(ਸਮਾਜ ਵੀਕਲੀ)
ਲੈਂਦਾ ਰਿਹਾ ਜੀਵਨ ਦੇ ਹਰ ਮੋੜ ਤੇ ਮੇਰਾ ਇਮਤਿਹਾਨ ਕੋਈ,
ਡੋਲ ਜਾਂਦਾ ਜੇ ਮੇਰੇ ਥਾਂ ਹੁੰਦਾ ਕਮਜ਼ੋਰ ਇਨਸਾਨ ਕੋਈ।
ਇਹ ਤਾਂ ਦਿਲ ਮੰਨਣ ਦੀ ਗੱਲ ਹੈ, ਐਵੇਂ ਨਾ ਝਗੜੋ ਦੋਸਤੋ,
ਪੜ੍ਹ ਲੈਣ ਦਿਉ ਜੇ ਪੜ੍ਹਨਾ ਚਾਹੁੰਦਾ ਹੈ ਗੀਤਾ ਜਾਂ ਕੁਰਾਨ ਕੋਈ।
ਮਿਲ ਗਏ ਕਿਸੇ ਨੂੰ ਵਿਰਾਸਤ ‘ਚ ਮਹਿਲ ਤੇ ਧਨ, ਦੌਲਤ,
ਤੇ ਉਮਰ ਭਰ ਕਮਾਈ ਕਰਕੇ ਵੀ ਬਣਾ ਨਾ ਸਕਿਆ ਮਕਾਨ ਕੋਈ।
ਜੂਝਦੇ ਲੋਕਾਂ ਨੂੰ ਸਹੀ ਸੇਧ ਦੇ ਹੀ ਕੋਈ ਮਹਾਨ ਬਣਿਆ ਹੈ,
ਸਦਾ ਨਸ਼ੇ ‘ਚ ਚੂਰ ਰਹਿਣ ਵਾਲਾ ਕਦ ਬਣਿਆ ਹੈ ਮਹਾਨ ਕੋਈ।
ਕੋਈ ਆਪਣੇ ਦੇਸ਼ ਤੋਂ ਸਭ ਕੁਝ ਵਾਰਨ ਲਈ ਤਿਆਰ ਹੈ,
ਤੇ ਆਪਣੇ ਦੇਸ਼ ਦਾ ਅੰਨ ਖਾ ਕੇ ਵੀ ਇਸ ਨੂੰ ਨਿੰਦੇ ਸ਼ੈਤਾਨ ਕੋਈ।
ਇਸ ਨਫਰਤ ਦੇ ਤੂਫਾਨ ਨੂੰ ਰੋਕਣਾ ਕਿਹੜਾ ਖੇਡ ਹੈ ‘ਮਾਨ’,
ਇਹ ਤਾਂ ਹੀ ਰੁਕ ਸਕਦਾ ਹੈ, ਜੇ ਬਣੇ ਚੱਟਾਨ ਇਨਸਾਨ ਕੋਈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly