ਛੋਰ ਚੰਗਾ ਤਲਵਾਰਾਂ ਦਾ

ਮਲਕੀਤ ਹਰਦਾਸਪੁਰੀ, ਗਰੀਸ

(ਸਮਾਜ ਵੀਕਲੀ)

ਜ਼ਾਲਮ ਜਦ ਗੁੰਡਾ ਗਰਦੀ ਦੇ,
ਸਭ ਹੱਦਾਂ ਬੰਨੇ ਲੰਘ ਜਾਵੇ।
ਇਜ਼ੱਤਾਂ ਲੁੱਟ ਭਰੇ ਬਜ਼ਾਰਾਂ ਵਿੱਚ,
ਉਹ ਨਾਲ ਦਰੱਖਤਾਂ ਟੰਗ ਜਾਵੇ।
ਫਿਰ,ਆਪਣੀ ਰਾਖੀ ਲਈ ਗ਼ਲਤ ਨਹੀਂ,
ਸਿਰ ਭੰਨਣਾਂ ਫ਼ਨੀਆਰਾਂ ਦਾ।
ਕਬਰਾਂ ਦੀ ਚੁੱਪ ਨਾਲੋਂ ਹੁੰਦਾ ਏ,
ਛੋਰ ਚੰਗਾ ਤਲਵਾਰਾਂ ਦਾ……………….

ਕਬਰਾਂ ਵਾਂਗ ਸਨਾਟਾ ਛਾਇਆ,
ਉੱਠੋ ਮੁਰਦਿਉ ਛੋਰ ਮਚਾਈਏ।
ਆਪਣੀਆਂ ਧੀਆਂ ਭੈਣਾਂ ਨੂੰ,
ਬੁੱਚੜਾਂ ਹੱਥੋਂ ਆਉ ਬਚਾਈਏ।
ਜਾਬਰ ਜ਼ਾਤੀ ਹੰਕਾਰੀਆਂ ਦਾ,
ਭੰਨੋ ਮੂੰਹ ਖ਼ੂਨੀ ਬਘਿਆੜਾਂ ਦਾ।
ਕਬਰਾਂ ਦੀ ਚੁੱਪ ਨਾਲੋਂ ਹੁੰਦਾ ਏ,
ਛੋਰ ਚੰਗਾ ਤਲਵਾਰਾਂ ਦਾ……………….

ਰੋਹਿਤ ਵਿਮੁੱਲਾ ਪੰਪੋਸ਼ ਤੁਰੇ ਅੱਜ,
ਕੱਦ ਤੱਕ ਤਮਾਸ਼ਾ ਦੇਖੋਗੇ।
ਢੋਹ-ਢੋਹ ਲਾਸ਼ਾਂ ਥੱਕੇ ਨਈਂ ਮੋਢੇ,
ਕੱਦ ਤੱਕ ਸਿਵਿਆਂ ਨੂੰ ਸੇਕੋਗੇ।
ਕੱਦ ਤੱਕ ਸਨਾਟਾ ਕਬਰਾਂ ਦਾ,
ਰੁਖ ਬਦਲੂ ਕਦ ਵਿਚਾਰਾਂ ਦਾ।
ਕਬਰਾਂ ਦੀ ਚੁੱਪ ਨਾਲੋਂ ਹੁੰਦਾ ਏ,
ਛੋਰ ਚੰਗਾ ਤਲਵਾਰਾਂ ਦਾ……………….

ਜਦ ਉੱਚ ਜ਼ਾਤੀ
ਲੜਕੀ ਦੀ ਇਜ਼ੱਤ,
ਤਾਰ-ਤਾਰ ਹੋ ਜਾਂਦੀ ਏ।
ਦੋਸ਼ੀ ਵੀ ਫੜ ਲਏ ਜਾਂਦੇ,ਦਿੱਲੀਂ,
ਰਾਤ ਦੁਪਿਹਰ ਹੋ ਜਾਂਦੀ ਏ।
ਕੋਈ ਧੀਅ ਗ਼ਰੀਬ ਦੀ ਵਾਰੀ ਨਾਂ,
ਬੂਹਾ ਠੋਕੇ ਸਰਕਾਰਾਂ ਦਾ।
ਕਬਰਾਂ ਦੀ ਚੁੱਪ ਨਾਲੋਂ ਹੁੰਦਾ ਏ,
ਛੋਰ ਚੰਗਾ ਤਲਵਾਰਾਂ ਦਾ……………….

