(ਸਮਾਜ ਵੀਕਲੀ)
ਬਹੁਤ ਵਾਰ ਅਸੀਂ ਇਕ ਪਾਸੜ ਸੋਚ ਨਾਲ ਹੀ ਚੱਲਦੇ ਰਹਿੰਦੇ ਹਾਂ। ਪਰ ਸਾਨੂੰ ਇਹ ਵੀ ਸੋਚਣਾ ਅਤੇ ਸਮਝਣਾ ਚਾਹੀਦਾ ਹੈ ਕਿ ਇਸਦਾ ਦੂਜਾ ਪੱਖ ਵੀ ਹੈ।ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ।ਅਖਬਾਰਾਂ ਪੜ੍ਹਨ ਦੀ ਇਕ ਆਪਣੀ ਸੰਤੁਸ਼ਟੀ ਹੈ।ਪਰ ਪਲ ਪਲ ਦੀ ਖਬਰ ਪੂਰੀ ਦੁਨੀਆਂ ਦੀ ਉਸੇ ਵੇਲੇ ਵੇਖਣ ਅਤੇ ਪੜ੍ਹਨ ਨੂੰ ਮਿਲ ਜਾਂਦੀ ਹੈ।ਜਦੋਂ ਤੋਂ ਵੀ ਅਸੀਂ ਸੱਭ ਨੇ ਸੁਰਤ ਸੰਭਾਲੀ ਹੈ ਕੁੱਝ ਸਾਡੇ ਕੰਨਾਂ ਵਿੱਚ ਪੈਂਦੀਆਂ ਹੀ ਹਨ।ਲੜਕੀਆਂ ਨੂੰ ਹਮੇਸ਼ਾਂ ਸੱਸ ਦਾ ਅਜਿਹਾ ਰੂਪ ਉਸਦੇ ਕੰਨਾਂ ਵਿੱਚ ਪਾਇਆ ਜਾਂਦਾ ਹੈ ਕਿ ਸੱਸ ਕਦੇ ਵੀ ਚੰਗੀ ਨਹੀਂ ਹੋ ਸਕਦੀ।ਮਰਦ ਪ੍ਰਧਾਨ ਸਮਾਜ ਦੀ ਗੱਲ ਵੀ ਅਸੀਂ ਸਾਰੇ ਸੁਣਦੇ ਆਏ ਹਾਂ।ਸਾਡੇ ਪਰਿਵਾਰ,ਸਾਡਾ ਸਮਾਜ ਅਤੇ ਅਸੀਂ ਬਹੁਤ ਸਾਰੀਆਂ ਸਚਾਈਆਂ ਨਾ ਸਮਝਣਾ ਚਾਹੁੰਦੇ ਹਾਂ ਅਤੇ ਨਾ ਉਸ ਬਾਰੇ ਵਿਚਾਰ ਕਰਨੀ ਚਾਹੁੰਦੇ ਹਾਂ।ਮੈ ਸੋਸ਼ਲ ਮੀਡੀਆ ਤੇ ਇਕ ਲੜਕੇ ਦੀ ਵੀਡੀਓ ਵੇਖੀ ਅਤੇ ਇਕ ਲੜਕੀ ਨੇ ਆਪਣੇ ਬਾਰੇ ਲਿਖਿਆ ਸੀ,ਉਹ ਪੜ੍ਹਿਆ।ਉੱਥੇ ਲਿਖਿਆ ਹੋਇਆ ਸੀ ਕਿ ਇਹ ਹਕੀਕਤ ਵਿੱਚ ਵਾਪਰਿਆ ਹੈ।
ਸੱਭ ਤੋਂ ਪਹਿਲਾਂ ਮਾਪਿਆਂ ਨੂੰ ਲੜਕੀ ਦੇ ਦਿਮਾਗ ਵਿੱਚ ਇਹ ਨਹੀਂ ਬਿਠਾਉਣਾ ਚਾਹੀਦਾ ਕਿ ਉਹ ਬੁਰੀ ਹੋਏਗੀ।ਇਸਨੂੰ ਸਮਝੋ ਕਿ ਤੁਹਾਡੇ ਬਾਰੇ ਵੀ ਕੋਈ ਮਾਂ ਇਵੇਂ ਦੀ ਗੱਲ ਆਪਣੀ ਬੇਟੀ ਨੂੰ ਸਿਖਾ ਰਹੀ ਹੈ।