(ਸਮਾਜ ਵੀਕਲੀ)
ਛੰਨਾ ਕੱਚੇ ਦੁੱਧ ਦਾ
ਲਿਜਾਵਾਂ ਜਦੋਂ ਕਾੜ ਰਾਤੀਂ
ਗੁੱਸੇ ਵਿਚ ਆ ਕੇ ਨਾ ਡੋਲ੍ਹਿਆ ਕਰੇ !
ਹਾੜ੍ਹੇ ਹਾੜ੍ਹੇ ਆਖਦੇ,
ਨਨਾਣੇ ਵੀਰ ਆਪਣੇ ਨੂੰ
ਹੱਸ ਕੇ ਕਦੀ ਤੇ ਵੈਰੀ
ਬੋਲਿਆ ਕਰੇ !
ਉਹਦੇ ਬੈਠ ਕੇ ਪੁਆਂਦੀ
ਲੰਘ ਜਾਵੇ ਸਾਰੀ ਰਾਤ ।
ਕਰਾਂ ਤਰਲੇ ਹਜ਼ਾਰ
ਸੁਣੇ ਇੱਕ ਵੀ ਨਾ ਬਾਤ ।
ਅੱਜ ਹਾਉਕਿਆਂ ਦੇ ਹਾਰ
ਬਣੇ ਗਲੇ ਦਾ ਸ਼ਿੰਗਾਰ
ਘੁੰਡੀ ਦਿਲ ਵਾਲੀ
ਮੇਰੇ ਨਾਲ ਖੋਲ੍ਹਿਆ ਕਰੇ !
ਹਾੜ੍ਹੇ ਹਾੜ੍ਹੇ ਆਖਦੇ ………………
ਪਿਆਰ ਬਾਝੋਂ ਸੁੱਕ ਚੱਲੀ
ਰੂਪ ਵਾਲੀ ਡਾਲੀ ।
ਉੱਡੀ ਬਣ ਕੇ ਕਾਫੂਰ ਗੱਲਾਂ
ਗੋਰਿਆਂ ਦੀ ਲਾਲੀ।
ਰਾਤੀਂ ਅੱਖ ਨਾ ਮੈਂ ਲਾਵਾਂ
ਰੁੱਸਿਆ ਢੋਲ ਨੀਂ ਮਨਾਵਾਂ
ਭੈੜਾ ਵਿੱਚ ਵਿੱਚ ਜ਼ਹਿਰ
ਨੀਂ ਨਾ ਘੋਲਿਆ ਕਰੇ ।
ਹਾੜ੍ਹੇ ਹਾੜ੍ਹੇ ਆਖਦੇ …………
ਫੇਰ ਚੌਧਵੀਂ ਦਾ ਚੰਨ
ਚੰਨੋ ਸੱਚੀ ਚੜ੍ਹ ਜਾਏ ।
ਭੱਪਰ ‘ਝਬੇਲਵਾਲੀ’ ਵਾਲਾ ਨੀ
ਜੇ ਹੱਸ ਕੇ ਬੁਲਾਏ।
ਭੁੱਲ ਜਾਣ ਦੁੱਖ ਸਾਰੇ
ਜਾਵਾਂ ਉਹਤੋਂ ਵਾਰੇ ਵਾਰੇ
ਹਾਲ ਦਿਲ ਦਾ ਜੇ
ਕਦੀ ਉਹ ਫਰੋਲਿਆ ਕਰੇ !
ਹਾੜ੍ਹੇ ਹਾੜ੍ਹੇ ਆਖਦੇ
ਨਨਾਣੇ ਵੀਰੇ ਆਪਣੇ ਨੂੰ
ਹੱਸ ਕੇ ਕਦੀ ਤੇ ਵੈਰੀ
ਬੋਲਿਆ ਕਰੇ !
ਡਾ.ਨਰਿੰਦਰ ਭੱਪਰ ਝਬੇਲਵਾਲੀ ।
ਪਿੰਡ ਤੇ ਡਾਕਖਾਨਾ ਝਬੇਲਵਾਲੀ ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349