(ਸਮਾਜ ਵੀਕਲੀ)
ਧੀਆਂ ਧਿਆਣੀਆਂ, ਜੀਣ ਮਰਜਾਣੀਆਂ।
ਮਾਪਿਆਂ ਦੇ ਹਾਸਿਆਂ ਚ, ਰਹਿਣ ਸਦਾ ਹੱਸਦੀਆਂ।
ਦੁਖਾਂ ਵਿੱਚ ਅੱਗੇ ਹੋ ਕੇ, ਦਰਦ ਵੰਡਾਣੀਆਂ।
ਜੀਣ ਮਰਜਾਣੀਆਂ, ਧੀਆਂ ਧਿਆਣੀਆਂ।
ਅੱਧੀ ਲੇਖੇ ਮਾਪਿਆਂ ਦੇ, ਅੱਧੀ ਲੇਖੇ ਸਹੁਰਿਆਂ ਦੇ।
ਆਪਣਿਆਂ ਚਾਵਾਂ ਤਾਂਈ, ਸੀਨੇ ਚ ਛੁਪਾਣੀਆਂ।
ਜੀਣ ਮਰਜਾਣੀਆਂ, ਧੀਆਂ ਧਿਆਣੀਆਂ ।
ਫੁੱਲਾਂ ਵਾਂਗ ਖਿੜੀਆਂ, ਚੀਕਦੀਆਂ ਚਿੜੀਆਂ।
ਬਾਬਲ ਦੇ ਵਿਹੜੇ ਚੋਂ, ਉਡਾਰੀ ਮਾਰ ਜਾਣੀਆਂ।
ਜੀਣ ਮਰਜਾਣੀਆਂ, ਧੀਆਂ ਧਿਆਣੀਆਂ।
ਨਿੱਕੇ ਨਿੱਕੇ ਸੁਪਨੇ, ਪਰੋ ਕੇ ਕੱਚੇ ਧਾਗਿਆਂ ਚ।
ਚਾਦਰਾਂ ਤੇ ਫੁੱਲ ਪਾਉਣ,
ਪੱਖੀਆਂ ਦੇ ਝਾਲਰਾਂ, ਦਰੀਆਂ ਤੇ ਤਾਣੀਆਂ।
ਜੀਣ ਮਰਜਾਣੀਆਂ, ਧੀਆਂ ਧਿਆਣੀਆਂ ।
‘ਦੀਪ’ ਦੀ ਦੁਆ ਲੈਜਾ, ਹੱਸ ਅਲਵਿਦਾ ਕਹਿ ਜਾਹ।
ਹੰਝੂਆਂ ਦੇ ਹਾਰ ਪਾ ਕੇ, ਡੋਲੀ ਚ ਬਿਠਾਣੀਆਂ।
ਜੀਣ ਮਰਜਾਣੀਆਂ, ਧੀਆਂ ਧਿਆਣੀਆਂ ।
ਰੱਬੋਂ ਸਿਆਣੀਆਂ, ਜੀਣ ਮਰਜਾਣੀਆਂ।
ਗੁਰਦੀਪ ਕੌਰੇਆਣਾ ।