਮੁੰਡਾ ਕੁੜੀ ਦੀ ਢਾਲ ਬਣ ਕਿ ਉਸਦੇ ਅੱਗੇ ਖੜਾ ਸੀ। ਕੁੜੀ ਨੂੰ ਉਸਦੇ ਕੋਲ ਖੜ੍ਹੇ ਹੋਣ ਕਰਕੇ ਕੋਈ ਡਰ ਨਹੀਂ ਸੀ ਮਹਿਸੂਸ ਹੋ ਰਿਹਾ।
ਉਸ ਤੋਂ ਕੁੱਝ ਦਿਨ ਬਾਅਦ ਮੈਂ ਦੇਖਿਆ।  ਉਹ ਮੁੰਡਾ ਅਤੇ ਕੁੜੀ ਦੋਨੋਂ ਇੱਕ ਸੀਟ ਤੇ ਬੈਠੇ ਸੀ। ਮੈਨੂੰ ਲੱਗਾ ਅੱਜ ਤਾਂ ਇਹਨਾਂ ਨੇ ਇੱਕ ਦੂਜੇ ਨੂੰ ਇਜਹਾਰ ਕਰ ਦਿੱਤਾ ਹੋਵੇਗਾ। ਤਾਂ ਹੀ ਤਾਂ ਦੋਨੋਂ ਇੱਕੋ ਸੀਟ ਤੇ ਬੈਠੇ ਹਨ। ਕਿੰਨਾ ਸਮਾਂ ਮੈਂ ਉਹਨਾਂ ਵੱਲ ਦੇਖਿਆ ਨਾ ਤਾਂ ਉਹ ਆਪਸ ਵਿੱਚ ਗੱਲ ਕਰ ਰਹੇ ਸੀ ਨਾ ਹੀ ਇੱਕ ਦੂਜੇ ਵੱਲ ਦੇਖ ਰਹੇ ਸੀ। ਇੰਝ ਚੁੱਪ ਬੈਠੇ ਬੈਠੇ ਉਹ ਬੱਸ ਵਿੱਚੋਂ ਉਤਰ ਗਏ।
ਏਦਾਂ ਹੀ ਦੋਨਾਂ ਦਾ ਕਾਫੀ ਦਿਨ ਚਲਦਾ ਰਿਹਾ। ਪਰ ਆਕੜ ਵੀ ਦੋਨਾਂ ਵਿੱਚ ਪੂਰੀ ਸੀ ਮੁੰਡੇ ਨੂੰ ਇੰਝ ਸੀ ਕੁੜੀ ਪਿਆਰ ਦਾ ਇਜਹਾਰ ਕਰੇ ਅਤੇ ਕੁੜੀ ਨੂੰ ਇੰਝ ਸੀ ਮੁੰਡਾ ਪਿਆਰ ਦਾ ਇਜਹਾਰ ਪਹਿਲਾਂ ਕਰੇ। ਪਿਆਰ ਵੀ ਕਰਦੇ ਸੀ ਅਤੇ ਆਕੜ ਵੀ ਦੋਨਾਂ ਵਿੱਚ ਬਹੁਤ ਜਿਆਦਾ ਸੀ।ਇਹ ਸਭ ਉਹਨਾ ਵਿੱਚ ਕਈ ਦਿਨ ਤੱਕ ਚਲਦਾ ਰਿਹਾ।
ਫਿਰ ਇੱਕ ਦਿਨ ਮੈਂ ਦੇਖਿਆ ਉਹ ਮੁੰਡਾ ਕਿਸੇ ਹੋਰ ਕੁੜੀ ਵੱਲ ਦੇਖਣ ਲੱਗ ਪਿਆ। ਜਿਵੇ ਉਹ ਕੁੜੀ ਨੂੰ ਜੈਲਸੀ ਕਰਾਉਂਦਾ ਹੋਵੇ ਮੈਨੂੰ ਤੇਰੇ ਨਾਲੋਂ ਸੋਹਣੀ ਹੋਰ ਕੁੜੀ ਮਿਲ ਗਈ ।  ਕੁੜੀ ਨੂੰ ਉਸ ਵੱਲ ਦੇਖ ਕੇ ਬਹੁਤ ਗੁੱਸਾ ਆਉਦਾ। ਪਰ ਕੁੜੀ ਕੁੱਝ ਨਾ ਕਹਿੰਦੀ । ਮੁੰਡਾ ਉਸਦੇ ਸਾਹਮਣੇ ਉਸ ਕੁੜੀ ਨੂੰ ਹੱਸ ਹੱਸ ਕੇ ਬੁਲਾਉਂਦਾ।
ਇੱਕ ਦਿਨ ਕੁੜੀ ਨੇ ਵੀ ਉਹ ਕੀਤਾ ਜੋ ਉਹ ਰੋਜ਼ ਕਰਦਾ ਸੀ ।ਕੁੜੀ ਉਸਦੇ ਸਾਹਮਣੇ ਕਿਸੇ ਹੋਰ ਮੁੰਡੇ ਨਾਲ ਗੱਲ ਕਰਨ ਲੱਗੀ।  ਫਿਰ ਮੁੰਡੇ ਨੂੰ ਗੁੱਸਾ ਆਇਆ । ਉਸ ਕੋਲ ਆ ਕੇ ਕਹਿੰਦਾ ਪਿਆਰ ਤੇਰਾ ਇਹ ਹੀ ਸੀ। ਉਹ ਕਹਿੰਦੀ ਜੋ ਤੂੰ ਕਰ ਰਿਹਾ ਕੀ ਉਹ ਠੀਕ ਹੈ। ਦੋਨੋਂ ਲੜ ਕਿ ਆਪਣੀ ਆਪਣੀ ਬੱਸ ਚੜ੍ਹ ਗਏ । ਫਿਰ ਮੈਂ ਦੇਖਿਆ ਉਹ ਇੱਕ ਦੂਜੇ ਵੱਲ ਦੇਖਦੇ ਵੀ ਨਹੀ ਸੀ।
ਇਜਹਾਰ ਕਰਨ ਵੇਲੇ ਬੋਲਕੇ ਇਕ ਦੂਜੇ ਨੂੰ ਕਹਿ ਨਾ ਸਕੇ । ਪਰ ਲੜਨ ਵੇਲੇ ਦੋਨਾਂ ਨੇ ਇੱਕ ਦੂਜੇ ਦੀ ਮਾਂ ਭੈਣ ਇੱਕ ਕਰ ਦਿੱਤੀ ।
ਪਿਆਰ ਕਰਦਾ ਹੈ ਸੱਜਣਾ!
ਤਾਂ ਦਿਲ ਵਿੱਚ ਛੁਪਾ ਲਵੀਂ !!
ਬੇਗਾਨੀ ਮਹਿਫਲ ਵਿਚ ਬੈਠ ਕੇ!
ਪਿਆਰ ਨੂੰ ਬਦਨਾਮ ਨਾ ਕਰੀ!!
‘ਵੀਰਪਾਲ ਕੌਰ ਮਾਨ’
 ਪਿੰਡ ਗੁਰੂਸਰ(ਤਲਵੰਡੀ ਸਾਬੋ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਜਨੀਅਰ
Next articleਗੀਤ ਪਚੱਤਰ ਸਾਲਾਂ ਦੀ ਹੋਈ ਆਜ਼ਾਦੀ