ਸੂਰੇ ਮਰਦ ਦਲੇਰ ਬਣੋਂ ਹੁਣ,
ਮਰੀ ਜ਼ਮੀਰ ਤੇ ਅਣਖ ਜਗਾਉ।
ਠੱਗ,ਬਦਮਾਸ਼, ਲੁਟੇਰਿਆਂ ਹੱਥੋਂ,
ਭਾਰਤ ਆਪਣਾਂ ਦੇਸ਼ ਬਚਾਉ।
ਹਰ ਕੋਨੇ ਵਿੱਚ ਸ਼ੋਸ਼ਣ ਹੁੰਦਾ,
ਮਜ਼ਲੂਮਾਂ ਲੱਖ ਹਜ਼ਾਰਾਂ ਦਾ।
ਕਬਰਾਂ ਦੀ ਚੁੱਪ ਨਾਲੋਂ ਹੁੰਦਾ ਏ,
ਛੋਰ ਚੰਗਾ ਤਲਵਾਰਾਂ ਦਾ……………….

ਕੌਹਰਾਮ ਮਚਾਉਂਦੇ ਜ਼ਾਲਮ ਨੂੰ ਤੁਸੀਂ,
ਇੱਕ ਵਾਰੀ ਤੇ ਸਬਕ਼ ਸਿਖਾਉ।
ਸਦੀਆਂ ਤੋਂ ਤਾਂਡਵ ਕਰਦੇ ਨੂੰ,
ਜ਼ਰਾ ਅਸਮਾਨਾਂ ਤੋਂ ਥੱਲੇ ਲਾਉ।
ਤੁਸੀਂ ਪਚਾਸੀ ਪੰਦਰਾਂ ਉਹ,
ਲਾਉ ਸੋਧਾ ਭ੍ਰਸ਼ਟ ਮੱਕਾਰਾਂ ਦਾ।
ਕਬਰਾਂ ਦੀ ਚੁੱਪ ਨਾਲੋਂ ਹੁੰਦਾ ਏ,
ਛੋਰ ਚੰਗਾ ਤਲਵਾਰਾਂ ਦਾ……………….

ਜਿਹੜੀ ਰੋਜ਼ ਜ਼ਲੀਲ ਕਰਾਉਂਦੀ ਏ,
ਇਸ ਜ਼ਾਤੀ ਨੂੰ ਲੱਤ ਮਾਰ ਦਿਉ।
ਗੱਲ ਮੰਨ ਕੇ ਬਾਬਾ ਸਾਹਿਬ ਦੀ ਹੁਣ,
ਦੁਸ਼ਮਣ ਦਾ ਤਖ਼ਤ ਉਖਾੜ ਦਿਉ।
ਦਿੱਲੀ ਦੀ ਸੱਤਾ ਹੱਥ ਤੁਹਾਡੇ,
ਹੋਊ ਦਿਨ ਦੁਸ਼ਮਣ ਦੀਆਂ ਹਾਰਾਂ ਦਾ।
ਕਬਰਾਂ ਦੀ ਚੁੱਪ ਨਾਲੋਂ ਹੁੰਦਾ ਏ,
ਛੋਰ ਚੰਗਾ ਤਲਵਾਰਾਂ ਦਾ……………….

ਰੱਬ ਦੀ ਭਾਲ ਚ ਲੱਗੇ ਲੋਕੋ,
ਇਜ਼ੱਤਾਂ ਥੋਡੀਆਂ ਕੋਣ ਬਚਾਊ।
ਕੌਹਰਾਮ ਮਚਾਉਂਦੇ ਜ਼ਾਲਮ ਦੀ,
ਸੱਤ ਪਾਲਾ,
ਸੰਘੀ ਨੂੰ ਹੱਥ ਕਿਹੜਾ ਪਾਊ।
ਹਰਦਾਸਪੁਰੀ ਕਿਸੇ ਰੱਬ ਨਈਂ ਆਉਣਾ,
ਜੋ ਸਾਥੀ ਬਣੇਂ ਲਾਚਾਰਾਂ ਦਾ।
ਕਬਰਾਂ ਦੀ ਚੁੱਪ ਨਾਲੋਂ ਹੁੰਦਾ ਏ,
ਛੋਰ ਚੰਗਾ ਤਲਵਾਰਾਂ ਦਾ……………….

“ਮਲਕੀਤ ਹਰਦਾਸਪੁਰੀ”
ਫੋਨ – 0306947249768

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੁੱਪ ਚ’ ਬਵਾਲ
Next articleਸੈਣੀ ਮਾਰ ਪਰੈਣੀ