ਜੇਕਰ ਤੁਸੀਂ ਮਾਂ ਹੋਕੇ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਚੰਗਾ ਸੋਚਣ ਦੀ ਗੱਲ ਕਹਿ ਰਹੇ ਹੋ ਤਾਂ ਦੂਸਰੀ ਮਾਂ ਬਾਰੇ ਜ਼ਹਿਰ ਉਗਲਣਾ ਤਾਂ ਗਲਤ ਹੀ ਹੈ।ਹਰ ਮਾਂ ਸੱਸ ਹੈ ਅਤੇ ਹਰ ਸੱਸ ਮਾਂ।ਖੈਰ,ਸਚਾਈ ਸੁਣਨਾ ਅਤੇ ਮੰਨਣਾ ਬਹੁਤ ਔਖਾ ਹੁੰਦਾ ਹੈ।ਹਾਂ,ਇਵੇਂ ਹੀ ਸੱਚ ਲਿਖਣਾ,ਪੜ੍ਹਨਾ ਅਤੇ ਉਸਨੂੰ ਮੰਨਣਾ ਹੋਰ ਵੀ ਔਖਾ ਹੁੰਦਾ ਹੈ।ਜਦੋਂ ਮਾਪੇ ਬੱਸਾਂ ਲਈ ਧੀ ਨੂੰ ਦੱਸ ਰਹੇ ਹੁੰਦੇ ਤਾਂ ਇਵੇਂ ਕਹਿ ਰਹੇ ਹੁੰਦੇ ਹਨ ਕਿ ਜਿਵੇਂ ਦੁਨੀਆਂ ਦੀ ਸਭ ਤੋਂ ਗੰਦੀ ਔਰਤ ਉਹ ਹੀ ਹੋਏਗੀ।ਖੈਰ,ਪਹਿਲਾਂ ਮੈਂ ਇਕ ਲੜਕੀ ਦੀ ਗੱਲ ਕਰਦੀ ਹਾਂ ਜਿਸਨੇ ਸੋਸ਼ਲ ਮੀਡੀਆ ਵਿੱਚ ਲਿਖਿਆ ਸੀ ਕਿ ਇਹ ਹਕੀਕਤ ਹੈ।ਉਸਨੇ ਕਿਹਾ ਕਿ ਮੈਂ ਵਿਆਹ ਤੋਂ ਬਾਅਦ ਛੋਟੀ ਛੋਟੀ ਊਚ ਨੀਚ ਪੇਕੇ ਘਰ ਸਾਂਝੀ ਕਰਦੀ।ਗੱਲ ਵਧੀ ਅਤੇ ਮਾਪਿਆਂ ਨੇ ਮੇਰੀਆਂ ਗੱਲਾਂ ਤੇ ਫੈਸਲਾ ਲਿਆ।
ਮੈਨੂੰ ਮੇਰਾ ਪਤੀ ਪੇਕਿਆਂ ਤੋਂ ਲੈਣ ਆਇਆ ਪਰ ਮੈਂ ਰਿਸ਼ਤੇਦਾਰਾਂ ਅਤੇ ਮਾਪਿਆਂ ਦੇ ਕਹਿਣ ਤੇ ਸੁਹਰੇ ਨਹੀਂ ਗਈ।ਤਲਾਕ ਹੋ ਗਿਆ।ਮੇਰੇ ਪਤੀ ਨੇ ਦੂਸਰਾ ਵਿਆਹ ਕਰਵਾ ਲਿਆ।ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿ ਰਿਹਾ ਹੈ।ਮੈਂ ਪੇਕਿਆਂ ਦੇ ਘਰ ਹੀ ਹਾਂ ਅਤੇ ਮੇਰੀ ਉਮਰ ਅਠੱਤੀ ਸਾਲ ਹੋ ਗਈ ਹੈ।ਮੈਂ ਨੌਕਰ ਬਣਕੇ ਰਹਿ ਗਈ ਹਾਂ।ਉਸ ਲੜਕੀ ਨੇ ਆਪਣੀ ਗਲਤੀ ਵੀ ਮੰਨੀ ਅਤੇ ਪਛਤਾਵਾ ਵੀ ਹੋ ਰਿਹਾ ਹੈ।ਜੇਕਰ ਲੜਕੀ ਦੇ ਮਾਪੇ ਹੋਣ ਦੇ ਨਾਤੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਉਸਦਾ ਭਲਾ ਸੋਚਦੇ ਹਾਂ ਤਾਂ ਲੜਕੇ ਦੇ ਮਾਪੇ ਆਪਣੇ ਬੇਟੇ ਅਤੇ ਆਪਣੇ ਘਰ ਦਾ ਮਾੜਾ ਕਿਵੇਂ ਸੋਚ ਸਕਦੇ ਹਨ।
ਇਸਦਾ ਮਤਲਬ ਤੁਸੀਂ ਵੀ ਆਪਣੇ ਪੁੱਤ ਅਤੇ ਨੂੰਹ ਬਾਰੇ ਚੰਗਾ ਨਹੀਂ ਸੋਚ ਰਹੇ।ਤੁਹਾਡੀ ਨੂੰਹ ਦੀ ਮਾਂ ਵੀ ਇਹ ਹੀ ਸੋਚ ਅਤੇ ਕਹਿ ਰਹੀ ਹੋਏਗੀ।ਲੜਕੀਆਂ ਦੇ ਸੁਹਰੇ ਪਰਿਵਾਰ ਵਿੱਚ ਵਧੇਰੇ ਮਾਪਿਆਂ ਦਾ ਦਖਲ ਅਤੇ ਲੜਕੀਆਂ ਕੋਲੋਂ ਉਸਦੇ ਸੱਸ ਸੁਹਰੇ ਲਈ ਘਟੀਆ ਅਲਫਾਜ਼ ਸੁਣਨਾ ਅਤੇ ਧੀਆਂ ਨੂੰ ਹੱਲਾਸ਼ੇਰੀ ਦੇਣੀ,ਸਿਆਣਪ ਨਹੀਂ ਹੈ।ਯਾਦ ਰੱਖੋ ਵਿਆਹ ਤੋਂ ਬਾਅਦ ਧੀਆਂ ਨੂੰ ਸੁਹਰੇ ਪਰਿਵਾਰ ਅਨੁਸਾਰ ਚੱਲਣ ਅਤੇ ਵੱਡਿਆਂ ਅਨੁਸਾਰ ਚੱਲਣ ਦੀ ਸਿੱਖਿਆ ਦੇਣੀ ਹੀ ਅਕਲਮੰਦ ਮਾਪਿਆਂ ਦੀ ਪਹਿਚਾਣ ਹੈ।ਧੀਆਂ ਦਾ ਮਾਪਿਆਂ ਵੱਲ ਵਧੇਰੇ ਝੁਕਾਅ ਵੀ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ।ਅੱਜ ਅਸੀਂ ਜਿਵੇਂ ਠਾਣਿਆ ਕਚਿਹਰੀਆਂ ਵਿੱਚ ਖੱਜਲ ਹੋ ਰਹੇ ਹਾਂ।ਤਲਾਕ ਧੜਾਧੜ ਹੋ ਰਹੇ ਹਨ,ਇਹ ਇਸਦੇ ਹੀ ਨਤੀਜੇ ਹਨ।ਇਹ ਕੌੜਾ ਸੱਚ ਹੈ।ਟੁੱਟੇ ਪਰਿਵਾਰ,ਟੁੱਟਿਆ ਸਮਾਜ ਕਦੇ ਖੁਸ਼ੀਆਂ ਨਹੀਂ ਦੇ ਸਕਦਾ।
ਇਕ ਵੀਡੀਓ ਵੇਖੀ ਜਿਸ ਵਿੱਚ ਨੌਜਵਾਨ ਲੜਕਾ ਆਪਣੇ ਬਾਰੇ ਦੱਸ ਰਿਹਾ ਸੀ।ਵਿਆਹ ਤੋਂ ਬਾਅਦ ਪਤਨੀ ਜ਼ੋਰ ਪਾ ਰਹੀ ਸੀ ਕਿ ਉਹ ਆਪਣੇ ਮਾਪਿਆਂ ਤੋਂ ਅਲੱਗ ਰਹੇ।ਉਹ ਮਾਪਿਆਂ ਦਾ ਇਕਲੌਤਾ ਬੇਟਾ ਸੀ।ਉਸਨੂੰ ਇਹ ਕਰਨਾ ਔਖਾ ਲਗਿਆ ਜਾਂ ਠੀਕ ਨਹੀਂ ਲੱਗਿਆ।ਬੇਟਾ ਹੋਇਆ, ਪਤਨੀ ਪੇਕੇ ਗਈ ਪਰ ਵਾਪਸ ਨਹੀਂ ਆਈ।ਪਤਨੀ ਨੇ ਕੇਸ ਪਾਏ,ਜਿਸ ਵਿੱਚ ਉਹ ਸਾਰਾ ਕੁੱਝ ਸੀ ਜੋ ਹਰ ਲੜਕੇ ਨਾਲ ਹੁੰਦਾ ਹੈ।ਖੁਦਕੁਸ਼ੀ ਕਰਨ ਘਰੋਂ ਨਿਕਲ ਗਿਆ।ਦੱਸ ਦਿਨ ਮਾਪੇ ਅਤੇ ਰਿਸ਼ਤੇਦਾਰ ਉਸਨੂੰ ਲੱਭਦੇ ਰਹੇ।ਡੈਮ ਤੇ ਮਰਨ ਲਈ ਖੜ੍ਹੇ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਢਾਈ ਸਾਲ ਦੇ ਬੇਟੇ ਕਰਕੇ ਪ੍ਰੇਸ਼ਾਨ ਹਾਂ। ਮੇਰੇ ਮਾਪਿਆਂ ਨੇ ਤੀਹ ਸਾਲ ਮੈਨੂੰ ਪਾਲਿਆ ਅਤੇ ਪੜ੍ਹਾਇਆ ਲਿਖਾਇਆ,ਉਨ੍ਹਾਂ ਦੀ ਮੇਰੇ ਬਗੈਰ ਹਾਲਤ ਕੀ ਹੋਏਗੀ। ਉਸਨੇ ਹਾਲਾਤਾਂ ਨਾਲ ਲੜਨ ਦਾ ਫੈਸਲਾ ਲਿਆ ਅਤੇ ਘਰ ਵਾਪਸ ਆ ਗਿਆ।
ਇਸ ਬਾਰੇ ਕਦੇ ਸਮਾਜ ਨੇ ਸੋਚਿਆ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਜਿਹੇ ਕੇਸਾਂ ਤੋਂ ਤੰਗ ਹੋਕੇ ਕਿੰਨੇ ਲੜਕੇ ਖੁਦਕੁਸ਼ੀਆਂ ਕਰ ਰਹੇ ਹਨ।ਚਾਹੇ ਲੜਕਾ ਹੈ ਜਾਂ ਲੜਕੀ ਦਰਦ ਤਕਲੀਫ਼ ਅਤੇ ਪ੍ਰੇਸ਼ਾਨੀ ਦੋਹਾਂ ਨੂੰ ਹੁੰਦੀ ਹੈ।ਸਿਰਫ ਲੜਕੀ ਦੇ ਮਾਪਿਆਂ ਨੂੰ ਹੀ ਤਕਲੀਫ਼ ਨਹੀਂ ਹੁੰਦੀ, ਲੜਕੇ ਦੇ ਮਾਪਿਆਂ ਨੂੰ ਵੀ ਤਕਲੀਫ਼ ਹੁੰਦੀ ਹੈ।ਸਮਾਜ ਚਲਾਉਣ ਵਾਸਤੇ ਵਧੇਰੇ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੈ।ਹੱਕਾਂ ਦੇ ਨਾਲ ਫਰਜ਼ ਵੀ ਪਤਾ ਹੋਣੇ ਚਾਹੀਦੇ ਹਨ।ਇਸ ਵਿੱਚ ਮੇਰੇ ਨਾਲ ਸਹਿਮਤ ਹੋਣ ਜਾਂ ਨਾ ਹੋਣ ਦੀ ਗੱਲ ਨਹੀਂ ਹੈ।ਸਾਡੇ ਸਾਰਿਆਂ ਦੇ ਘਰਾਂ ਵਿੱਚ ਧੀਆਂ ਪੁੱਤ ਹਨ।ਜਿਹੜੀ ਤੀਲੀ ਅਸੀਂ ਦੂਸਰੇ ਦੇ ਘਰ ਲਗਾਉਂਦੇ ਹਾਂ, ਸਾਡੇ ਘਰ ਲਗਾਉਣ ਲਈ ਵੀ ਕੋਈ ਤੀਲੀ ਲਈ ਬੈਠਾ ਹੋਏਗਾ। ਇਸ ਕੌੜੇ ਸੱਚ ਨੂੰ ਕਦੇ ਸੋਚੀਏ ਅਤੇ ਸਮਝੀਏ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ ਮੋਬਾਈਲ ਨੰਬਰ 9815030221