(ਸਮਾਜ ਵੀਕਲੀ)
ਮੇਰੀ ਇੱਕ ਗੱਲ ਸੁਣ…..
ਕਹਿਣ ਨੂੰ ਤਾਂ ਬਹੁਤ ਕੁੱਝ ਸੀ,
ਪਰ ਤੇਰੇ ਕੋਲ ਸੁਣਨ ਦਾ ਵਕਤ ਹੀ ਨਹੀਂ ਸੀ ਸ਼ਾਇਦ,
ਜਾਂ ਫੇਰ ਮੇਰੇ ਕੋਲ ਕਹਿਣ ਦਾ ਹੁਨਰ….
ਕੁਝ ਤਾਂ ਕਮੀ ਸੀ ਕਿਤੇ,
ਸ਼ਾਇਦ ਵਕਤ ਵੀ ਨਹੀਂ ਸੀ ਚਾਹੁੰਦਾ
ਸਾਡੀ ਗੱਲਬਾਤ ਨੂੰ ਅੰਜਾਮ ਦੇਣਾ,
ਇਸਲਈ ਤਾਂ ਸ਼ਾਇਦ,
ਸੋਚਾਂ ਦੇ ਪਹਾੜ ਵੱਡੇ ਹੁੰਦੇ ਗਏ,
ਖਿਲਾਰੇ ਵਧਦੇ ਗਏ,
ਫ਼ਾਸਲੇ ਲੰਮੀਆਂ ਵਾਟਾਂ ਜਿੰਨੇ ਹੋ ਗਏ……..
ਕੀ ਇਹ ਜਰੂਰੀ ਸੀ????
ਸੱਚੀਂ ਦੱਸੀਂ….
ਕੀ ਤੇਰੇ ਸੀਨੇ ਠੰਡ ਪਈ
ਜਾਂ ਮੇਰੀ ਰੂਹ ਨੂੰ ਸੁਕੂਨ ਮਿਲਿਆ।
ਹਰ ਵੇਲੇ ਦਿਲ ਕੀਤਾ,ਤੈਨੂੰ ਗਲਵਕੜੀ ਵਿੱਚ ਲੈਣ ਨੂੰ,
ਪਰ ਹਰ ਵਾਰ
ਕੁਝ ਸੋਚ ਕੇ ਰੁਕ ਜਿਹੀ ਗਈ,
ਕਿ ਤੂੰ ਹੁਣ ਉਹ ਨਹੀਂ ਜੋ ਮੇਰਾ ਸੀ,
ਤੂੰ ਅਨਜਾਣ ਜਿਹਾ ਜਾਪਿਆ,
ਇੱਕ ਬੇਗਾਨਾ
ਜੋ ਕਿੱਧਰੇ ਦੂਰ ਨਿਕਲ ਚੁੱਕਿਆ ਹੈਂ,
ਜਿੱਥੇ ਤੱਕ ਮੇਰੀ ਆਵਾਜ਼ ਦੀ ਪਹੁੰਚ ਨਹੀਂ ਸ਼ਾਇਦ,
ਓਹ ਕੰਧਾਂ ਨਾਲ ਟਕਰਾ ਕੇ ਮੁੜ ਆਉਂਦੀ ਹੈ….
ਮੇਰੇ ਬਿਖਰੇ ਜ਼ਜ਼ਬਾਤਾਂ ਨੂੰ ਸੁਣ ਨਹੀਂ ਸਕਦੇ
ਤੇਰੇ ਬਹਿਰੇ ਹੋ ਚੁੱਕੇ ਕੰਨ,
ਮੇਰੇ ਪਿਆਰ ਨੂੰ ਮਹਿਸੂਸ ਨਹੀਂ ਕਰ ਸਕਦਾ
ਤੇਰਾ ਪੱਥਰ ਵਰਗਾ ਦਿਲ
ਸ਼ਾਇਦ ਕਮੀ ਕਿਤੇ ਮੇਰੇ ਪਿਆਰ ਵਿੱਚ
ਹੀ ਰਹਿ ਗਈ,
ਜੋ ਤੂੰ ਮੁੜ ਗਿਆ ਕਿਸੇ ਹੋਰ ਪਾਸੇ….
ਜਾਂਦੇ ਜਾਂਦੇ ਕਰ ਗਿਆ ਸਾਡੇ ਰਿਸ਼ਤੇ ਨੂੰ,
ਨਦੀ ਦੇ ਦੋ ਕਿਨਾਰਿਆਂ ਵਾਂਗ
ਜੋ ਤੁਰਦੇ ਤਾਂ ਜ਼ਰੂਰ ਨਾਲ ਨੇ,
ਪਰ ਕਦੇ ਮਿਲਦੇ ਨਹੀਂ,
ਕਦੇ ਮਿਲਦੇ ਨਹੀਂ…….
ਅਮਨਜੋਤ ਧਾਲੀਵਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly